Wednesday, October 17, 2018

                        ਸਿਆਸੀ ਮੋੜਾ
ਨਵਾਂ ਅਕਾਲੀ ਦਲ ‘ਬਰਗਾੜੀ’ ਤੋਂ ਬਣੇਗਾ ?
                         ਚਰਨਜੀਤ ਭੁੱਲਰ
ਬਠਿੰਡਾ : ਬਾਦਲਾਂ ਖ਼ਿਲਾਫ਼ ਬਣੇ ਪੰਥਕ ਮਾਹੌਲ ਅਤੇ ਨਵੇਂ ਸਿਆਸੀ ਸੁਰਾਂ ਦੇ ਬਣ ਰਹੇ ਸੁਮੇਲ ਤੋਂ ਜਾਪਦਾ ਹੈ ਕਿ ‘ਬਰਗਾੜੀ’ ਦੀ ਧਰਤੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਨਮ ਭੂਮੀ ਵੀ ਬਣ ਸਕਦੀ ਹੈ। ਭਾਵੇਂ ਸਿਆਸੀ ਕਿਆਸ ਅਗੇਤੇ ਹਨ ਪ੍ਰੰਤੂ ਨਵੇਂ ਪੰਥਕ ਰਾਹਾਂ ਨੇ ਬਰਗਾੜੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਅਕਾਲੀ ਲੀਡਰਾਂ ਨੇ ਵੀ ਆਪਣੇ ਮੂੰਹ ਬਰਗਾੜੀ ਵੱਲ ਕਰ ਲਏ ਹਨ। ਦੇਰ ਸਵੇਰ ਇਹ ਬਾਗ਼ੀ ਨੇਤਾ ‘ਬਰਗਾੜੀ ਇਨਸਾਫ਼ ਮੋਰਚਾ’ ਦੀ ਅਗਵਾਈ ’ਚ ਚੱਲ ਰਹੇ ਮੋਰਚੇ ਦੀ ਸਟੇਜ ’ਤੇ ਨਜ਼ਰ ਪੈ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ’ਚ ਇਸ ਵੇਲੇ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਬਣੀ ਹੋਈ ਹੈ ਅਤੇ ਅੰਦਰੋਂ ਅੰਦਰੀਂ ਬਾਗ਼ੀ ਅਕਾਲੀ ਲੀਡਰਾਂ ਨੇ ਤੰਦ ਜੋੜਨੇ ਸ਼ੁਰੂ ਕਰ ਦਿੱਤੇ ਹਨ।  ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ’ਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਲਾਏ ਮੋਰਚੇ ’ਚ ਪਹਿਲਾਂ 7 ਅਕਤੂਬਰ ਅਤੇ ਫਿਰ 14 ਅਕਤੂਬਰ ਨੂੰ ਹੋਏ ਵੱਡੇ ਪੰਥਕ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੁਰ ਅੰਦਰੋਂ ਹਲੂਣ ਦਿੱਤਾ ਹੈ। ਬਾਗ਼ੀ ਅਕਾਲੀ ਲੀਡਰ ਵੀ ਬਰਗਾੜੀ ਇਨਸਾਫ਼ ਮੋਰਚਾ ਦੀ ਹਮਾਇਤ ਵਿਚ ਕੁੱਦਣ ਲਈ ਤਿਆਰ ਹੋ ਰਹੇ ਹਨ।
                   ਅਹਿਮ ਸੂਤਰ ਦੱਸਦੇ ਹਨ ਕਿ ਬਾਗ਼ੀਆਂ ਨੇ ਜੋ ਨਵੀਂ ਵਿਉਂਤਬੰਦੀ ਘੜਨੀ ਸ਼ੁਰੂ ਕੀਤੀ ਹੈ, ਉਸ ’ਚ ਨਵੇਂ ਐਲਾਨ ਬਰਗਾੜੀ ਦੀ ਧਰਤੀ ਤੋਂ ਕਰਨ ਦਾ ਫ਼ੈਸਲਾ ਹੈ। ਦੋ ਤਿੰਨ ਦਿਨ ਪਹਿਲਾਂ ਬਰਗਾੜੀ ਇਨਸਾਫ਼ ਮੋਰਚੇ ਦੇ ਸੀਨੀਅਰ ਮੈਂਬਰ ਨਾਲ ਇੱਕ ਬਾਗ਼ੀ ਅਕਾਲੀ ਨੇਤਾ ਨੇ ਮੁਕਤਸਰ ਵਿਖੇ ਮੁਲਾਕਾਤ ਵੀ ਕੀਤੀ ਹੈ। ਅਹਿਮ ਸੂਤਰਾਂ ਅਨੁਸਾਰ ਇਸ ਗੁਪਤ ਮੁਲਾਕਾਤ ਵਿਚ ਬਾਗ਼ੀ ਲੀਡਰ ਨੇ ਬਰਗਾੜੀ ਜਲਦੀ ਆਉਣ ਦਾ ਭਰੋਸਾ ਦਿੱਤਾ ਹੈ। ਬਾਗ਼ੀ ਲੀਡਰ ਨੇ ਏਨਾ ਸਾਫ਼ ਕਰ ਦਿੱਤਾ ਹੈ ਕਿ ਉਹ ਹੁਣ ਪਿਛਾਂਹ ਨਹੀਂ ਹਟਣਗੇ। ਅੱਜ ਮਾਝੇ ਦੇ ਬਾਗ਼ੀ ਸੁਰ ਵਾਲੇ ਅਕਾਲੀ ਲੀਡਰਾਂ ਨੇ ਸ੍ਰੀ ਹਰਮਿੰਦਰ ਸਾਹਿਬ ਮੱਥਾ ਟੇਕਿਆ ਹੈ। ਹੁਣ ਇਹ ਨੇਤਾ ਬਰਗਾੜੀ ਪੁੱਜ ਸਕਦੇ ਹਨ। ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਹੁਣ ਉਹ ਹਰ ਫ਼ੈਸਲਾ ਸਾਥੀਆਂ ਨਾਲ ਮਿਲ ਕੇ ਸਾਂਝਾ ਹੀ ਲੈਣਗੇ। ਉਹ ਬਰਗਾੜੀ ਬਾਰੇ ਵੀ ਸਾਂਝੇ ਤੌਰ ਤੇ ਹੀ ਫ਼ੈਸਲਾ ਲੈਣਗੇ। ਸੇਖਵਾਂ ਨੇ ਆਖਿਆ ਕਿ ਅੱਜ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਹੈ।  ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਕਹਿਣਾ ਸੀ ਕਿ ਬਾਦਲਾਂ ਖ਼ਿਲਾਫ਼ ਬੇਅਦਬੀ ਦੇ ਮਾਮਲੇ ਤੇ ਵਿਰੋਧ ਵਿਚ ਉੱਤਰੇ ਬਾਗ਼ੀ ਸੁਰ ਵਾਲੇ ਆਗੂਆਂ ਦਾ ਉਹ ਬਰਗਾੜੀ ਆਉਣ ਤੇ ਸਵਾਗਤ ਕਰਨਗੇ।
                  ਉਹ ਦੋਸ਼ੀਆਂ ਨੂੰ ਫੜਾਉਣ ਵਾਸਤੇ ਮੋਰਚੇ ਦੀ ਹਮਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਮੋਰਚਾ ‘ਜੀ ਆਇਆ ਨੂੰ’ ਆਖੇਗਾ। ਇਸ ਨਾਲ ਮੋਰਚੇ ਨੂੰ ਵੀ ਮਜ਼ਬੂਤੀ ਮਿਲੇਗੀ। ਮੰਡ ਨੇ ਆਖਿਆ ਕਿ ਪੰਥ ਰਾਹ ਦਾ ਨਾਮ ਹੈ ਅਤੇ ਇੱਥੋਂ ਹੀ ਸਿਆਸੀ ਦਿਸ਼ਾ ਨਿਕਲੇਗੀ। ਦੱਸਣਯੋਗ ਹੈ ਕਿ ਬਰਗਾੜੀ ਵਿਚ ਵੱਡੇ ਹੋਏ ਦੋ ਪੰਥਕ ਇਕੱਠਾਂ ਨੇ ਲੋਕਾਂ ਦੀ ਭਾਵਨਾਵਾਂ ਤੇ ਵਿਚਾਰਾਂ ਨੂੰ ਜ਼ਾਹਿਰ ਕਰ ਦਿੱਤਾ ਹੈ। ਬਰਗਾੜੀ ਦੀ ਧਰਤੀ ਨੇ ਨਵਾਂ ਪੰਥਕ ਮਾਹੌਲ ਤੇ ਵਾਤਾਵਰਨ ਸਿਰਜ ਦਿੱਤਾ ਹੈ ਜਿਸ ਦਾ ਠੋਸ ਰੂਪ ਵਿਚ ਤਬਦੀਲ ਹੋਣਾ ਬਾਕੀ ਹੈ। ‘ਬਰਗਾੜੀ’ ਦੇਰ ਸਵੇਰ ਨਵੀਂ ਸਿਆਸੀ ਦਿਸ਼ਾ ਤੈਅ ਕਰੇਗੀ ਅਤੇ ਸਿਆਸੀ ਹਾਲਾਤਾਂ ਨੂੰ ਮੋੜਾ ਦੇਣ ਦੇ ਸਮਰੱਥ ਬਰਗਾੜੀ ਬਣ ਗਿਆ ਹੈ। ਬਰਗਾੜੀ ਇਨਸਾਫ਼ ਮੋਰਚਾ ਦੇ ਸੀਨੀਅਰ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਅਗਰ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਵਿਚ ਵਿਰੋਧ ਦਰਜ ਕਰਾਉਣ ਵਾਲੇ ਆਗੂ ਬਰਗਾੜੀ ਮੋਰਚਾ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਇਸ ਨਾਲ ਮੋਰਚੇ ਨੂੰ ਹੋਰ ਤਾਕਤ ਮਿਲੇਗੀ। ਸੂਤਰ ਦੱਸਦੇ ਹਨ ਕਿ ਬਾਗ਼ੀ ਅਕਾਲੀ ਨੇਤਾ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਵਿਚ ਤਾਲਮੇਲ ਬੈਠਦਾ ਹੈ ਤਾਂ ਬਰਗਾੜੀ ਚੋਂ ਨਵੇਂ ਅਕਾਲੀ ਦਲ ਦੇ ਐਲਾਨ ਦੀ ਸੰਭਾਵਨਾ ਬਣ ਸਕਦੀ ਹੈ।




No comments:

Post a Comment