Sunday, March 20, 2011

                  ਵੱਡੇ ਘਰਾਂ ਦੀਆਂ ਵੱਡੀਆਂ ਬੱਸਾਂ
      ਬਾਦਲ ਦੀ 'ਮਰਸਰੀ' ਜਾਵੇ.....।
                      ਚਰਨਜੀਤ ਭੁੱਲਰ
ਬਠਿੰਡਾ  : ਘਰਾਣਾ ਵੀ ਵੱਡਾ, ਤਾਕਤ ਵੀ ਵੱਡੀ ਤੇ ਹੁਣ ਬੱਸ ਵੀ ਏਨੀ ਹੀ ਵੱਡੀ। ਏਨੀ ਵੱਡੀ ਕਿ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ। ਜਹਾਜ਼ ਵਰਗੀ ਬੱਸ ਹੈ, ਉਹ ਵੀ 'ਮਰਸਡੀਜ਼ ਬੈਂਜ਼'। ਸਭ ਕੁਝ ਵੱਡਾ ਹੈ, ਛੋਟਾ ਹੈ ਤਾਂ ਉਹ ਕੇਵਲ ਸਰਕਾਰੀ ਟੈਕਸ, ਜੋ ਇਸ ਵੱਡੇ ਘਰਾਣੇ ਵਲੋਂ ਸਰਕਾਰੀ ਖ਼ਜ਼ਾਨੇ ਨੂੰ ਤਾਰਿਆ ਜਾਂਦਾ ਹੈ। ਮੁਲਕ ਦਾ ਪੰਜਾਬ ਪਹਿਲਾ ਸੂਬਾ ਹੈ ਜਿਥੇ ਇਹ ਫ਼ਾਰਮੂਲਾ ਲਾਗੂ ਹੈ ਕਿ 'ਵੱਡੀ ਬੱਸ,ਛੋਟਾ ਟੈਕਸ'। ਬਾਕੀ ਸੂਬਿਆਂ ਵਾਂਗ ਵੱਡੀਆਂ ਬੱਸਾਂ ਦਾ ਟੈਕਸ ਹੁੰਦਾ ਤਾਂ 500 ਕਰੋੜ ਰੁਪਏ ਸਲਾਨਾ ਕਮਾਈ ਸਰਕਾਰੀ ਖ਼ਜ਼ਾਨੇ ਨੂੰ ਹੋਣੀ ਸੀ। ਟੈਕਸ ਤੈਅ ਕਰਨ ਵਾਲਾ ਵੀ ਵੱਡਾ ਘਰਾਣਾ ਹੈ, ਟੈਕਸ ਤਾਰਨ ਵਾਲਾ ਵੀ ਉਹ। ਫਿਰ ਕਿਉਂ ਕੋਈ ਆਪਣੇ ਘਰ ਨੂੰ ਘਾਟਾ ਪਾਏਗਾ। ਬਾਦਲ ਪ੍ਰਵਾਰ ਦੀਆਂ ਬੱਸਾਂ ਦੀ ਹੀ ਇਸ ਵੇਲੇ ਪੰਜਾਬ 'ਚ ਸਰਦਾਰੀ ਹੈ। ਹੁਣ ਇਹ ਨਵਾਂ ਮਾਅਰਕਾ ਮਾਰਿਆ ਹੈ ਕਿ ਇਸ ਵੱਡੇ ਘਰਾਣੇ ਦੀ 'ਮਰਸਰੀ' ਸੜਕਾਂ 'ਤੇ ਦੌੜਨ ਲੱਗੀ ਹੈ। ਪੰਜਾਬ 'ਚ ਚੱਲਣ ਵਾਲੀ ਇਹ 'ਮਰਸਰੀ' ਸਭ ਤੋਂ ਮਹਿੰਗੀ ਬੱਸ ਹੈ। ਚਮਕ ਦਮਕ ਵਾਲੀ ਇਸ 'ਮਰਸਰੀ' ਨੂੰ ਲੋਕ ਖੜ ਖੜ ਕੇ ਦੇਖਦੇ ਹਨ। ਵੱਡੇ ਘਰਾਣੇ ਵਲੋਂ ਦੋ ਮਹੀਨਿਆਂ 'ਚ ਜਰਮਨ ਦੀ ਮਰਸਡੀਜ਼ ਕੰਪਨੀ ਦੀਆਂ ਕਰੀਬ ਡੇਢ ਦਰਜਨ ਬੱਸਾਂ ਲੰਮੇ ਰੂਟਾਂ 'ਤੇ ਚਲਾਈਆਂ ਹਨ। 'ਮਰਸਡੀਜ਼ ਬੈਂਜ਼' ਬੱਸ ਜਿਸ ਨੂੰ ਆਮ ਬੋਲਚਾਲ 'ਚ ਲੋਕ 'ਮਰਸਰੀ' ਆਖਦੇ ਹਨ, ਦੀ ਕੀਮਤ ਬੀਮਾ ਵਗੈਰਾ ਸਮੇਤ ਇੱਕ ਕਰੋੜ ਰੁਪਏ ਦੇ ਕਰੀਬ ਹੈ। 'ਬਾਦਲ ਪ੍ਰਵਾਰ' ਵਲੋਂ ਲੰਮੇ ਰੂਟ 'ਤੇ ਸਭ ਤੋਂ ਪਹਿਲਾਂ ਕਰੀਬ ਅੱਠ ਮਹੀਨੇ ਪਹਿਲਾਂ 'ਮਰਸਰੀ' ਬੱਸ ਪਾਈ ਸੀ ਅਤੇ ਹੋਣ ਦੋ ਮਹੀਨਿਆਂ ਦੌਰਾਨ ਇਕਦਮ ਡੇਢ ਦਰਜਨ ਬੱਸਾਂ ਰੂਟਾਂ 'ਤੇ ਨਜ਼ਰ ਪੈਣ ਲੱਗੀਆਂ ਹਨ। ਵੱਡੇ ਘਰਾਣੇ ਨੇ ਇਸ ਮਾਮਲੇ 'ਚ ਵੀ ਸਭ 'ਤੇ ਝੰਡੀ ਕਰ ਦਿੱਤੀ ਹੈ। ਬਠਿੰਡਾ ਤੋਂ ਚੰਡੀਗੜ੍ਹ ਲਈ  ਕਰੀਬ ਅੱਧੀ ਦਰਜਨ 'ਮਰਸਡੀਜ਼ ਬੈਂਜ਼' ਬੱਸਾਂ ਚੱਲਦੀਆਂ ਹਨ ਜਦੋਂ ਕਿ ਅਬੋਹਰ ਤੋਂ ਚੰਡੀਗੜ੍ਹ ਲਈ ਸਵੇਰ ਚਾਰ ਵਜੇ ਵੀ ਇੱਕ ਮਰਸਡੀਜ਼ ਬੈਂਜ਼ ਬੱਸ ਚੱਲਦੀ ਹੈ। ਸੂਤਰਾਂ ਅਨੁਸਾਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ 10 ਦੇ ਕਰੀਬ 'ਮਰਸਡੀਜ਼ ਬੈਂਜ਼' ਬੱਸਾਂ ਇਸ ਘਰਾਣੇ ਦੀਆਂ ਚੱਲਦੀਆਂ ਹਨ। ਫਿਰੋਜ਼ਪੁਰ ਤੇ ਹੁਸ਼ਿਆਰਪੁਰ ਤੋਂ ਵੀ ਇਹ ਮਹਿੰਗੀ ਬੱਸ ਚੱਲਣ ਦੀ ਸੂਚਨਾ ਹੈ।
      ਵੱਡੇ ਘਰਾਣੇ ਵਲੋਂ ਸਭ ਤੋਂ ਪਹਿਲਾਂ ਜਰਮਨ ਦੀ ਲੈਕਸੀਆ ਕੰਪਨੀ ਦੀ ਬੱਸ ਸੜਕਾਂ 'ਤੇ ਉਤਾਰੀ ਗਈ ਸੀ ਜਿਸ ਦੀ ਕੀਮਤ ਕਰੀਬ 65 ਲੱਖ ਰੁਪਏ ਹੈ। ਉਸ ਮਗਰੋਂ ਇਸ ਘਰਾਣੇ ਨੇ ਵੋਲਵੋ ਕੰਪਨੀ ਦੀ ਬੱਸ ਰੂਟਾਂ 'ਤੇ ਚਲਾਈ ਜਿਸ ਦੀ ਕੀਮਤ ਕਰੀਬ 70 ਤੋਂ 75 ਲੱਖ ਰੁਪਏ ਹੈ। ਹੁਣ 'ਮਰਸਡੀਜ਼ ਬੈਂਜ਼' ਬੱਸ ਸੜਕ 'ਤੇ ਉਤਾਰੀ ਹੈ ਜਿਸ ਦੀ ਕੀਮਤ ਕਰੀਬ 90 ਲੱਖ ਤੋਂ ਉਪਰ ਹੈ ਅਤੇ ਸਭ ਖ਼ਰਚਿਆਂ ਸਮੇਤ ਕਰੀਬ ਇੱਕ ਕਰੋੜ ਰੁਪਏ ਦੀ ਹੈ। ਇਹ ਬੱਸਾਂ 'ਇੰਨਟੈਗਰਿਲ ਕੋਚ' ਕੈਟਾਗਿਰੀ 'ਚ ਹਨ। ਚੰਡੀਗੜ੍ਹ 'ਚ ਕੇਵਲ 'ਇੰਨਟੈਗਰਿਲ ਕੋਚ' ਬੱਸਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੈ। 'ਮਰਸਡੀਜ਼ ਬੈਂਜ਼' ਦਾ ਕਿਰਾਇਆ ਦੁੱਗਣਾ ਹੈ ਅਤੇ ਇਸ 'ਚ ਨਿਯਮਾਂ ਅਨੁਸਾਰ ਕੇਵਲ 45 ਸੀਟਾਂ ਹੀ ਹੁੰਦੀਆਂ ਹਨ ਅਤੇ ਦੋਹੇਂ ਪਾਸੇ ਦੋ ਦੋ ਲਗਜ਼ਰੀ ਸੀਟਾਂ ਹੁੰਦੀਆਂ ਹਨ। ਏ.ਸੀ ਤੋਂ ਬਿਨ੍ਹਾਂ ਇਸ 'ਚ ਸਰਦੀਆਂ 'ਚ ਹੀਟਰ ਦੀ ਸੁਵਿਧਾ ਵੀ ਹੁੰਦੀ ਹੈ। 'ਮਰਸਡੀਜ਼ ਬੈਂਜ਼' ਬੱਸਾਂ ਦੀ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਚਲੀ ਜਾਂਦੀ ਹੈ ਜਦੋਂ ਕਿ ਆਮ ਤੌਰ 'ਤੇ ਇਨ੍ਹਾਂ ਦੀ ਸਪੀਡ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਬਠਿੰਡਾ ਦੇ ਬੱਸ ਅੱਡੇ 'ਚ ਜਦੋਂ 'ਮਰਸਡੀਜ਼ ਬੈਂਜ਼' ਆਉਂਦੀ ਹੈ ਤਾਂ ਬਹੁਤੇ ਲੋਕ ਚਾਅ ਵਜੋਂ ਵਿਚ ਚੜ੍ਹਦੇ ਹਨ ਅਤੇ ਉਤਰ ਜਾਂਦੇ ਹਨ। ਕਿਸੇ ਵੀ ਬੱਸ ਕੰਪਨੀ ਵਲੋਂ ਹਾਲੇ ਤੱਕ ਪੰਜਾਬ 'ਚ 'ਮਰਸਡੀਜ਼ ਬੈਂਜ਼' ਨਹੀਂ ਪਾਈ ਗਈ ਹੈ।
      ਪੀ.ਆਰ.ਟੀ.ਸੀ ਦੀ ਏ.ਸੀ ਬੱਸ ਦਾ ਬਠਿੰਡਾ ਤੋਂ ਚੰਡੀਗੜ੍ਹ ਦਾ ਕਿਰਾਇਆ 166 ਰੁਪਏ ਹੈ ਜਦੋਂ ਕਿ 'ਮਰਸਡੀਜ਼ ਬੈਂਜ਼' ਦਾ ਕਿਰਾਇਆ ਕਰੀਬ 300 ਰੁਪਏ ਹੈ। ਪੀ.ਆਰ.ਟੀ.ਸੀ ਵਲੋਂ ਹੁਣ ਤੱਕ ਕੇਵਲ 10 ਬੱਸਾਂ ਹੀ ਇੰਨਟੈਗਰਿਲ ਕੋਚ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਚੋਂ ਕੋਈ ਵੀ ਬਠਿੰਡਾ ਤੋਂ ਚੰਡੀਗੜ੍ਹ ਨਹੀਂ ਚੱਲਦੀ। ਪੀ.ਆਰ.ਟੀ.ਸੀ ਵਲੋਂ ਚੀਨ ਦੀ ਕਿੰਗ ਲੌਂਗ ਕੰਪਨੀ ਦੀਆਂ ਇਹ ਬੱਸਾਂ ਪਾਈਆਂ ਗਈਆਂ ਹਨ ਜੋ ਕਿ ਜੰਮੂ, ਲੁਧਿਆਣਾ,ਅੰਮ੍ਰਿਤਸਰ ਤੇ ਪਟਿਆਲਾ ਆਦਿ ਤੋਂ ਦਿੱਲੀ ਲਈ ਚੱਲਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ 'ਇੰਨਟੈਗਰਿਲ ਕੋਚ' ਤੋਂ ਕੇਵਲ 25 ਪੈਸੇ (ਮਹੀਨਾ ਵਾਰ ਰੈਸਟ ਸਮੇਤ) ਪ੍ਰਤੀ ਕਿਲੋਮੀਟਰ ਟੈਕਸ ਲਿਆ ਜਾਂਦਾ ਹੈ ਜਦੋਂ ਕਿ ਸਧਾਰਨ ਬੱਸਾਂ ਦਾ ਟੈਕਸ 2.35 ਪੈਸੇ ਪ੍ਰਤੀ ਕਿਲੋਮੀਟਰ ਹੈ। ਸਧਾਰਨ ਬੱਸਾਂ ਆਮ ਟਰਾਂਸਪੋਰਟਰਾਂ ਦੀਆਂ ਹਨ। ਜੋ ਸਧਾਰਨ ਏ.ਸੀ ਬੱਸਾਂ ਹਨ, ਉਨ੍ਹਾਂ ਤੋਂ ਟੈਕਸ ਪ੍ਰਤੀ ਕਿਲੋਮੀਟਰ 85 ਪੈਸੇ (ਮਹੀਨਾ ਵਾਰ ਰੈਸਟ ਸਮੇਤ) ਰੁਪਏ ਵਸੂਲ ਕੀਤਾ ਜਾਂਦਾ ਹੈ। ਪੰਜਾਬ 'ਚ ਸਭ ਤੋਂ ਵੱਧ 'ਇੰਨਟੈਗਰਿਲ ਕੋਚ' ਬੱਸਾਂ ਵੱਡੇ ਘਰਾਣੇ ਦੀਆਂ ਹੀ ਹਨ। ਪੰਜਾਬ 'ਚ ਕੇਵਲ 25 ਪੈਸੇ ਇੰਨਟੈਗਰਿਲ ਕੋਚ ਦਾ ਪ੍ਰਤੀ ਕਿਲੋਮੀਟਰ ਟੈਕਸ ਹੈ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ 'ਇੰਨਟੈਗਰਿਲ ਕੋਚ' ਦਾ ਟੈਕਸ ਪ੍ਰਤੀ ਕਿਲੋਮੀਟਰ ਕਰੀਬ 16.45 ਰੁਪਏ ਹੈ। ਹੋਰਨਾਂ ਸੂਬਿਆਂ 'ਚ ਵੀ ਇਨ੍ਹਾਂ ਬੱਸਾਂ ਦਾ ਟੈਕਸ ਪੰਜਾਬ ਨਾਲੋਂ ਕਈ ਗੁਣਾ ਜਿਆਦਾ ਹੈ। ਸੂਤਰ ਦੱਸਦੇ ਹਨ ਕਿ ਚੰਡੀਗੜ੍ਹ 'ਚ ਕੇਵਲ 70 ਇੰਨਟੈਗਰਿਲ ਕੋਚ ਬੱਸਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ ਜਿਸ ਚੋਂ ਪੰਜਾਹ ਫੀਸਦੀ ਬੱਸਾਂ ਵੱਡੇ ਘਰਾਣੇ ਦੀਆਂ ਹਨ। ਜਦੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਹੀ ਪਾਸਾ ਵੱਟ ਲਿਆ। ਸੂਤਰ ਦੱਸਦੇ ਹਨ ਕਿ ਇਨ੍ਹਾਂ 'ਮਰਸਡੀਜ਼ ਬੱਸਾਂ' ਨੂੰ ਕਾਫੀ ਵੀ.ਆਈ.ਪੀ ਸਵਾਰੀ ਮਿਲ ਰਹੀ ਹੈ।

No comments:

Post a Comment