Sunday, October 14, 2018

                                                        ਮੋੜਿਆ ਮਿੱਟੀ ਦਾ ਮੁੱਲ
                              ਨਵੀਆਂ ਪੈੜਾਂ, ਨਵੇਂ ਸੁਨੇਹੇ, ਨਵੇਂ ਹੀ ਰੰਗ ਬਿਖੇਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਬਰਨਾਲਾ ਜ਼ਿਲ੍ਹੇ ਦੇ ਚੰਨਣਵਾਲ ਦੀ ਜੂਹ ’ਚ ਉਦੋਂ ਚਾਨਣ ਫੈਲ ਗਿਆ ਜਦੋਂ ਪਿੰਡ ਦਾ ਨਵਾਂ ਖ਼ੂਨ ਖੌਲਿਆ। ਦਰਜਨਾਂ ਗੱਭਰੂਆਂ ਨੇ ਪਿੰਡ ਦੇ ਵਿਹੜੇ ਨੂੰ ਭਾਗ ਲਾ ਦਿੱਤੇ। ਪਰਦੇਸੋਂ ਹੱਲਾਸ਼ੇਰੀ ’ਤੇ ਪੈਸਾ ਮਿਲਿਆ, ਨੌਜਵਾਨਾਂ ਨੇ ਹੋਸ਼ ਨਾਲ ਜੋਸ਼ ਦਿਖਾ ਦਿੱਤਾ। ਪਿੰਡ ’ਚ ਤਿੰਨ ਗੁਰੂ ਘਰ, ਇੱਕ ਮੰਦਰ ਤੇ ਇੱਕ ਮਸਜਿਦ ਹੈ। ਇਨ੍ਹਾਂ ਦੇ ਸਪੀਕਰਾਂ ਦੇ ਸ਼ੋਰ ਤੋਂ ਸਭਨਾਂ ਨੂੰ ਤਕਲੀਫ਼ ਸੀ ਪਰ ਕਿਸੇ ਦਾ ਹੀਆ ਨਹੀਂ ਪੈਂਦਾ ਸੀ। ਸੱਤ ਸੌ ਦੇ ਕਰੀਬ ਸਕੂਲੀ ਬੱਚਿਆਂ ਨੂੰ ਪੜ੍ਹਨਾ ਦੁੱਭਰ ਹੋਇਆ ਪਿਆ ਸੀ। ਨੌਜਵਾਨਾਂ ਦੀ ਪਿੰਡ ਪੱਧਰ ਦੀ ਬਣੀ ਸਤਿਕਾਰ ਕਮੇਟੀ (ਸਿਆਸਤ ਰਹਿਤ) ਅੱਗੇ ਆਈ। ਸਰਪੰਚ ਅਤੇ ਪਤਵੰਤਿਆਂ ਨੇ ਮੋਢਾ ਦਿੱਤਾ। ਫਿਰ ਕੀ ਸੀ, ਸਭਨਾਂ ਗੁਰੂ ਘਰਾਂ ਦੇ ਸਪੀਕਰ ਬੰਦ ਕਰਾ ਦਿੱਤੇ ਜਿਨ੍ਹਾਂ ਦੀ ਹਦੂਦ ਤੋਂ ਬਾਹਰ ਹੁਣ ਆਵਾਜ਼ ਕੰਨੀਂ ਨਹੀਂ ਪੈਂਦੀ। ਕਰੀਬ 1400 ਦੇਹਲੀ ਵਾਲੇ ਚੰਨਣਵਾਲ ਦੇ ਨੌਜਵਾਨਾਂ ਨੇ ਇਸ ਦਾ ਬਦਲ ਵੀ ਪੇਸ਼ ਕੀਤਾ। ਪੂਰੇ ਪਿੰਡ ਦੀ ਫਿਰਨੀ ’ਤੇ 35 ਖੰਭੇ ਲਾ ਕੇ ਉੱਪਰ ਸੋਲਰ ਲਾਈਟਾਂ ਲਾ ਦਿੱਤੀਆਂ ਤੇ ਖੰਭਿਆਂ ’ਤੇ ਕਰੀਬ 70 ਛੋਟੇ ਛੋਟੇ ਸਪੀਕਰ ਲਾ ਦਿੱਤੇ। ਇਨ੍ਹਾਂ ਸਭ ਸਪੀਕਰਾਂ ਨੂੰ ਗੁਰੂ ਘਰ ’ਚ ਬਣੇ ਕੰਟਰੋਲ ਰੂਮ ਨਾਲ ਜੋੜ ਦਿੱਤਾ। ਸਵੇਰੇ ਸ਼ਾਮ ਸ੍ਰੀ ਦਰਬਾਰ ਸਾਹਿਬ ਤੋਂ ਦੋ ਦੋ ਘੰਟੇ ਲਾਈਵ ਚੱਲਦੀ ਗੁਰਬਾਣੀ ਇਨ੍ਹਾਂ ਛੋਟੇ ਛੋਟੇ ਸਪੀਕਰਾਂ ਤੋਂ ਮੱਧਮ ਆਵਾਜ਼ ਵਿਚ ਹਰ ਨਿਆਣੇ ਸਿਆਣੇ ਦੇ ਕੰਨੀਂ ਪੈਂਦੀ ਹੈ।
                  ਪਹਿਲੋ ਪਹਿਲ ਛੋਟੇ ਸਪੀਕਰਾਂ ਦਾ ਵਿਰੋਧ ਵੀ ਉੱਠਿਆ। ਕਿਧਰੇ ਵੀ ਕੋਈ ਸ਼ੋਰ ਨਹੀਂ ਸੁਣਦਾ। ਪੂਰਾ ਪਿੰਡ ਸਵੇਰ ਸ਼ਾਮ ਸੰਗੀਤਕ ਮਿਠਾਸ ’ਚ ਘੁਲ ਜਾਂਦਾ ਹੈ। ਪਿੰਡ ਦੇ ਕਰੀਬ 40 ਫ਼ੀਸਦੀ ਘਰਾਂ ਦੇ ਮੈਂਬਰ ਵਿਦੇਸ਼ ਗਏ ਹੋਏ ਹਨ ਜਿਨ੍ਹਾਂ ਦੀ ਬਦੌਲਤ ਪਿੰਡ ਦੇ ਦਿਨ ਬਦਲੇ ਹਨ। ਵੱਡੀ ਗੱਲ ਪ੍ਰਵਾਸੀ ਵੀਰ ਤੇ ਪਿੰਡ ਵਾਲੇ ਗੁਪਤ ਦਾਨ ’ਚ ਵਿਸ਼ਵਾਸ ਰੱਖਦੇ ਹਨ। ਚੰਨਣਵਾਲ ਪੂਰੀ ਤਰ੍ਹਾਂ ਸ਼ੋਰ ਪ੍ਰਦੂਸ਼ਣ ਤੋਂ ਮੁਕਤ ਹੈ ਜਿਸ ’ਤੇ ਕਰੀਬ ਸਾਢੇ ਪੰਜ ਲੱਖ ਦਾ ਖਰਚਾ ਆਇਆ। 50 ਕੁ ਮੰਡਿਆਂ ਨੇ ਹਰ ਕੰਮ ਦੀ ਸ਼ੁਰੂਆਤ ਦਲਿਤ ਵਿਹੜੇ ਤੋਂ ਕੀਤੀ ਹੈ। ਸਤਿਕਾਰ ਕਮੇਟੀ ਵਿਚ ਮੁਸਲਿਮ ਤੇ ਹਿੰਦੂ ਮੁੰਡੇ ਵੀ ਹਨ। ਪਿੰਡ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਡਾ. ਗੁਰਧੀਰ ਸਿੰਘ ਦਾ ਕਹਿਣਾ ਸੀ ਕਿ ਹੁਣ ਏਦਾ ਜਾਪਦਾ ਹੈ ਕਿ ਜਿਵੇਂ ਹਰਮਿੰਦਰ ਸਾਹਿਬ ਬੈਠੇ ਹੋਈਏ। ਨੌਜਵਾਨਾਂ ਨੇ ਇਹ ਰਾਹ ਬਣਾ ਕੇ ਵੱਡਾ ਸੁਨੇਹਾ ਦਿੱਤਾ ਹੈ ਜਿਸ ਤੋਂ ਹਰ ਪਿੰਡ ਸੇਧ ਲਵੇ। ਸਤਿਕਾਰ ਕਮੇਟੀ ਦੱਸਦੀ ਹੈ ਕਿ ਐਮ.ਪੀ ਭਗਵੰਤ ਮਾਨ ਨੇ 17 ਸੋਲਰ ਲਾਈਟਾਂ ਦਿੱਤੀਆਂ ਤੇ 150 ਹੋਰ ਲਾਈਟਾਂ ਦੇਣ ਦਾ ਵਾਅਦਾ ਕੀਤਾ ਹੈ। ਕਰੀਬ ਇੱਕ ਸਾਲ ’ਚ ਇਹ ਪ੍ਰੋਜੈਕਟ ਨੇਪਰੇ ਚੜ੍ਹਿਆ ਹੈ। ਪਹਿਲਾਂ ਇਹ ਨੌਜਵਾਨ ਸਾਲ ਵਿਚ ਦੋ ਵਾਰ ਗੁਰਪੁਰਬਾਂ ਦੇ ਮੌਕੇ ਪੂਰੇ ਪਿੰਡ ਦੀ ਸਫ਼ਾਈ ਕਰਦੇ ਸਨ। ਰਾਹ ਦਸੇਰਾ ਬੋਰਡ ਪਿੰਡ ਦੀ ਸ਼ਾਨ ਵਧਾਉਂਦੇ ਨਜ਼ਰ ਪੈਂਦੇ ਹਨ।
                 ਪੰਚਾਇਤ ਨੇ ਮਤਾ ਪਾਸ ਕਰਕੇ ਪਿੰਡ ਚੋਂ ਸ਼ਰਾਬ ਦਾ ਠੇਕਾ ਚੁਕਵਾ ਦਿੱਤਾ ਸੀ। ਨੌਜਵਾਨ ਮਨਦੀਪ ਸਿੰਘ ਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਹੁਣ ਪੰਜ ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ ਨੂੰ ਮਾਡੀਫਾਈ ਕਰਕੇ ਫਾਇਰ ਬ੍ਰਿਗੇਡ ਗੱਡੀ ਬਣਾ ਰਹੇ ਹਾਂ ਤਾਂ ਜੋ ਕਣਕਾਂ ਦੇ ਸੀਜ਼ਨ ਵਿਚ ਫ਼ਸਲਾਂ ਨੂੰ ਅੱਗ ਲੱਗਣੋ ਬਚਾਇਆ ਜਾ ਸਕੇ। ਪਰਦੇਸੋਂ ਆਉਂਦੇ ਨੌਜਵਾਨ ਵੀ ਖ਼ੁਦ ਕੂਚੀ ਫੜ ਕੇ ਸਕੂਲ ਨੂੰ ਰੰਗ ਕਰਕੇ ਗਏ ਹਨ। ਨੌਜਵਾਨ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਆਖਦਾ ਹੈ ਕਿ ਪ੍ਰਵਾਸੀ ਵੀਰਾਂ, ਸਤਿਕਾਰ ਕਮੇਟੀ ਤੇ ਸਮੁੱਚੇ ਲੋਕਾਂ ਨੇ ਪਿੰਡ ਦੇ ਵਿਕਾਸ ਨੂੰ ਖੰਭ ਲਾਏ ਹਨ। ਪੰਚਾਇਤ ਤਰਫ਼ੋਂ ਸਭ ਤੋਂ ਪਹਿਲਾਂ ਪਿੰਡ ਦੇ ਛੱਪੜ ’ਤੇ ਸਰਕਾਰੀ ਫ਼ੰਡਾਂ ਦੇ 97 ਲੱਖ ਖ਼ਰਚ ਕੇ ਸੈਰਗਾਹ ਦਾ ਰੂਪ ਦਿੱਤਾ ਜਿੱਥੇ ਸੰਗੀਤ ਵੀ ਚੱਲਦਾ ਹੈ ਤੇ ਲਾਈਟਾਂ ਦੀ ਚਮਕ ਵੀ ਹੈ। ਪੂਰਾ ਪਿੰਡ ਸੀਸੀਟੀਵੀ ਕੈਮਰੇ ਦੀ ਨਜ਼ਰ ਹੇਠ ਹੈ। ਸਕੂਲਾਂ ਅਤੇ ਪਿੰਡ ਦੀ ਦਾਣਾ ਮੰਡੀ ਵਿਚ ਵੀ ਕੈਮਰੇ ਲੱਗੇ ਹੋਏ ਹਨ। ਪਿੰਡ ਵਿਚ 18 ਲੱਖ ਦੀ ਲਾਗਤ ਨਾਲ ਲਾਇਬਰੇਰੀ ਬਣੀ ਹੋਈ ਹੈ ਜਿੱਥੇ ਕਰੀਬ ਤਿੰਨ ਹਜ਼ਾਰ ਕਿਤਾਬਾਂ ਹਨ।
                 ਇੱਕ ਕੈਨੇਡੀਅਨ ਨੇ ਪਿੰਡ ’ਚ ਤਿੰਨ ਚੌਂਕ ਬਣਾਏ ਹਨ ਜਿਨ੍ਹਾਂ ਦੇ ਨਾਮ ‘ਸਰਬੰਸਦਾਨੀ ਚੌਂਕ’ ਤੇ ‘ਰੰਘਰੇਟੇ ਗੁਰੂ ਕੇ ਬੇਟੇ ਚੌਂਕ’ ਆਦਿ ਹਨ। ਰਾਤ ਨੂੰ ਪੂਰੇ ਪਿੰਡ ’ਚ ਏਨਾ ਚਾਨਣ ਹੁੰਦਾ ਹੈ ਕਿ ਕੀੜੀ ਤੁਰੀ ਫਿਰਦੀ ਦਿਖਦੀ ਹੈ। ਪੂਰਾ ਪਿੰਡ ਟੀਮ ਵਰਕ ਵਾਂਗ ਕੰਮ ਕਰਦਾ ਹੈ ਕਿਸੇ ਨੂੰ ਨਾਮ ਦੀ ਭੁੱਖ ਨਹੀਂ। ਸਰਪੰਚ ਆਖਦਾ ਹੈ ਕਿ ‘ਅਸੀਂ ਕਦੇਂ ਐਵਾਰਡਾਂ ਪਿੱਛੇ ਨਹੀਂ ਦੌੜੇ’ । ਪਿੰਡ ਸਿਆਸੀ ਦੁਫੇੜ ਤੋਂ ਉੱਚਾ ਉੱਠ ਚੁੱਕਾ ਹੈ। ਪਿੰਡ ’ਚ ਪੰਚਾਇਤ ਘਰ ਹੈ ਜਿੱਥੇ ਲੋਕਾਂ ਦੇ ਮਸਲੇ ਸੁਣੇ ਜਾਂਦੇ ਹਨ। ਨਸ਼ੇ ਵੀ ਘੱਟ ਗਏ ਹਨ ਤੇ ਪਿੰਡ ਚੋਂ ਚੋਰੀਆਂ ਵੀ। ਛੇਤੀ ਕਿਤੇ ਪਿੰਡ ਦੇ ਮਸਲੇ ਥਾਣੇ ਕਚਹਿਰੀ ਨਹੀਂ ਜਾਂਦੇ। ਸਾਂਝੀਆਂ ਥਾਵਾਂ ਤੋਂ ਨਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ ਅਤੇ ਕਰੀਬ ਅੱਠ ਪਾਰਕ ਵੀ ਬਣੇ ਹੋਏ ਹਨ। ਪੰਚਾਇਤ ਤੇ ਲੋਕਾਂ ਨੇ ਸਾਂਝੇ ਮਤੇ ਪਾਏ ਹਨ ਕਿ ਰਾਤ ਨੂੰ ਦਸ ਵਜੇ ਮਗਰੋਂ ਵਿਆਹਾਂ ਦੇ ਮੌਕਿਆਂ ਤੇ ਡੀਜੇ ਵੱਜਣੇ ਬੰਦ ਕੀਤੇ ਹਨ ਅਤੇ ਫ਼ਜ਼ੂਲ ਖ਼ਰਚੀ ਰੋਕਣ ਦੇ ਮਤੇ ਵੀ ਪਾਏ ਗਏ ਹਨ।


1 comment:

  1. ਚਾਨਣ ਮੁਨਾਰੇ ਹਨ ਇਹ ਨੌਜਵਾਨ!!! ਭਗਵੰਤ ਮਾਨ ਨੂ ਵੋਟਾ ਪਾ ਇਨਾ ਨੇ ਤੇ ਇਨਾ ਵਰਗਿਆ ਨੇ ਹੀ ਜਤਾਇਆ ਹੋਣਾ ਹੈ!!!

    ਕਾਸ਼ ਸਾਡੇ ਪਿੰਡ ਦੇ ਲੋਕ ਵੀ ਏਹੋ ਜਿਹੇ ਹੁੰਦੇ!!!!

    ReplyDelete