Wednesday, May 31, 2023

                                                        ਕਾਹਦੇ ਦਮਗਜ਼ੇ
                                   ਨੇਤਾ ਜੀ ਤਾਂ ਦਿਲ ਦੇ ਕਮਜ਼ੋਰ ਨਿਕਲੇ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਚ ਸਿਆਸੀ ਦਮਗਜ਼ੇ ਮਾਰਨ ਵਾਲੇ ਕਈ ਆਗੂਆਂ ਦੀ ਵਿਜੀਲੈਂਸ ਨੇ ਸਿਹਤ ਵਿਗਾੜ ਦਿੱਤੀ ਹੈ। ਵਿਜੀਲੈਂਸ ਵਲੋਂ ਇਨ੍ਹਾਂ ਨੂੰ ਤਲਬ ਕਰਨ ਦੇ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਆਪਣੀ ਕਮਜ਼ੋਰ ਸਿਹਤ ਦਾ ਹਵਾਲਾ ਦਿੱਤਾ ਹੈ। ਕੀ ਇਹ ਵਿਜੀਲੈਂਸ ਦਾ ਖ਼ੌਫ਼ ਹੈ ਜਾਂ ਫਿਰ ਇਹ ਆਗੂ ਪਹਿਲੋਂ ਹੀ ਬਿਮਾਰੀ ਦੇ ਭੰਨੇ ਹਨ। ਜਦੋਂ ਤੋਂ ਵਿਜੀਲੈਂਸ ਬਿਊਰੋ ਨੇ ਫੜੋ-ਫੜੀ ਸ਼ੁਰੂ ਕੀਤੀ ਹੈ, ਉਦੋਂ ਤੋਂ ਵਿਜੀਲੈਂਸ ਕੋਲ ਮੈਡੀਕਲ ਸਰਟੀਫਿਕੇਟ ਪੁੱਜ ਰਹੇ ਹਨ। ਕੋਈ ਵਿਜੀਲੈਂਸ ਤੋਂ ਪੇਸ਼ੀ ਵਾਸਤੇ ਮੋਹਲਤ ਲੈਣ ਲਈ ਆਪਣੀ ਬਿਮਾਰੀ ਦਾ ਵਾਸਤਾ ਪਾ ਰਿਹਾ ਹੈ ਅਤੇ ਕਿਸੇ ਦੀ ਮੈਡੀਕਲ ਜਾਂਚ ’ਚ ਬਿਮਾਰੀ ਦਾ ਖ਼ੁਲਾਸਾ ਹੋ ਰਿਹਾ ਹੈ। ਮਿਲੇ ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਜਦੋਂ ਵੀ ਵਿਜੀਲੈਂਸ ਨੇ ਸੱਦਿਆ, ਉਨ੍ਹਾਂ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ। ਉਨ੍ਹਾਂ ਨੇ ਕੋਵਿਡ ਹੋਣ ਦੀ ਗੱਲ ਵੀ ਰੱਖੀ ਅਤੇ ਦਿਲ ਦੀ ਬਿਮਾਰੀ ਦਾ ਵੀ ਤਰਕ ਦਿੱਤਾ। 

         ਉਨ੍ਹਾਂ ਨੇ ਆਪਣੇ ਆਪ ਨੂੰ ਬਲੱਡ ਪ੍ਰੈੱਸ਼ਰ (ਹਾਈਪਰਟੈਂਸ਼ਨ) ਤੋਂ ਵੀ ਪੀੜਤ ਦੱਸਿਆ। ਪਤਾ ਲੱਗਾ ਹੈ ਕਿ ਵਿਜੀਲੈਂਸ ਉਨ੍ਹਾਂ ਦੇ ਇੱਕ ਮੈਡੀਕਲ ਸਰਟੀਫਿਕੇਟ ਦੀ ਤਾਂ ਜਾਂਚ ਵੀ ਕਰ ਰਹੀ ਹੈ।ਵਿਜੀਲੈਂਸ ਨੇ ਜਦੋਂ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਤਲਬ ਕਰਨ ਮਗਰੋਂ ਸੰਪਤੀ ਦੇ ਵੇਰਵਿਆਂ ਵਾਲਾ ਪ੍ਰੋਫਾਰਮਾ ਦਿੱਤਾ ਤਾਂ ਉਸ ਪਿੱਛੋਂ ਸਾਬਕਾ ਮੰਤਰੀ ਕਾਂਗੜ ਨੇ ਵਿਜੀਲੈਂਸ ਕੋਲ ਗੋਡਿਆਂ ਦਾ ਅਪਰੇਸ਼ਨ ਹੋਣ ਦਾ ਮੈਡੀਕਲ ਸਰਟੀਫਿਕੇਟ ਭੇਜ ਕੇ ਮੋਹਲਤ ਮੰਗੀ। ਉਨ੍ਹਾਂ ਨੇ ਵੀ ਆਪਣੇ ਆਪ ਨੂੰ ਹਾਈਪਰਟੈਂਸ਼ਨ ਦਾ ਮਰੀਜ਼ ਹੋਣ ਦੀ ਗੱਲ ਰੱਖੀ। ਵਿਜੀਲੈਂਸ ਵੱਲੋਂ ਸਾਬਕਾ ਮਾਲ ਮੰਤਰੀ ਕਾਂਗੜ ਖ਼ਿਲਾਫ਼ ਵਸੀਲਿਆਂ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਵੀ ਵਿਜੀਲੈਂਸ ਕੋਲ ਪੇਸ਼ੀ ਪੈ ਰਹੀ ਹੈ। ਸੋਨੀ ਨੇ ਵੀ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਤੋਂ ਇਲਾਵਾ ਆਪਣੇ ਆਪ ਨੂੰ ਸ਼ੂਗਰ ਦਾ ਮਰੀਜ਼ ਦੱਸਿਆ ਹੈ।

         ਵਿਜੀਲੈਂਸ ਅਧਿਕਾਰੀ ਦੱਸਦੇ ਹਨ ਕਿ ਜਦੋਂ ਵੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਦਾ 24 ਘੰਟਿਆਂ ਦੇ ਅੰਦਰ ਅੰਦਰ ਮੈਡੀਕਲ ਕਰਾਉਣਾ ਲਾਜ਼ਮੀ ਹੁੰਦਾ ਹੈ। ਵਿਜੀਲੈਂਸ ਦੀ ਹਿਰਾਸਤ ਵਿਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਰਹੇ ਹਨ। ਉਨ੍ਹਾਂ ਨੂੰ ਸ਼ੂਗਰ ਤੇ ਪਿੱਠ ਦਰਦ ਦੀ ਸ਼ਿਕਾਇਤ ਸਾਹਮਣੇ ਆਈ ਸੀ। ਇਸੇ ਤਰ੍ਹਾਂ ਵਿਜੀਲੈਂਸ ਵੱਲੋਂ ਹਾਲ ਹੀ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਹੁਣ ਨਿਆਂਇਕ ਹਿਰਾਸਤ ਵਿਚ ਹਨ। ਕਿੱਕੀ ਢਿੱਲੋਂ ਨੂੰ ਜਿੱਥੇ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਸੀ, ਉੱਥੇ ਉਨ੍ਹਾਂ ਨੂੰ ਬਲੱਡ ਸ਼ੂਗਰ ਤੋਂ ਇਲਾਵਾ ਫੇਫੜਿਆਂ ਦੀ ਇਨਫੈਕਸ਼ਨ ਤੇ ਪਿੱਠ ਦੇ ਦਰਦ ਦੀ ਤਕਲੀਫ਼ ਵੱਖਰੀ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਆਗੂ ਵੀ ਵਿਜੀਲੈਂਸ ਦੀ ਗ੍ਰਿਫ਼ਤ ’ਚ ਆਏ ਹਨ, ਉਨ੍ਹਾਂ ’ਚੋਂ ਸਭਨਾਂ ਦਾ ਬਲੱਡ ਪ੍ਰੈਸ਼ਰ ਤਾਂ ਫ਼ੌਰੀ ਹੀ ਵਧ ਜਾਂਦਾ ਹੈ ਤੇ ਘਬਰਾਹਟ ਦੂਰ ਕਰਨ ਲਈ ਉਹ ਇਨ੍ਹਾਂ ਆਗੂਆਂ ਨੂੰ ਫ਼ੌਰੀ ਬੀਪੀ ਦੀ ਗੋਲੀ ਦਿੰਦੇ ਹਨ।

         ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੀ ਵੀ ਵਿਜੀਲੈਂਸ ਕੋਲ ਜਾਂਚ ਚੱਲ ਰਹੀ ਹੈ। ਵਿਜੀਲੈਂਸ ਕੋਲ ਬ੍ਰਹਮ ਮਹਿੰਦਰਾ ਕਈ ਬਿਮਾਰੀਆਂ ਹੋਣ ਦੀ ਗੱਲ ਰੱਖ ਚੁੱਕੇ ਹਨ ਜਿਨ੍ਹਾਂ ਵਿਚੋਂ ਲਿਵਰ ਦੀ ਬਿਮਾਰੀ ਤੋਂ ਇਲਾਵਾ ਬਲੱਡ ਪ੍ਰੈਸ਼ਰ ਵਧਣ ਦੀ ਤਕਲੀਫ਼ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਜੰਗੇ ਆਜ਼ਾਦੀ ਸਮਾਰਕ ਦੇ ਮੁੱਖ ਕਾਰਜਕਾਰੀ ਅਫ਼ਸਰ ਰਹੇ ਵਿਨੈ ਬੁਬਲਾਨੀ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਪਿੱਤੇ ਦੀ ਸ਼ਿਕਾਇਤ ਦਾ ਹਵਾਲਾ ਦਿੱਤਾ ਹੈ।ਵਿਜੀਲੈਂਸ ਨੇ ਜਦੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਿਰਾਸਤ ਵਿਚ ਲਿਆ ਸੀ ਤਾਂ ਉਨ੍ਹਾਂ ਦਾ ਵੀ ਵਾਰ ਵਾਰ ਮੈਡੀਕਲ ਕਰਾਇਆ ਗਿਆ ਸੀ। ਉਨ੍ਹਾਂ ਨੇ ਖੁਦ ਹੀ ਡਾਕਟਰ ਕੋਲ ਖੁਲਾਸਾ ਕੀਤਾ ਸੀ ਕਿ ਉਹ ਲੰਮੇ ਅਰਸੇ ਤੋਂ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ।

No comments:

Post a Comment