Monday, December 9, 2024

                                                        ਮਿਜ਼ਾਜ-ਏ-ਪੰਜਾਬ
                               ਮਿੱਠੇ ਬਾਜ਼ਾਰ ਨੇ ਮੋਹ ਲਏ ਪੰਜਾਬੀ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਜਦੋਂ ਤੋਂ ਪੰਜਾਬੀ ਜੀਵਨ ਸ਼ੈਲੀ ਬਦਲੀ ਹੈ ਉਦੋਂ ਤੋਂ ਅਲਾਮਤਾਂ ਦੀ ਚੜ੍ਹ ਮੱਚੀ ਹੈ। ਮਠਿਆਈ ਦਾ ਪੰਜਾਬ ’ਚ ਵਧਦਾ ਕਾਰੋਬਾਰ ਇੱਕੋ ਵੇਲੇ ਦੋ ਰੰਗ ਦਿਖਾ ਰਿਹਾ ਹੈ, ਹਲਵਾਈ ਵਧੀ ਵਿੱਕਰੀ ਤੋਂ ਖ਼ੁਸ਼ ਹਨ ਤੇ ਦੂਜੇ ਪਾਸੇ ਡਾਕਟਰਾਂ ਅੱਗਿਓ ਮਰੀਜ਼ਾਂ ਦੀ ਕਤਾਰ ਨਹੀਂ ਟੁੱਟ ਰਹੀ। ਮਠਿਆਈ ਦੇ ਸ਼ੌਕੀਨ ਹਰ ਸਾਲ 878.82 ਕਰੋੜ ਦਾ ਮਿੱਠਾ ਛਕ ਜਾਂਦੇ ਹਨ। ਵੱਡੇ ਸ਼ਹਿਰਾਂ ’ਚ ਵੱਡੇ-ਵੱਡੇ ਸਵੀਟ ਹਾਊਸ ਖੁੱਲ੍ਹੇ ਹਨ। ਜਿੱਥੇ ਵੱਡੇ ਸਵੀਟ ਹਾਊਸ ਆਪੋ-ਆਪਣੀ ਪਛਾਣ ਰੱਖ ਰਹੇ ਹਨ, ਉੱਥੇ ਪੰਜਾਬੀਆਂ ਨੂੰ ਮੋਟਾਪੇ ਤੇ ਸ਼ੂਗਰ ਦੀ ਬਿਮਾਰੀ ਨੇ ਵੀ ਜੱਫਾ ਮਾਰ ਲਿਆ ਹੈ। ਕੁੱਝ ਵੀ ਹੋਵੇ, ਪੰਜਾਬ ਦੇ ਹਲਵਾਈ ਸੈਕਟਰ ਦਾ ਸਾਲ 2017-18 ਤੋਂ ਲੈ ਕੇ ਅਕਤੂਬਰ 2024 ਤੱਕ 6585.62 ਕਰੋੜ ਦਾ ਕਾਰੋਬਾਰ ਰਿਹਾ ਹੈ। ਸਾਲਾਨਾ ਔਸਤਨ 878.82 ਕਰੋੜ ਦਾ ਕਾਰੋਬਾਰ ਇਹ ਸੈਕਟਰ ਕਰ ਰਿਹਾ ਹੈ। ਹਾਲਾਂਕਿ ਇਸ ਕਾਰੋਬਾਰ ’ਚ ਇਕੱਲੀ ਮਠਿਆਈ ਨਹੀਂ, ਹੋਰ ਵੀ ਕਈ ਵੰਨਗੀਆਂ ਹੁੰਦੀਆ ਹਨ। ਵੇਰਵਿਆਂ ਮੁਤਾਬਕ ਸਾਲ 2017-18 ’ਚ ਇਸ ਸੈਕਟਰ ਦਾ ਕਾਰੋਬਾਰ ਸਿਰਫ਼ 296.28 ਕਰੋੜ ਦਾ ਸੀ, ਜੋ ਸਾਲ 2023-24 ’ਚ ਵਧ ਕੇ 1259.89 ਕਰੋੜ ਦਾ ਹੋ ਗਿਆ ਹੈ। 

           ਇਸ ਵਧਦੇ ਕਾਰੋਬਾਰ ਸਦਕਾ ਛੋਟੇ ਪੱਧਰ ’ਤੇ ਕੰਮ ਸ਼ੁਰੂ ਕਰਕੇ ਕਈ ਲੋਕ ਅੱਜ ਸ਼ਹਿਰਾਂ ’ਚ ਆਪਣੇ ਸਵੀਟ ਹਾਊਸ ਖੋਲ੍ਹਣ ’ਚ ਸਫਲ ਹੋਏ ਹਨ। ਹਾਲਾਂਕਿ ਸੂਬਾ ਸਰਕਾਰ ਨੂੰ ਜੀਐੱਸਟੀ ਤਾਰਨ ਵਾਲੇ ਸਿਰਫ਼ 1,540 ਕਾਰੋਬਾਰੀ ਹੀ ਹਨ। ਟੈਕਸ ਨਾ ਤਾਰਨ ਵਾਲੇ ਇਨ੍ਹਾਂ ਕਾਰੋਬਾਰੀ ਲੋਕਾਂ ਦੀ ਸੂਚੀ ਕਿਤੇ ਲੰਮੀ ਹੈ। ਹਲਵਾਈ ਸੈਕਟਰ ’ਚ ਜ਼ਿਲ੍ਹਾ ਲੁਧਿਆਣਾ ’ਚ ਸਭ ਤੋਂ ਵੱਧ 317 ਕਾਰੋਬਾਰੀ ਰਜਿਸਟਰਡ ਹਨ। ਦੂਜਾ ਨੰਬਰ ਜ਼ਿਲ੍ਹਾ ਮੁਹਾਲੀ ਦਾ ਹੈ ਜਿੱਥੇ ਇਸ ਕੰਮ ਵਾਲੇ 158 ਕਾਰੋਬਾਰੀ ਹਨ ਜਦਕਿ 105 ਕਾਰੋਬਾਰੀਆਂ ਨਾਲ ਬਠਿੰਡਾ ਜ਼ਿਲ੍ਹਾ ਤੀਜੇ ਸਥਾਨ ’ਤੇ ਹੈ। ਸਵੀਟ ਹਾਊਸਜ਼ ਦੀ ਨਵੀਂ ਹੱਬ ਵਜੋਂ ਬਠਿੰਡਾ ਉੱਭਰਨ ਲੱਗਾ ਹੈ। ਖ਼ੁਸ਼ੀ ਗ਼ਮੀ ਦੇ ਸਮਾਗਮਾਂ ਵਿਚ ‘ਫਿੱਕੀ ਚਾਹ’ ਦੀ ਮੌਜੂਦਗੀ ਹੁਣ ਪੰਜਾਬੀਆਂ ਨੂੰ ਚੌਕਸ ਵੀ ਕ ਰ ਰਹੀ ਹੈ। ਹੱਸਦਾ ਪੰਜਾਬ ਦੇ ਵੇਲਿਆਂ ਦਾ ਪੰਜਾਬੀ ਕਿਧਰੇ ਨਜ਼ਰ ਨਹੀਂ ਪੈ ਰਿਹਾ ਹੈ। ਨਾ ਓਹ ਖ਼ੁਰਾਕਾਂ ਰਹੀਆਂ ਹਨ ਅਤੇ ਨਾ ਹੀ ਲੋਕਾਂ ਦੇ ਜੁੱਸੇ ਰਹੇ ਹਨ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਸੱਤ ਮਹੀਨਿਆਂ ’ਚ ਪੰਜਾਬ ’ਚ ਮਠਿਆਈ ਸੈਕਟਰ ਦਾ ਕਾਰੋਬਾਰ 772.18 ਕਰੋੜ ਦਾ ਰਿਹਾ ਹੈ ਜਿਸ ਤੋਂ ਪਿਛਲੇ ਵਰ੍ਹੇ ਦਾ ਰਿਕਾਰਡ ਟੁੱਟਦਾ ਨਜ਼ਰ ਆ ਰਿਹਾ ਹੈ।

           ਮਠਿਆਈਆਂ ’ਤੇ ਖ਼ਰਚ ਕਰਨ ਵਾਲਾ ਇੱਕ ਵੱਡਾ ਤਬਕਾ ਸ਼ਹਿਰੀ ਖੇਤਰ ਦਾ ਹੈ। ਉਂਜ, ਵੱਡੇ ਪਿੰਡਾਂ ਵਿਚ ਵੀ ਹੁਣ ਸਵੀਟ ਹਾਊਸ ਖੁੱਲ੍ਹ ਗਏ ਹਨ। ਕੌਮੀ ਕੰਪਨੀਆਂ ਨੇ ਵੀ ਹਰ ਸੂਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ’ਚ ਜ਼ਿਲ੍ਹਾ ਲੁਧਿਆਣਾ ’ਚ ਸਾਲ 2023-24 ’ਚ ਮਠਿਆਈ ਦਾ 422.76 ਕਰੋੜ ਜਦਕਿ ਜ਼ਿਲ੍ਹਾ ਮੁਹਾਲੀ ’ਚ 190.42 ਕਰੋੜ ਦਾ ਕਾਰੋਬਾਰ ਹੋਇਆ ਹੈ। ਇਸੇ ਤਰ੍ਹਾਂ ਜਲੰਧਰ ’ਚ 181.55 ਕਰੋੜ ਦਾ, ਹੁਸ਼ਿਆਰਪੁਰ ’ਚ 41.78 ਕਰੋੜ ਦਾ, ਬਠਿੰਡਾ ਵਿਚ 31.07 ਕਰੋੜ ਅਤੇ ਪਠਾਨਕੋਟ ਵਿਚ 39.97 ਕਰੋੜ ਦਾ ਕਾਰੋਬਾਰ ਲੰਘੇ ਇੱਕ ਸਾਲ ’ਚ ਹੋਇਆ ਹੈ। ਜਲੰਧਰ ਦੇ ਇੱਕ ਸਵੀਟ ਹਾਊਸ ਨੇ ਸਭ ਤੋਂ ਵੱਧ 113 ਕਰੋੜ ਦਾ ਕਾਰੋਬਾਰ ਕੀਤਾ ਹੈ ਜਦੋਂ ਕਿ ਲੁਧਿਆਣਾ ਦੀ ਇੱਕ ਮਸ਼ਹੂਰ ਮਠਿਆਈ ਦੀ ਦੁਕਾਨ ਨੇ 69.61 ਕਰੋੜ ਦੀ ਵਿੱਕਰੀ ਕੀਤੀ ਹੈ। ਮੁਹਾਲੀ ਦੀ ਇੱਕ ਮਠਿਆਈ ਦੀ ਚੇਨ ਵਾਲੇ ਸ਼ੋਅ ਰੂਮ ਨੇ 52.18 ਕਰੋੜ ਦਾ ਕਾਰੋਬਾਰ ਕੀਤਾ ਹੈ। ਹਾਲਾਂਕਿ ਮਠਿਆਈ ਦੇ ਕਾਰੋਬਾਰ ’ਚੋਂ ਖ਼ਜ਼ਾਨੇ ਨੂੰ ਸਾਢੇ ਸੱਤ ਸਾਲਾਂ ’ਚ ਸਿਰਫ਼ 35 ਕੁ ਕਰੋੜ ਦੇ ਟੈਕਸਾਂ ਦੀ ਹੀ ਆਮਦਨ ਹੋਈ ਹੈ।

                                    ਸੂਬੇ ’ਚ ਹਰ ਨੌਵਾਂ ਵਿਅਕਤੀ ਸ਼ੂਗਰ ਦਾ ਮਰੀਜ਼ 

ਦੂਸਰਾ ਪਾਸਾ ਦੇਖੀਏ ਤਾਂ ਡਾਕਟਰ ਮਿੱਠੇ ਨੂੰ ‘ਜ਼ਹਿਰ’ ਦਾ ਲਕਬ ਦਿੰਦੇ ਹਨ ਜੋ ਮੋਟਾਪੇ ਤੇ ਸ਼ੂਗਰ ਨੂੰ ਸੱਦਾ ਦਿੰਦਾ ਹੈ। ਕੁੱਝ ਸਾਲ ਪਹਿਲਾਂ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ 15 ਸੂਬਿਆਂ ਦਾ ਸਰਵੇਖਣ ਕੀਤਾ ਸੀ ਜਿਸ ’ਚ ਪੰਜਾਬ ’ਚ 8.7 ਫ਼ੀਸਦੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਸਨ। ਪੰਜਾਬ ’ਚ 872 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿਚ 72 ਲੱਖ ਟੈਸਟ ਹੋਏ ਹਨ। ਇਨ੍ਹਾਂ ਟੈਸਟਾਂ ਵਿਚ 8.5 ਫ਼ੀਸਦੀ ਲੋਕਾਂ ਨੂੰ ਹਾਈ ਸ਼ੂਗਰ ਆਈ ਹੈ। ਮਤਲਬ ਇਹ ਹੋਇਆ ਕਿ ਪੰਜਾਬ ਦਾ ਹਰ ਨੌਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ। ਇੱਕ ਰਿਪੋਰਟ ਵਿੱਚ 18.8 ਫ਼ੀਸਦੀ ਪੰਜਾਬੀ ਮੋਟਾਪੇ ਦਾ ਸ਼ਿਕਾਰ ਨਿਕਲੇ ਹਨ। ਇਹੋ ਕਾਰਨ ਹੈ ਕਿ ਹੁਣ ਮਠਿਆਈ ਦੀਆਂ ਦੁਕਾਨਾਂ ’ਤੇ ਨਾਲੋ-ਨਾਲ ‘ਸ਼ੂਗਰ ਫ਼ਰੀ’ ਮਠਿਆਈ ਵੀ ਮਿਲਣ ਲੱਗੀ ਹੈ।

                                          ਕੇਟਰਿੰਗ ਕਾਰੋਬਾਰ ਵੀ ਸਿਖਰ ’ਤੇ

ਪੰਜਾਬ ’ਚ ਕੇਟਰਿੰਗ ਦੇ 769 ਕਾਰੋਬਾਰੀ ਹਨ ਜਿਨ੍ਹਾਂ ਨੇ ਸਾਢੇ ਸੱਤ ਸਾਲਾਂ ’ਚ 703.96 ਕਰੋੜ ਦਾ ਕਾਰੋਬਾਰ ਕੀਤਾ ਹੈ। ਸਭ ਤੋਂ ਵੱਧ ਮੁਹਾਲੀ ਵਿੱਚ 185 ਅਤੇ ਪਟਿਆਲਾ ’ਚ 149 ਕੇਟਰਿੰਗ ਫ਼ਰਮਾਂ ਹਨ। ਲੰਘੇ ਵਰ੍ਹੇ ਪਟਿਆਲਾ ’ਚ ਸਭ ਤੋਂ ਵੱਧ 47.03 ਕਰੋੜ ਦਾ ਕੇਟਰਿੰਗ ਕਾਰੋਬਾਰ ਹੋਇਆ ਹੈ। ਅੰਮ੍ਰਿਤਸਰ ਦੀ ਇੱਕੋ ਫ਼ਰਮ ਨੇ 11.24 ਕਰੋੜ ਦਾ ਕੇਟਰਿੰਗ ਕਾਰੋਬਾਰ ਕੀਤਾ ਹੈ।

No comments:

Post a Comment