ਬਾਏ-ਬਾਏ
ਪੰਜਾਬ ਦੀ ਜੂਹ ਟੱਪਿਆ ਸਾਈਕਲ !
ਚਰਨਜੀਤ ਭੁੱਲਰ
ਚੰਡੀਗੜ੍ਹ : ਸਾਈਕਲ ਆਪਣੇ ਘਰ ’ਚ ਹੀ ਬਿਗਾਨਾ ਹੋ ਗਿਆ ਹੈ ਜਦਕਿ ਵਿਦੇਸ਼ਾਂ ’ਚ ਪੰਜਾਬ ਦੇ ਸਾਈਕਲ ਦੀ ਟੱਲੀ ਖੜਕ ਰਹੀ ਹੈ। ਲੁਧਿਆਣਾ ਨੂੰ ਸਾਈਕਲ ਦੀ ਰਾਜਧਾਨੀ ਹੋਣ ਦਾ ਮਾਣ ਹੈ ਪਰ ਪੰਜਾਬੀ ਖ਼ੁਦ ਇਸ ਸਵਾਰੀ ਤੋਂ ਦੂਰ ਹੋ ਰਹੇ ਹਨ। ਪੰਜਾਬ ਨੇ ਸਾਢੇ ਸੱਤ ਸਾਲਾਂ ’ਚ 1.15 ਲੱਖ ਕਰੋੜ ਦਾ ਸਾਈਕਲ ਕਾਰੋਬਾਰ ਕੀਤਾ ਹੈ। ਸਾਈਕਲ ਬਣਦੇ ਲੁਧਿਆਣਾ ’ਚ ਹਨ ਜਦਕਿ ਵਿਕਦੇ ਪੰਜਾਬ ਤੋਂ ਬਾਹਰ ਹਨ। ਲੰਘੇ ਵਰ੍ਹੇ 2023-24 ’ਚ ਸਾਈਕਲ ਕਾਰੋਬਾਰ 18351.82 ਕਰੋੜ ਦਾ ਰਿਹਾ ਹੈ, ਜੋ ਸਾਲ 2017-18 ਵਿੱਚ 5734.93 ਕਰੋੜ ਦਾ ਸੀ। ਕਰੋਨਾ ਕਾਲ ਚਲਾ ਗਿਆ ਪਰ ਪੰਜਾਬੀਆਂ ਨੇ ਫਿਰ ਵੀ ਸਾਈਕਲ ਨੂੰ ਨਹੀਂ ਛੂਹਿਆ। ਪੰਜਾਬ ’ਚ ਹੀਰੋ ਸਾਈਕਲ, ਏਵਨ, ਐਟਲਸ ਤੇ ਹਰਕਿਊਲੀਜ਼ ਨਾਮੀਂ ਬਰਾਂਡ ਹਨ ਜਿਹੜੇ ਮੌਜੂਦਾ ਸੂਬੇ ਦੀ ਉਮਰ ਤੋਂ ਵੀ ਵਡੇਰੇ ਹਨ। ਪੰਜਾਬ ’ਚ ਟੈਕਸ ਤਾਰਨ ਵਾਲੇ 4951 ਕਾਰੋਬਾਰੀ ਹਨ, ਜਿਨ੍ਹਾਂ ਵੱਲੋਂ ਸਾਈਕਲ ਅਤੇ ਸਾਈਕਲ-ਪੁਰਜ਼ੇ ਬਣਾਏ ਜਾ ਰਹੇ ਹਨ। ਦੇਸ਼ ਦਾ 75 ਫ਼ੀਸਦੀ ਸਾਈਕਲ ਅਤੇ 92 ਫ਼ੀਸਦੀ ਪੁਰਜ਼ੇ ਲੁਧਿਆਣਾ ’ਚ ਬਣਦੇ ਹਨ।
ਬ੍ਰਿਜ ਮੋਹਨ ਮੁੰਜਾਲ ਨੇ ਸੰਨ 1956 ’ਚ ਹੀਰੋ ਸਾਈਕਲ ਅਤੇ ਜਾਨਕੀ ਦਾਸ ਕਪੂਰ ਨੇ 1951 ਵਿੱਚ ਐਟਲਸ ਸਾਈਕਲ ਦੀ ਮੋਹੜੀ ਗੱਡੀ ਸੀ। ਲੁਧਿਆਣਾ ਦੀ ਗਿੱਲ ਰੋਡ ਸਾਈਕਲ ਦੀ ਸ਼ਾਨ ਵਧਾ ਰਹੀ ਹੈ। ਸਾਲ 2024-25 (ਨਵੰਬਰ ਤੱਕ) 11,271.91 ਕਰੋੜ ਦਾ ਸਾਈਕਲ ਕਾਰੋਬਾਰ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਦੇਸ਼ ’ਚ ਸਾਈਕਲਾਂ ਦਾ ਉਤਪਾਦਨ ਇਸ ਵੇਲੇ ਤਿੰਨ ਕਰੋੜ ਨੂੰ ਟੱਪ ਗਿਆ ਹੈ। ਦੇਸ਼ ਵਿੱਚ 20 ਤੋਂ 30 ਲੱਖ ਸਾਈਕਲ ਦਰਾਮਦ ਹੁੰਦਾ ਹੈ, ਜਦੋਂਕਿ ਸਾਲ 2023-24 ’ਚ 3018.20 ਕਰੋੜ ਦਾ ਸਾਈਕਲ ਬਰਾਮਦ ਹੋਇਆ ਹੈ। ਖ਼ਾਸ ਕਰਕੇ ਅਫ਼ਰੀਕੀ ਦੇਸ਼ਾਂ ’ਚ ਪੰਜਾਬ ਦਾ ਸਾਈਕਲ ਜਾ ਰਿਹਾ ਹੈ। ਪੰਜਾਬ ’ਚ ਮਹਿੰਗੇ ਅਤੇ ਫੈਂਸੀ ਸਾਈਕਲ ਦੀ ਖ਼ਰੀਦ ਤਾਂ ਹੈ ਪਰ ਆਮ ਆਦਮੀ ਦੀ ਸਵਾਰੀ ਵਾਲਾ ਕਾਲਾ ਸਾਈਕਲ ਘਟ ਗਿਆ ਹੈ। ਸਾਈਕਲ ਦੀ ਸਵਾਰੀ ਹੁਣ ਸਕੂਟਰ ਤੇ ਮੋਟਰਸਾਈਕਲ ’ਤੇ ਸ਼ਿਫ਼ਟ ਹੋ ਗਈ ਹੈ। ਹਾਕਰਾਂ ਅਤੇ ਦੋਧੀਆਂ ਨੇ ਵੀ ਸਾਈਕਲ ਨੂੰ ਬਾਏ-ਬਾਏ ਆਖ ਦਿੱਤਾ ਹੈ।
ਮੌਜੂਦਾ ਪੰਜਾਬੀ ਸੰਗੀਤ ਦਾ ਧੁਰਾ ਲਗਜ਼ਰੀ ਗੱਡੀਆਂ ਹਨ ਅਤੇ ਗੀਤਾਂ ਦੇ ਬੋਲਾਂ ਚੋਂ ਸਾਈਕਲ ਗ਼ਾਇਬ ਹੈ ਜਦੋਂ ਕਿ ਕਿਸੇ ਵੇਲੇ ‘ਬਹਿ ਜਾ ਮੇਰੇ ਸਾਈਕਲ ’ਤੇ, ਟੱਲੀਆਂ ਵਜਾਉਂਦਾ ਜਾਊ’ ਵਰਗੀ ਲੋਕ ਬੋਲੀ ਦੀ ਗੂੰਜ ਪੈਂਦੀ ਹੁੰਦੀ ਸੀ।ਆਈਟੀਆਈ ਦਿੱਲੀ ਤੇ ਨਰਸੀ ਮੋਨਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਨੇ ਤਾਜ਼ਾ ਖੋਜ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਅਨੁਸਾਰ ਪੱਛਮੀ ਬੰਗਾਲ, ਅਸਾਮ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਤੇ ਤਾਮਿਲਨਾਡੂ ’ਚ ਸਾਈਕਲ ਦੀ ਖਪਤ ਵਧੀ ਹੈ ਕਿਉਂਕਿ ਇਨ੍ਹਾਂ ਸਰਕਾਰਾਂ ਵੱਲੋਂ ‘ਸਾਈਕਲ ਯੋਜਨਾਵਾਂ’ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ’ਚ ਅਕਾਲੀ ਭਾਜਪਾ ਹਕੂਮਤ ਸਮੇਂ ਮਾਈ ਭਾਗੋ ਸਕੀਮ ਚੱਲੀ ਸੀ। ਇਸ ਅਧਿਐਨ ਅਨੁਸਾਰ ਸਾਈਕਲ ਦੀ ਸਵਾਰੀ ’ਚ ਪੇਂਡੂ ਸਕੂਲੀ ਕੁੜੀਆਂ ਮੋਹਰੀ ਹਨ। ਪੇਂਡੂ ਬਿਹਾਰ ’ਚ ਅੱਠ ਗੁਣਾ ਖਪਤ ਵਧੀ ਹੈ। ਰਿਪੋਰਟ ਅਨੁਸਾਰ ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ’ਚ ਸਾਈਕਲ ਦੀ ਵਰਤੋਂ ’ਚ ਵੱਡੀ ਗਿਰਾਵਟ ਆਈ ਹੈ।
‘ਸਾਈਕਲ ਦੀ ਸਵਾਰੀ, ਨਾ ਖਰਚਾ ਨਾ ਬਿਮਾਰੀ’, ਇਸ ਨਾਅਰੇ ਤੋਂ ਪੰਜਾਬ ਦੂਰ ਹੋਇਆ ਹੈ। ਪੰਜਾਬੀ ਹੁਣ ਸਾਈਕਲ ਦੀ ਥਾਂ ਗੱਡੀਆਂ ਦੇ ਸਵਾਰ ਬਣਦੇ ਹਨ। ਉਂਜ ਕਈ ਸ਼ਹਿਰਾਂ ਵਿਚ ਸਾਈਕਲ ਗਰੁੱਪ ਜ਼ਰੂਰ ਬਣੇ ਹੋਏ ਹਨ। ਸਿਆਸੀ ਲੀਡਰ ਵੀ ਸਾਈਕਲ ਰੈਲੀ ਮੌਕੇ ਹੀ ਸਾਈਕਲ ਸਵਾਰ ਬਣਦੇ ਹਨ। ‘ਆਪ’ ਵਿਧਾਇਕ ਦੇਵ ਮਾਨ ਨਾਭਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਨਾਭਾ ਤੋਂ ਚੰਡੀਗੜ੍ਹ ਸਾਈਕਲ ’ਤੇ ਆਏ ਸਨ। ਫੈੱਡਰੇਸ਼ਨ ਆਫ਼ ਇੰਡਸਟਰੀਜ਼ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਾਈਕਲ ਦਾ 3.40 ਕਰੋੜ ਦਾ ਉਤਪਾਦਨ ਹੈ, ਜਿਸ ’ਚੋਂ 95 ਫ਼ੀਸਦੀ ਹਿੱਸੇਦਾਰੀ ਲੁਧਿਆਣਾ ਦੀ ਹੈ ਅਤੇ ਇਸ ਸਨਅਤ ਨੇ 15 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਈਕਲ ਟਰੈਕ ਬਣ ਜਾਣ ਤਾਂ ਸਾਈਕਲ ਚਲਾਉਣ ਦਾ ਰੁਝਾਨ ਵੀ ਵਧ ਜਾਵੇਗਾ।
ਸਾਈਕਲ ਵੰਡ ਯੋਜਨਾਵਾਂ ਆਈਆਂ ਰਾਸ
ਲੁਧਿਆਣਾ ਦੀ ਸਾਈਕਲ ਸਨਅਤ ਨੂੰ ਸੂਬਾ ਸਰਕਾਰਾਂ ਦੀਆਂ ਸਾਈਕਲ ਵੰਡ ਯੋਜਨਾਵਾਂ ਰਾਸ ਆਈਆਂ ਹਨ। ਹਰ ਵਰ੍ਹੇ ਪੰਜਾਹ ਲੱਖ ਦੇ ਕਰੀਬ ਸਾਈਕਲ ਇਨ੍ਹਾਂ ਸਕੀਮਾਂ ਤਹਿਤ ਦੂਸਰੇ ਸੂਬਿਆਂ ਵਿੱਚ ਜਾਂਦਾ ਹੈ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੀ.ਐਸ.ਚਾਵਲਾ ਆਖਦੇ ਹਨ ਕਿ ਲੰਘੇ 24 ਸਾਲਾਂ ’ਚ ਸਾਈਕਲ ਉਤਪਾਦਨ ’ਚ 50 ਫ਼ੀਸਦੀ ਗਰੋਥ ਆਈ ਹੈ ਪ੍ਰੰਤੂ ਪੰਜਾਬ ’ਚ ਸਾਈਕਲ ਦੀ ਵਿੱਕਰੀ ’ਚ ਘਟੀ ਹੈ। ਪੰਜਾਬ ’ਚ 15 ਲੱਖ ਦੇ ਕਰੀਬ ਆਮ ਸਾਈਕਲ ਵਿਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਾਈਕਲ ਨੂੰ ਪ੍ਰਚਾਰਨ ਤਾਂ ਦੇਸ਼ ’ਚ ਤੇਲ ਦੀ ਖਪਤ ਤੇ ਪ੍ਰਦੂਸ਼ਣ ਵੀ ਘੱਟ ਸਕਦਾ ਹੈ।
No comments:
Post a Comment