Friday, March 4, 2011


  ਤੁਸੀਂ ਤਾਂ ਮੁਆਫ ਕਰੋ...।
ਚਰਨਜੀਤ ਭੁੱਲਰ
ਬਠਿੰਡਾ : 'ਮਲਾਈ' ਔਰਬਿਟ ਛੱਕ ਜਾਂਦੀ ਹੈ। ਪੀ.ਆਰ.ਟੀ.ਸੀ ਪੱਲੇ ਪੈ ਜਾਂਦੇ ਨੇ ਮੁਫਤਖੋਰ। ਅਫਸਰ ਔਰਬਿਟ ਮੂਹਰੇ ਤਾਂ ਅੜ ਨਹੀਂ ਸਕਦੇ। ਫਿਰ ਸਾਰਾ ਗੁੱਸਾ ਫਿਰ ਮੁਫਤਖੋਰਾਂ 'ਤੇ ਲਾਹੁੰਦੇ ਹਨ। ਮੁਫਤਖੋਰ ਵੀ ਏਨੇ ਢੀਠ ਹਨ ਕਿ ਨਿੱਤ ਬੇਇੱਜਤੀ ਤਾਂ ਕਰਾ ਲੈਂਦੇ ਹਨ ਪੰ੍ਰਤੂ ਮੁਫਤੋਂ ਮੁਫਤੀ ਦੇ ਝੂਟੇ ਲੈਣੋ ਫਿਰ ਨਹੀਂ ਹਟਦੇ। ਅੱਗੇ ਔਰਬਿਟ, ਪਿਛੇ ਪੀ.ਆਰ.ਟੀ.ਸੀ ਤੇ ਉਸ ਦੇ ਪਿੱਛੇ ਉਡਣ ਦਸਤੇ ਹੁੰਦੇ ਹਨ ਜੋ ਮੁਫਤਖੋਰਾਂ ਨੂੰ ਫੜਦੇ ਹਨ। ਔਰਬਿਟ ਵਾਲਿਆਂ ਨੇ ਤਾਂ ਸਰਕਾਰੀ ਗੱਡੀ ਲੀਹੋਂ ਲਾਹੀ ਹੀ, ਉਪਰੋਂ ਮੁਫਤਖੋਰ ਵੀ ਸ਼ਰਮ ਨਹੀਂ ਮੰਨਦੇ। ਔਰਬਿਟ ਦੀ ਗੱਲ ਫਿਰ ਕਰਾਂਗੇ, ਇੱਥੇ ਮੁਫਤਖੋਰਾਂ ਦੀ ਢੀਠਤਾਈ ਦੇਖਦੇ ਹਾਂ। ਕੋਈ ਦਿਨ ਸੁੱਕਾ ਨਹੀਂ ਲੰਘਦਾ ਜਦੋਂ ਮੁਫ਼ਤਖ਼ੋਰ ਅੜਿੱਕੇ ਨਾ ਆਏ ਹੋਣ। ਪੀ.ਆਰ.ਟੀ.ਸੀ ਨੇ ਲੰਘੇ ਦੋ ਵਰ੍ਹਿਆਂ 'ਚ 10374 ਮੁਫ਼ਤਖ਼ੋਰ ਫੜੇ ਹਨ। ਇਕੱਲੇ ਫੜੇ ਨਹੀਂ ਗਏ ਬਲਕਿ ਇਨ੍ਹਾਂ ਮੁਫਤਖੋਰਾਂ ਨੂੰ ਦਸ ਗੁਣਾ ਜੁਰਮਾਨਾ ਤਾਰ ਕੇ ਛੁੱਟਣਾ ਪਿਆ। ਇਨ੍ਹਾਂ ਮੁਫਤਖੋਰਾਂ ਤੋਂ ਪੀ.ਆਰ.ਟੀ.ਸੀ 9,11,282 ਰੁਪਏ ਦੀ ਕਮਾਈ ਵੀ ਹੋਈ ਹੈ। ਮੁਫ਼ਤਖ਼ੋਰ ਜੋ ਰੋਡਵੇਜ਼ ਨੂੰ ਲੱਖਾਂ ਦਾ ਚੂਨਾ ਲਗਾਉਂਦੇ ਹਨ,ਉਹ ਵੱਖਰੀ ਗੱਲ ਹੈ। ਮਾਲੀ ਸਾਲ 2008-09 'ਚ ਪੀ.ਆਰ.ਟੀ.ਸੀ ਨੇ 4717 ਬਿਨ੍ਹਾਂ ਟਿਕਟ ਤੋਂ ਸਫ਼ਰ ਕਰਨ ਵਾਲੇ ਯਾਤਰੀ ਫੜੇ ਜਿਨ੍ਹਾਂ ਤੋਂ 3,75,294 ਰੁਪਏ ਜੁਰਮਾਨਾ ਵਸੂਲ ਕੀਤਾ। ਸਾਲ 2009-10 ਦੌਰਾਨ ਬਿਨ੍ਹਾਂ ਟਿਕਟ ਵਾਲੇ 4886 ਯਾਤਰੀ ਫੜੇ ਗਏ ਅਤੇ ਇਨ੍ਹਾਂ ਤੋਂ 4,56,358 ਰੁਪਏ ਜੁਰਮਾਨਾ ਲਿਆ ਗਿਆ। ਚਾਲੂ ਮਾਲੀ ਸਾਲ ਦੇ ਪਹਿਲੇ ਪੜਾਅ 'ਚ 771 ਯਾਤਰੀ ਬਿਨ੍ਹਾਂ  ਟਿਕਟ ਵਾਲੇ ਫੜੇ ਗਏ ਜਿਨ੍ਹਾਂ ਨੂੰ 79630 ਜੁਰਮਾਨਾ ਤਾਰਨਾ ਪਿਆ। ਮਾਲਵਾ ਪੱਟੀ ਚੋਂ ਸੰਗਰੂਰ ਡਿਪੂ ਪਹਿਲੇ ਨੰਬਰ 'ਤੇ ਹੈ ਜਿਸ ਵਲੋਂ ਸਭ ਤੋਂ ਵੱਧ ਲੰਘੇ ਦੋ ਸਾਲਾਂ 'ਚ 1834 ਮੁਫ਼ਤਖ਼ੋਰ ਫੜੇ ਗਏ ਹਨ ਜਿਨ੍ਹਾਂ ਤੋਂ 80569 ਰੁਪਏ ਦੀ ਜੁਰਮਾਨਾ ਲਿਆ ਗਿਆ।
 ਬਠਿੰਡਾ ਡਿਪੂ ਦਾ ਨੰਬਰ ਤੀਸਰਾ ਹੈ ਜਿਥੋਂ 1358 ਮੁਫ਼ਤਖ਼ੋਰ 'ਉੱਡਣ ਦਸਤਿਆਂ' ਦੇ ਅੜਿੱਕੇ ਆਏ ਹਨ। ਇਨ੍ਹਾਂ ਤੋਂ 1,30,341 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਦੂਸਰਾ ਨੰਬਰ ਲੁਧਿਆਣਾ  ਡਿਪੂ ਦਾ ਹੈ ਜਿਸ ਵਲੋਂ 1615 ਮੁਫ਼ਤਖ਼ੋਰ ਦੋ ਵਰ੍ਹਿਆਂ 'ਚ ਫੜੇ ਗਏ ਹਨ। ਪੀ.ਆਰ.ਟੀ.ਸੀ ਵਲੋਂ ਇੱਕ 'ਕੇਂਦਰੀ ਉੱਡਣ ਦਸਤਾ' ਬਣਾਇਆ ਹੋਇਆ ਹੈ, ਜੋ ਬਦਨਾਮ ਰੂਟਾਂ 'ਤੇ ਜਿਆਦਾ ਛਾਪੇਮਾਰੀ ਕਰਦਾ ਹੈ। ਉਂਝ ਹਰ ਡਿਪੂ 'ਚ ਵੱਖਰੇ ਉੱਡਣ ਦਸਤੇ ਵੀ ਹਨ। ਇੰਸਪੈਕਟਰ ਰੈਂਕ ਦੇ ਅਧਿਕਾਰੀ ਉੱਡਣ ਦਸਤਿਆਂ 'ਚ ਸ਼ਾਮਲ ਹਨ। ਬਠਿੰਡਾ ਡਿਪੂ 'ਚ ਚਾਰ ਉੱਡਣ ਦਸਤੇ ਹਨ ਜੋ ਰੋਜ਼ਾਨਾ ਛਾਪੇਮਾਰੀ ਵਾਸਤੇ ਨਿਕਲਦੇ ਹਨ। ਬਠਿੰਡਾ ਡਿਪੂ ਵਲੋਂ ਹਰ ਸਾਲ 500 ਤੋਂ ਲੈ ਕੇ 800 ਤੱਕ ਮੁਫ਼ਤਖ਼ੋਰ ਫੜੇ ਜਾਂਦੇ ਹਨ। ਮੁਫ਼ਤ ਦਾ ਸਫ਼ਰ ਕਰਨ ਵਾਲੇ ਜਿਆਦਾ ਸਵੇਰ ਅਤੇ ਸ਼ਾਮ ਦੇ ਰੂਟ 'ਤੇ ਹੁੰਦੇ ਹਨ। ਹਰ ਉੱਡਣ ਦਸਤੇ ਨੂੰ ਬੀਟ ਵੰਡੀ ਜਾਂਦੀ ਹੈ। ਨਿਯਮਾਂ ਅਨੁਸਾਰ ਜੋ ਯਾਤਰੀ ਬਿਨ੍ਹਾਂ ਟਿਕਟ ਸਫ਼ਰ ਕਰਦਾ ਹੈ, ਉਸ ਤੋਂ ਕਿਰਾਏ ਦਾ ਦਸ ਗੁਣਾ ਜੁਰਮਾਨਾ ਵਸੂਲ ਕਰ ਲਿਆ ਜਾਂਦਾ ਹੈ। ਪੀ.ਆਰ.ਟੀ.ਸੀ ਦੇ ਕੇਂਦਰੀ ਉੱਡਣ ਦਸਤੇ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਮੁਫ਼ਤ ਦਾ ਸਫ਼ਰ ਕਰਨ ਵਾਲਿਆਂ 'ਚ ਜਿਆਦਾ 'ਸਟਾਫ ਮੈਂਬਰ' ਹੁੰਦੇ ਹਨ ਜੋ ਅਸਲ 'ਚ 'ਸਟਾਫ ਮੈਂਬਰ' ਨਹੀਂ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਆਪਣੇ ਆਪ ਨੂੰ ਵਿਦਿਆਰਥੀ ਦੱਸ ਦਿੰਦੇ ਹਨ ਜਦੋਂ ਕਿ ਉਨ੍ਹਾਂ ਕੋਲ ਕੋਈ ਸ਼ਨਾਖ਼ਤੀ ਕਾਰਡ ਨਹੀਂ ਹੁੰਦਾ।
 ਪੀ.ਆਰ.ਟੀ.ਸੀ ਦੇ ਡਿਪੂ ਵਾਈਜ ਇਸ ਮਾਮਲੇ 'ਚ ਸਥਿਤੀ ਦੇਖੀਏ ਤਾਂ ਬਰਨਾਲਾ ਡਿਪੂ ਵਲੋਂ ਦੋ ਸਾਲਾਂ 'ਚ 867 ਮੁਫ਼ਤਖ਼ੋਰ ਫੜੇ ਗਏ ਜਦੋਂ ਕਿ ਫਰੀਦਕੋਟ ਡਿਪੂ ਵਲੋਂ 482 ਮੁਫਤਖੋਰਾਂ ਨੂੰ ਫੜਿਆ ਗਿਆ। ਇਸੇ ਤਰ੍ਹਾਂ ਬੁਢਲਾਡਾ ਡਿਪੂ ਵਲੋਂ 721 ਯਾਤਰੀ ਬਿਨ੍ਹਾਂ ਟਿਕਟ ਤੋਂ ਸਫ਼ਰ ਕਰਦੇ ਫੜੇ ਗਏ ਹਨ ਅਤੇ ਇਸੇ ਤਰ੍ਹਾਂ ਸਪੈਸ਼ਲ ਸੈਲ ਵਲੋਂ ਵੀ 571 ਯਾਤਰੀ ਬਿਨ੍ਹਾਂ ਟਿਕਟ ਤੋਂ ਸਫ਼ਰ ਕਰਦੇ ਫੜੇ ਗਏ ਹਨ। ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਸ੍ਰੀ ਇਕਬਾਲ ਸਿੰਘ ਨੇ ਦੱਸਿਆ ਕਿ ਮੁਫਤਖੋਰਾਂ ਤੋਂ ਦਸ ਗੁਣਾ ਜੁਰਮਾਨਾ ਵਸੂਲ ਕੇ ਉਨ੍ਹਾਂ ਨੂੰ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁਫਤਖੋਰਾਂ 'ਚ ਪੁਲੀਸ ਮੁਲਾਜ਼ਮ ਵੀ ਕਾਫ਼ੀ ਸ਼ਾਮਲ ਹਨ ਜਿਨ੍ਹਾਂ ਦੇ ਜਦੋਂ ਸਰਕਾਰੀ ਵਾਊਚਰ ਖਤਮ ਹੋ ਜਾਂਦੇ ਹਨ ਤਾਂ ਉਹ ਮੁਫ਼ਤ ਦਾ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਡੇਲੀ ਪੈਸੰਜਰ ਮੁਫ਼ਤ ਦੇ ਸਫ਼ਰ ਵਾਲਿਆਂ 'ਚ ਜਿਆਦਾ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ 'ਚ ਉੱਡਣ ਦਸਤੇ ਵਲੋਂ ਇੱਕ ਪੁਲੀਸ ਇੰਸਪੈਕਟਰ ਵੀ ਮੁਫ਼ਤ 'ਚ ਸਫ਼ਰ ਕਰਦਾ ਫੜਿਆ ਜੋ ਕਿ ਸਿਵਲ ਕੱਪੜਿਆਂ 'ਚ ਸੀ। ਉਸ ਤੋਂ ਦਸ ਗੁਣਾ ਕਿਰਾਇਆ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਫ਼ਤਖ਼ੋਰ ਵੀ ਪੀ.ਆਰ.ਟੀ.ਸੀ ਨੂੰ ਸੱਟ ਮਾਰ ਰਹੇ ਹਨ।
                                ਮੁਫਤਖੋਰਾਂ 'ਚ ਔਰਤਾਂ ਤੇ ਹੋਮ ਗਾਰਡ ਜਵਾਨ ਵੀ।
     ਮੁਫ਼ਤ ਮੁਫ਼ਤ ਦੇ ਝੂਟੇ ਲੈਣ ਵਾਲਿਆਂ 'ਚ ਔਰਤਾਂ ਵੀ ਸ਼ਾਮਲ ਹਨ। ਉੱਡਣ ਦਸਤਿਆਂ ਦੇ ਮੈਂਬਰਾਂ ਨੇ ਦੱਸਿਆ ਕਿ ਔਰਤਾਂ ਵਲੋਂ ਫੜੇ ਜਾਣ 'ਤੇ ਇਹੋ ਬਹਾਨਾ ਲਗਾਇਆ ਜਾਂਦਾ ਹੈ ਕਿ ਕੰਡਕਟਰ ਤਾਂ ਉਨ੍ਹਾਂ ਕੋਲ ਆਇਆ ਹੀ ਨਹੀਂ। ਮੁਫ਼ਤਖ਼ੋਰੀ 'ਚ ਹੋਮ ਗਾਰਡ ਦੇ ਜਵਾਨ ਵੀ ਜਿਆਦਾ ਸਫ਼ਰ ਕਰਦੇ ਹਨ ਜੋ ਕਿ ਪੁਲੀਸ ਮੁਲਾਜ਼ਮਾਂ ਦੇ ਸਰਕਾਰੀ ਵਾਊਚਰ ਵਰਤ ਲੈਂਦੇ ਹਨ ਪ੍ਰੰਤੂ ਇਸ ਮਾਮਲੇ 'ਚ ਉਹ ਅਕਸਰ ਫਸ ਜਾਂਦੇ ਹਨ। ਮੁਫਤਖੋਰਾਂ 'ਚ ਬੱਸਾਂ ਦੇ ਹਾਕਾਂ ਮਾਰਨ ਵਾਲੇ 'ਹਾਕਰ' ਵੀ ਹਨ। ਉੱਡਣ ਦਸਤੇ ਦੇ ਇੱਕ ਮੈਂਬਰ ਨੇ ਦੱਸਿਆ ਕਿ ਕਈ ਪੁਲੀਸ ਵਾਲੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਮੁਫ਼ਤ ਸਫ਼ਰ ਵਾਲਾ 'ਵਾਊਚਰ' ਦੇ ਦਿੱਤੇ ਹਨ ਅਤੇ ਅਜਿਹੇ ਕਈ ਕੇਸ ਅੜਿੱਕੇ ਆਏ ਹਨ।
                                ਬਠਿੰਡਾ ਮਲੋਟ ਰੂਟ 'ਤੇ ਮੁਫਤਖੋਰਾਂ ਦੀ ਸਰਦਾਰੀ।
     ਮਾਲਵੇ ਚੋਂ ਬਠਿੰਡਾ ਮਲੋਟ ਰੂਟ ਬਦਨਾਮੀ ਖੁਣੋਂ ਪਹਿਲੇ ਨੰਬਰ 'ਤੇ ਹੈ। ਕੇਂਦਰੀ ਉੱਡਣ ਦਸਤੇ ਹਮੇਸ਼ਾਂ ਇਸੇ ਰੂਟ 'ਤੇ ਅੱਖ ਰੱਖਦੇ ਹਨ। ਵੀ.ਆਈ.ਪੀ ਇਲਾਕਾ ਹੋਣ ਕਰਕੇ ਹਰ ਕੋਈ ਮੁਫਤੋਂ ਮੁਫ਼ਤੀ ਦੇ ਝੂਟੇ ਲੈਣਾ ਚਾਹੁੰਦਾ ਹੈ। ਉੱਡਣ ਦਸਤਿਆਂ ਨੇ ਦੱਸਿਆ ਕਿ ਇੱਕੋ ਇੱਕ ਮਲੋਟ ਬਠਿੰਡਾ ਰੂਟ ਹੈ ਜਿਥੇ ਮੁਫਤਖੋਰਾਂ ਦੀ ਸਰਦਾਰੀ ਹੈ। ਬਹੁਤੇ ਮੁਫ਼ਤਖ਼ੋਰ ਫੜੇ ਜਾਣ 'ਤੇ ਸਿਆਸੀ ਲੀਡਰਾਂ ਨੇ ਝੱਟ ਗੱਲ ਕਰਾ ਦਿੰਦੇ ਹਨ। ਸੂਤਰਾਂ ਨੇ ਦੱਸਿਆ ਕਿ ਇਸੇ ਰੂਟ 'ਤੇ ਜਿਆਦਾ ਛਾਪੇਮਾਰੀ ਵੀ ਹੁੰਦੀ ਹੈ। ਕਈ ਦਫ਼ਾ ਸਿਆਸੀ ਲੋਕਾਂ ਦੀ ਸਿਫਾਰਸ਼ ਮੁਫਤਖੋਰਾਂ ਦਾ ਖਹਿੜਾ ਵੀ ਛੁਡਵਾ ਦਿੰਦੀ ਹੈ।

No comments:

Post a Comment