Sunday, March 27, 2011

                             ਬਾਹਰ 'ਸ਼ੇਰ',ਘਰੇ 'ਢੇਰ'
                                   ਵਿਚਾਰੇ ਪਤਨੀ ਪੀੜਤ  
                                    ਚਰਨਜੀਤ ਭੁੱਲਰ
ਬਠਿੰਡਾ  : ਕਿਧਰ ਜਾਣ ਇਹ ਪਤਨੀ ਦੇ ਸਤਾਏ 'ਪਤੀ ਦੇਵ'। ਉਨ੍ਹਾਂ ਦੀ ਤਾਂ ਕੋਈ ਸੁਣਦਾ ਵੀ ਨਹੀਂ। ਸਿਵਾਏ ਤਰਲੇ ਮਾਰਨ ਤੋਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਬਚਦਾ। ਕੋਈ ਅਜਿਹਾ ਸਰਕਾਰੀ ਬੂਹਾ ਵੀ ਨਹੀਂ ਜਿਥੇ ਉਨ੍ਹਾਂ ਦੇ ਦੁੱਖਾਂ ਦਾ ਦਰਦੀ ਹੋਵੇ। ਬਹੁਤੇ ਜੋ ਦਰਵਾਜੇ ਤੋਂ ਬਾਹਰ ਸ਼ੇਰ ਦਿੱਖਦੇ ਹਨ, ਉਹ ਘਰ ਆ ਕੇ 'ਢੇਰ' ਹੋ ਜਾਂਦੇ ਹਨ। ਸਭ ਨੂੰ ਇੱਕੋ ਵੱਟੇ ਤਾਂ ਤੋਲਣਾ ਗਲਤ ਹੈ, ਫਿਰ ਵੀ ਇਸ ਤਰ੍ਹਾਂ ਦੇ 'ਪਤੀ ਦੇਵ' ਹਨ ਜਿਨ੍ਹਾਂ ਨੂੰ ਕਿਧਰੋਂ ਵੀ ਢਾਰਸ ਨਹੀਂ ਮਿਲਦੀ। ਘਰੇਲੂ ਰਾਜਧਾਨੀ ਵਿਚ ਵੀ ਤੇ ਸਰਕਾਰੀ ਦਰਬਾਰ ਵਿਚ ਵੀ। ਏਦਾ ਦੇ ਪਤਨੀ ਦੇ ਸਤਾਏ 'ਮਹਿਲਾ ਕਮਿਸ਼ਨ' ਦਾ ਬੂਹਾ ਵੀ ਖੜਕਾਉਂਦੇ ਹਨ। ਉਥੋਂ ਵੀ ਇਨਸਾਫ ਨਹੀਂ ਮਿਲਦਾ। ਏਦਾ ਦੇ 'ਪਤਨੀ ਪੀੜਤਾਂ' ਨੂੰ ਤਾਂ ਰਾਮੂਵਾਲੀਆ ਵੀ ਗਲ ਨਾਲ ਨਹੀਂ ਲਾਉਂਦਾ। ਰਾਮੂਵਾਲੀਆ ਦੀ ਕਚਹਿਰੀ 'ਚ ਵੀ ਇਕੱਲੇ ਪ੍ਰਵਾਸੀ ਲਾੜਿਆਂ ਦੀਆਂ ਪਤਨੀਆਂ ਨੂੰ ਇਨਸਾਫ ਮਿਲਦਾ ਹੈ। ਕਦੇ ਕਦੇ ਤਾਂ ਰਾਮੂਵਾਲੀਏ ਦੇ ਦਰਬਾਰ ਦੀ ਗੱਲ ਸੁਣ ਕੇ ਏਦਾ ਲੱਗਦਾ ਹੈ ਕਿ ਜਿਵੇਂ ਸਾਰੇ ਮੁਲਕ ਹੀ ਠੱਗ ਲਾੜਿਆਂ ਨਾਲ ਭਰ ਗਏ ਹੋਣ। ਜ਼ਮਾਨਾ ਹੀ ਇਹੋ ਜੇਹਾ ਬਣ ਗਿਆ ਹੈ ਕਿ ਚਾਰ ਚੁਫੇਰੇ ਔਰਤ ਜਾਤੀ ਦੀ ਹੀ ਸੁਣਵਾਈ ਹੈ। ਭਾਵੇਂ ਸਰਕਾਰ ਦਾ ਸੰਗਤ ਦਰਸ਼ਨ ਹੋਵੇ ਤੇ ਭਾਵੇਂ ਪੁਲੀਸ ਥਾਣਾ। ਚਾਹੇ ਬਲਵੰਤ ਸਿੰਘ ਰਾਮੂਵਾਲੀਏ ਦੀ ਸਟੇਜ। ਕਈ ਪ੍ਰਵਾਸੀ ਲਾੜੇ ਆਖ ਦਿੰਦੇ ਹਨ ਕਿ ਤੁਸੀਂ ਦੱਸੋ, ਤਾੜੀ ਕਦੇ ਇੱਕ ਹੱਥ ਨਾਲ ਵੱਜੀ ਹੈ। ਵਲਾਇਤ ਦੀ ਛੱਡੋ, ਇੱਥੋਂ ਦੇ 'ਪ੍ਰਤੀ ਪ੍ਰਮੇਸ਼ਰਾਂ' ਦੀ ਗੱਲ ਕਰਦੇ ਹਾਂ। ਇਨ੍ਹਾਂ 'ਚ ਤਾਂ ਕਈ ਅਫਸਰਾਂ ਦੀ ਗਿਣਤੀ ਆਉਂਦੀ ਹੈ ਜਿਨ੍ਹਾਂ ਦਾ ਦਬਦਬਾ ਇਕੱਲਾ ਦਫ਼ਤਰਾਂ 'ਚ ਚੱਲਦਾ ਹੈ। ਘਰਾਂ 'ਚ ਤਾਂ ਉਨ੍ਹਾਂ ਨੂੰ ਵੀ 'ਦਫ਼ਤਰ ਦਖਲ' ਕਰ ਦਿੱਤਾ ਜਾਂਦਾ ਹੈ।
           'ਮੈਨੂੰ ਮੇਰੀ ਪਤਨੀ ਤੋਂ ਬਚਾਓ...।' ਇਹ ਆਖਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ। ਇਸ ਤਰ੍ਹਾਂ ਦਾ ਤਰਲਾ ਮਰਨ ਵਾਲਿਆਂ ਦੀ ਕਤਾਰ ਦੇਖ ਕੇ ਇੰਂਝ ਲੱਗਦਾ ਹੈ ਕਿ ਸਰਕਾਰ ਨੂੰ ਇਨ੍ਹਾਂ ਪੀੜਤਾਂ ਲਈ ਇੱਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ। ਤੱਥਾਂ 'ਤੇ ਨਜ਼ਰ ਮਾਰਦੇ ਹਾਂ। ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਇਸ ਤਰ੍ਹਾਂ ਦੇ ਪੁਰਸ਼ਾਂ ਦੀ ਸ਼ਿਕਾਇਤ ਦਰ ਵੱਧ ਰਹੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮਹਿਲਾ ਕਮਿਸ਼ਨ ਪਤਨੀ ਪੀੜਤਾਂ ਨੂੰ ਦੂਰੋਂ ਹੀ ਮੋੜ ਦਿੰਦਾ ਹੈ। ਤਰਕ ਇਹ ਦਿੱਤਾ ਜਾਂਦਾ ਹੈ ਕਿ ਇਹ ਕਮਿਸ਼ਨ ਤਾਂ ਕੇਵਲ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਲਈ ਹੈ। ਜੋ ਜ਼ਿਲ੍ਹਿਆਂ 'ਚ ਮਹਿਲਾ ਥਾਣੇ ਬਣੇ ਹਨ, ਉਨ੍ਹਾਂ ਤੱਕ ਵੀ ਇਹ ਪਤਨੀ ਪੀੜਤ ਪਹੁੰਚ ਕਰਨ ਲੱਗੇ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸਾਲ 2010 'ਚ ਕੁੱਲ 1390 ਸ਼ਿਕਾਇਤਾਂ ਪੁੱਜੀਆਂ ਸਨ ਜਿਨ੍ਹਾਂ ਚੋਂ ਸਵਾ ਸੌ ਦੇ ਕਰੀਬ ਸ਼ਿਕਾਇਤਾਂ ਪੀੜਤ ਪਤੀਆਂ ਦੀਆਂ ਸਨ ਜੋ ਕਮਿਸ਼ਨ ਤੋਂ ਇਨਸਾਫ ਮੰਗ ਰਹੇ ਸਨ। ਸਾਲ 2009 'ਚ ਕਮਿਸ਼ਨ ਕੋਲ 900 ਸ਼ਿਕਾਇਤਾਂ ਪੁੱਜੀਆਂ ਸਨ ਅਤੇ ਇਨ੍ਹਾਂ ਚੋਂ 80 ਦੇ ਕਰੀਬ ਸ਼ਿਕਾਇਤਾਂ ਪਤਨੀ ਹੱਥੋਂ ਪੀੜਤ ਪਤੀਆਂ ਦੀਆਂ ਸਨ। ਇਵੇਂ ਹੀ ਬਠਿੰਡਾ ਦੇ ਮਹਿਲਾ ਥਾਣਾ ਕੋਲ ਸਾਲ 2010 'ਚ 1387 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਚੋਂ ਕਰੀਬ 15 ਤੋਂ 20 ਫੀਸਦੀ ਸ਼ਿਕਾਇਤਾਂ ਪੁਰਸ਼ਾਂ ਵਲੋਂ ਸਨ ਜੋ ਕਿ ਪਤਨੀ ਤੋਂ ਦੁੱਖੀ ਸਨ। ਮਹਿਲਾ ਥਾਣੇ ਵਲੋਂ ਪਤੀਆਂ ਦੀ ਗੱਲ ਵੀ ਸੁਣੀ ਜਾ ਰਹੀ ਹੈ।
         ਵੇਰਵਿਆਂ ਅਨੁਸਾਰ ਪਤਨੀ ਤੋਂ ਪੀੜਤ ਜਿਆਦਾ ਕੇਸ ਬਠਿੰਡਾ,ਮਾਨਸਾ,ਮੁਕਤਸਰ,ਸੰਗਰੂਰ ਅਤੇ ਫਿਰੋਜ਼ਪੁਰ ਦੇ ਹਨ ਅਤੇ ਫਰੀਦਕੋਟ ਦਾ ਇੱਕ ਬੇਵੱਸ ਬਾਪ ਆਪਣੀ ਧੀ ਤੋਂ ਪੀੜਤ ਹੈ। ਸਾਲ 2009 ਦੌਰਾਨ ਕਰੀਬ 26 ਸ਼ਿਕਾਇਤਾਂ ਇਕੱਲੇ ਮਾਲਵਾ ਇਲਾਕੇ ਚੋਂ ਪਤੀਆਂ ਪੀੜਤਾਂ ਦੀਆਂ ਸਨ ਜੋ ਕਿ ਇਸਤਰੀ ਕਮਿਸ਼ਨ ਕੋਲ ਗਈਆਂ ਅਤੇ ਸਾਲ 2010 ਦੌਰਾਨ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ 22 ਦੇ ਕਰੀਬ ਸੀ। ਇਕੱਲੇ ਅਗਸਤ 2010 ਦੇ ਮਹੀਨੇ 'ਚ ਹੀ ਅੱਧੀ ਦਰਜਨ ਪਤਨੀ ਪੀੜਤਾਂ ਦੀ ਸ਼ਿਕਾਇਤ ਇਸਤਰੀ ਕਮਿਸ਼ਨ ਕੋਲ ਪੁੱਜੀ। ਇਕੱਲੇ ਸੁਨਾਮ ਸ਼ਹਿਰ ਦੇ ਹੀ ਇਸ ਤਰ੍ਹਾਂ ਦੇ ਅੱਧੀ ਦਰਜਨ ਕੇਸ ਹਨ। ਬਠਿੰਡਾ ਦੇ ਇੱਕ ਸਰਕਾਰੀ ਮੁਲਾਜ਼ਮ ਵਲੋਂ ਵੀ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਹੈ। ਜਿਆਦਾ ਪਤਨੀ ਪੀੜਤ ਸ਼ਹਿਰੀ ਇਲਾਕਿਆਂ ਚੋਂ ਹਨ। ਤਿੰਨ ਪਤਨੀ ਪੀੜਤਾਂ ਵਲੋਂ ਤਾਂ ਕੌਮੀ ਇਸਤਰੀ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਗਈ ਹੈ। ਪੰਜਾਬ ਰਾਜ ਇਸਤਰੀ ਕਮਿਸ਼ਨ ਹੁਣ ਤੱਕ ਇਨ੍ਹਾਂ ਪਤਨੀ ਪੀੜਤਾਂ ਦੀ ਦਰਖਾਸਤ ਰੱਦੀ ਦੀ ਟੋਕਰੀ 'ਚ ਸੁੱਟਦਾ ਰਿਹਾ ਹੈ। ਪਤਨੀ ਪੀੜਤਾਂ ਦੀ ਲਿਖਤੀ ਅਪੀਲ ਦਾ ਕੋਈ ਨਤੀਜਾ ਕਦੇ ਨਹੀਂ ਨਿਕਲਿਆ ਨਹੀਂ ਹੈ। ਬਹੁਤੇ ਪੁਰਸ਼ ਕਮਿਸ਼ਨ ਕੋਲ ਘਰ ਵਸਾਏ ਜਾਣ ਦੀ ਗੁਜਾਰਸ਼ ਕਰਦੇ ਹਨ।
                                                ਪਤਨੀ ਪੀੜਤਾਂ ਲਈ ਖ਼ੁਸ਼ਖ਼ਬਰੀ
 ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਰਦੇਵ ਕੌਰ ਸੰਘਾ ਦਾ ਕਹਿਣਾ ਸੀ ਕਿ ਕਮਿਸ਼ਨ ਕੋਲ ਇਸ ਤਰ੍ਹਾਂ ਦੇ ਕਰੀਬ 10 ਕੁ ਫੀਸਦੀ ਕੇਸ ਪੁੱਜਦੇ ਹਨ ਜਿਨ੍ਹਾਂ 'ਚ ਪੁਰਸ਼ਾਂ ਵਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਪਤਨੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਬਹੁਤੇ ਲੜਕੇ ਤਾਂ ਕਾਫੀ ਸਤਾਏ ਹੁੰਦੇ ਹਨ ਪ੍ਰੰਤੂ ਪਹਿਲਾਂ ਉਹ ਇਸ ਤਰ੍ਹਾਂ ਦੀਆਂ ਦਰਖਾਸਤਾਂ ਦਾਖਲ ਦਫ਼ਤਰ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਇਹ ਸੁਝਾਓ ਦਿੱਤਾ ਜਾਂਦਾ ਹੈ ਕਿ ਪੁਰਸ਼ ਇਸ ਤਰ੍ਹਾਂ ਦੇ ਮਾਮਲਿਆਂ 'ਚ ਖੁਦ ਸ਼ਿਕਾਇਤ ਕਰਨ ਦੀ ਥਾਂ ਆਪਣੀ ਮਾਂ ਜਾਂ ਭੈਣ ਤੋਂ ਸ਼ਿਕਾਇਤ ਭਿਜਵਾ ਦੇਣ। ਇਸ ਤਰ੍ਹਾਂ ਦੇ ਕੇਸਾਂ ਦੀ ਵੀ ਹੁਣ ਸੁਣਵਾਈ ਹੋਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਰਾਜ਼ੀਨਾਮਾ ਹੋ ਜਾਵੇ। ਉਹ 50 ਫੀਸਦੀ ਕੇਸਾਂ 'ਚ ਰਾਜ਼ੀਨਾਮਾ ਕਰਵਾ ਵੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2010 ਦੌਰਾਨ ਕਰੀਬ ਚਾਰ ਪੰਜ ਕੇਸ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਕਿ ਔਰਤਾਂ ਨੇ ਇਹ ਕਾਰੋਬਾਰ ਹੀ ਬਣਾਇਆ ਹੋਇਆ ਸੀ ਕਿ ਉਹ ਇੱਕ ਥਾਂ ਸ਼ਾਦੀ ਕਰ ਲੈਂਦੀਆਂ ਸਨ ਅਤੇ ਪੈਸੇ ਲੈ ਕੇ ਮੁੜ ਨਵੀਂ ਸ਼ਾਦੀ ਰਚਾ ਲੈਂਦੀਆਂ ਸਨ। ਜਾਣਕਾਰੀ ਅਨੁਸਾਰ ਬਠਿੰਡਾ ਦੇ ਮਹਿਲਾ ਥਾਣੇ ਕੋਲ ਵੀ ਅਜਿਹੇ ਪਤੀ ਪਹੁੰਚ ਕਰ ਰਹੇ ਹਨ ਜੋ ਪਤਨੀ ਦੀ ਚਾਲ ਚੱਲਣ 'ਤੇ ਉਂਗਲ ਉਠਾਉਂਦੇ ਹਨ ਅਤੇ ਪਤਨੀ ਵਲੋਂ ਦਿੱਤੀ ਜਾ ਰਹੀ ਪ੍ਰੇਸ਼ਾਨੀ ਦੀ ਗੱਲ ਕਰਦੇ ਹਨ। ਮਹਿਲਾ ਥਾਣੇ ਦੀ ਮੁੱਖ ਥਾਣਾ ਅਫਸਰ ਬੇਅੰਤ ਕੌਰ ਦਾ ਕਹਿਣਾ ਸੀ ਕਿ ਕੁੱਲ ਸ਼ਿਕਾਇਤਾਂ ਚੋਂ 20 ਕੁ ਫੀਸਦੀ ਸ਼ਿਕਾਇਤਾਂ ਪੁਰਸ਼ਾਂ ਵਲੋਂ ਵੀ ਹੁੰਦੀਆਂ ਹਨ ਜਿਨ੍ਹਾਂ ਚੋਂ ਕਾਫੀ ਤਾਂ ਆਪਣਾ ਘਰ ਵਸਾਉਣ ਖਾਤਰ ਪਹੁੰਚ ਕਰਦੇ ਹਨ। ਉਨ੍ਹਾਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਉਸ ਦੀ ਪਤਨੀ ਪੇਕੇ ਬੈਠੀ ਹੈ ਅਤੇ ਤਲਾਕ ਮੰਗਦੀ ਹੈ।
                                                         ਮੋਬਾਇਲ 'ਤੇ  ਸੱਸ
 ਮੋਬਾਇਲ ਫੋਨ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰ ਰਿਹਾ ਹੈ। ਮਹਿਲਾ ਥਾਣੇ 'ਚ ਆਏ ਕੇਸਾਂ ਚੋਂ 50 ਫੀਸਦੀ ਕੇਸਾਂ 'ਚ ਪਤੀ ਪਤਨੀ ਦੀ ਅਣਬਣ ਪਿਛੇ ਮੋਬਾਇਲ ਫੋਨ ਵੀ ਮੁੱਖ ਕਾਰਨ ਹੁੰਦਾ ਹੈ। ਮੁੱਖ ਥਾਣਾ ਅਫਸਰ ਬੇਅੰਤ ਕੌਰ ਦਾ ਕਹਿਣਾ ਸੀ ਕਿ ਪਤੀ ਦੀ ਇਹ ਸ਼ਿਕਾਇਤ ਆਮ ਹੈ ਕਿ ਉਸ ਦੀ ਪਤਨੀ ਨੂੰ ਗਲਤ ਫੋਨ ਆਉਂਦੇ ਹਨ ਅਤੇ ਇਸੇ ਤਰ੍ਹਾਂ ਪਤਨੀ ਦੀ ਸ਼ਿਕਾਇਤ ਹੁੰਦੀ ਹੈ  ਿਉਸ ਦੇ ਪਤੀ ਨੂੰ ਲੜਕੀਆਂ ਦੇ ਫੋਨ ਆਉਂਦੇ ਹਨ। ਥਾਣਾ ਅਫਸਰ ਨੇ ਦੱਸਿਆ ਕਿ ਮੋਬਾਇਲ ਕੇਸਾਂ 'ਚ ਪਤੀ ਵਲੋਂ ਪਤਨੀ ਦੀ ਮਾਰ ਕੁੱਟ ਵੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤੇ ਪਤੀ ਪਤਨੀ ਦੇ ਝਗੜੇ ਇਸ ਕਰਕੇ ਵੀ ਵਧੇ ਹਨ ਕਿ ਮਾਪਿਆਂ ਵਲੋਂ ਆਪਣੀ ਲੜਕੀ ਦੇ ਘਰ 'ਚ ਦਾਖਲਅੰਦਾਜੀ ਕੀਤੀ ਜਾਂਦੀ ਹੈ। ਇਹ ਵੀ ਦੱਸਿਆ ਕਿ ਖਾਸ ਕਰਕੇ ਨਵੀਆਂ ਲੜਕੀਆਂ 'ਚ ਬਰਦਾਸ਼ਤ ਕਰਨ ਦਾ ਸਮਰੱਥਾ ਬਿਲਕੁਲ ਨਹੀਂ ਰਹੀ ਹੈ।
       

No comments:

Post a Comment