Wednesday, December 11, 2024

                                                          ਗੌਣ ਪਾਣੀ 
                                   ਛਣਕਾਟਾ ਪੈਂਦਾ ਗਲੀ ਗਲੀ..! 
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬੀ ਗਾਇਕੀ ਦੀ ਹੇਕ ਹੁਣ ਪਰਦੇਸਾਂ ਤੱਕ ਪੁੱਜੀ ਹੈ ਅਤੇ ਪੰਜਾਬੀ ਸਿਨੇਮਾ ਵੀ ਦੇਸ਼ ਦੀਆਂ ਜੂਹਾਂ ਟੱਪਿਆ ਹੈ। ਜਿਵੇਂ ਹੀ ਨਵੇਂ ਦੌਰ ’ਚ ਪੰਜਾਬੀ ਸੰਗੀਤ ਦਾ ਦਾਇਰਾ ਵਿਸ਼ਾਲ ਹੋਇਆ, ਉਵੇਂ ਹੀ ਪੰਜਾਬੀ ਗਾਇਕਾਂ ਦੇ ਖ਼ਜ਼ਾਨੇ ਭਰਪੂਰ ਹੋਣ ਲੱਗੇ। ਗਾਇਕੀ ਤੇ ਸਿਨੇਮਾ ਦੇ ਅੱਜ ਮਨੋਰਥ ਬਦਲੇ ਨੇ, ਅੰਦਾਜ਼ ਬਦਲੇ ਨੇ। ਇਸ ਵਜੋਂ ਕਲਾ ਵੀ ਹੁਣ ਤਜਾਰਤ ਬਣ ਗਈ ਹੈ। ਪੰਜਾਬ ’ਚ ਕਲਾਕਾਰਾਂ ਨੇ ਲੰਘੇ ਸਾਢੇ ਸੱਤ ਵਰਿ੍ਹਆਂ ’ਚ 2145.53 ਕਰੋੜ ਦਾ ਕਾਰੋਬਾਰ ਕੀਤਾ ਹੈ ਜਦੋਂ ਕਿ ਸਿਨੇਮਾ ਤੇ ਮਲਟੀਪਲੈਕਸਾਂ ਦਾ 2056.98 ਕਰੋੜ ਦਾ ਕੰਮ ਰਿਹਾ ਹੈ। ਫ਼ਿਲਮੀ ਕਮਾਈ ਇਸ ਤੋਂ ਵੱਖਰੀ ਹੈ। ਉਪਰੋਕਤ ਕਾਰੋਬਾਰ ਸਿਰਫ਼ ਸਟੇਜ ਸ਼ੋਅ ਆਦਿ ਦਾ ਹੈ। ਪੰਜਾਬ ਸਰਕਾਰ ਕੋਲ 810 ਕਲਾਕਾਰ ਜੀਐਸਟੀ ਤਹਿਤ ਰਜਿਸਟਰਡ ਹਨ ਜਿਨ੍ਹਾਂ ਦੀ ਸਲਾਨਾ ਦੀ ਕਮਾਈ 20 ਲੱਖ ਰੁਪਏ ਤੋਂ ਉਪਰ ਹੈ। ਸਾਲ 2017-18 ਵਿਚ ਕਲਾਕਾਰਾਂ ਨੇ ਸਿਰਫ਼ 47.75 ਕਰੋੜ ਦਾ ਕਾਰੋਬਾਰ ਕੀਤਾ ਜੋ ਸਾਲ 2024-25 (ਨਵੰਬਰ ਤੱਕ) ’ਚ ਵਧ ਕੇ 358.16 ਕਰੋੜ ਦਾ ਹੋ ਗਿਆ। ਲੰਘੇ ਸਾਲ 2023-24 ਵਿਚ ਕਲਾਕਾਰਾਂ ਨੇ 677.76 ਕਰੋੜ ਰੁਪਏ ਕਮਾਏ ਹਨ। ਇਹ ਸਿਰਫ਼ ਉਹ ਕਮਾਈ ਹੈ, ਜਿਸ ’ਤੇ ਟੈਕਸ ਤਾਰਿਆ ਗਿਆ।

         ਬਹੁਤੇ ਕਲਾਕਾਰ ਕਮਾਉਂਦੇ ਵੱਧ ਹਨ ਪ੍ਰੰਤੂ ਘੱਟ ਕਮਾਈ ਦਿਖਾ ਕੇ ਟੈਕਸ ਤਾਰਦੇ ਹਨ। ਢੋਲੇ-ਮਾਹੀਏ ਗਾਉਂਦੇ ਤੇ ਢਾਡੀਆਂ ਦੀਆਂ ਵਾਰਾਂ ਸੁਣਦੇ ਪੰਜਾਬ ਨੇ ਕਲਾ ਨੂੰ ਪਰਨਾਏ ਉਨ੍ਹਾਂ ਕਵੀਸ਼ਰਾਂ ਦਾ ਸੰਜਮ ਵੀ ਵੇਖਿਆ ਸੀ ਜਿਹੜੇ ਆਖਦੇ ਸਨ, ‘ਇੱਕ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿਚ ਪਾ ਲੈ।’ ਗੀਤ ਸੰਗੀਤ ਤੇ ਸਿਨੇਮਾ ਹੁਣ ਵਪਾਰ ਬਣਿਆ ਹੈ। ਤਾਹੀਂ ਤਜਾਰਤੀ ਅਖਾੜੇ ’ਚ ਗੀਤ ਗੋਲੀ ਵਾਂਗੂ ਸ਼ੂਕਣ ਲੱਗੇ ਨੇ ਅਤੇ ਸੰਗੀਤ ਟੱਲੀ ਹੋਇਆ ਨਜ਼ਰ ਆਉਂਦਾ ਹੈ। ਟਾਵੇਂ ਪੰਜਾਬੀ ਕਲਾਕਾਰ ਨੇ ਜਿਹੜੇ ਪੰਜਾਬੀ ਭਾਸ਼ਾ ਤੇ ਕਲਚਰ ਲਈ ਪ੍ਰਤੀਬੱਧ ਹਨ ਇਸ ਕੜੀ ’ਚ ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, ਸਤਿੰਦਰ ਸਰਤਾਜ, ਕੰਵਰ ਗਰੇਵਾਲ, ਮਨਮੋਹਨ ਵਾਰਿਸ, ਪੰਮੀ ਬਾਈ, ਅਮਰਿੰਦਰ ਗਿੱਲ, ਰਣਜੀਤ ਬਾਵਾ, ਹਰਿੰਦਰ ਸੰਧੂ ਆਦਿ ਸ਼ਾਮਲ ਹਨ। ਮੌਜੂਦਾ ਸਮੇਂ ਦਿਲਜੀਤ ਦੁਸਾਂਝ ਦੁਨੀਆ ’ਚ ਛਾਇਆ ਹੈ। ਕਲਾਕਾਰਾਂ ਵੱਲੋਂ ਜੋ ਸਰਵਿਸ ਦਿੱਤੀ ਜਾਂਦੀ ਹੈ, ਉਸ ’ਤੇ 18 ਫ਼ੀਸਦੀ ਜੀਐਸਟੀ ਲੱਗਦਾ ਹੈ। ਪੰਜਾਬ ’ਚ ਪੰਜ ਲੱਖ ਤੋਂ 50 ਲੱਖ ਰੁਪਏ ਪ੍ਰਤੀ ਅਖਾੜਾ ਲੈਣ ਵਾਲੇ ਦਰਜਨਾਂ ਕਲਾਕਾਰ ਹਨ।

          ਸੂਬੇ ਵਿਚ ਹੁਣ ਸਭਿਆਚਾਰਕ ਮੇਲੇ ਤਾਂ ਬਹੁਤੇ ਨਹੀਂ ਲੱਗਦੇ ਪ੍ਰੰਤੂ ਵਿਆਹਾਂ ’ਚ ਅੱਜ ਵੀ ਗਾਇਕੀ ਦੀ ਗੂੰਜ ਪੈਂਦੀ ਹੈ। ਪੰਜਾਬੀ ਕਲਚਰ ਦੇ ਪਾਰਖੂ ਡਾ.ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਗਾਇਕੀ ਤੇ ਸਿਨੇਮਾ ਹੁਣ ਬਿਜ਼ਨਸ ਬਣਿਆ ਹੈ ਜਿਸ ਦਾ ਮਨੋਰਥ ਮੁਨਾਫ਼ਾ ਕਮਾਉਣਾ ਹੈ। ਗਾਇਕੀ ਚੋਂ ਸਹਿਜ ਤੇ ਵਿਸ਼ਾ ਸਮਗਰੀ ਗ਼ਾਇਬ ਹੈ। ਉਨ੍ਹਾਂ ਦਾ ਕਹਿਣਾ ਕਿ ਤੇਜ਼ ਰਫ਼ਤਾਰੀ ਗਾਣਿਆਂ ’ਚ ਰੌਲਾ ਰੱਪਾ ਵਧਿਆ ਹੈ ਜਿਸ ਤੇ ਹਥਿਆਰ, ਨਸ਼ੇ ਤੇ ਲੱਚਰਤਾ ਦਾ ਲੇਪ ਚੜ੍ਹਿਆ ਹੈ। ਇਵੇਂ ਹੀ ਗੀਤਕਾਰ ਮਨਪ੍ਰੀਤ ਟਿਵਾਣਾ ਆਖਦਾ ਹੈ ਕਿ ਮੌਜੂਦਾ ਦੌਰ ’ਚ ਬਹੁਤੀ ਗਾਇਕੀ ਦਾ ਕੰਮ ਤਾਂ ਪਾਪੂਲਰ ਹੈ ਪਰ ਯਾਦਗਾਰੀ ਨਹੀਂ। ਦੇਖਿਆ ਜਾਵੇ ਤਾਂ ਪੰਜਾਬੀ ਗਾਇਕੀ ਹਰੀ ਕ੍ਰਾਂਤੀ ਦੇ ਨਾਲ ਹੀ ਲੁਧਿਆਣਾ, ਜਲੰਧਰ ਦੂਰਦਰਸ਼ਨ ਤੋਂ ਵਾਇਆ ਬਠਿੰਡਾ ਹੁੰਦੀ ਹੋਈ ਵਿਸ਼ਵ ਬਰੂਹਾਂ ’ਤੇ ਪੁੱਜੀ ਹੈ ਜਿਸ ਦੀ ਵੰਨਗੀ ਹਰ ਕਿਸੇ ਨੂੰ ਭਾਉਂਦੀ ਹੈ। ਪੰਜਾਬ ’ਚ 258 ਸਿਨੇਮਾ ਤੇ ਮਲਟੀਪਲੈਕਸ ਇਸ ਵੇਲੇ ਟੈਕਸ ਤਾਰ ਰਹੇ ਹਨ ਜਿਨ੍ਹਾਂ ਨੇ ਸਾਢੇ ਸੱਤ ਸਾਲਾਂ ’ਚ 2056.98 ਕਰੋੜ ਦਾ ਕਾਰੋਬਾਰ ਕੀਤਾ ਹੈ। ਸਾਲ 2017-18 ਵਿਚ ਜੋ ਕਾਰੋਬਾਰ 132.85 ਕਰੋੜ ਦਾ ਸੀ, ਉਹ ਸਾਲ 2023-24 ’ਚ ਵਧ ਕੇ 372.71 ਕਰੋੜ ਦਾ ਹੋ ਗਿਆ ਹੈ।

           ਸਿਨੇਮਾ ਦੀਆਂ ਟਿਕਟਾਂ ’ਤੇ ਜੀਐਸਟੀ ਲੱਗਦਾ ਹੈ। ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਅਨੁਸਾਰ ਪੰਜਾਬ ਵਿਚ 175 ਸਿਨੇਮਾ (ਸਿੰਗਲ ਸਕਰੀਨ) ਹਨ। ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਇਸ ਵੇਲੇ ਕੋਈ ਐਂਟਰਟੇਨਮੈਂਟ ਟੈਕਸ ਨਹੀਂ ਹੈ। ਵੱਡੀਆਂ ਕੰਪਨੀਆਂ ਨੇ ਪੰਜਾਬ ਚੋਂ ਕਾਫ਼ੀ ਕੁੱਝ ਸਿਨੇਮਾ ਜ਼ਰੀਏ ਖੱਟਿਆ ਹੈ। ਪੰਜਾਬੀ ਫ਼ਿਲਮਾਂ ਦਾ ਧੁਰਾ ਕਾਮੇਡੀ ਵੀ ਹੈ ਅਤੇ ਪਰਿਵਾਰਕ ਵੀ ਹੈ। ਕਾਮੇਡੀਅਨਾਂ ’ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਰਾਣਾ ਰਣਬੀਰ, ਬਿੰਨੂ ਢਿੱਲੋਂ, ਬੀ.ਐਨ.ਸ਼ਰਮਾ, ਕਰਮਜੀਤ ਅਨਮੋਲ ਤੇ ਅਰਬੀ ਸੰਘਾ ਆਦਿ ਦਾ ਉੱਭਰਵਾਂ ਨਾਮ ਹੈ। ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੇ ਆਪਣੇ ਪ੍ਰੋਡਕਸ਼ਨ ਹਾਊਸ ਹਨ। ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰ ਐਸੋਸੀਏਸ਼ਨ ਦੇ ਸਲਾਹਕਾਰ ਕਰਮਜੀਤ ਅਨਮੋਲ ਆਖਦੇ ਹਨ ਕਿ ਪਹਿਲੋ ਪਹਿਲ ਪਿੰਡਾਂ ਚੋਂ ਕੋਈ ਟਾਵਾਂ ਹੀ ਫ਼ਿਲਮ ਦਾ ਦਰਸ਼ਕ ਬਣਦਾ ਸੀ ਪ੍ਰੰਤੂ ਹੁਣ ਕਈ ਕਈ ਪਰਿਵਾਰ ਪਿੰਡਾਂ ਚੋਂ ਸਿਨੇਮਾ ਤੱਕ ਪੁੱਜਦੇ ਹਨ। ਪੰਜਾਬੀ ਫ਼ਿਲਮਾਂ ਨੇ ਸੌ ਕਰੋੜੀ ਕਮਾਈ ਨੂੰ ਛੂਹਿਆ ਹੈ ਅਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਜਿਸ ਨਾਲ ਰੁਜ਼ਗਾਰ ਦੇ ਵਸੀਲੇ ਵੀ ਵਧੇ ਹਨ। ਦੇਖਿਆ ਜਾਵੇ ਤਾਂ ਅਮਰਿੰਦਰ ਗਿੱਲ, ਤਰਸੇਮ ਜੱਸੜ, ਐਮੀ ਵਿਰਕ ਆਦਿ ਨਾਲ ਸਿਨੇਮਾ ’ਚ ਮਾਣ ਵਧਿਆ ਹੈ। ਨਿਰਮਲ ਰਿਸ਼ੀ ਸਿਨੇਮਾ ਦੀ ਸਦਾ ਬਹਾਰ ਹਸਤੀ ਬਣੇ ਹਨ।

                       ਕੌਮਾਂਤਰੀ ਵਿਹੜੇ ਪੁੱਜੀ ਪੰਜਾਬੀ ਗਾਇਕੀ : ਹਰਭਜਨ ਮਾਨ

ਮਸ਼ਹੂਰ ਗਾਇਕ ਹਰਭਜਨ ਮਾਨ ਆਖਦੇ ਹਨ ਕਿ ਮੌਜੂਦਾ ਦੌਰ ਦੀ ਗਾਇਕੀ ਨੇ ਕੌਮਾਂਤਰੀ ਸਫ਼ਾ ’ਚ ਪੈੜ ਪਾਈ ਹੈ ਅਤੇ ਪੰਜਾਬੀ ਜ਼ੁਬਾਨ ਤੇ ਕਲਚਰ ਦੀ ਪਛਾਣ ਵਧੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਨੇ ਗਾਇਕਾਂ ਲਈ ਰਾਹ ਮੋਕਲੇ ਕੀਤੇ ਹਨ। ਭਾਵੇਂ ਗੀਤ ਸੰਗੀਤ ’ਤੇ ਮੰਡੀ ਭਾਰੂ ਹੋ ਗਈ ਹੈ ਪ੍ਰੰਤੂ ਗੈਰ ਪੰਜਾਬੀ ਸਰੋਤੇ ਦਾ ਜੁੜਨਾ ਪੰਜਾਬੀ ਗਾਇਕੀ ਦਾ ਇੱਕ ਹਾਸਲ ਵੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੀਤ ਸੰਗੀਤ ਉਦਯੋਗ ’ਚ ਮੌਕੇ ਵੀ ਵਧੇ ਹਨ, ਨਾਲੋਂ ਨਾਲ ਕਈ ਵਿਗਾੜ ਵੀ ਆਏ ਹਨ।

                  ਗਾਇਕੀ ਤੇ ਸਿਨੇਮਾ ਕਾਰੋਬਾਰ ਤੇ ਇੱਕ ਝਾਤ

 ਵਿੱਤੀ ਵਰ੍ਹਾ                    ਕਲਾਕਾਰੀ ਕਾਰੋਬਾਰ            ਸਿਨੇਮਾ ਦੀ ਕਮਾਈ

 2024-25 (ਨਵੰਬਰ ਤੱਕ) 358.16 ਕਰੋੜ                  218.70 ਕਰੋੜ

2023-24                      677.76 ਕਰੋੜ                  372.71 ਕਰੋੜ

2022-23                      372.60 ਕਰੋੜ                  330.73 ਕਰੋੜ

2021-22                      258.11 ਕਰੋੜ                  205.00 ਕਰੋੜ

2020-21                     143.51 ਕਰੋੜ                     52.11 ਕਰੋੜ

2019-20                     182.80 ਕਰੋੜ                    401.01 ਕਰੋੜ

 2018-19                    104.84 ਕਰੋੜ                    343.87 ਕਰੋੜ

2017-18                       47.75 ਕਰੋੜ                   132.85 ਕਰੋੜ

 ਕਾਰਟੂਨ : ਸੰਦੀਪ ਜੋਸ਼ੀ


No comments:

Post a Comment