Monday, May 29, 2023

                                                         ਹੈਲਪ ਲਾਈਨ
                                 ਵਿਜੀਲੈਂਸ ਨੇ ਫਰੋਲੇ ਸ਼ਿਕਾਇਤਾਂ ਦੇ ਢੇਰ..!
                                                        ਚਰਨਜੀਤ ਭੁੱਲਰ   

ਚੰਡੀਗੜ੍ਹ: ਵਿਜੀਲੈਂਸ ਬਿਊਰੋ ਪੰਜਾਬ ਕੋਲ ਇੱਕ ਸ਼ਿਕਾਇਤ ਇਸਲਾਮਾਬਾਦ ਤੋਂ ਵੀ ਪੁੱਜੀ। ਸਰਹੱਦ ਪਾਰੋਂ ਆਈ ਸ਼ਿਕਾਇਤ ਇੱਕ ਆਊਟਸੋਰਸ ਮੁਲਾਜ਼ਮ ਵੱਲੋਂ ਸੀ। ਉਸ ਨੇ ਇਸਲਾਮਾਬਾਦ ਦੇ ਡੀਸੀ ’ਤੇ ਬਣਦੇ ਬਕਾਏ ਨਾ ਦੇਣ ਦਾ ਦੋਸ਼ ਲਾਇਆ। ਇਵੇਂ ਹੀ ਇੱਕ ਘਰੇਲੂ ਸ਼ਿਕਾਇਤ ਨੂੰਹ-ਸੱਸ ਦੀ ਲੜਾਈ ਨਾਲ ਸਬੰਧਤ ਸੀ। ਜਾਇਦਾਦ ਦੀ ਘਰੇਲੂ ਵੰਡ ’ਚ ਭਰਾ ਵੱਲੋਂ ਭਰਾ ਨਾਲ ਮਾਰੀ ਠੱਗੀ ਦੀ ਸ਼ਿਕਾਇਤ ਵੀ ਵਿਜੀਲੈਂਸ ਕੋਲ ਪੁੱਜੀ। ਬਹੁਤੇ ਨੌਜਵਾਨਾਂ ਨੇ ਖ਼ੁਦ ਦੀਆਂ ਵੀਡੀਓਜ਼ ਬਣਾ ਕੇ ਵਿਜੀਲੈਂਸ ਨੂੰ ਭੇਜ ਦਿੱਤੀਆਂ, ਜਿਨ੍ਹਾਂ ’ਚੋਂ ਕੱਝ ਨਾ ਨਿਕਲਿਆ। ਕਈ ਵੀਡੀਓਜ਼ ’ਚ ਨਜ਼ਰ ਆਇਆ ਕਿ ਟਰੈਫ਼ਿਕ ਪੁਲੀਸ ਕੋਲ ਵਿਅਕਤੀ ਚਲਾਨ ਫ਼ੀਸ ਭਰ ਰਿਹਾ ਹੈ ਪਰ ਪੀੜਤ ਇਸ ਨੂੰ ਰਿਸ਼ਵਤ ਦੱਸ ਕੇ ਨਿਆਂ ਮੰਗ ਰਿਹਾ ਹੈ। ਕਿਸੇ ਨੇ ਵਿਜੀਲੈਂਸ ਨੂੰ ਸਿਰਫ਼ ‘ਹੈਲੋ’ ਲਿਖ ਕੇ ਸੁਨੇਹਾ ਭੇਜ ਦਿੱਤਾ, ਕਿਸੇ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਤੇ ਕਈਆਂ ਨੇ ਨੌਕਰੀ ਲੈਣ ਲਈ ਬੇਨਤੀ ਕੀਤੀ ਹੋਈ ਸੀ। ਮੁੱਖ ‘ਕੁਰੱਪਸ਼ਨ ਵਿਰੋਧੀ ਹੈਲਪ ਲਾਈਨ’ ’ਤੇ ਇਸ ਤਰ੍ਹਾਂ ਦੀਆਂ ਲੱਖਾਂ ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ਦਾ ਵਿਜੀਲੈਂਸ ਦੇ ਕੰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।

          ਹੈਲਪਲਾਈਨ ’ਤੇ ਕੁੱਲ 4.02 ਲੱਖ ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ਦੀ ਜਦੋਂ ਪੁਣਛਾਣ ਕੀਤੀ ਤਾਂ ਸਿਰਫ਼ 7939 ਸ਼ਿਕਾਇਤਾਂ ਹੀ ਠੋਸ ਨਿਕਲੀਆਂ। ਬਾਕੀ ਸ਼ਿਕਾਇਤਾਂ ਨੂੰ ਵਿਜੀਲੈਂਸ ਨੇ ਕਬਾੜ ਐਲਾਨ ਦਿੱਤਾ ਅਤੇ ਰੱਦੀ ਵਿਚ ਸੁੱਟ ਦਿੱਤਾ। ਇਨ੍ਹਾਂ ਸ਼ਿਕਾਇਤਾਂ ’ਚੋਂ 3.90 ਲੱਖ ਦਾ ਕੁਰੱਪਸ਼ਨ ਨਾਲ ਕੋਈ ਨਾਤਾ ਨਹੀਂ ਸੀ। ਵਿਜੀਲੈਂਸ ਦੀ ਹੈਲਪਲਾਈਨ ’ਤੇ ਕਰੀਬ ਤਿੰਨ ਦਰਜਨ ਅਫ਼ਸਰਾਂ/ਮੁਲਾਜ਼ਮਾਂ ਦੀ ਨਫ਼ਰੀ ਹੈ। ਹੈਲਪਲਾਈਨ ਸਟਾਫ਼ ਨੇ ਬਾਕੀ ਬਚੀਆਂ ਕਾਰਵਾਈ ਯੋਗ 12,083 ਸ਼ਿਕਾਇਤਾਂ/ ਇਤਰਾਜ਼ਾਂ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ। ਇਨ੍ਹਾਂ ’ਚੋਂ ਵੀ 4,144 ਸ਼ਿਕਾਇਤਾਂ ਦਾ ਵਿਜੀਲੈਂਸ ਨਾਲ ਕੋਈ ਵਾਸਤਾ ਨਹੀਂ ਸੀ। ਅੱਗੇ ਜਦੋਂ ਬਾਕੀ ਬਚੀਆਂ ਕੁੱਲ 7,939 ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਨ੍ਹਾਂ ’ਚੋਂ 3,401 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਪਾਈਆਂ ਗਈਆਂ। ਆਖ਼ਰ 4.03 ਲੱਖ ਸ਼ਿਕਾਇਤਾਂ ’ਚੋਂ 4538 ਸ਼ਿਕਾਇਤਾਂ ਹੀ ਵਿਜੀਲੈਂਸ ਦੇ ਅਧਿਕਾਰ ਖੇਤਰ ਵਾਲੀਆਂ ਸਾਹਮਣੇ ਆਈਆਂ। ਆਡੀਓ/ਵੀਡੀਓ ਰਿਕਾਰਡਿੰਗ ਸਬੂਤਾਂ ਨਾਲ ਆਈਆਂ 394 ਸ਼ਿਕਾਇਤਾਂ ਦਾ ਸਬੰਧ ਭ੍ਰਿਸ਼ਟਾਚਾਰ ਨਾਲ ਸੀ। 

         ਇਨ੍ਹਾਂ ਦੀ ਪੜਤਾਲ ਮਗਰੋਂ ਕੁੱਲ 88 ਐੱਫਆਈਆਰਜ਼ ਦਰਜ ਕੀਤੀਆਂ ਗਈਆਂ। ਇਨ੍ਹਾਂ ਪੜਤਾਲਾਂ ਦੇ ਨਤੀਜੇ ਵਜੋਂ 40 ਪੁਲੀਸ ਮੁਲਾਜ਼ਮਾਂ ਸਮੇਤ ਰਿਸ਼ਵਤ ਦੇ ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ 132 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਪਰੈਲ 2022 ਤੋਂ ਇਸ ਵਿਸ਼ੇਸ਼ ਮੁਹਿੰਮ ਤਹਿਤ 298 ਵੱਖ-ਵੱਖ ਮਾਮਲਿਆਂ ਵਿੱਚ 359 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਵਿਆਪਕ ਜਾਂਚ ਲਈ 152 ਵਿਜੀਲੈਂਸ ਪੜਤਾਲਾਂ ਦਰਜ ਕੀਤੀਆਂ ਗਈਆਂ ਹਨ ਅਤੇ 99 ਕੇਸਾਂ ਵਿੱਚ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ। ਜਦੋਂ ਨਵੀਂ ਨਵੀਂ ਹੈਲਪ ਲਾਈਨ ਸ਼ੁਰੂ ਹੋਈ ਸੀ ਤਾਂ ਬਹੁਤਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਵਾਲੀਆਂ ਵੀਡੀਓਜ਼ ਵੀ ਭੇਜੀਆਂ ਸਨ। ਵਿਜੀਲੈਂਸ ਨੇ ਕਾਫ਼ੀ ਸਾਬਕਾ ਵਜ਼ੀਰਾਂ ਅਤੇ ਵਿਧਾਇਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਹਨ, ਜਿਨ੍ਹਾਂ ਵਿਚ ‘ਆਪ’ ਦੇ ਵਿਧਾਇਕ ਵੀ ਸ਼ਾਮਲ ਹਨ। ਵਿਰੋਧੀਆਂ ਵੱਲੋਂ ‘ਆਪ’ ਸਰਕਾਰ ਦੀ ਇਸ ਕਾਰਵਾਈ ਨੂੰ ਬਦਲਾਖੋਰੀ ਵੀ ਦੱਸਿਆ ਜਾ ਰਿਹਾ ਹੈ।

                                ਸੂਹੀਆਂ ਤੋਂ ਫੀਡ ਬੈਕ ਲੈਂਦੇ ਨੇ ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਮਗਰੋਂ ਸਭ ਤੋਂ ਪਹਿਲਾਂ ‘ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ’ ਦਾ ਨੰਬਰ ਜਾਰੀ ਕੀਤਾ ਸੀ। ਸ਼ੁਰੂਆਤੀ ਦੌਰ ਵਿਚ ਲੋਕਾਂ ਨੇ ਧੜਾਧੜ ਸ਼ਿਕਾਇਤਾਂ ਭੇਜੀਆਂ ਸਨ। ਜਦੋਂ ਸਿਆਸੀ ਆਗੂਆਂ ਦੀ ਫੜੋ-ਫੜੀ ਸ਼ੁਰੂ ਹੋਈ ਤਾਂ ਹੈਲਪਲਾਈਨ ’ਤੇ ਲੋਕਾਂ ਨੇ ਪ੍ਰਸ਼ੰਸਾ ਵਾਲੇ ਵੀਡੀਓ ਵੀ ਪਾਉਣੇ ਸ਼ੁਰੂ ਕਰ ਦਿੱਤੇ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਦੂਸਰੇ ਗੇੜ ਵਿਚ ਆਪਣੇ ਪੱਧਰ ’ਤੇ ਪ੍ਰਾਈਵੇਟ ਸੂਹੀਆਂ ਤੋਂ ਵੀ ਫੀਡ ਬੈਕ ਲੈਣੀ ਸ਼ੁਰੂ ਕੀਤੀ ਹੈ।

                          ਤੱਥਹੀਣ ਸ਼ਿਕਾਇਤਾਂ ਨੂੰ ਰੱਦ ਕੀਤਾ: ਵਰਿੰਦਰ ਕੁਮਾਰ

ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਕਿਹਾ ਕਿ ਜਾਣਕਾਰੀ ਨਾ ਹੋਣ ਕਰਕੇ ਬਹੁਗਿਣਤੀ ਸ਼ਿਕਾਇਤਾਂ ਘਰੇਲੂ ਲੜਾਈ ਝਗੜਿਆਂ, ਧੋਖਾਧੜੀ ਮਾਮਲਿਆਂ ਅਤੇ ਦੂਸਰੇ ਵਿਭਾਗਾਂ ਨਾਲ ਸਬੰਧਤ ਪ੍ਰਾਪਤ ਹੋਈਆਂ ਹਨ। ਬਹੁਤੇ ਮਾਮਲਿਆਂ ’ਚ ਇਕੱਲੀ ਤਸਵੀਰ ਹੀ ਭੇਜੀ ਗਈ। ਜਿਨ੍ਹਾਂ ਸ਼ਿਕਾਇਤਾਂ ਦਾ ਸਿੱਧੇ ਤੌਰ ’ਤੇ ਵਿਜੀਲੈਂਸ ਨਾਲ ਕੋਈ ਸਬੰਧ ਨਹੀਂ ਬਣਦਾ ਸੀ, ਉਹ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ। ਉਨ੍ਹਾਂ ਦੱਸਿਆ ਕਿ ਬਹੁਤੀਆਂ ਤੱਥਹੀਣ ਸ਼ਿਕਾਇਤਾਂ ਨੂੰ ਰੱਦ ਕੀਤਾ ਗਿਆ ਹੈ।

No comments:

Post a Comment