Thursday, June 14, 2018

                         ਬਰਗਾੜੀ ਕਾਂਡ
         ਡਰੇਨ ’ਚ ਸੁੱਟੇ ਚੋਰੀ ਕੀਤੇ ਸਰੂਪ 
                        ਚਰਨਜੀਤ ਭੁੱਲਰ
ਬਠਿੰਡਾ :  ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ਚੋਂ ਚੋਰੀ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ’ਚ ਸੁੱਟ ਕੇ ਸਭ ਸਬੂਤਾਂ ਤੇ ਮਿੱਟੀ ਪਾ ਦਿੱਤੀ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਸਰੂਪ ਬਰਾਮਦ ਕਰਨ ਲਈ ਆਖ਼ਰੀ ਪਲ ਤੱਕ ਵਾਹ ਲਾਈ ਗਈ। ਅਹਿਮ ਸੂਤਰਾਂ ਅਨੁਸਾਰ ਸਿੱਟ ਦੀ ਬਰਗਾੜੀ ਕਾਂਡ ਜਾਂਚ ’ਚ ਹੁਣ ਇਹ ਆਖ਼ਰੀ ਨਤੀਜਾ ਸਾਹਮਣੇ ਆਇਆ ਹੈ ਕਿ ਮਹਿੰਦਰਪਾਲ ਬਿੱਟੂ ਨੇ ਰਾਤ ਦੇ ਹਨੇਰੇ ਵਿਚ ਫ਼ਰੀਦਕੋਟ ਦੀ ਇੱਕ ਡਰੇਨ ਵਿਚ ਸਰੂਪ ਸੁੱਟ ਕੇ ਸਬੂਤ ਨਸ਼ਟ ਕਰ ਦਿੱਤੇ। ਮਹਿੰਦਰਪਾਲ ਬਿੱਟੂ ਸਰੂਪ ਦੀ ਬਰਾਮਦਗੀ ਨੂੰ ਲੈ ਕੇ ਤਫ਼ਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਅਤੇ ਅਖੀਰ ਉਸ ਨੇ ਸਰੂਪ ਡਰੇਨ ’ਚ ਸੁੱਟਣ ਦੀ ਗੱਲ ਕਬੂਲ ਲਈ ਹੈ।  ਵੇਰਵਿਆਂ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਕਰੀਬ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ ਹੁਣ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਹੋਣ ਦੀਆਂ ਸਭ ਅਟਕਲਾਂ ਖ਼ਤਮ ਹੋ ਗਈਆਂ ਹਨ।
                   ਸੂਤਰਾਂ ਅਨੁਸਾਰ ਚੋਰੀ ਹੋਏ ਸਰੂਪਾਂ ਦੇ ਅੱਧੇ ਪੱਤਰੇ ਬਰਗਾੜੀ ਵਿਚ ਖਿਲਾਰੇ ਗਏ ਸਨ। ਸੂਤਰ ਦੱਸਦੇ ਹਨ ਕਿ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਮਾਮਲੇ ਤੇ ਮੀਡੀਆ ਕੋਲ ਖ਼ੁਲਾਸਾ ਕਰ ਸਕਦੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਕਰੀਬ ਇੱਕ ਹਫ਼ਤੇ ’ਚ ਬਰਗਾੜੀ ਕਾਂਡ ਦੀਆਂ ਤੰਦਾਂ ਨੂੰ ਖੋਲ੍ਹ ਦਿੱਤਾ ਹੈ ਜਿਸ ਤੋਂ ਪੰਜਾਬ ਸਰਕਾਰ ਕਾਫ਼ੀ ਤਸੱਲੀ ਵਿਚ ਹੈ। ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬਰਗਾੜੀ ਕਾਂਡ ਦੀ ਕੀਤੀ ਜਾਂਚ ਮਗਰੋਂ ਹੁਣ ਵਾਰੀ ਸੀ. ਬੀ.ਆਈ ਹੈ। ਸੀ.ਬੀ.ਆਈ ਦੇ ਹੱਥ ਹੁਣ ਤੱਕ ਖ਼ਾਲੀ ਸਨ। ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਲਈ ਬਰਗਾੜੀ ਕਾਂਡ ਦੀ ਜਾਂਚ ਵਕਾਰੀ ਸੀ ਅਤੇ ਉਨ੍ਹਾਂ ਨੇ ਜਾਂਚ ਮੁਕੰਮਲ ਹੋਣ ਮਗਰੋਂ ਧਰਵਾਸ ਜ਼ਾਹਿਰ ਕੀਤਾ ਹੈ। ਸਿੱਟ ਦੀ ਜਾਂਚ ਮਗਰੋਂ ਸੀ.ਬੀ.ਆਈ ਨੂੰ ਵੀ ਬਰਗਾੜੀ ਕਾਂਡ ਦੀ ਤੰਦ ਖੋਲ੍ਹਣੀ ਸੌਖੀ ਹੋ ਜਾਣੀ ਹੈ। ਐਸ.ਐਸ.ਪੀ ਫ਼ਰੀਦਕੋਟ ਡਾ.ਨਾਨਕ ਸਿੰਘ ਵੀ ਇੱਕ ਹਫ਼ਤੇ ਤੋਂ ਸਿੱਟ ਦੀ ਮਦਦ ’ਚ ਲੱਗੇ ਹੋਏ ਸਨ।
                   ਸੀ.ਬੀ.ਆਈ ਵੱਲੋਂ ਹਾਲੇ ਤੱਕ ਬਰਗਾੜੀ ਕਾਂਡ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨਾਲ ਕੋਈ ਰਾਬਤਾ ਨਹੀਂ ਬਣਾਇਆ ਹੈ। ਉਂਜ, ਸੀ.ਬੀ.ਆਈ ਦਾ ਇੱਕ ਇੰਸਪੈਕਟਰ ਸਿੱਟ ਦੀ ਜਾਂਚ ਨੂੰ ਨੇੜਿਓ ਦੇਖ ਰਿਹਾ ਹੈ। ਬਰਗਾੜੀ ਕਾਂਡ ’ਚ ਘਿਰੇ ਸੱਤ ਡੇਰਾ ਪੈਰੋਕਾਰਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਹੀ ਸੀ.ਬੀ.ਆਈ ਇਸ ਜਾਂਚ ਦੇ ਨਵੇਂ ਸਿਰੇ ਤੋਂ ਪੱਤਰੇ ਫਰੋਲੇਗੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਪੁਲੀਸ ਰਿਮਾਂਡ ਦੌਰਾਨ ਫੜੇ ਡੇਰਾ ਪੈਰੋਕਾਰਾਂ ਦੇ ਘਰਾਂ ਤੇ ਟਿਕਾਣਿਆਂ ਦੀ ‘ਸਰਚ ਮੁਹਿੰਮ’ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪੈਰੋਕਾਰ 16 ਜੂਨ ਤੱਕ ਪੁਲੀਸ ਰਿਮਾਂਡ ਤੇ ਹਨ।  ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਚੋਰੀ ਹੋਏ ਸਰੂਪ ਦਾ ਮਾਮਲਾ, 12 ਅਕਤੂਬਰ ਨੂੰ ਬਰਗਾੜੀ ’ਚ ਪੱਤਰੇ ਪਾੜਨ ਦਾ ਮਾਮਲਾ ਅਤੇ ਬਰਗਾੜੀ ਵਿਚ ਲੱਗੇ ਪੋਸਟਰਾਂ ਦਾ ਮਾਮਲਾ ਹੱਲ ਕਰ ਲਿਆ ਹੈ ਜਿਸ ਨੂੰ ਕੈਪਟਨ ਸਰਕਾਰ ਵੀ ਆਪਣੀ ਇੱਕ ਵੱਡੀ ਪ੍ਰਾਪਤੀ ਵਜੋਂ ਦੇਖ ਰਹੀ ਹੈ।
                ਸਰੂਪ ਲੱਭਣੇ ਮੁਸ਼ਕਲ ਜਾਪਦੇ ਨੇ  : ਖੱਟੜਾ
ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਸੀ ਕਿ ਹੁਣ ਤੱਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣੇ ਮੁਸ਼ਕਲ ਜਾਪਦੇ ਹਨ ਪ੍ਰੰਤੂ ਉਹ ਜੁਟੇ ਹੋਏ ਹਨ। ਇੱਕ ਦੋ ਦਿਨਾਂ ਤੱਕ ਸਭ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੀਬੀਆਈ ਤਰਫ਼ੋਂ ਹਾਲੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਤੇ ਸਿੱਟ ਤਰਫ਼ੋਂ ਸਭ ਜਾਂਚ ਅਦਾਲਤ ’ਚ ਰੱਖ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਫੜੇ ਡੇਰਾ ਪ੍ਰੇਮੀਆਂ ਦੇ ਘਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।








2 comments:

  1. ਬਾਈ ਜੀ ਇਨਾ ਦਾ ਵੀ ਪਰਦਾ ਫਾਸ਼ ਕਰੋ. 2੧ਵੀ ਸਦੀ ਦੇ ਵਿਚ ਵੀ ਹਾਲੇ ਏਹੋ ਜੇਹੇ ਪੋਲਿਸੀਏ ਹਨ

    ਜਦੋਂ ਪਟਵਾਰੀ ਨੂੰ ਅਫਸਰ ਨੇ ਕਿਹਾ, 'ਮੈਂ ਮਾਰੇ 500 ਸਿੱਖ ਮੁੰਡੇ , ਤੂੰ ਕੀ ਚੀਜ਼ ਐ' ਪਟਵਾਰੀ ਮੋਹਨ ਸਿੰਘ

    https://www.youtube.com/watch?v=ofjZyh_P6-M

    ReplyDelete
  2. Funny ਗਲ ਇਹ ਹੈ ਕਿ ਇਹ 'ਵਡਾ' officer ਕੀ prove ਕਰ ਰਹਿਆ ਹੈ! ਕੀ ਹੁਣ ਤਕ gutter ਦੇ ਵਿਚ, ਐਨੇ ਤਿਜਾਬੀ ਮਲਬੇ ਵਿਚ ਪੇਪਰ ਬਚ ਸਕਦਾ ਹੈ? ਲਭ ਸਕਦਾ ਹੈ?

    ReplyDelete