
ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ..!
ਚਰਨਜੀਤ ਭੁੱਲਰ
ਬਠਿੰਡਾ : ਬਾਦਲਾਂ ਦੇ ਘਰ ਹੁਣ ਸਰਕਾਰੀ ਲੱਛਮੀ ਛੱਪਰ ਪਾੜ ਕੇ ਡਿੱਗੇਗੀ। ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ ਹਨ। ਬੇਸ਼ੱਕ ਬਾਦਲਾਂ ਦੇ ਘਰ ਕੋਈ ਤੋਟ ਨਹੀਂ, ਫਿਰ ਵੀ ਕੇਂਦਰ ਤੇ ਪੰਜਾਬ ਦੇ ਖ਼ਜ਼ਾਨੇ ਦੀ ਮਿਹਰ ਰਹੇਗੀ। ਨਾਲੇ ਤਨਖ਼ਾਹਾਂ ਤੇ ਭੱਤੇ ਮਿਲਨਗੇ ਤੇ ਨਾਲੋਂ ਨਾਲੋ ਪੈਨਸ਼ਨ ਦਾ ਗੱਫਾ ਵੀ ਮਿਲੇਗਾ। ਸ਼੍ਰੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਫਿਰੋਜ਼ਪੁਰ ਤੋਂ ਐਮ.ਪੀ ਬਣੇ ਹਨ। ਹੁਣ ਉਨ੍ਹਾਂ ਨੂੰ ਐਮ.ਪੀ ਵਾਲੀ ਤਨਖਾਹ ਤੇ ਭੱਤੇ ਮਿਲਨਗੇ। ਨਾਲ ਹੀ ਉਨ੍ਹਾਂ ਨੂੰ ਬਤੌਰ ਸਾਬਕਾ ਐਮ.ਐਲ.ਏ (ਤਿੰਨ ਟਰਮ) ਵਾਲੀ ਪ੍ਰਤੀ ਮਹੀਨਾ 1.75 ਲੱਖ ਰੁਪਏ ਦੀ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜਦੋਂ ਪਹਿਲਾਂ ਉਹ ਐਮ.ਐਲ.ਏ ਹੀ ਸਨ ਤਾਂ ਉਦੋਂ ਸਾਬਕਾ ਐਮ.ਪੀ ਵਾਲੀ 55 ਹਜ਼ਾਰ ਰੁਪਏ ਪੈਨਸ਼ਨ (ਚਾਰ ਟਰਮਾਂ) ਵਾਲੀ ਪੈਨਸ਼ਨ ਮਿਲਦੀ ਸੀ। ਸੁਖਬੀਰ ਬਾਦਲ ਤਿੰਨ ਦਫ਼ਾ ਲੋਕ ਸਭਾ ਮੈਂਬਰ ਅਤੇ ਇੱਕ ਦਫ਼ਾ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਹ ਵਾਜਪਾਈ ਹਕੂਮਤ ਵਿਚ ਸਟੇਟ ਵਜ਼ੀਰ ਵੀ ਰਹਿ ਚੁੱਕੇ ਹਨ। ਪਾਰਲੀਮੈਂਟ ਵਿਚ ਉਹ ਹੁਣ ਪੰਜਵੀਂ ਵਾਰ ਜਾ ਰਹੇ ਹਨ। ਅਗਰ ਅੱਜ ਵੀ ਉਹ ਸਭ ਅਹੁਦੇ ਤਿਆਗ ਦੇਣ ਤਾਂ ਉਨ੍ਹਾਂ ਲਈ ਮਾਲੀ ਤੌਰ ’ਤੇ ਘਾਟੇ ਵਾਲਾ ਸੌਦਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 2.37 ਲੱਖ ਰੁਪਏ ਪੈਨਸ਼ਨ (ਐਮ.ਪੀ ਤੇ ਐਮ.ਐਲ.ਏ ਵਾਲੀ) ਮਿਲਣੀ ਸ਼ੁਰੂ ਹੋ ਜਾਵੇਗੀ।
ਹਰਸਿਮਰਤ ਕੌਰ ਬਾਦਲ ਹੁਣ ਦੂਸਰੀ ਦਫ਼ਾ ਐਮ.ਪੀ ਬਣੇ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਵਾਲੀ ਤਨਖਾਹ ਤੇ ਭੱਤੇ ਮਿਲਨਗੇ। ਇੱਕੋ ਘਰ ਵਿਚ ਸੰਸਦ ਮੈਂਬਰਾਂ ਵਾਲੀਆਂ ਸਹੂਲਤ ਹੁਣ ਡਬਲ ਹੋਣਗੀਆਂ। ਹਰਸਿਮਰਤ ਕੌਰ ਬਾਦਲ ਹੁਣ 35 ਹਜ਼ਾਰ ਪ੍ਰਤੀ ਮਹੀਨਾ ਵਾਲੀ ਪੈਨਸ਼ਨ ਲਈ ਵੀ ਯੋਗ ਹੋ ਗਏ ਹਨ। ਟੈਲੀਫੂਨ, ਬਿਜਲੀ ਪਾਣੀ, ਹਲਕਾ ਭੱਤਾ, ਦਫ਼ਤਰੀ ਭੱਤਾ ਤੇ ਰਿਹਾਇਸ਼ ਦੀ ਸਹੂਲਤ ਦਾ ਦੁੱਗਣਾ ਫਾਇਦਾ ਮਿਲੇਗਾ। ਬਿਜਲੀ ਦੀ ਖਪਤ ਦੇ 50 ਹਜ਼ਾਰ ਯੂਨਿਟ ਸਲਾਨਾ ਮੁਫ਼ਤ ਦੀ ਸਹੂਲਤ ਵਿਚ ਮਿਲਨਗੇ। ਰੇਲ ਤੇ ਹਵਾਈ ਭਾੜੇ ਦੀ ਵੱਖਰੀ ਸਹੂਲਤ ਮਿਲਣੀ ਹੈ। ਇਸੇ ਤਰ੍ਹਾਂ ਤਿੰਨ ਟੈਲੀਫੂਨਾਂ ’ਤੇ ਸਲਾਨਾ 1.50 ਲੱਖ ਮੁਫ਼ਤ ਕਾਲਾਂ ਦੀ ਸਹੂਲਤ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਬਤੌਰ ਵਿਧਾਇਕ 85 ਹਜ਼ਾਰ ਰੁਪਏ ਸਮੇਤ ਭੱਤੇ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ ਜਦੋਂ ਕਿ ਉਹ ਨਾਲੋਂ ਨਾਲ ਬਤੌਰ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ।
ਸਾਬਕਾ ਐਮ.ਪੀ ਵਾਲੀਆਂ ਸਹੂਲਤਾਂ ਵੱਖਰੀਆਂ ਮਿਲਦੀਆਂ ਹਨ। ਉਹ ਦਸ ਵਾਰ ਵਿਧਾਇਕ ਬਣੇ ਹਨ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਵੱਡੇ ਬਾਦਲ ਇਸ ਵੇਲੇ 5.26 ਲੱਖ ਰੁਪਏ ਦੀ ਪੈਨਸ਼ਨ ਦੇ ਯੋਗ ਹੋ ਗਏ ਹਨ ਜਦੋਂ ਕਿ ਸਾਬਕਾ ਐਮ.ਪੀ ਵਾਲੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੱਖਰੀ ਪਹਿਲਾਂ ਹੀ ਮਿਲ ਰਹੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਲ 1997-2002 ਤੱਕ ਮੁੱਖ ਮੰਤਰੀ ਰਹੇ ਸਨ ਤਾਂ ਉਦੋਂ ਉਨ੍ਹਾਂ ਨੇ ਨਾ ਖ਼ਜ਼ਾਨੇ ਚੋ ਤਨਖਾਹ ਲਈ ਸੀ ਅਤੇ ਨਾ ਹੀ ਕੋਈ ਭੱਤਾ ਲਿਆ ਸੀ। ਉਸ ਮਗਰੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਖਰਚਾ ਮੈਡੀਕਲ ਦਾ ਰਿਹਾ ਹੈ ਜੋ ਸਰਕਾਰੀ ਖ਼ਜ਼ਾਨੇ ਨੇ ਝੱਲਿਆ ਹੈ। ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਜਦੋਂ ਵਿਧਾਇਕ ਸਨ ਤਾਂ ਉਨ੍ਹਾਂ ਨੂੰ ਐਮ.ਪੀ ਵਾਲੀ ਪੈਨਸ਼ਨ ਵੀ ਮਿਲਦੀ ਰਹੀ ਹੈ। ਹੁਣ ਜਦੋਂ ਉਹ ਐਮ.ਪੀ ਬਣ ਗਏ ਹਨ ਤਾਂ ਨਾਲ ਹੀ ਉਨ੍ਹਾਂ ਨੂੰ ਐਮ.ਐਲ.ਏ ਵਾਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।
ਮੈਡੀਕਲ ਖਰਚੇ ’ਚ ਝੰਡੀ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਂਦੀ ਨੇ 1997-2002 ਦੇ ਕਾਰਜਕਾਲ ਦੌਰਾਨ ਨਿਊਯਾਰਕ ਤੋਂ 8 ਮਾਰਚ ਤੋਂ 2 ਅਪਰੈਲ 1998 ਤੱਕ ਆਪਣਾ ਇਲਾਜ ਕਰਾਇਆ ਜਿਸ ਦਾ ਖਰਚਾ 39.11 ਲੱਖ ਰੁਪਏ ਖ਼ਜ਼ਾਨੇ ਚੋਂ ਤਾਰਿਆ ਗਿਆ। ਉਸ ਮਗਰੋਂ ਸਾਲ 2007-2012 ਦੌਰਾਨ ਬਾਦਲ ਪਰਿਵਾਰ ਦੇ ਮੈਡੀਕਲ ਦਾ ਖਰਚਾ 3.59 ਕਰੋੜ ਰੁਪਏ ਰਿਹਾ। ਫਰਵਰੀ 2017 ਵਿਚ ਵੱਡੇ ਬਾਦਲ ਦੇ ਅਮਰੀਕਾ ਵਿਚ ਚੱਲੇ ਇਲਾਜ ਦਾ ਖਰਚਾ ਸਮੇਤ ਟਿਕਟਾਂ ਆਦਿ ਕਰੀਬ ਇੱਕ ਕਰੋੜ ਰੁਪਏ ਰਿਹਾ ਹੈ।