Sunday, December 15, 2024

                                                           ਸਜ-ਧਜ 
                         ਗੋਟੇ ਵਾਲੀ ਚੁੰਨੀ ,ਕਢਾਈ ਵਾਲਾ ਲਹਿੰਗਾ !  
                                                        ਚਰਨਜੀਤ ਭੁੱਲਰ  

ਚੰਡੀਗੜ੍ਹ :  ਪੰਜਾਬੀ ਪਹਿਰਾਵੇ ਦੀ ਚਮਕ ਹੁਣ ਬੁਟੀਕ ਕਲਚਰ ਨੇ ਬਦਲੀ ਹੈ ਜਦੋਂ ਕਿ ਸਜਣ ਧਜਣ ਲਈ ਬਿਊਟੀ ਸੈਲੂਨ ਪੈਰ-ਪੈਰ ’ਤੇ ਹਾਜ਼ਰ ਹਨ। ਜਦੋਂ ਘਰ ਦੀ ਦਹਿਲੀਜ਼ ’ਤੇ ਸਭ ਕੁੱਝ ਪਿਆ ਹੋਵੇ ਤਾਂ ਪੰਜਾਬੀ ਕਿਉਂ ਨਾ ਖ਼ਰਚ ਕਰਨ। ਪੰਜਾਬੀ ਮੁਟਿਆਰਾਂ ਦੇ ਜਨੂਨ ਵਜੋਂ ਸੂਬੇ ਵਿਚ ਲੰਘੇ ਸੱਤ ਸਾਲਾਂ ’ਚ ਬੁਟੀਕ ਕਾਰੋਬਾਰ 965.58 ਕਰੋੜ ਦਾ ਹੋ ਗਿਆ ਹੈ ਅਤੇ ਲੰਘੇ ਵਰ੍ਹੇ 2023-24 ਵਿਚ 203.63 ਕਰੋੜ ਦਾ ਬੁਟੀਕ ਕਾਰੋਬਾਰ ਰਿਹਾ ਹੈ। ਬਿਊਟੀ ਸੈਲੂਨਾਂ ਤੇ ਇਕੱਲੇ ਸਜਣ ਧਜਣ ਲਈ ਹੀ ਪੰਜਾਬੀਆਂ ਨੇ ਸਾਢੇ ਸੱਤ ਵਰ੍ਹਿਆਂ ’ਚ 1839.73 ਕਰੋੜ ਖ਼ਰਚ ਕੀਤੇ ਹਨ।ਸੈਲੂਨ ਮਾਲਕਾਂ ਨੇ ਲੰਘੇ ਵਿੱਤੀ ਵਰ੍ਹੇ ’ਚ 392.82 ਕਰੋੜ ਦਾ ਕੰਮ ਕੀਤਾ ਹੈ। ਕਦੇ ਪੰਜਾਬਣਾਂ ਸੂਤੀ ਕੱਪੜੇ ਨਾਲ ਹੀ ਧੰਨ ਹੁੰਦੀਆਂ ਸਨ। ਕਮੀਜ਼ ਸਲਵਾਰ ਤੋਂ ਅਗਾਂਹ ਹੁਣ ਪਹਿਰਾਵੇ ਦੀ ਵੰਨ ਸੁਵੰਨਤਾ ਦਾ ਕੋਈ ਅੰਤ ਨਹੀਂ ਰਿਹਾ। ਨਵੀਂ ਵੰਨਗੀ ਦਾ ਪਹਿਰਾਵਾ ਸਿਰਫ਼ ਤਨ ਹੀ ਨਹੀਂ ਢਕਦਾ, ਦਿਖਾਵੇ ਦੀ ਵੱਡੀ ਝਲਕ ਵੀ ਪੇਸ਼ ਕਰਦਾ ਹੈ। ਫਰੈਂਚ ਭਾਸ਼ਾ ਦਾ ਸ਼ਬਦ ‘ਬੁਟੀਕ’ ਜਿਸ ਦਾ ਮਤਲਬ ਛੋਟੀ ਦੁਕਾਨ ਹੁੰਦਾ ਹੈ, ਦਾ ਪੰਜਾਬ ’ਚ ਕਾਰੋਬਾਰ ਵੱਡਾ ਹੈ। 

           ਸਰਕਾਰੀ ਖ਼ਜ਼ਾਨੇ ਨੂੰ ਉਪਰੋਕਤ ਵਰ੍ਹਿਆਂ ’ਚ ਇਸ ਕਾਰੋਬਾਰ ਤੋਂ 12.79 ਕਰੋੜ ਦਾ ਟੈਕਸ ਮਿਲਿਆ ਹੈ। ਬੁਟੀਕ ਕਾਰੋਬਾਰ ’ਚ ਔਰਤਾਂ ਮੋਹਰੀ ਹਨ ਤੇ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਗਲੀ ਮੁਹੱਲੇ ਘਰਾਂ ’ਚ ਖੁੱਲ੍ਹੇ ਛੋਟੇ ਬੁਟੀਕ ਵੀ ਹਨ, ਕਰੋੜਾਂ ਦਾ ਕਾਰੋਬਾਰ ਕਰਨ ਵਾਲੇ ਸ਼ਾਹੀ ਬੁਟੀਕ ਵੀ ਹਨ। ਕਈ ਕੰਪਨੀਆਂ ਦੇ ਸ਼ਹਿਰੋਂ ਸ਼ਹਿਰ ਬੁਟੀਕ ਹਨ। ਪੰਜਾਬ ’ਚ ਕੁੱਲ 729 ਬੁਟੀਕ ਅਜਿਹੇ ਹਨ ਜਿਹੜੇ ਟੈਕਸ ਤਾਰਦੇ ਹਨ। ਸਭ ਤੋਂ ਵੱਧ ਲੁਧਿਆਣਾ ’ਚ 142 ਬੁਟੀਕ ਹਨ ਜਦੋਂ ਕਿ ਅੰਮ੍ਰਿਤਸਰ ’ਚ 68, ਮੁਹਾਲੀ ਵਿਚ ’ਚ 106, ਪਟਿਆਲਾ ’ਚ 65, ਜਲੰਧਰ ’ਚ 59 ਅਤੇ ਬਠਿੰਡਾ ’ਚ 40 ਬੁਟੀਕ ਹਨ। ਲੰਘੇ ਸਾਲ 2023-24 ’ਚ ਜ਼ਿਲ੍ਹਾ ਲੁਧਿਆਣਾ ’ਚ ਸਭ ਤੋਂ ਵੱਧ 43.59 ਕਰੋੜ ਦਾ ਬੁਟੀਕ ਕਾਰੋਬਾਰ ਰਿਹਾ। ਅੰਮ੍ਰਿਤਸਰ ’ਚ 26.40 ਕਰੋੜ ਦਾ, ਬਠਿੰਡਾ ’ਚ 20.72 ਕਰੋੜ ਅਤੇ ਫ਼ਰੀਦਕੋਟ ’ਚ 10.64 ਕਰੋੜ ਦਾ ਬੁਟੀਕ ਕਾਰੋਬਾਰ ਰਿਹਾ ਹੈ। ਦੇਖਿਆ ਜਾਵੇ ਤਾਂ ਹੁਣ ਨਾ ਲੋਕ ਸਿੱਧੇ ਸਾਧੇ ਰਹੇ ਹਨ ਅਤੇ ਨਾ ਹੀ ਪਹਿਰਾਵਾ ਸਿੱਧਾ ਰਿਹਾ ਹੈ। ਸਰਦੇ ਪੁੱਜਦੇ ਲੋਕ ਵੱਡੇ ਬੁਟੀਕਾਂ ਦੀ ਕਮਾਈ ਦੇ ਸਰੋਤ ਹਨ। 

          ਕਰ ਵਿਭਾਗ ਨੇ ਕਰੀਬ ਸਾਲ ਪਹਿਲਾਂ ਇਸ ਕਾਰੋਬਾਰ ਦੇ ਇਜ਼ਾਫਾ ਨੂੰ ਦੇਖਦਿਆਂ ਸਰਵੇ ਕਰਾਇਆ ਜਿਸ ’ਚ 700 ਬੁਟੀਕ ਅਜਿਹੇ ਸ਼ਨਾਖ਼ਤ ਕੀਤੇ ਜਿਹੜੇ ਟੈਕਸ ਚੋਰੀ ਕਰ ਰਹੇ ਸਨ। ਮੁਹਾਲੀ ਦੇ ਇੱਕ ਬੁਟੀਕ ਦੀ 13 ਲੱਖ ਦੀ ਸਾਲ ਦੀ ਚੋਰੀ ਫੜ੍ਹੀ ਗਈ। ਜਲੰਧਰ ਦੇ ਇੱਕ ਬੁਟੀਕ ਦਾ ਸਲਾਨਾ ਕਾਰੋਬਾਰ 13.87 ਕਰੋੜ ਦਾ ਰਿਹਾ ਹੈ ਜਦੋਂ ਕਿ ਮੁਕਤਸਰ ਦੇ ਇੱਕ ਨਾਮੀ ਟੇਲਰ ਦਾ ਕੰਮ ਇੱਕ ਸਾਲ ’ਚ 4.90 ਕਰੋੜ ਦਾ ਸੀ। ਅਜਿਹੇ ਵੱਡੇ ਬੁਟੀਕ ਵੀ ਹਨ ਜਿਨ੍ਹਾਂ ’ਚ 50 ਹਜ਼ਾਰ ਤੋਂ ਰੇਂਜ ਸ਼ੁਰੂ ਹੁੰਦੀ ਹੈ। ਬੁਟੀਕ ’ਤੇ ਜਵੈਲਰੀ ਵੀ ਵਿਕਦੀ ਹੈ। ਅੰਮ੍ਰਿਤਸਰ, ਮੁਹਾਲੀ, ਜਲੰਧਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਬੁਟੀਕ ਦੀ ਹੱਬ ਵਜੋਂ ਉੱਭਰ ਰਹੇ ਹਨ। ਪੱਛਮ ਦੇ ਪਰਛਾਵੇਂ ਤੋਂ ਪੰਜਾਬ ਬਚਿਆ ਨਹੀਂ। ਸਜ ਧਜ ਕੇ ਰਹਿਣ ਲਈ ਬਿਊਟੀ ਸੈਲੂਨ ਹਨ। ਪੰਜਾਬ ’ਚ 1591 ਬਿਊਟੀ ਸੈਲੂਨ ਟੈਕਸ ਤਾਰਦੇ ਹਨ। ਸਭ ਤੋਂ ਵੱਧ 383 ਸੈਲੂਨ ਮੁਹਾਲੀ ’ਚ ਹਨ ਜਦ ਕਿ ਲੁਧਿਆਣਾ ’ਚ 374 ਅਤੇ ਜਲੰਧਰ ’ਚ 134 ਸੈਲੂਨ ਹਨ। ਲੁਧਿਆਣਾ ’ਚ ਸੈਲੂਨ ਮਾਲਕਾਂ ਨੇ ਸਭ ਤੋਂ ਵੱਧ 85.60 ਕਰੋੜ ਦਾ ਅਤੇ ਦੂਜੇ ਨੰਬਰ ’ਤੇ ਪਟਿਆਲਾ ’ਚ 70.93 ਕਰੋੜ ਦਾ ਕੰਮ ਕੀਤਾ ਹੈ। 

        ਮੁਹਾਲੀ ’ਚ 56.17 ਕਰੋੜ, ਜਲੰਧਰ ’ਚ 40.32 ਕਰੋੜ ਤੇ ਬਠਿੰਡਾ ’ਚ 18.01 ਕਰੋੜ ਦਾ ਕਾਰੋਬਾਰ ਸੈਲੂਨ ਦਾ ਰਿਹਾ ਹੈ। ਜਲੰਧਰ ਦੇ ਇੱਕ ਸੈਲੂਨ ਦਾ ਕੰਮ ਇੱਕੋ ਸਾਲ ਦਾ 34.31 ਕਰੋੜ ਦਾ ਰਿਹਾ ਹੈ ਜਦ ਕਿ ਲੁਧਿਆਣਾ ਦੇ ਇੱਕ ਸੈਲੂਨ ਨੇ 15.08 ਕਰੋੜ ਦਾ ਕੰਮ ਕੀਤਾ ਹੈ।ਵਿਆਹ ਸਾਹਿਆਂ ਅਤੇ ਹੋਰ ਅਹਿਮ ਸਮਾਗਮਾਂ ਦੇ ਮੌਕੇ ਸੈਲੂਨ ਦਾ ਕੰਮ ਕਈ ਗੁਣਾ ਹੋ ਜਾਂਦਾ ਹੈ। ਮੰਡੀਆਂ ’ਚ ਵੀ ਹੁਣ ਸੈਲੂਨ ਖੁੱਲ੍ਹ ਗਏ ਹਨ ਜਿਨ੍ਹਾਂ ਦੇ ਮਹਿੰਗੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ। ਪਰਵਾਸੀ ਪੰਜਾਬੀ ਵੀ ਇਨ੍ਹਾਂ ਸੈਲੂਨਾਂ ਦੀ ਵਿੱਤੀ ਟੌਹਰ ਵਧਾ ਰਹੇ ਹਨ।   

                             ਈਵੈਂਟ ਮੈਨੇਜਮੈਂਟ ਦਾ ਰੰਗ ਚੋਖਾ.. 

ਈਵੈਂਟ ਮੈਨੇਜਮੈਂਟ ਦੇ ਕੰਮ ਨੇ ਇਕਦਮ ਸਿਖਰ ਲਈ ਹੈ। 2018 ਕਾਰੋਬਾਰੀ ਲੋਕਾਂ ਨੇ ਸਾਢੇ ਸੱਤ ਸਾਲਾਂ ’ਚ ਪੰਜਾਬ ’ਚ 4698.14 ਕਰੋੜ ਦਾ ਕਾਰੋਬਾਰ ਕੀਤਾ ਹੈ ਅਤੇ ਸਭ ਤੋਂ ਵੱਧ ਜ਼ਿਲ੍ਹਾ ਮੁਹਾਲੀ ’ਚ 668.44 ਕਰੋੜ ਦਾ ਕੰਮ ਰਿਹਾ ਹੈ। ਲੁਧਿਆਣੇ ’ਚ 170.41 ਕਰੋੜ ਦਾ ਕਾਰੋਬਾਰ ਹੋਇਆ ਹੈ। ਪੰਜਾਬੀ ਲੋਕਾਂ ਨੇ ਸਜਾਵਟੀ ਵਸਤਾਂ (ਫੁੱਲਾਂ ਸਮੇਤ) ’ਤੇ ਸਾਢੇ ਸੱਤ ਸਾਲਾਂ ’ਚ 569.99 ਕਰੋੜ ਰੁਪਏ ਖ਼ਰਚ ਕੀਤੇ ਹਨ। ਮੁਹਾਲੀ ’ਚ ਇਸ ਦਾ 56.97 ਕਰੋੜ ਦਾ ਕਾਰੋਬਾਰ ਰਿਹਾ। 353 ਕਾਰੋਬਾਰੀ ਇਸ ਦਾ ਟੈਕਸ ਤਾਰਦੇ ਹਨ। ਲੁਧਿਆਣਾ ’ਚ 30 ਕਰੋੜ ਅਤੇ ਪਟਿਆਲਾ ’ਚ 19.26 ਕਰੋੜ ਦਾ ਕੰਮ ਰਿਹਾ ਹੈ। 




No comments:

Post a Comment