Wednesday, May 24, 2023

                                                        ਸੁੱਕਦਾ ਪੰਜਾਬ
                              ਖੇਤੀ ਮੋਟਰਾਂ ਜ਼ਮੀਨੀ ਪਾਣੀ ਖਿੱਚਣ ’ਚ ਫ਼ੇਲ੍ਹ !
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਜ਼ਮੀਨੀ ਪਾਣੀ ਏਨੇ ਡੂੰਘੇ ਚਲੇ ਗਏ ਹਨ ਕਿ ਖੇਤੀ ਮੋਟਰਾਂ ਵੀ ਫ਼ੇਲ੍ਹ ਹੋ ਗਈਆਂ ਹਨ। ਕਿਸਾਨਾਂ ਨੇ ਧਰਤੀ ਹੇਠੋਂ ਪਾਣੀ ਖਿੱਚਣ ਲਈ ਖੇਤੀ ਮੋਟਰਾਂ ਦਾ ਏਨਾ ਲੋਡ ਵਧਾਇਆ ਕਿ ਸੂਬੇ ਵਿਚ ਇੱਕ ਕੁਨੈਕਸ਼ਨ ਪਿੱਛੇ ਔਸਤਨ ਲੋਡ ਕਿਤੇ ਜ਼ਿਆਦਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ, ਜਿੱਥੇ ਪ੍ਰਤੀ ਕੁਨੈਕਸ਼ਨ ਔਸਤਨ ਲੋਡ 17.55 ਹਾਰਸ ਪਾਵਰ ਹੈ।ਵੇਰਵਿਆਂ ਅਨੁਸਾਰ ਲੰਘੇ ਸੱਤ ਵਰ੍ਹਿਆਂ ਦੀ ਗੱਲ ਕਰੀਏ ਤਾਂ ਸਮੁੱਚੇ ਪੰਜਾਬ ਵਿਚ ਪ੍ਰਤੀ ਕੁਨੈਕਸ਼ਨ ਔਸਤਨ ਲੋਡ 10.78 ਹਾਰਸ ਪਾਵਰ ਹੈ, ਜੋ ਕਿ 2016-17 ਵਿਚ ਇੱਕ ਕੁਨੈਕਸ਼ਨ ਪਿੱਛੇ ਔਸਤਨ ਲੋਡ 9.46 ਹਾਰਸ ਪਾਵਰ ਹੁੰਦਾ ਸੀ। ਲੋਡ ਨਾਲ ਬਿਜਲੀ ਦੀ ਖ਼ਪਤ ਵਧ ਰਹੀ ਹੈ ਅਤੇ ਨਾਲੋ-ਨਾਲ ਜ਼ਮੀਨੀ ਪਾਣੀ ਦੀ ਖਪਤ ਵਿਚ ਵੀ ਵਾਧਾ ਹੋ ਰਿਹਾ ਹੈ। ਬਿਜਲੀ ਸਬਸਿਡੀ ਵੀ ਛੜੱਪੇ ਮਾਰ ਵਧੀ ਹੈ। ਜੁਲਾਈ-2022 ਵਿਚ ਵਿਸ਼ੇਸ਼ ਛੋਟ ਮੌਕੇ ਪੰਜਾਬ ਦੇ 1.03 ਲੱਖ ਕਿਸਾਨਾਂ ਨੇ ਬਿਜਲੀ ਲੋਡ ਵਧਾਏ ਹਨ। ਪੰਜਾਬ ਸਰਕਾਰ ਨੇ ਬਿਜਲੀ ਲੋਡ ਵਧਾਉਣ ਦੀ ਫ਼ੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਸੀ। 

         ਬਹੁਤੇ ਚੇਤੰਨ ਲੋਕਾਂ ਦੇ ਇਹ ਸਮਝੋਂ ਬਾਹਰ ਹੈ ਕਿ ਇੱਕ ਬੰਨੇ ਸਰਕਾਰ ਜ਼ਮੀਨੀ ਪਾਣੀ ਬਚਾਉਣ ਦੀ ਗੱਲ ਕਰਦੀ ਹੈ, ਦੂਸਰੇ ਪਾਸੇ ਕਿਸਾਨਾਂ ਨੂੰ ਰਿਆਇਤਾਂ ਦੇ ਕੇ ਹੱਲਾਸ਼ੇਰੀ ਵੀ ਦੇ ਰਹੀ ਹੈ। ਹੁਣ ਤਾਜ਼ਾ ਵੇਰਵੇ ਸਾਹਮਣੇ ਆਏ ਹਨ ਕਿ ਪੰਜਾਬ ਦੇ ਦਰਜਨ ਜ਼ਿਲ੍ਹਿਆਂ ਵਿਚ ਵੱਡੀਆਂ ਖੇਤੀ ਮੋਟਰਾਂ ਬਿਨਾਂ ਜ਼ਮੀਨੀ ਪਾਣੀ ਖਿੱਚਣਾ ਸੰਭਵ ਨਹੀਂ ਹੈ। ਤਾਹੀਓਂ ਦੋ ਤਿਹਾਈ ਪੰਜਾਬ ਹੁਣ ‘ਡਾਰਕ ਜ਼ੋਨ’ ਵਿੱਚ ਤਬਦੀਲ ਹੋ ਗਿਆ ਹੈ।ਪੰਜਾਬ ’ਚੋਂ ਜ਼ਿਲ੍ਹਾ ਬਰਨਾਲਾ ਦੂਜੇ ਨੰਬਰ ’ਤੇ ਹੈ, ਜਿੱਥੇ ਪ੍ਰਤੀ ਕੁਨੈਕਸ਼ਨ ਔਸਤਨ ਲੋਡ 16.69 ਹਾਰਸ ਪਾਵਰ ਹੈ, ਜਦੋਂਕਿ ਤੀਸਰਾ ਨੰਬਰ ਪਟਿਆਲਾ ਜ਼ਿਲ੍ਹੇ ਦਾ ਹੈ, ਜਿੱਥੇ ਪ੍ਰਤੀ ਕੁਨੈਕਸ਼ਨ ਔਸਤਨ ਲੋਡ 16.23 ਹਾਰਸ ਪਾਵਰ ਹੈ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿਚ ਪ੍ਰਤੀ ਕੁਨੈਕਸ਼ਨ ਔਸਤਨ ਲੋਡ 15.00 ਹਾਰਸ ਪਾਵਰ, ਜ਼ਿਲ੍ਹਾ ਮਾਨਸਾ ਵਿਚ 14.88 ਹਾਰਸ ਪਾਵਰ, ਮੁਹਾਲੀ ਵਿਚ 13.82 ਹਾਰਸ ਪਾਵਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਪ੍ਰਤੀ ਕੁਨੈਕਸ਼ਨ ਔਸਤਨ ਲੋਡ 12.21 ਹਾਰਸ ਪਾਵਰ ਹੈ।ਪਠਾਨਕੋਟ ਅਜਿਹਾ ਜ਼ਿਲ੍ਹਾ ਹੈ, ਜਿੱਥੇ ਪ੍ਰਤੀ ਕੁਨੈਕਸ਼ਨ ਔਸਤਨ ਲੋਡ 5.18 ਹਾਰਸ ਪਾਵਰ ਸਮੁੱਚੇ ਪੰਜਾਬ ’ਚੋਂ ਘੱਟ ਹੈ। 

          ਇਸ ਪਾਸੇ ਦੇਖੀਏ ਤਾਂ ਸ੍ਰੀ ਮੁਕਤਸਰ ਸਾਹਿਬ ਵਿਚ ਪ੍ਰਤੀ ਕੁਨੈਕਸ਼ਨ ਔਸਤਨ ਲੋਡ 6.00 ਹਾਰਸ ਪਾਵਰ, ਗੁਰਦਾਸਪੁਰ ਵਿਚ 5.75 ਹਾਰਸ ਪਾਵਰ ਅਤੇ ਫ਼ਾਜ਼ਿਲਕਾ ਵਿਚ 6.62 ਹਾਰਸ ਪਾਵਰ ਹੈ। ਪੰਜਾਬ ਵਿਚ ਹਰ ਵਰ੍ਹੇ ਹਜ਼ਾਰਾਂ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈਂਦੇ ਹਨ। ਪੰਜਾਬ ਸਰਕਾਰ ਨੇ 2019 ਵਿਚ ਲੋਡ ਵਧਾਉਣ ਦੀ ਸਕੀਮ ਕੱਢੀ ਸੀ, ਜਿਸ ਤਹਿਤ ਲੋਡ ਵਧਾਏ ਜਾਣ ਦੀ ਫ਼ੀਸ ਵਿਚ ਰਿਆਇਤ ਦਿੱਤੀ ਗਈ ਸੀ। ਉਸ ਵਕਤ ਕਰੀਬ 99 ਹਜ਼ਾਰ ਕਿਸਾਨਾਂ ਨੇ ਮੋਟਰਾਂ ਦਾ ਲੋਡ ਵਧਾਇਆ ਸੀ। ਜਿਵੇਂ ਜਿਵੇਂ ਖੇਤੀ ਮੋਟਰਾਂ ਦਾ ਲੋਡ ਵਧ ਰਿਹਾ ਹੈ, ਓਵੇਂ ਓਵੇਂ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ। ਝੋਨੇ ਦੀ ਸਭ ਤੋਂ ਵੱਧ ਪੈਦਾਵਾਰ ਸੰਗਰੂਰ ਜ਼ਿਲ੍ਹੇ ਵਿਚ ਹੁੰਦੀ ਹੈ ਅਤੇ ਇਸ ਜ਼ਿਲ੍ਹੇ ਦੇ ਕਿਸਾਨਾਂ ਨੇ ਫ਼ਸਲੀ ਪੈਦਾਵਾਰ ਲਈ ਜ਼ਮੀਨੀ ਪਾਣੀ ਦਾਅ ’ਤੇ ਲਾ ਦਿੱਤਾ ਹੈ।

          ਪੰਜਾਬ ਵਿਚ ਮੌਜੂਦਾ ਸਮੇਂ 13.91 ਲੱਖ ਟਿਊਬਵੈਲ ਕੁਨੈਕਸ਼ਨ ਹਨ ਜੋ ਕਿ 2016-17 ਵਿਚ 13.52 ਲੱਖ ਕੁਨੈਕਸ਼ਨ ਹੁੰਦੇ ਸਨ। ਇਸੇ ਤਰ੍ਹਾਂ 2016-17 ਵਿਚ ਕਿਸਾਨਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 38,446 ਰੁਪਏ ਸਲਾਨਾ ਬਿਜਲੀ ਸਬਸਿਡੀ ਮਿਲਦੀ ਸੀ ਜੋ ਕਿ ਹੁਣ ਪ੍ਰਤੀ ਕੁਨੈਕਸ਼ਨ ਸਲਾਨਾ ਔਸਤਨ 53,984 ਰੁਪਏ ਮਿਲ ਰਹੀ ਹੈ। ਸਾਲ 1997 ਤੋਂ 2022-23 ਤੱਕ ਸੂਬਾ ਸਰਕਾਰ ਕਿਸਾਨਾਂ ਨੂੰ 1,14,905 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ।

                                          ਪਾਣੀ ਮੁਕਾਉਣ ਵਿੱਚ ਪੰਜਾਬ ਮੋਹਰੀ

ਕੇਂਦਰੀ ਗਰਾਊਂਡ ਵਾਟਰ ਬੋਰਡ ਦੀ 2022 ਦੀ ਰਿਪੋਰਟ ਅਨੁਸਾਰ ਦੇਸ਼ ’ਚੋਂ ਪੰਜਾਬ ਹੀ ਅਜਿਹਾ ਇਕਲੌਤਾ ਸੂਬਾ ਹੈ, ਜੋ ਸਾਲਾਨਾ ਸੇਫ਼ ਮਿਕਦਾਰ ਤੋਂ ਜ਼ਿਆਦਾ ਪਾਣੀ ਧਰਤੀ ’ਚੋਂ ਕੱਢ ਰਿਹਾ ਹੈ। ਪੰਜਾਬ ਸਾਲਾਨਾ 17.07 ਬਿਲੀਅਨ ਕਿਉਬਿਕ ਮੀਟਰ ਪਾਣੀ ਕੱਢਣ ਦੀ ਥਾਂ ਸਾਲਾਨਾ 28.02 ਬਿਲੀਅਨ ਕਿਉਬਿਕ ਮੀਟਰ ਪਾਣੀ ਕੱਢ ਰਿਹਾ ਹੈ। ਮਤਲਬ ਹੈ ਕਿ ਸਾਲਾਨਾ 10.95 ਬਿਲੀਅਨ ਕਿਊਬਿਕ ਮੀਟਰ ਪਾਣੀ ਵੱਧ ਕੱਢਿਆ ਜਾ ਰਿਹਾ ਹੈ।

No comments:

Post a Comment