Saturday, April 27, 2019

                       ਸਿਆਸੀ ਸੋਨਪਰੀ
 ਬਾਦਲਾਂ ਦੀ ਨੂੰਹ ਕੋਲ ਇੱਕ ਪੰਡ ਗਹਿਣੇ !
                          ਚਰਨਜੀਤ ਭੁੱਲਰ
ਬਠਿੰਡਾ : ਇਹ ਗੱਲ ਪੂਰੇ ਚੌਵੀ ਕੈਰਟ ਸੱਚ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਏਨੇ ਗਹਿਣੇ ਹਨ ਕਿ ਚਾਹੇ ਪੰਡ ਬੰਨ੍ਹ ਲਵੋ। ਮੁਲਕ ਭਰ ਚੋਂ ਬੀਬਾ ਬਾਦਲ ਨੇ ਜਵੈਲਰੀ ਦੇ ਮਾਮਲੇ ਵਿਚ ਝੰਡੀ ਲੈ ਲਈ ਹੈ। ਦੇਸ਼ ਭਰ ਦੇ ਚੋਣ ਪਿੜ ’ਚ ਹੁਣ ਤੱਕ 449 ਮਹਿਲਾ ਉਮੀਦਵਾਰ ਉੱਤਰੀਆਂ ਹਨ, ਜਿਨ੍ਹਾਂ ਚੋਂ ਸਭ ਤੋਂ ਵੱਧ ਗਹਿਣੇ ਹਰਸਿਮਰਤ ਕੌਰ ਬਾਦਲ ਕੋਲ ਹਨ। ਕੇਂਦਰੀ ਵਜ਼ਾਰਤ ’ਚ ਵੀ ਜੋ ਸੱਤ ਮਹਿਲਾ ਵਜ਼ੀਰ ਹਨ, ਉਹ ਵੀ ਗਹਿਣਿਆਂ ਦੇ ਮਾਮਲੇ ਵਿਚ ਬੀਬੀ ਬਾਦਲ ਦੇ ਨੇੜੇ ਤੇੜੇ ਨਹੀਂ ਹਨ। 16 ਵੀਂ ਲੋਕ ਸਭਾ ਵਿਚ ਕੁੱਲ 66 ਮਹਿਲਾ ਐਮ.ਪੀਜ ਹਨ ਜਿਨ੍ਹਾਂ ਚੋਂ ਸਭ ਤੋਂ ਵੱਧ ਗਹਿਣੇ ਬੀਬਾ ਬਾਦਲ ਕੋਲ ਹਨ। ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਕੋਲ ਇਸ ਵੇਲੇ 7.03 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ ਸੋਨਾ, ਸਿਲਵਰ,ਸਟੋਨ ਤੇ ਡਾਇਮੰਡ ਦੇ ਗਹਿਣੇ ਹਨ। ਬੀਬਾ ਬਾਦਲ ਨੇ ਕੁਝ ਗਹਿਣੇ ਖਰੀਦੇ ਹਨ ਤੇ ਕੁਝ ਵਿਰਾਸਤ ਵਿਚ ਮਿਲੇ ਹਨ। ਸੁਖਬੀਰ ਸਿੰਘ ਬਾਦਲ ਕੋਲ ਸਿਰਫ 9 ਲੱਖ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਪਹਿਲੀ ਵਾਰ 2009 ਵਿਚ ਐਮ.ਪੀ ਬਣੇ ਸਨ ਤਾਂ ਉਦੋਂ ਉਨ੍ਹਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਸ ਵਿਚ 14.93 ਕਿਲੋ ਸੋਨਾ ਤੇ ਸਿਲਵਰ ਸ਼ਾਮਿਲ ਹੈ। ਮੋਟੇ ਅੰਦਾਜ਼ੇ ਅਨੁਸਾਰ ਹੁਣ ਹਰਸਿਮਰਤ ਕੌਰ ਬਾਦਲ ਕੋਲ ਕਰੀਬ 21.50 ਕਿਲੋ ਸੋਨਾ/ਸਿਲਵਰ ਆਦਿ ਹੈ।
           ਦੇਖਿਆ ਜਾਵੇ ਤਾਂ ਇੰਨੇ ਗਹਿਣਿਆਂ ਦੀ ਪੂਰੀ ਪੰਡ ਬੱਝ ਜਾਵੇ। ਪੰਜਾਬ ਦੇ ਕਿਸਾਨਾਂ ਨੂੰ ਕਈ ਵਾਰ ਏਦਾਂ ਦੇ ਦਿਨ ਵੀ ਵੇਖਣੇ ਪੈਂਦੇ ਹਨ ਕਿ ਘਰ ’ਚ ਇੱਕ ਪੰਡ ਤੂੜੀ ਵੀ ਨਹੀਂ ਹੁੰਦੀ। ਵੇਰਵਿਆਂ ਅਨੁਸਾਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਗਹਿਣਿਆਂ ਦਾ ਸ਼ੌਕ ਕਾਫ਼ੀ ਹੈ ਅਤੇ ਉਹ ਵੀ ਇਸ ਮਾਮਲੇ ਵਿਚ ਹਰਸਿਮਰਤ ਦੇ ਨੇੜੇ ਨਹੀਂ ਪੁੱਜੇ ਹਨ। ਕਿਰਨ ਖੇਰ ਕੋਲ ਇਸ ਵੇਲੇ 4.64 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ 16 ਕਿਲੋ ਸੋਨਾ ਵੀ ਸ਼ਾਮਿਲ ਹੈ। ਕੇਂਦਰੀ ਵਜ਼ੀਰਾਂ ’ਤੇ ਨਜ਼ਰ ਮਾਰੀਏ ਤਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਕੋਲ 7.87 ਲੱਖ ਦੇ ਗਹਿਣੇ ਹਨ ਜਦੋਂ ਕਿ ਅਨੁਪ੍ਰਿਆ ਪਟੇਲ ਕੋਲ 4.80 ਲੱਖ ਦੇ ਗਹਿਣੇ ਹਨ। ਕੇਂਦਰੀ ਵਜ਼ੀਰ ਸਮਿਰਤੀ ਇਰਾਨੀ ਕੋਲ 12.36 ਲੱਖ ਅਤੇ ਵਜ਼ੀਰ ਮੇਨਕਾ ਗਾਂਧੀ ਕੋਲ 1.24 ਕਰੋੜ ਦੇ ਗਹਿਣੇ ਹਨ। ਇੱਥੋਂ ਤੱਕ ਕਿ ਸੋਨੀਆ ਗਾਂਧੀ ਕੋਲ ਵੀ ਸਿਰਫ਼ 62 ਲੱਖ ਦੇ ਗਹਿਣੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਐਮ.ਪੀ ਨੂੰਹ ਡਿੰਪਲ ਯਾਦਵ ਕੋਲ ਵੀ 59 ਲੱਖ ਦੀ ਜਵੈਲਰੀ ਹੈ। ਐਮ.ਪੀ ਸੁਪ੍ਰੀਆ ਸੁਲੇ ਕੋਲ ਜਰੂਰ 4 ਕਰੋੜ ਦੇ ਗਹਿਣੇ ਹਨ। ਫਿਲਮੀ ਅਦਾਕਾਰਾ ਹੇਮਾ ਮਾਲਿਨੀ ਵੀ ਬੀਬਾ ਬਾਦਲ ਦੇ ਗਹਿਣਿਆਂ ਦੇ ਅੱਧ ਵਿਚ ਵੀ ਨਹੀਂ ਅੱਪੜ ਸਕੇ।
                 ਹੇਮਾ ਮਾਲਿਨੀ ਕੋਲ 3.46 ਕਰੋੜ ਦੇ ਗਹਿਣੇ ਹਨ ਜਦੋਂ ਕਿ ਉੱਤਰੀ ਮੁੰਬਈ ਤੋਂ ਕਾਂਗਰਸੀ ਉਮੀਦਵਾਰ ਤੇ ਫਿਲਮੀ ਅਦਾਕਾਰ ਓਰਮਿਲਾ ਮਾਤੋੜਕਰ ਕੋਲ ਵੀ ਸਿਰਫ਼ 1.47 ਕਰੋੜ ਦੀ ਜਵੈਲਰੀ ਹੈ। ਹਰਸਿਮਰਤ ਬਾਦਲ ਦੀ ਜਾਇਦਾਦ ਵਿਚ ਪੰਜ ਵਰ੍ਹਿਆਂ ਵਿਚ 7.80 ਕਰੋੜ ਦਾ ਵਾਧਾ ਹੋਇਆ ਹੈ। ਹਰਸਿਮਰਤ ਦੇ ਪਰਿਵਾਰ ਦੀ ਚੱਲ ਅਚੱਲ ਸੰਪਤੀ ਹੁਣ 115.95 ਕਰੋੜ ਹੋ ਗਈ ਹੈ ਜੋ ਕਿ ਮਈ 2014 ਵਿਚ 108 ਕਰੋੜ ਦੀ ਸੀ। ਸੁਖਬੀਰ ਬਾਦਲ (ਐਚ.ਯੂ.ਐਫ) ਵਾਲੇ ਕਾਲਮ ਵਿਚ ਵੱਖਰੀ 217.95 ਕਰੋੜ ਦੀ ਸੰਪਤੀ ਦਿਖਾਈ ਗਈ ਹੈ ਅਤੇ ਇਹ ਕਾਲਮ ਪਹਿਲੀ ਵਾਰ ਸ਼ਾਮਲ ਹੋਇਆ ਹੈ। ਦਸ ਵਰ੍ਹਿਆਂ ਵਿਚ ਗਹਿਣਿਆਂ ’ਚ 5.09 ਕਰੋੜ ਦਾ ਵਾਧਾ ਹੋਇਆ ਹੈ। ਦੋ ਪਿੰਡਾਂ ਵਿਚ ਤੋਹਫੇ ਵਿਚ ਜ਼ਮੀਨ ਵੀ ਮਿਲੀ ਹੈ।





1 comment:

  1. ਝੋਲੇ ਵਾਲੇ ਮੋਦੀ ਕੋਲ 2.15 ਕਰੋੜ. 55% increase ਹੋਈ ਹੈ ਉਸ ਦੀ ਆਮਦਨ 2014 ਤੋ - ਵਿਕਾਸ ਤਾ ਇਨਾ ਦਾ ਹੋਇਆ ਹੈ - ਲੋਕਾ ਨੂ ਤਾ ਰੂੰਗਾ ਝੂੰਗਾ ਦਿੰਦੇ ਹਨ. ਮੋਟੀ ਮਲਾਈ ਆਪ ਛਕ ਲੈਂਦੇ ਹਨ. ਮੋਦੀ ਤਾ ਬਾਦਸ਼ਾਹਾ ਦੀ ਤਰਾ ਸਾਰੀ ਦੁਨੀਆ ਦੀ ਸੈਰ ਕਰ ਆਇਆ first class plane ਤੇ. ਮਹਿਲ ਵਿਚ ਰਹਿੰਦਾ ਹੈ ਤੇ ਨੋਕਰ ਹਨ. ਸਾਰੀ ਉਮਰ ਲਈ ਸੈਟ ਹੋ ਗਿਆ!!! pension ਵਖਰੀ.

    ReplyDelete