Wednesday, June 6, 2018

                      ਲਾਲਟੈਨ ਵਾਲਾ..
    ‘ਖੇਤਾਂ ਦਾ ਪੁੱਤ’ ਬਣਿਆ ਚੇਅਰਮੈਨ 
                       ਚਰਨਜੀਤ ਭੁੱਲਰ
ਬਠਿੰਡਾ :  ਕੈਪਟਨ ਸਰਕਾਰ ਨੇ ਪਾਵਰਕੌਮ ਦੀ ਚੇਅਰਮੈਨੀ ਇੱਕ ਛੋਟੇ ਕਿਸਾਨ ਦੇ ਪਰਿਵਾਰ ਦੀ ਝੋਲੀ ਪਾਈ ਹੈ। ਉਸ ਨੇ ਨਿੱਕੀ ਉਮਰੇ ਬਲਦਾਂ ਨਾਲ ਹਲ ਵਾਹਿਆ। ਬਾਰ੍ਹਵੀਂ ਤੱਕ ਦੀ ਪੜਾਈ ਲਾਲਟੈਨ ਦੇ ਚਾਨਣ ’ਚ ਕੀਤੀ। ਐਸ.ਡੀ.ਓ ਬਣਨ ਮਗਰੋਂ ਵੀ ਖੇਤਾਂ ’ਚ ਖ਼ੁਦ ਝੋਨਾ ਲਾਇਆ। ਇਹ ਝਲਕ ਨਵੇਂ ਚੇਅਰਮੈਨ ਬਲਦੇਵ ਸਿੰਘ ਸਰਾਂ ਦੀ ਸ਼ਖ਼ਸੀਅਤ ਦੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ’ਚ ਅੱਜ ਲੋਕ ਉਦੋਂ ਬਾਗੋ ਬਾਗ਼ ਹੋ ਗਏ ਜਦੋਂ ਸੁਨੇਹਾ ਪੁੱਜਾ ਕਿ ਪਿੰਡ ਦੇ ਕਿਸਾਨ ਮਰਹੂਮ ਹਰਦਿਆਲ ਸਿੰਘ ਦਾ ਮੁੰਡਾ ਬਲਦੇਵ ਸਿੰਘ ਸਰਾਂ ਪਾਵਰਕੌਮ ਦਾ ਚੇਅਰਮੈਨ ਬਣ ਗਿਆ ਹੈ। ਖ਼ਾਸ ਕਰਕੇ ਪੇਂਡੂ ਲੋਕਾਂ ’ਚ ਇਸ ਖੁਸ਼ਖਬਰ ਤੋਂ ਉਤਸ਼ਾਹ ਹੈ। ਉਸ ਤੋਂ ਵੱਧ ਕੇ ਉਮੀਦਾਂ ਵੀ ਹਨ। ਛੋਟੀ ਕਿਸਾਨੀ ਦੇ ਹਿੱਸੇ ਇਹ ਚੇਅਰਮੈਨੀ ਪਹਿਲੀ ਵਾਰੀ ਆਈ ਹੈ।  ਤਿੰਨ ਭਰਾਵਾਂ ਦੇ ਸੰਯੁਕਤ ਪਰਿਵਾਰ ਕੋਲ 12 ਏਕੜ ਪੈਲੀ ਛੋਟੀ ਕਿਸਾਨੀ ਦੀ ਤਰਜਮਾਨੀ ਕਰਦੀ ਹੈ। ਸਵਾ ਚਾਰ ਦਹਾਕੇ ਪਿਛਾਂਹ ਨਜ਼ਰ ਮਾਰਦੇ ਹਾਂ। ਦਾਦੀ ਹਰ ਕੌਰ ਨੇ ਜ਼ਿੱਦ ਕੀਤੀ ਤੇ ਪੋਤੇ ਬਲਦੇਵ ਨੂੰ ਪਿੰਡ ਦੇ ਸਕੂਲ ’ਚ ਛੱਡ ਆਈ।
                   ਸਕੂਲੀ ਪੜਾਈ ਪੂਰੀ ਹੋਣ ਤੋਂ ਪਹਿਲਾਂ ਹੀ ਦਾਦੀ ਚੱਲ ਵਸੀ। ਜਹਾਨੋਂ ਜਾਣ ਤੋਂ ਪਹਿਲਾਂ ਹੀ ਪੋਤੇ ਦਾ ਰਿਸ਼ਤਾ ਪੱਕਾ ਕਰ ਦਿੱਤਾ। ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਚੋਂ ਇੰਜਨੀਅਰਿੰਗ ਕਰਕੇ ਬਲਦੇਵ ਸਿੰਘ ਸਰਾਂ ਨੇ ਦਾਦੀ ਦੇ ਬੋਲ ਪੁਗਾ ਦਿੱਤੇ। ਉਸ ਰਿਸ਼ਤੇ ਨੂੰ ਵੀ ਪੂਰ ਚਾੜ ਦਿੱਤਾ ਜੋ ਦਾਦੀ ਨੇ ਜੁਬਾਨ ਦੇ ਕੇ ਪੱਕਾ ਕੀਤਾ ਸੀ। ਪਿਤਾ ਮਰਹੂਮ ਹਰਦਿਆਲ ਸਿੰਘ ਸਰਾਂ ਤੇ ਮਾਂ ਕਰਨੈਲ ਕੌਰ ਨੇ ਵੱਡੇ ਬਜ਼ੁਰਗਾਂ ਨਾਲ ਕੀਤੇ ਵਚਨ ਪੁਗਾਉਣ ਲਈ ਢਿੱਡ ਬੰਨ੍ਹ ਕੇ ਬਲਦੇਵ ਨੂੰ ਉਚੇਰੀ ਵਿੱਦਿਆ ਤੱਕ ਪਹੁੰਚਾਇਆ। ਪਿੰਡ ਚਾਉਕੇ ਦੇ ਬਜ਼ੁਰਗ ਦੱਸਦੇ ਹਨ ਕਿ ਉਨ੍ਹਾਂ ਨੇ ਨਿੱਕੀ ਉਮਰੇ ਹੀ ਬਲਦੇਵ ਨੂੰ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਵੇਖਿਆ। ਭਰਾ ਗੁਰਤੇਜ ਸਿੰਘ ਦੱਸਦਾ ਹੈ ਕਿ ਉਸ ਦਾ ਵੱਡਾ ਭਰਾ ਬਲਦੇਵ ਜਦੋਂ ਸੱਤਵੀਂ ਕਲਾਸ ਵਿਚ ਪਿੰਡ ਦੇ ਸਕੂਲ ’ਚ ਪੜ੍ਹਦਾ ਸੀ ਤਾਂ ਉਦੋਂ ਉਹ ਤੜਕਸਾਰ ਪਹਿਲਾਂ ਬਲਦਾਂ ਨਾਲ ਦੋ ਘੰਟੇ ਹਲ ਵਾਹੁੰਦਾ, ਫਿਰ ਤਿਆਰ ਹੋ ਕੇ ਸਕੂਲ ਪੜ੍ਹਨ ਜਾਂਦਾ। ਛੁੱਟੀ ਮਗਰੋਂ ਮੁੜ ਖੇਤਾਂ ’ਚ ਜੁੱਟ ਜਾਂਦਾ ਸੀ।
                  ਇੱਥੋਂ ਤੱਕ ਕਿ ਐਸ.ਡੀ.ਓ ਲੱਗਣ ਮਗਰੋਂ ਵੀ ਉਹ ਖੇਤਾਂ ਵਿਚ ਭਰਾਵਾਂ ਨਾਲ ਹੱਥੀ ਝੋਨਾ ਲਵਾਉਂਦਾ ਰਿਹਾ ਹੈ। ਜਦੋਂ ਬਲਦੇਵ ਸਰਾਂ ਨੇ ਦਸਵੀਂ ਦੀ ਪੜਾਈ ਮੁਕੰਮਲ ਕੀਤੀ ਤਾਂ ਉਸ ਮਗਰੋਂ ਪਿੰਡ ਵਿਚ ਬਿਜਲੀ ਪੁੱਜੀ। ਬਲਦੇਵ ਸਿੰਘ ਬਾਰ੍ਹਵੀਂ ਜਮਾਤ ਤੱਕ ਲਾਲਟੈਨ ਦੇ ਚਾਨਣ ਵਿਚ ਪੜ੍ਹਿਆ। ਉਸ ਦੇ ਭਰਾ ਦੱਸਦੇ ਹਨ ਕਿ ਉਨ੍ਹਾਂ ਨੇ ਕਈ ਵਾਰੀ ਲਾਲਟੈਨ ਨੂੰ ਸਾਫ਼ ਕਰਦੇ ਹੋਏ ਬਲਦੇਵ ਦੇ ਲਹੂ ਲੁਹਾਨ ਹੋਏ ਹੱਥ ਵੀ ਵੇਖੇ ਹਨ। ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਲੰਮਾ ਸਮਾਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਿਚ ਸੇਵਾ ਨਿਭਾਈ। ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਅਤੇ ਮੁੱਖ ਇੰਜੀਨੀਅਰ ਵਜੋਂ ਫਰਵਰੀ 2018 ਵਿਚ ਸੇਵਾ ਮੁਕਤ ਹੋਏ। ਨਵੇਂ ਚੇਅਰਮੈਨ ਲਈ ਨਵਾਂ ਕਾਰਜ ਚੁਨੌਤੀ ਭਰਿਆ ਹੈ ਤੇ ਕਿਸਾਨੀ ਲਈ ਧਰਵਾਸ ਵਾਲਾ ਹੈ ਜਿਨ੍ਹਾਂ ਨੂੰ ਲੋੜੋਂ ਵੱਧ ਆਸਾਂ ਹਨ। ਬਠਿੰਡਾ ਥਰਮਲ ਦੇ ਰਿਟਾ. ਮੁੱਖ ਇੰਜਨੀਅਰ ਕਰਨੈਲ ਸਿੰਘ ਮਾਨ ਅਤੇ ਇੰਜਨੀਅਰ ਦਰਸ਼ਨ ਭੁੱਲਰ ਦਾ ਪ੍ਰਤੀਕਰਮ ਸੀ ਕਿ ਕੈਪਟਨ ਸਰਕਾਰ ਨੇ ਸਰਾਂ ਦੀ ਨਿਯੁਕਤੀ ਕਰਕੇ ਦਿਆਨਤਦਾਰੀ ਦਾ ਮੁੱਲ ਪਾਇਆ ਹੈ ਜਿਸ ਨਾਲ ਪਾਵਰਕੌਮ ’ਚ ਚੰਗੇ ਸੁਧਾਰਾਂ ਦੀ ਉਮੀਦ ਬੱਝੀ ਹੈ।
                  ਪਿੰਡ ਚਾਉਕੇ ਦੇ ਗਮਦੂਰ ਸਿੰਘ ,ਜਥੇਦਾਰ ਹਰਦਿਆਲ ਸਿੰਘ ਤੇ ਮਹਿਰਾਜ ਦੇ ਰਾਜਬੀਰ ਸਿੰਘ ਰਾਜਾ ਨੇ ਸਰਾਂ ਪ੍ਰਵਾਰ ਨਾਲ ਖੁਸ਼ੀ ਜ਼ਾਹਰ ਕੀਤੀ। ਬਠਿੰਡਾ ’ਚ ਅੱਜ ਪਾਵਰਕੌਮ ਦੇ ਸਮੂਹ ਇੰਜਨੀਅਰਾਂ ਨੇ ਚੇਅਰਮੈਨ ਦੇ ਸਾਥੀ ਵਧੀਕ ਨਿਗਰਾਨ ਇੰਜਨੀਅਰ ਹਰਦੀਪ ਸਿੱਧੂ ਅਤੇ ਸਾਬਕਾ ਮੁੱਖ ਇੰਜਨੀਅਰ ਕਰਨੈਲ ਮਾਨ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ  ਅਤੇ ਲੱਡੂ ਵੰਡੇ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ ਜਿਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਬਲਦੇਵ ਸਰਾਂ ਨੂੰ ਚੇਅਰਮੈਨ ਬਣਾਏ ਜਾਣ ਤੇ ਧੰਨਵਾਦ ਕੀਤਾ ਗਿਆ ਹੈ। ਇੰਪਲਾਈਜ਼ ਯੂਨੀਅਨ (ਪਹਿਲਵਾਨ) ਲਹਿਰਾ ਮੁਹੱਬਤ ਦੇ ਪ੍ਰਧਾਨ ਬਲਜੀਤ ਬੋਦੀਵਾਲਾ ਨੇ ਆਖਿਆ ਕਿ ਕਾਬਲ ਇੰਜਨੀਅਰ ਦੀ ਅਗਵਾਈ ਪਾਵਰਕੌਮ ਨੂੰ ਤਰੱਕੀ ਵੱਲ ਲਿਜਾਏਗੀ।
                   ਖੇਤੀ ਸੈਕਟਰ ਤਰਜੀਹੀ ਰਹੇਗਾ : ਚੇਅਰਮੈਨ
ਚੇਅਰਮੈਨ ਕਮ ਚੀਫ਼ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਅੱਜ ਆਖਿਆ ਕਿ ਉਹ ਪੂਰੀ ਦਿਆਨਤਦਾਰੀ ਨਾਲ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣਗੇ। ਖ਼ਾਸ ਕਰਕੇ ਖੇਤੀ ਸੈਕਟਰ ਨੂੰ ਤਰਜੀਹੀ ਤੌਰ ਤੇ ਰੱਖਣਗੇ। ਪਾਣੀ ਨੂੰ ਬਚਾਉਣ ਤੇ ਬਿਜਲੀ ਦੀ ਬੱਚਤ ਲਈ ਮੁੱਖ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਤੋਂ ਇਲਾਵਾ ਸਮੂਹ ਸਨੇਹੀਆਂ ਅਤੇ ਪ੍ਰਵਾਰ ਦਾ ਧੰਨਵਾਦ ਵੀ ਕੀਤਾ।
         

1 comment: