Wednesday, March 16, 2011

                                                         ਮਾਲ ਚੋਰੀ ਦਾ, ਗਜ਼ ਡਾਂਗਾਂ ਦੇ
                                                                       ਚਰਨਜੀਤ ਭੁੱਲਰ
ਬਠਿੰਡਾ : ਕੀ ਤੁਸੀਂ ਅਮਰੀਕਾ ਦਾ 32 ਬੋਰ ਰਿਵਾਲਵਰ ਚਾਹੁੰਦੇ ਹੋ ? ਜਾਂ ਫਿਰ ਜਰਮਨ ਦਾ ਪਿਸਤੌਲ ਚਾਹੁੰਦੇ ਹੋ ? ਜੇ ਹਾਂ ਤਾਂ ਦੂਰ ਜਾਣ ਦੀ ਲੋੜ ਨਹੀਂ। ਬਸਰਤੇ ਤੁਹਾਡਾ ਸਰਕਾਰ 'ਚ ਹੱਥ ਪੈਂਦਾ ਹੋਵੇ। ਕੈਪਟਨ ਸਰਕਾਰ ਵਲੋਂ ਤਾਂ ਮਿੱਟੀ ਦੇ ਭਾਅ 'ਚ 'ਆਪਣਿਆਂ' ਨੂੰ ਵਿਦੇਸ਼ੀ ਹਥਿਆਰਾਂ ਦੇ ਗੱਫੇ ਵੰਡ ਦਿੱਤੇ ਸਨ। ਹੁਣ ਅਕਾਲੀ ਸਰਕਾਰ ਵੀ ਇਸੇ ਕੰਮ ਲਈ ਤਿਆਰ ਹੈ। ਗ੍ਰਹਿ ਵਿਭਾਗ ਕੋਲ ਇਸ ਵੇਲੇ ਕਰੀਬ 800 ਦਰਖਾਸਤਾਂ ਹਨ ਜੋ ਵਿਦੇਸ਼ੀ ਤੇ ਭਾਰਤੀ ਹਥਿਆਰ ਲੈਣ ਦੇ ਇੱਛੁਕ ਹਨ। ਅਕਾਲੀ ਸਰਕਾਰ ਵੀ ਇਸੇ ਤਰ੍ਹਾਂ ਹਥਿਆਰਾਂ ਦੀ ਵੰਡ ਕਰੇਗੀ। ਸੂਚਨਾ ਦੇ ਅਧਿਕਾਰ ਤਹਿਤ ਗ੍ਰਹਿ ਵਿਭਾਗ ਤੋਂ ਜੋ ਸੂਚਨਾ ਮਿਲੀ ਹੈ, ਉਸ ਮੁਤਾਬਿਕ ਪੰਜਾਬ ਪੁਲੀਸ ਵਲੋਂ ਅੱਤਵਾਦੀਆਂ ਜਾਂ ਹੋਰਨਾਂ ਅਨਸਰਾਂ ਤੋਂ ਜੋ ਹਥਿਆਰ ਫੜੇ ਗਏ ਸਨ, ਉਹ ਪਿਛਲੀ ਹਕੂਮਤ ਪੰਜ ਗੁਣਾ ਘੱਟ ਕੀਮਤ 'ਤੇ ਕਾਂਗਰਸੀ ਲੀਡਰਾਂ ,ਪੁਲੀਸ ਅਫਸਰਾਂ ਅਤੇ ਸਿਵਲ ਦੇ ਅਫਸਰਾਂ ਨੂੰ ਅਲਾਟ ਕਰ ਗਈ ਸੀ। ਅਕਾਲੀ ਹਕੂਮਤ ਵੇਲੇ ਹੀ 16 ਅਕਤੂਬਰ 2001 ਨੂੰ ਇਹ ਹਥਿਆਰ ਅਲਾਟ ਕਰਨ ਲਈ ਨੋਟੀਫਿਕੇਸ਼ਨ ਕੀਤਾ ਗਿਆ ਸੀ। ਕੈਪਟਨ ਸਰਕਾਰ ਨੇ ਇਸ ਦਾ ਪੂਰਾ ਲਾਹਾ ਲਿਆ। ਹਾਲਾਂ ਕਿ ਅਕਾਲੀ ਸਰਕਾਰ ਕੋਲੋਂ ਮੌਕਾ ਖੁੰਝ ਗਿਆ ਸੀ। ਇੰਝ ਲੱਗਦਾ ਹੈ ਕਿ ਹੁਣ ਅਕਾਲੀ ਸਰਕਾਰ ਪੁਰਾਣੀ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ। ਦੇਰ ਸਵੇਰ ਹਾਕਮ ਧਿਰ ਵੀ ਆਪਣਿਆਂ ਨੂੰ ਹਥਿਆਰ ਵੰਡੇਗੀ।
           ਚਲੋ ਹਥਿਆਰ ਹੀ ਸਹੀ, ਨੌਕਰੀਆਂ ਤਾਂ ਕੋਈ ਵੀ ਸਰਕਾਰ ਵੰਡ ਨਹੀਂ ਸਕੀ। ਕੈਪਟਨ ਹਕੂਮਤ ਵੇਲੇ ਪੌਣੇ ਤਿੰਨ ਸੌ ਦੇ ਕਰੀਬ ਦੇਸੀ ਤੇ ਵਿਦੇਸ਼ੀ ਹਥਿਆਰ ਅਲਾਟ ਕੀਤੇ ਗਏ ਸਨ। ਮਾਲਵਾ ਪੱਟੀ ਦੇ ਕੇਵਲ 62 ਵੀ.ਆਈ.ਪੀ ਲੋਕਾਂ ਨੂੰ ਹੀ ਵਿਦੇਸ਼ੀ ਹਥਿਆਰ ਮਿਲ ਸਕੇ ਜਦੋਂ ਕਿ ਇਕੱਲੇ ਅੰਮ੍ਰਿਤਸਰ ਜ਼ਿਲੇ ਦੇ 65 ਵੀ.ਆਈ.ਪੀ ਲੋਕਾਂ ਨੇ ਹਥਿਆਰ ਅਲਾਟ ਕਰਾ ਲਏ ਸਨ। ਜ਼ਿਲ੍ਹਾ ਬਠਿੰਡਾ ਦੇ 10 ਵੀ.ਆਈ.ਪੀ ਲੋਕਾਂ ਨੂੰ ਹਥਿਆਰ ਅਲਾਟ ਹੋ ਗਏ ਸਨ। ਹਾਲਾਂ ਕਿ ਵੀ.ਆਈ.ਪੀ ਲੋਕਾਂ ਕੋਲ ਪੁਲੀਸ ਦੀ ਵੱਡੀ ਸੁਰੱਖਿਆ ਵੀ ਹੈ ਪ੍ਰੰਤੂ ਉਨ੍ਹਾਂ ਨੂੰ ਵੀ ਵਿਦੇਸ਼ੀ ਹਥਿਆਰਾਂ ਦਾ ਸ਼ੌਕ ਹੈ। ਕਰੀਬ ਇੱਕ ਦਰਜਨ ਤਤਕਾਲੀ ਕਾਂਗਰਸੀ ਵਿਧਾਇਕਾਂ ਅਤੇ ਅੱਧੀ ਦਰਜਨ ਵਜ਼ੀਰਾਂ ਨੇ ਹਥਿਆਰ ਭੌ ਦੇ ਭਾਅ ਵਿੱਚ ਅਲਾਟ ਕਰਾ ਲਏ। ਕਈ ਸਰਪੰਚਾਂ ਦਾ ਵੀ ਦਾਅ ਭਰ ਗਿਆ। ਬਠਿੰਡਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੇ.ਏ.ਪੀ ਸਿਨਹਾ ਨੂੰ ਜਰਮਨੀ ਦਾ 32 ਬੋਰ ਪਿਸਟਲ ਮਾਊਜ਼ਰ ਸਿਰਫ਼ 60 ਹਜ਼ਾਰ ਰੁਪਏ ਵਿੱਚ ਮਿਲ ਗਿਆ ਸੀ ਜਦੋਂ ਕਿ ਫਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਹੁਸਨ ਲਾਲ ਨੇ 32 ਬੋਰ ਪਿਸਟਲ 30 ਹਜ਼ਾਰ ਰੁਪਏ ਵਿੱਚ ਖ਼ਰੀਦਿਆ। ਜ਼ਿਲ੍ਹਾ ਬਠਿੰਡਾ ਦੇ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਚੀਨ ਦਾ ਪਿਸਤੌਲ ਮਾਊਜ਼ਰ 7.62 ਐਮ.ਐਮ 25 ਹਜ਼ਾਰ ਦਾ ਖ਼ਰੀਦਿਆ।
            ਪਿੰਡ ਜੋਧਪੁਰ ਪਾਖਰ ਦੇ ਵਾਸੀ ਅਤੇ ਤਤਕਾਲੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਤੇਜ ਸਿੰਘ ਨੇ ਵੀ ਚੀਨ ਦਾ 32 ਬੋਰ ਪਿਸਤੌਲ 40 ਹਜ਼ਾਰ ਦਾ ਖ਼ਰੀਦਿਆ। ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਚੈਕੋਸਲਵਾਕੀਆਂ ਦੀ 12 ਬੋਰ ਗੰਨ 15 ਹਜ਼ਾਰ ਦੀ ਖਰੀਦੀ। ਗੌਰਤਲਬ ਹੈ ਕਿ ਚੀਨ ਦੇ ਪਿਸਟਲ ਮਾਊਜ਼ਰ 7.62 ਐਮ.ਐਮ ਦੀ ਉਂਜ ਬਜ਼ਾਰੂ ਕੀਮਤ ਤਿੰਨ ਲੱਖ ਤੋਂ ਉਪਰ ਹੈ ਪ੍ਰੰਤੂ ਸਰਕਾਰ ਨੇ 25 ਹਜ਼ਾਰ 'ਚ ਹੀ ਅਲਾਟ ਕਰ ਦਿੱਤੇ ਹਨ। ਐਸ.ਐਸ.ਐਸ ਬੋਰਡ ਦੇ ਤਤਕਾਲੀ ਮੈਂਬਰ ਅਤੇ ਬਠਿੰਡਾ ਵਾਸੀ ਹਰਿੰਦਰ ਸਿੰਘ ਜੌੜਕੀਆਂ ਨੇ ਵੀ ਇਹੋ ਪਿਸਟਲ ਲਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੁਰੱਖਿਆ ਦੇ ਲਿਹਾਜ਼ ਤੋਂ ਕਾਨੂੰਨ ਮੁਤਾਬਿਕ ਰਾਸ਼ੀ ਜਮ੍ਹਾਂ ਕਰਾ ਕੇ ਅਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਾਫੀ ਘੱਟ ਕੀਮਤ 'ਤੇ ਅਸਲਾ ਅਲਾਟ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਇਹ ਹਥਿਆਰ ਪੁਲੀਸ ਵਲੋਂ ਅਪਰਾਧੀ ਅਨਸਰਾਂ ਤੋਂ ਫੜੇ ਹੋਏ ਸਨ ਅਤੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਮਾਲਖ਼ਾਨੇ ਵਿੱਚ ਜਮ੍ਹਾਂ ਪਏ ਸਨ। ਹਥਿਆਰਾਂ ਦੀ ਅਲਾਟਮੈਂਟ ਕਰਾਉਣ ਲਈ ਗ੍ਰਹਿ ਵਿਭਾਗ ਤੱਕ ਪਹੁੰਚ ਕਰਨੀ ਪੈਂਦੀ ਹੈ। ਇਹ ਵੀ ਗੱਲ ਪਤਾ ਲੱਗੀ ਹੈ ਕਿ ਇਹ ਜੋ ਅਸਲਾ ਅਲਾਟ ਹੋਇਆ ਹੈ, ਉਸ ਦੇ ਅਲਾਟੀ ਉਸਨੂੰ ਅਗਾਂਹ ਵੇਚ ਨਹੀਂ ਸਕਦੇ ਅਤੇ ਨਾ ਹੀ ਉਹ ਅਸਲਾ ਕਿਸੇ ਦੂਸਰੇ ਦੇ ਨਾਮ 'ਤੇ ਤਬਦੀਲ ਕਰਾ ਸਕਦੇ ਹਨ। ਵਿਦੇਸ਼ੀ ਹਥਿਆਰ ਅਲਾਟ ਕਰਾਉਣ ਵਾਲਿਆਂ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਰਾਜਨ ਕਸਯਪ ਅਤੇ ਉਸਦਾ ਪੁੱਤਰ ਅਨੁਰਾਗ ਕਸਯਪ ਵੀ ਸ਼ਾਮਲ ਹੈ।
         ਤਤਕਾਲੀ ਮੰਤਰੀ ਚੌਧਰੀ ਸੰਤੋਖ ਸਿੰਘ ਅਤੇ ਭੁਪਿੰਦਰ ਸਿੰਘ ਨੇ ਵੀ ਅਮਰੀਕਾ ਤੇ ਜਰਮਨੀ ਦੇ ਰਿਵਾਲਵਰ ਅਲਾਟ ਕਰਾਏ ਸਨ। ਪ੍ਰਤਾਪ ਸਿੰਘ ਬਾਜਵਾ ਨੇ ਵੀ ਅਮਰੀਕਾ ਦਾ 32 ਬੋਰ ਦਾ ਰਿਵਾਲਵਰ 50 ਹਜ਼ਾਰ 'ਚ ਖ਼ਰੀਦਿਆ । ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੇ ਇੰਦਰ ਸਿੰਗਲਾ ਨੇ ਵੀ ਚੀਨ ਦਾ ਪਿਸਟਲ ਮਾਊਜਰ 7.62 ਐਮ.ਐਮ 25 ਹਜ਼ਾਰ 'ਚ ਖ਼ਰੀਦਿਆ ਸੀ। ਇੱਕ ਦਰਜਨ ਦੇ ਕਰੀਬ ਡੀ.ਐਸ.ਪੀਜ਼ ਅਤੇ ਐਸ.ਡੀ.ਐਮਜ਼ ਨੇ ਵੀ ਹਥਿਆਰ ਲਏ ਹਨ। ਲੁਧਿਆਣਾ ਦੇ ਇੱਕ ਸਕੂਲ ਦੀ ਇੱਕ ਪ੍ਰਿੰਸੀਪਲ ਕਮਲਜੀਤ ਕੌਰ ਨੇ ਵੀ ਚੀਨ ਦਾ ਪਿਸਟਲ ਮਾਊਜ਼ਰ  25 ਹਜ਼ਾਰ ਰੁਪਏ ਵਿੱਚ ਲਿਆ ਸੀ। ਅੰਮ੍ਰਿਤਸਰ ਜ਼ਿਲੇ ਦੀ ਵੀ ਇੱਕ ਔਰਤ ਨੇ ਇਹ ਹਥਿਆਰ ਖ਼ਰੀਦਿਆ ਸੀ। ਜਿਨ੍ਹਾਂ ਨੂੰ ਸਰਕਾਰ ਨੇ ਹਥਿਆਰ ਅਲਾਟ ਕੀਤੇ ,ਉਨ੍ਹਾਂ 'ਚ ਜਿਆਦਾ ਉਹੀ ਹਨ ਜੋ ਸਰਕਾਰ ਦੇ ਨੇੜੇ ਸਨ। ਅਫਸਰ ਤੇ ਸਿਆਸੀ ਲੀਡਰ ਜਿਆਦਾ ਹਨ। ਸਰਕਾਰ ਨੇ ਆਪਣੀ ਮਰਜ਼ੀ ਮੁਤਾਬਿਕ ਭਾਅ ਤੈਅ ਕਰਕੇ ਆਪਣੇ ਅਖਤਿਆਰ ਵਰਤ ਕੇ ਇਹ ਹਥਿਆਰ ਅਲਾਟ ਕੀਤੇ ਹਨ। ਕਰੀਬ ਤਿੰਨ ਜੱਜਾਂ ਨੇ ਵੀ ਇਹ ਹਥਿਆਰ ਅਲਾਟ ਕਰਾਏ ਹਨ। ਬਹੁਤੇ ਅਫਸਰਾਂ ਤੇ ਲੀਡਰਾਂ ਨੇ ਆਪਣੇ ਧੀਆਂ ਪੁੱਤਾਂ ਦੇ ਨਾਮ 'ਤੇ ਅਸਲੇ ਖ਼ਰੀਦੇ ਹਨ।
            ਪਤਾ ਲੱਗਾ ਹੈ ਕਿ ਅਕਾਲੀ ਸਰਕਾਰ ਇਸ ਨੀਤੀ 'ਚ ਬਦਲਾਓ ਕਰਨ ਦੇ ਰੌਂਅ ਵਿੱਚ ਹੈ ਪ੍ਰੰਤੂ ਇਹ ਗੱਲ ਵੀ ਚੱਲ ਰਹੀ ਹੈ ਕਿ ਪੁਰਾਣੀ ਨੀਤੀ ਮੁਤਾਬਿਕ ਹੀ 'ਆਪਣਿਆਂ' ਨੂੰ ਗੱਫੇ ਵੰਡ ਦਿੱਤੇ ਜਾਣ। ਜਦੋਂ ਵੀ ਦਾਅ ਭਰਿਆ ,ਅਕਾਲੀ ਸਰਕਾਰ ਨੇ ਚੁੱਪ ਚੁਪੀਤੇ  ਮਾਲਖ਼ਾਨੇ 'ਚ ਪਏ ਪੁਰਾਣੇ ਵਿਦੇਸ਼ੀ ਹਥਿਆਰ ਇਵੇਂ ਹੀ ਵੰਡਣੇ ਹਨ, ਜਿਵੇਂ ਕੈਪਟਨ ਨੇ ਵੰਡੇ ਸਨ।
                                                 ਚੀਨ ਦੇ ਹਥਿਆਰ ਛਾਏ
ਪੰਜਾਬ ਸਰਕਾਰ ਵਲੋਂ 'ਆਪਣਿਆਂ' ਨੂੰ ਮਿੱਟੀ ਦੇ ਭਾਅ 79 ਹਥਿਆਰ ਚੀਨ ਦੇ ਬਣੇ ਹੋਏ ਵੰਡੇ ਜਦੋਂ ਕਿ ਅਮਰੀਕਾ ਦੇ 7 ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ। ਇਸੇ ਤਰ੍ਹਾਂ ਜਰਮਨੀ ਦੇ 11 ਹਥਿਆਰ ਅਤੇ ਇੰਗਲੈਂਡ ਦੇ 3 ਹਥਿਆਰਾਂ ਨੂੰ ਅਸਲੀ ਕੀਮਤ ਨਾਲੋਂ ਕਈ ਗੁਣਾ ਘੱਟ ਕੀਮਤ 'ਤੇ ਲੀਡਰਾਂ ਨੂੰ ਦੇ ਦਿੱਤੇ। ਕਾਫੀ ਹਥਿਆਰ ਭਾਰਤ ਦੇ ਵੀ ਸਨ ਪ੍ਰੰਤੂ ਤਰਜੀਹ ਵਿਦੇਸ਼ੀ ਹਥਿਆਰਾਂ ਨੂੰ ਦਿੱਤੀ ਗਈ ਹੈ। ਸਪੇਨ ਦੇ ਵੀ ਦੋ ਹਥਿਆਰ ਦਿੱਤੇ ਗਏ ਹਨ। ਇਸੇ ਤਰ੍ਹਾਂ ਬੈਲਜੀਅਮ,ਲੰਡਨ ਅਤੇ ਚੈਕੋਸਲਵਾਕੀਆਂ ਦੇ ਹਥਿਆਰਾਂ ਨੂੰ ਵੀ ਲੀਡਰਾਂ ਤੇ ਅਫਸਰਾਂ ਨੇ ਖਰੀਦਣ ਵਿੱਚ ਤਰਜੀਹ ਦਿੱਤੀ ਹੈ। ਕਾਂਗਰਸੀ ਤਾਂ ਮਿਲੇ ਗੱਫਿਆਂ ਤੋਂ ਖੁਸ਼ ਹਨ ਤੇ ਹੁਣ ਅਕਾਲੀਆਂ ਦੀ ਵਾਰੀ ਹੈ ।           

No comments:

Post a Comment