Thursday, December 5, 2024

                                                         ਸ਼ੌਕ ਦੇ ਤੰਦ
                            ਚੁੱਲ੍ਹੇ ਪੱਕਦੀ ਰੋਟੀ, ਹੁਣ ਖਾਊ ਕੌਣ ਵੇ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਬਦਲੀ ਜੀਵਨ ਸ਼ੈਲੀ ਦਾ ਸਿੱਟਾ ਹੈ ਕਿ ਖਾਣ ਪੀਣ ਦੇ ਸ਼ੌਕੀਨ ਕਰੋੜਾਂ ਰੁਪਏ ਹੁਣ ਲਜ਼ੀਜ਼ ਖਾਣਿਆਂ ’ਤੇ ਖ਼ਰਚਣ ਲੱਗੇ ਹਨ। ਪੰਜਾਬੀ ਹਰ ਵਰ੍ਹੇ ਔਸਤਨ ਛੇ ਹਜ਼ਾਰ ਕਰੋੜ ਰੁਪਏ ਸੁਆਦੀ ਪਕਵਾਨਾਂ ’ਤੇ ਖ਼ਰਚ ਦਿੰਦੇ ਹਨ ਜਿਨ੍ਹਾਂ ’ਚ ਹੋਟਲਾਂ ’ਚ ਰਹਿਣ ਸਹਿਣ ਦਾ ਖਰਚਾ ਵੀ ਸ਼ਾਮਲ ਹੈ। ਇੱਕ ਵੇਲਾ ਉਹ ਸੀ ਜਦੋਂ ਪੰਜਾਬੀ ਸਾਦੇ ਤੇ ਪੌਸ਼ਟਿਕ ਖਾਣੇ ਲਈ ਜਾਣੇ ਜਾਂਦੇ ਸਨ, ਹੁਣ ਨਵੀਂ ਪੀੜ੍ਹੀ ਦੇ ਖਾਣੇ ਵੀ ਨਵੇਂ ਹਨ। ਪਿੰਡਾਂ ਤੱਕ ਜੰਕ ਫੂਡ ਪੁੱਜ ਗਿਆ ਹੈ। ਰਹਿੰਦੀ ਕਸਰ ‘ਆਨ ਲਾਈਨ’ ਡਲਿਵਰੀ ਪ੍ਰਬੰਧਾਂ ਨੇ ਕੱਢ ਦਿੱਤੀ ਹੈ। ਸ਼ਾਇਦ ਮਾਵਾਂ ਦੇ ਹੱਥਾਂ ਦਾ ਖਾਣਾ ਨਵੇਂ ਪੋਚ ਨੂੰ ਸੁਆਦੀ ਨਹੀਂ ਲੱਗਦਾ। ਵੇਰਵਿਆਂ ਅਨੁਸਾਰ ਸਾਲ 2017-18 ਤੋਂ ਲੈ ਕੇ ਸਤੰਬਰ 2024 ਤੱਕ ਪੰਜਾਬ ਦੇ ਲੋਕਾਂ ਨੇ 37,463 ਕਰੋੜ ਰੁਪਏ ਰੇਸਤਰਾਂ, ਢਾਬਿਆਂ ਅਤੇ ਹੋਟਲਾਂ ’ਚ ਖਾਣ ਪੀਣ ’ਤੇ ਖ਼ਰਚ ਕੀਤੇ ਹਨ ਜਿਸ ਨਾਲ ਪੰਜਾਬ ਸਰਕਾਰ ਨੂੰ 740.20 ਕਰੋੜ ਦੇ ਟੈਕਸ ਵੀ ਪ੍ਰਾਪਤ ਹੋਏ ਹਨ। ਵਰ੍ਹਾ 2023-24 ਵਿਚ ਪੰਜਾਬੀਆਂ ਨੇ 6601.26 ਕਰੋੜ ਰੁਪਏ ਖਾਣ ਪੀਣ ’ਤੇ ਖ਼ਰਚੇ ਹਨ ਅਤੇ ਸਾਲ 2022-23 ਵਿਚ ਇਹ ਖਰਚਾ 5804.71 ਕਰੋੜ ਰੁਪਏ ਰਿਹਾ ਹੈ। 

          ਇਵੇਂ ਹੀ ਸਾਲ 2018-19 ਵਿਚ ਖਾਣ ਪੀਣ ਦਾ ਖਰਚਾ 3400.04 ਕਰੋੜ ਰੁਪਏ ਸੀ। ਕਰੋਨਾ ਕਾਲ ਦੌਰਾਨ ਭਾਵ ਸਾਲ 2020-21 ਵਿਚ ਖਾਣ ਪੀਣ ਦਾ ਖਰਚਾ 2690.34 ਕਰੋੜ ਰੁਪਏ ਰਿਹਾ ਸੀ। ਪੰਜਾਬ ’ਚ ਹਰ ਵਰ੍ਹੇ ਹੋਟਲਾਂ ਤੇ ਰੇਸਤਰਾਂ ’ਚ ਖਾਣ ਪੀਣ ’ਤੇ ਖਰਚਾ ਵਧ ਰਿਹਾ ਹੈ। ਇਹ ਖਰਚਾ ਤਾਂ ਸਿਰਫ਼ ਉਹ ਹੈ ਜਿਸ ’ਤੇ ਢਾਬਾ, ਹੋਟਲ ਤੇ ਰੇਸਤਰਾਂ ਮਾਲਕ ਟੈਕਸ ਤਾਰਦੇ ਹਨ। ਬਿਨਾਂ ਟੈਕਸ ਵਾਲੇ ਖਾਣ ਪੀਣ ਨੂੰ ਜੋੜੀਏ ਤਾਂ ਵੱਡਾ ਅੰਕੜਾ ਬਣ ਜਾਣਾ ਹੈ। ਹੋਟਲ, ਢਾਬੇ ਤੇ ਰੇਸਤਰਾਂ ਵਿਚ ਖਾਣ ਪੀਣ ’ਤੇ ਪੰਜ ਫ਼ੀਸਦੀ ਟੈਕਸ ਹੈ। ਹਾਲਾਂਕਿ ਛੋਟੇ ਤੇ ਦਰਮਿਆਨੇ ਢਾਬਾ ਮਾਲਕ ਤਾਂ ਟੈਕਸ ਤਾਰਦੇ ਹੀ ਨਹੀਂ ਹਨ। ਪੰਜਾਬ ਵਿਚ 10,379 ਡੀਲਰ (ਹੋਟਲ, ਢਾਬਾ ਤੇ ਰੇਸਤਰਾਂ) ਹੀ ਖਾਣ ਪੀਣ ’ਤੇ ਟੈਕਸ ਤਾਰਦੇ ਹਨ। ਮੁਹਾਲੀ ਵਿਚ ਸਭ ਤੋਂ ਵੱਧ 2951, ਲੁਧਿਆਣਾ ਦੇ 1380 ਅਤੇ ਅੰਮ੍ਰਿਤਸਰ ਦੇ 1379 ਮਾਲਕ ਹੀ ਖਾਣ ਪੀਣ ’ਤੇ ਟੈਕਸ ਭਰਦੇ ਹਨ। ਪੱਛਮੀ ਪ੍ਰਭਾਵ ਹੇਠ ਪੰਜਾਬ ਹੁਣ ਫਾਸਟ ਫੂਡ ਦੀ ਰਾਜਧਾਨੀ ਵਾਂਗ ਹੈ। ‘ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ’ ਛੱਡ ਕੇ ਨਵੀਂ ਪੀੜੀ ਬਜ਼ਾਰੂ ਤੇ ਚਟਪਟਾ ਖਾਣਾ ਖਾਣ ਲਈ ਸ਼ੈਦਾਈ ਹੈ।

        ਪਰਵਾਸ ਦਾ ਪ੍ਰਭਾਵ ਵੀ ਸਾਫ਼ ਨਜ਼ਰ ਆਉਂਦਾ ਹੈ ਕਿਉਂਕਿ ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਮੁਲਕਾਂ ’ਚੋਂ ਪਰਵਾਸੀ ਪੰਜਾਬੀ ਹਰ ਵਰ੍ਹੇ ਅਕਤੂਬਰ ਤੋਂ ਜਨਵਰੀ ਮਹੀਨੇ ਤੱਕ ਵਿਆਹਾਂ ਆਦਿ ਦੇ ਮੌਕੇ ’ਤੇ ਪੰਜਾਬ ਫੇਰਾ ਪਾਉਂਦੇ ਹਨ। ਬਠਿੰਡਾ ਵਿਚ ਦਸ ਸਾਲ ਪਹਿਲਾਂ ਕਰੀਬ 100 ਖਾਣੇ ਦੇ ਕੇਂਦਰ ਸਨ ਜਦੋਂ ਕਿ ਹੁਣ 800 ਤੋਂ ਜ਼ਿਆਦਾ ਈਟਿੰਗ ਪੁਆਇੰਟ ਬਣ ਗਏ ਹਨ। ਪੰਜਾਬ ’ਚ ਖਾਣ ਪੀਣ ਦਾ ਰੁਝਾਨ ਜ਼ਿਲ੍ਹਾ ਵਾਈਜ਼ ਦੇਖੀਏ ਤਾਂ ਮੁਹਾਲੀ ਦਾ ਨੰਬਰ ਸਿਖਰ ’ਤੇ ਹੈ ਜਿੱਥੇ ਲੰਘੇ ਇੱਕ ਸਾਲ ਦੌਰਾਨ 878.8 ਕਰੋੜ ਰੁਪਏ ਲੋਕਾਂ ਨੇ ਖਾਣ ਪੀਣ ’ਤੇ ਖ਼ਰਚ ਕੀਤੇ ਹਨ। ਦੂਜਾ ਨੰਬਰ ਅੰਮ੍ਰਿਤਸਰ ਦਾ ਹੈ ਜਿੱਥੇ ਲੋਕਾਂ ਨੇ ਖਾਣ ਪੀਣ ’ਤੇ 625 ਕਰੋੜ ਰੁਪਏ ਇੱਕ ਸਾਲ ’ਚ ਖ਼ਰਚ ਕੀਤੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 594 ਕਰੋੜ ਦਾ ਕਾਰੋਬਾਰ ਅਤੇ ਪਟਿਆਲਾ ਜ਼ਿਲ੍ਹੇ ਵਿਚ 155.6 ਕਰੋੜ ਦਾ ਕਾਰੋਬਾਰ ਹੋਇਆ ਹੈ। ਮੁਹਾਲੀ ਦੇ ਕਟਾਣੀ ਢਾਬਾ ਦੇ ਮਾਲਕ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਖਾਣਿਆਂ ਵਿਚ ਆਪਸ਼ਨ ਬਹੁਤ ਜ਼ਿਆਦਾ ਹੈ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਕਰਕੇ ਬਾਹਰ ਦੇ ਖਾਣਿਆਂ ਪ੍ਰਤੀ ਲੋਕਾਂ ਦੀ ਖਿੱਚ ਵੀ ਵਧੀ ਹੈ। 

          ਦੇਖਿਆ ਜਾਵੇ ਤਾਂ ਕਿਸੇ ਵੇਲੇ ‘ਦਾਲ ਰੋਟੀ ਘਰ ਦੀ’ ਦੀ ਮਕਬੂਲੀਅਤ ਸੀ ਪਰ ਹੁਣ ਵੱਡੇ ਸ਼ਹਿਰਾਂ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਮੁਹਾਲੀ ਖਾਣ ਪੀਣ ਦੇ ਵੱਡੇ ਕੇਂਦਰਾਂ ਵਜੋਂ ਉੱਭਰੇ ਹਨ। ਕੌਮੀ ਤੇ ਕੌਮਾਂਤਰੀ ਕੰਪਨੀਆਂ ਦੀ ਹੋਟਲ ਚੇਨ ਵੀ ਇਨ੍ਹਾਂ ਸ਼ਹਿਰਾਂ ਤੱਕ ਪੁੱਜੀ ਹੈ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਵਿਚ ਸਾਲ 2023-24 ਵਿਚ ਖਾਣ ਪੀਣ ਦਾ ਸਭ ਤੋਂ ਵੱਡਾ ਕਾਰੋਬਾਰ ਲੁਧਿਆਣਾ ਦੀ ਇੱਕ ਫੂਡ ਕਾਰੋਬਾਰੀ ਫ਼ਰਮ ਨੇ ਕੀਤਾ ਜੋ ਕਿ 190 ਕਰੋੜ ਦੇ ਆਸ ਪਾਸ ਦਾ ਸੀ ਅਤੇ ਇਸੇ ਸ਼ਹਿਰ ਦੇ ਇੱਕ ਰੇਸਤਰਾਂ ਨੇ ਕਰੀਬ 180 ਕਰੋੜ ਦਾ ਇੱਕ ਸਾਲ ਵਿਚ ਕਾਰੋਬਾਰ ਕਰਕੇ ਦੂਜਾ ਨੰਬਰ ਹਾਸਲ ਕੀਤਾ। ਇਸੇ ਤਰ੍ਹਾਂ ਮੁਹਾਲੀ ਦੀ ਇੱਕ ਫੂਡ ਫ਼ਰਮ ਨੇ ਉਪਰੋਕਤ ਸਾਲ ਵਿਚ 182 ਕਰੋੜ ਦਾ ਕੰਮ ਕੀਤਾ ਹੈ। ਪਟਿਆਲਾ ਦੇ ਇੱਕ ਸਵੀਟ ਹਾਊਸ ਨੇ ਉਪਰੋਕਤ ਵਰ੍ਹੇ ’ਚ ਕਰੀਬ 120 ਕਰੋੜ ਦਾ ਕਾਰੋਬਾਰ ਕੀਤਾ ਹੈ। 

          ਦੇਖਿਆ ਗਿਆ ਹੈ ਕਿ ਪਿੰਡ ਪਿੰਡ ਹੁਣ ਫਾਸਟ ਫੂਡ ਪਹੁੰਚ ਗਿਆ ਹੈ। ਪੰਜਾਬ ਕੌਮੀ ਮਾਰਗਾਂ ’ਤੇ ਖੁੱਲ੍ਹੇ ਆਊਟਲੈੱਟ ਵੀ ਇੱਕ ਨਵਾਂ ਰੁਝਾਨ ਹਨ ਜਿਹੜੇ ਪੰਜਾਬੀਆਂ ਦੇ ਮਨਾਂ ਦੇ ਘੋੜਿਆਂ ਨੂੰ ਬੇਲਗਾਮ ਕਰਨ ਲਈ ਕਾਫ਼ੀ ਹਨ। ਪੰਜਾਬੀ ਸਭਿਆਚਾਰ ਬਾਰੇ ਕੰਮ ਕਰਨ ਵਾਲੇ ਪ੍ਰੋ. ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਹੁਣ ਜ਼ਿੰਦਗੀ ’ਚੋਂ ਟਿਕਾਅ ਖ਼ਤਮ ਹੋ ਗਿਆ ਹੈ ਅਤੇ ਤੇਜ਼ੀ ਦੇ ਯੁੱਗ ਵਿਚ ਫਾਸਟ ਫੂਡ ਜਨਮਿਆ ਹੈ। ਤੜਕ ਭੜਕ ਦੇ ਖਾਣਿਆਂ ਦਾ ਰੁਝਾਨ ਮੰਡੀ ਦੀ ਕਾਮਯਾਬੀ ਦੀ ਗਵਾਹੀ ਭਰਨ ਲਈ ਕਾਫ਼ੀ ਹੈ। ਜੋਸ਼ੀ ਆਖਦੇ ਹਨ ਕਿ ਜ਼ਿੰਦਗੀ ਦਾ ਪੁਰਾਣਾ ਮੁਹਾਂਦਰਾ ਬਦਲਣ ਨਾਲ ਨਵੇਂ ਖਾਣਿਆਂ ਨੇ ਨਵੀਆਂ ਸਰੀਰਕ ਅਲਾਮਤਾਂ ਨੂੰ ਵੀ ਜਨਮ ਦਿੱਤਾ ਹੈ।

                              ‘ਆਨਲਾਈਨ’ ਡਲਿਵਰੀ ਨੇ ਦਿਨ ਬਦਲੇ: ਐਸੋਸੀਏਸ਼ਨ

ਪੰਜਾਬ ਹੋਟਲ, ਰੇਸਤਰਾਂ ਤੇ ਰਿਜ਼ੌਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਕਰੋਨਾ ਯੁੱਗ ਤੋਂ ਬਾਅਦ ਪੰਜਾਬ ਵਿਚ ਬਾਹਰ ਖਾਣ ਪੀਣ ਦਾ ਰੁਝਾਨ ਵਧਿਆ ਹੈ। ਇਸ ਨਾਲ ਹੋਟਲ ਸਨਅਤ ਦਾ ਕੰਮ ਕਾਫ਼ੀ ਵਧਿਆ ਹੈ ਅਤੇ ਹੁਣ ਲੋਕ ਆਪੋ ਆਪਣੇ ਘਰਾਂ ’ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਬਾਹਰ ਦਾ ਖਾਣਾ ਖੁਆਉਂਦੇ ਹਨ। ਆਨਲਾਈਨ ਡਲਿਵਰੀ ਕਰਕੇ ਦੇਸ਼ ਵਿਚ 138 ਫ਼ੀਸਦੀ ਕਾਰੋਬਾਰ ਵਧਿਆ ਹੈ।

                                          ਵੱਡੇ ਘਰਾਣੇ ਦਾ ਹੋਟਲ ਚਮਕਿਆ

ਪੰਜਾਬ ਦੇ ਇੱਕ ਸਿਆਸੀ ਘਰਾਣੇ ਦਾ ਲਗਜ਼ਰੀ ਹੋਟਲ ਇਸ ਕਾਰੋਬਾਰੀ ਸੂਚੀ ਵਿਚ ਚਮਕਿਆ ਹੈ। ਇਸ ਹੋਟਲ ਨੇ ਸੱਤ ਸਾਲਾਂ ਵਿਚ 350 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਲੰਘੇ ਇੱਕੋ ਸਾਲ ਵਿਚ 70 ਕਰੋੜ ਤੋਂ ਉਪਰ ਦਾ ਕਾਰੋਬਾਰ ਰਿਹਾ ਹੈ। ਮੁਹਾਲੀ ਸ਼ਹਿਰ ਦੇ ਇੱਕ ਕਲੱਬ ਨੇ ਵੀ ਚਾਰ ਸਾਲਾਂ ਵਿਚ 70 ਕਰੋੜ ਤੋਂ ਉਪਰ ਦਾ ਕਾਰੋਬਾਰ ਕੀਤਾ ਹੈ ਜਦੋਂ ਕਿ ਲੁਧਿਆਣਾ ਦੇ ਇੱਕ ਕਲੱਬ ਨੇ ਸਾਲ 2017-18 ਤੋਂ ਸਾਲ 2023-24 ਤੱਕ 52 ਕਰੋੜ ਦਾ ਕਾਰੋਬਾਰ ਕੀਤਾ ਹੈ।

No comments:

Post a Comment