Tuesday, May 16, 2023

                                                         ਬਦਲ ਗਏ ਯੁੱਗ
                                 ਜਿਨ੍ਹਾਂ ਨੂੰ ‘ਫੀਤੇ’ ਤੋਂ ਵੱਧ ‘ਫੀਤੀ’ ਪਿਆਰੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ: ਕੋਈ ਵੇਲਾ ਸੀ ਜਦੋਂ ਪਟਵਾਰੀ ਦੇ ਰੁਤਬੇ ਦੀ ਤੂਤੀ ਬੋਲਦੀ ਸੀ ਪਰ ਅੱਜ ਨਵੇਂ ਜ਼ਮਾਨੇ ਵਿਚ ਨਵੀਂ ਪੀੜ੍ਹੀ ਛੇਤੀ ਕਿਤੇ ਪਟਵਾਰੀ ਲੱਗਣ ਨੂੰ ਤਿਆਰ ਨਹੀਂ। ਹਾਲਾਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਕੋਈ ਹੱਦ ਨਹੀਂ ਬਚੀ। ਫਿਰ ਵੀ ਹੋਣਹਾਰ ਨੌਜਵਾਨ ਪਟਵਾਰੀ ਦੀ ਨੌਕਰੀ ਛੱਡਣ ਤੋਂ ਗੁਰੇਜ਼ ਨਹੀਂ ਕਰਦੇ। ਪੰਜਾਬ ਸਰਕਾਰ ਨੇ ਕੱਲ੍ਹ ਪੁਲੀਸ ’ਚ ਨਵੇਂ ਭਰਤੀ ਕੀਤੇ 560 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਪਹਿਲਾਂ ਹੀ ਪਟਵਾਰੀ ਦੀ ਟਰੇਨਿੰਗ ਕਰ ਰਹੇ ਕਰੀਬ 60 ਉਮੀਦਵਾਰ ਵੀ ਸ਼ਾਮਲ ਹਨ।ਮਿਲੇ ਵੇਰਵਿਆਂ ਅਨੁਸਾਰ ਤਰਨ ਤਾਰਨ ਜ਼ਿਲ੍ਹੇ ਦੇ ਸਿਖਲਾਈ ਅਧੀਨ ਛੇ ਪਟਵਾਰੀ ਹੁਣ ਸਬ-ਇੰਸਪੈਕਟਰ ਭਰਤੀ ਹੋ ਗਏ ਹਨ ਜਦੋਂਕਿ ਲੁਧਿਆਣਾ ਜ਼ਿਲ੍ਹੇ ਦੇ ਸੱਤ ਪਟਵਾਰੀ ਸਬ-ਇੰਸਪੈਕਟਰ ਬਣ ਗਏ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਸੱਤ ਪਟਵਾਰੀ ਵੀ ਸਬ-ਇੰਸਪੈਕਟਰ ਬਣੇ ਹਨ ਜਦੋਂਕਿ ਸੰਗਰੂਰ ਜ਼ਿਲ੍ਹੇ ਦੇ ਸਿਖਲਾਈ ਅਧੀਨ ਪੰਜ ਪਟਵਾਰੀ ਵੀ ਸਬ-ਇੰਸਪੈਕਟਰ ਬਣ ਗਏ ਹਨ। ਇਵੇਂ ਹੀ ਪਟਿਆਲਾ ਦੇ ਛੇ, ਮੁਕਤਸਰ ਦੇ ਚਾਰ, ਰੋਪੜ ਦੇ ਦੋ, ਜਲੰਧਰ ਤੇ ਕਪੂਰਥਲਾ ਦੇ ਤਿੰਨ ਤਿੰਨ, ਬਠਿੰਡਾ, ਫ਼ਰੀਦਕੋਟ ਤੇ ਗੁਰਦਾਸਪੁਰ ਦਾ ਇੱਕ-ਇੱਕ ਪਟਵਾਰੀ ਸਬ-ਇੰਸਪੈਕਟਰ ਬਣ ਗਿਆ ਹੈ।

         ਪੰਜਾਬ ਵਿੱਚ ਪਟਵਾਰੀਆਂ ਦੇ 11 ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੇ ਕਰੀਬ ਇੱਕ ਸਾਲ ਤੋਂ ਨਵੇਂ ਪਟਵਾਰੀਆਂ ਦੀ ਸਿਖਲਾਈ ਚੱਲ ਰਹੀ ਸੀ। ਹੁਣ ਜਦੋਂ ਇਨ੍ਹਾਂ ਪਟਵਾਰੀਆਂ ਦੇ ਫੀਲਡ ਵਿਚ ਜਾਣ ਦੀ ਤਿਆਰੀ ਸੀ ਤਾਂ ਇਨ੍ਹਾਂ ’ਚੋਂ ਕਰੀਬ 60 ਪਟਵਾਰੀ ਤਾਂ ਹੁਣ ਕਿਸੇ ਵੇਲੇ ਵੀ ਨੌਕਰੀ ਛੱਡ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਸਬ-ਇੰਸਪੈਕਟਰ ਦੀ ਫੀਤੀ ਦੀ ਖਿੱਚ ਬਣ ਗਈ ਹੈ। ਪਿਛਲੀ ਸਿਖਲਾਈ ਸਮੇਂ ਵੀ ਬਹੁਤੇ ਪਟਵਾਰੀ ਨੌਕਰੀ ਛੱਡ ਕੇ ਦੂਜੀਆਂ ਨੌਕਰੀਆਂ ਜੁਆਇਨ ਕਰ ਗਏ ਸਨ। ਹਾਲਾਂਕਿ ਪਿੰਡਾਂ ਵਿਚ ਪਟਵਾਰੀ ਨੂੰ ਸਬ-ਇੰਸਪੈਕਟਰਾਂ ਤੋਂ ਜ਼ਿਆਦਾ ਸਲੂਟ ਵੱਜਦੇ ਹਨ।ਬਠਿੰਡਾ ਦੇ ਪਟਵਾਰ ਸਿਖਲਾਈ ਕੇਂਦਰ ਦੇ ਅਧਿਆਪਕ ਨਿਰਮਲ ਸਿੰਘ ਜੰਗੀਰਾਣਾ ਦਾ ਪ੍ਰਤੀਕਰਮ ਸੀ ਕਿ ਸਬ-ਇੰਸਪੈਕਟਰ ਦਾ ਸਕੇਲ ਦੁੱਗਣਾ ਹੈ ਜਦੋਂਕਿ ਪਟਵਾਰੀ ਦੀ ਸਿਖਲਾਈ ਇੱਕ ਵਰ੍ਹੇ ਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨੌਜਵਾਨਾਂ ਦੀ ਤਰਜੀਹ ਪਟਵਾਰੀ ਨਾਲੋਂ ਸਬ-ਇੰਸਪੈਕਟਰ ਲੱਗਣ ਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਨੌਜਵਾਨ ਅੱਧ ਵਿਚਾਲੇ ਹੀ ਦੂਜੇ ਵਿਭਾਗਾਂ ਵਿਚ ਨੌਕਰੀਆਂ ਮਿਲਣ ਕਰ ਕੇ ਪਟਵਾਰੀ ਦੀ ਨੌਕਰੀ ਛੱਡ ਜਾਂਦੇ ਹਨ।

          ਕੱਲ੍ਹ ਵੀ ਪੰਜਾਬ ਵਿੱਚ 710 ਨਵੇਂ ਪਟਵਾਰੀ ਰੱਖਣ ਵਾਸਤੇ ਪੰਜਾਬ ਅਧੀਨ ਸੇਵਾਵਾਂ ਬੋਰਡ ਨੇ ਲਿਖਤੀ ਪ੍ਰੀਖਿਆ ਲਈ ਹੈ ਜਿਸ ਵਿਚ 28 ਫ਼ੀਸਦੀ ਉਮੀਦਵਾਰ ਗ਼ੈਰਹਾਜ਼ਰ ਸਨ। ਇਨ੍ਹਾਂ ਅਸਾਮੀਆਂ ਲਈ 1.20 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਕਰੀਬ 20 ਮਹੀਨੇ ਪਹਿਲਾਂ ਜਦੋਂ 1152 ਪਟਵਾਰੀਆਂ ਦੀ ਭਰਤੀ ਦਾ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਤਾਂ ਉਦੋਂ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਦੋਂਕਿ ਐਤਕੀਂ ਉਮੀਦਵਾਰਾਂ ਦੀ ਗਿਣਤੀ ਅੱਧੀ ਰਹਿ ਗਈ ਹੈ। ਅਗਸਤ 2021 ਵਿਚ ਪਟਵਾਰੀਆਂ ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ’ਚੋਂ ਕਰੀਬ 25.21 ਫ਼ੀਸਦੀ ਉਮੀਦਵਾਰ ਗ਼ੈਰਹਾਜ਼ਰ ਸਨ। ਉਸ ਵਕਤ 41 ਫ਼ੀਸਦੀ ਲੜਕੀਆਂ ਨੇ ਵੀ ਅਪਲਾਈ ਕੀਤਾ ਸੀ। ਇਸ ਤੋਂ ਪਹਿਲਾਂ ਬਹੁਤੇ ਸਿਖਲਾਈ ਅਧੀਨ ਪਟਵਾਰੀ ਖ਼ੁਰਾਕ ਤੇ ਸਪਲਾਈ ਵਿਭਾਗ ਵਿੱਚ ਵੀ ਭਰਤੀ ਹੋ ਗਏ ਸਨ। ਸਾਬਕਾ ਪੀਸੀਐੱਸ ਅਧਿਕਾਰੀ ਹਰਚਰਨ ਸਿੰਘ ਸੰਧੂ ਆਖਦੇ ਹਨ ਕਿ ਹੁਸ਼ਿਆਰ ਉਮੀਦਵਾਰਾਂ ਲਈ ਲਿਖਤੀ ਪ੍ਰੀਖਿਆ ਪਾਸ ਕਰਨੀ ਔਖੀ ਨਹੀਂ ਹੁੰਦੀ ਹੈ ਜਿਸ ਕਰ ਕੇ ਉਹ ਆਪਣੀ ਪਸੰਦ ਦੀ ਨੌਕਰੀ ਮਿਲਣ ’ਤੇ ਪਿਛਲੀ ਨੌਕਰੀ ਨੂੰ ਛੱਡ ਦਿੰਦੇ ਹਨ।

No comments:

Post a Comment