ਟੂੰਮਾਂ-ਛੱਲੇ
ਪੰਜਾਬਣਾਂ ਨੇ ਕਰਾਈ ਛਣ-ਛਣ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬਣਾਂ ਨੂੰ ਸੋਨੇ ਦੀ ਰੰਗਤ ਹੁਣ ਚਾਰ ਚੰਨ ਲਾ ਰਹੀ ਹੈ। ਭਾਵੇਂ ਹੁਣ ਪੰਜਾਬ ਸੋਨੇ ਦੀ ਚਿੜੀ ਤਾਂ ਨਹੀਂ ਰਿਹਾ ਪ੍ਰੰਤੂ ਸੂਬੇ ਵਿਚ ਸੋਨੇ ਦੀ ਚਮਕ ਦੂਣ ਸਵਾਈ ਜ਼ਰੂਰ ਹੋਈ ਹੈ। ਪੰਜਾਬ ’ਚ ਰੋਜ਼ਾਨਾ ਔਸਤਨ 73 ਕਰੋੜ ਰੁਪਏ ਦੇ ਸੋਨਾ ਦਾ ਕਾਰੋਬਾਰ ਹੋ ਰਿਹਾ ਹੈ। ਮੁੱਢ ਕਦੀਮ ਤੋਂ ਹੀ ਪੰਜਾਬੀ ਔਰਤਾਂ ਲਈ ਗਹਿਣਾ ਵਿੱਤੀ ਖ਼ੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ। ਚਾਹੇ ਪੁਰਾਤਨ ਗਹਿਣੇ ਹੁਣ ਬੀਤੇ ਦੀ ਗੱਲ ਬਣ ਗਏ ਹਨ ਪਰ ਸੂਬੇ ਦੇ ਵੱਡੇ ਸ਼ਹਿਰਾਂ ’ਚ ਗਹਿਣਿਆਂ ਦੇ ਖੁੱਲ੍ਹ ਰਹੇ ਆਧੁਨਿਕ ਸ਼ੋਅ ਰੂਮ ਪੰਜਾਬੀਆਂ ਦੀ ਨਬਜ਼ ਨੂੰ ਫੜ ਰਹੇ ਹਨ। ਆਓ ਇੱਕ ਨਜ਼ਰ ਮਾਰੀਏ, ਪੰਜਾਬ ’ਚ ਸਾਲ 2017-18 ਤੋਂ ਅਕਤੂਬਰ 2024 ਤੱਕ 1,99,531 ਕਰੋੜ ਦਾ ਸੋਨਾ ਦਾ ਕਾਰੋਬਾਰ ਹੋਇਆ ਹੈ ਜਿਸ ’ਚ ਡਾਇਮੰਡ ਤੇ ਚਾਂਦੀ ਆਦਿ ਦੀ ਵਿੱਕਰੀ ਵੀ ਸ਼ਾਮਲ ਹੈ। ਇਸ ਲਿਹਾਜ਼ ਨਾਲ ਸੂਬੇ ਵਿਚ ਔਸਤਨ ਹਰ ਵਰ੍ਹੇ ਪੰਜਾਬ ’ਚ 26,604 ਕਰੋੜ ਦਾ ਕੰਮ ਸੋਨੇ ਦਾ ਹੁੰਦਾ ਹੈ। ਸਰਕਾਰੀ ਖ਼ਜ਼ਾਨੇ ਨੂੰ ਇਸ ਕਾਰੋਬਾਰ ਦੇ ਪਸਾਰ ਵਜੋਂ 857.25 ਕਰੋੜ (ਸਾਢੇ ਸੱਤ ਸਾਲਾਂ ’ਚ) ਦਾ ਟੈਕਸ ਵੀ ਪ੍ਰਾਪਤ ਹੋਇਆ ਹੈ। ਪੰਜਾਬ ਦਾ ਸਰਾਫ਼ਾ ਬਾਜ਼ਾਰ ਸਾਲ 2017-18 ਵਿਚ ਜੋ 8967.33 ਕਰੋੜ ਦਾ ਸੀ, ਸਾਲ 2023-24 ’ਚ ਵਧ ਕੇ 37951.63 ਕਰੋੜ ਦਾ ਹੋ ਗਿਆ ਹੈ।
ਸਰਦੇ ਪੁੱਜਦੇ ਤਬਕੇ ਸ਼ੌਕ ਦੇ ਕਬੂਤਰ ਉਡਾਉਂਦੇ ਹਨ, ਜਿਨ੍ਹਾਂ ਲਈ ਜਵੈਲਰੀ ਦੇ ਖੁੱਲ੍ਹੇ ਵੱਡੇ ਸ਼ੋਅ ਰੂਮ ਜਿਵੇਂ ਤਨਿਸ਼ਕ, ਕਲਿਆਣ ਤੇ ਮਾਲਾਵਾਰ ਆਦਿ ਵੱਡੇ ਸ਼ਹਿਰਾਂ ’ਚ ਦੂਰੋਂ ਹੀ ਨਜ਼ਰ ਪੈਂਦੇ ਹਨ। ਸੂਬੇ ਵਿਚ 11,431 ਜਵੈਲਰੀ ਦੁਕਾਨਾਂ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਵਿਚ 3284 ਜਵੈਲਰੀ ਕਾਰੋਬਾਰੀ ਹਨ। ਲੁਧਿਆਣਾ ਵਿਚ 1798, ਜਲੰਧਰ ਵਿਚ 929, ਪਟਿਆਲਾ ਵਿਚ 651, ਹੁਸ਼ਿਆਰਪੁਰ ਵਿਚ 490, ਮੁਕਤਸਰ ਵਿਚ 212 ਜਵੈਲਰਜ਼ ਹਨ। ਸੋਨੇ ਦਾ ਨਿੱਤ ਦਿਨ ਚੜ੍ਹਦਾ ਭਾਅ ਵੀ ਪੰਜਾਬੀ ਪ੍ਰਵਿਰਤੀ ਨੂੰ ਮੋੜਾ ਨਹੀਂ ਦੇ ਸਕਿਆ। ਸੋਨੇ ਦਾ ਭਾਅ ਵੀ ਹੁਣ 79 ਹਜ਼ਾਰ ਰੁਪਏ ਪ੍ਰਤੀ ਤੋਲਾ (24 ਕੈਰਟ) ਹੋ ਗਿਆ ਹੈ ਜੋ ਸਾਲ 2009 ’ਚ 12 ਹਜ਼ਾਰ ਰੁਪਏ ਪ੍ਰਤੀ ਤੋਲਾ ਸੀ। ਚਾਲੂ ਵਿੱਤੀ ਸਾਲ ’ਚ ਸੋਨੇ ਦਾ ਅਕਤੂਬਰ ਤੱਕ (ਸੱਤ ਮਹੀਨੇ) ’ਚ 28,632 ਕਰੋੜ ਦਾ ਕਾਰੋਬਾਰ ਹੋਇਆ ਹੈ। ਪੰਜਾਬੀ ਜੀਵਨ ’ਚ ਗਹਿਣੇ ਹਮੇਸ਼ਾ ਹੀ ਸੁਨਹਿਰੀ ਰੰਗ ਭਰਦੇ ਰਹੇ ਹਨ। ਤਾਹੀਓਂ ਲੋਕ ਸੰਗੀਤ ’ਚ ਇਸ ਦੀ ਧਮਕ ਪੈਂਦੀ ਰਹੀ ਹੈ। ‘ਨੀਂ ਸੋਨੇ ਦੀ ਤਵੀਤ ਵਾਲੀਏ’ ਜਾਂ ‘ਤੇਰਾ ਲੌਂਗ ਦਾ ਪਿਆ ਲਿਸ਼ਕਾਰਾ’ ਅਤੇ ‘ਕੁੜੀਏ ਨੀ ਸੱਗੀ ਫੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਮ’ ਆਦਿ ਨਵੇਂ ਗੀਤ ਪੰਜਾਬੀ ਸ਼ੌਕ ਦੀ ਤਰਜਮਾਨੀ ਕਰਦੇ ਹਨ।
ਨੀਟਾ ਜਵੈਲਰਜ਼ ਭੁੱਚੋ ਮੰਡੀ ਦੇ ਪਰਵਿੰਦਰ ਜੌੜਾ ਆਖਦੇ ਹਨ ਕਿ ਸੋਨਾ ਹਮੇਸ਼ਾ ਹੀ ਆਕਰਸ਼ਨ ’ਚ ਰਿਹਾ ਹੈ ਅਤੇ ਵਿੱਤੀ ਸੁਰੱਖਿਆ ਦਾ ਵਸੀਲਾ ਵੀ ਰਿਹਾ ਹੈ। ਬੈਂਕਾਂ ਦੀਆਂ ‘ਗੋਲਡ ਲੋਨ’ ਸਕੀਮਾਂ ਅਤੇ ਵੱਡੇ ਸ਼ੋਅ ਰੂਮਾਂ ਨੇ ਛੋਟੇ ਸਵਰਨਕਾਰਾਂ ਦਾ ਕੰਮ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਤੋਂ ਸਟੱਡੀ ਵੀਜ਼ੇ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਸੋਨਾ ਗਿਰਵੀ ਰੱਖਣ ਵਾਲੇ ਪਰਿਵਾਰਾਂ ਦੀ ਗਿਣਤੀ ਵਧੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ’ਚ ਸੋਨੇ ਦੇ ਕਾਰੋਬਾਰ ’ਚ ਅੰਮ੍ਰਿਤਸਰ ਦੀ ਝੰਡੀ ਹੈ ਜਿੱਥੇ ਸਾਲ 2023-24 ’ਚ 11,573 ਕਰੋੜ ਦਾ ਕੰਮ ਹੋਇਆ ਹੈ। ਦੂਜੇ ਨੰਬਰ ’ਤੇ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ 11,504 ਕਰੋੜ ਦਾ ਇੱਕੋ ਸਾਲ ’ਚ ਕਾਰੋਬਾਰ ਹੋਇਆ ਹੈ। ਇਵੇਂ ਮੁਹਾਲੀ ਜ਼ਿਲ੍ਹੇ ’ਚ 4017.91 ਕਰੋੜ, ਜਲੰਧਰ ’ਚ 2340 ਕਰੋੜ, ਪਟਿਆਲਾ ’ਚ 1449.98 ਕਰੋੜ ਅਤੇ ਬਠਿੰਡਾ ਵਿਚ 888.48 ਕਰੋੜ ਦਾ ਕਾਰੋਬਾਰ ਇੱਕ ਸਾਲ ’ਚ ਹੋਇਆ। ਜੋ ਕਾਰੋਬਾਰ ਬਿਨਾਂ ਟੈਕਸ ਤਾਰੇ ਹੋਇਆ ਹੈ, ਉਹ ਵੱਖਰਾ ਹੈ। ਕੋਈ ਵੇਲਾ ਸੀ ਜਦੋਂ ਪੰਜਾਬਣਾਂ ਦੇ ਗਹਿਣੇ ਸੱਗੀ ਫੁੱਲ, ਪਿੱਪਲ ਪੱਤੀਆਂ, ਮੱਛਲੀ, ਤੁੰਗਲ, ਨੱਥ ਤੇ ਕਲਿੱਪ ਆਦਿ ਹੁੰਦੇ ਸਨ ਜੋ ਹੁਣ ਵੇਲੇ ਦੀ ਗਰਦਿਸ਼ ’ਚ ਗੁਆਚ ਗਏ ਹਨ।
ਗਹਿਣਿਆਂ ਦੀਆਂ ਹੁਣ ਮਸ਼ੀਨੀ ਘੜਤਾਂ ਹਨ। ਸੋਨੇ ਨਾਲ ਲੱਦੇ ਕਲਾਕਾਰ ਦੇਖ ਕੇ ਪੰਜਾਬੀ ਮੁੰਡਿਆਂ ਦੇ ਮਨਾਂ ’ਚ ਲਾਲਸਾ ਭਰਦੀ ਹੈ। ਸੋਨਾ ਹੁਣ ਸਟੇਟਸ ਸਿੰਬਲ ਵੀ ਹੈ। ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਪੰਜਾਬ ’ਚ ਇੱਕ ਤਬਕਾ ਉਹ ਵੀ ਹੈ ਜਿਨ੍ਹਾਂ ਦੇ ਪੀਪੇ ’ਚ ਆਟਾ ਨਹੀਂ, ਦੂਜਾ ਉਪਰੋਕਤ ਵਰਗ ਹੈ ਜਿਨ੍ਹਾਂ ਦੇ ਘਰਾਂ ’ਚ ਪੀਪੇ ਸੋਨੇ ਨਾਲ ਭਰੇ ਪਏ ਹਨ। ਪਿੰਡਾਂ ਦੀ ਆਮ ਕਿਸਾਨੀ ਤਾਂ ਵਿਆਹ ਸਾਹੇ ’ਤੇ ਹੀ ਮਜਬੂਰੀ ਵੱਸ ਸੋਨਾ ਖ਼ਰੀਦਦੀ ਹੈ। ਉਂਜ, ਸੋਨਾ ਲੋਕ ਮਨਾਂ ਦੀ ਚਾਹਤ ਦਾ ਹਿੱਸਾ ਹਮੇਸ਼ਾ ਰਿਹਾ ਹੈ। ਤਾਹੀਂ ਵੱਡੇ ਜਵੈਲਰਜ਼ ਦੇ ਕੰਮ ਚਮਕੇ ਹਨ। ਅੰਮ੍ਰਿਤਸਰ ਦੀਆਂ ਚਾਰ ਜਵੈਲਰੀ ਦੁਕਾਨਾਂ ਦਾ ਇੱਕੋ ਸਾਲ ਦਾ 1276 ਕਰੋੜ ਦਾ ਅਤੇ ਮੁਹਾਲੀ ਦੀਆਂ ਤਿੰਨ ਦੁਕਾਨਾਂ ਦਾ ਸੋਨੇ ਦਾ ਕੰਮ 3104 ਕਰੋੜ ਦਾ ਰਿਹਾ ਹੈ। ਮੁਹਾਲੀ ਦੇ ਇੱਕ ਕਾਰੋਬਾਰੀ ਨੇ ਇਕੱਲੇ ਨੇ ਹੀ ਸਾਲ ’ਚ 1968 ਕਰੋੜ ਦਾ ਕੰਮ ਕੀਤਾ ਹੈ। ਲੁਧਿਆਣਾ ਦੇ ਚਾਰ ਜਵੈਲਰਾਂ ਨੇ ਇੱਕ ਸਾਲ ’ਚ 1231 ਕਰੋੜ ਦਾ ਕਾਰੋਬਾਰ ਕੀਤਾ ਹੈ।
ਵੱਡੇ ਘਰਾਂ ਦੀਆਂ ਨੂੰਹਾਂ..
ਵੱਡੇ ਘਰਾਂ ਦੀਆਂ ਨੂੰਹਾਂ ਲਈ ਕੋਲ ਕੋਈ ਘਾਟਾ ਨਹੀਂ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੋਲ 7.03 ਕਰੋੜ ਦੇ ਗਹਿਣੇ ਹਨ ਜਦੋਂ ਕਿ ਭਾਜਪਾ ਨੇਤਾ ਅਰਵਿੰਦ ਖੰਨਾ ਦੀ ਪਤਨੀ ਕੋਲ 4.37 ਕਰੋੜ ਦਾ ਗਹਿਣੇ ਹਨ। ਇਸ ਪਰਿਵਾਰ ਕੋਲ ਕੁੱਲ 9.71 ਕਰੋੜ ਦੇ ਗਹਿਣੇ ਹਨ। ਅਮਰਿੰਦਰ ਦੇ ਪਰਿਵਾਰ ਕੋਲ 1.44 ਕਰੋੜ ਦਾ ਗਹਿਣੇ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਕੋਲ 1.55 ਕਰੋੜ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਰਿਵਾਰ ਕੋਲ 1.52 ਕਰੋੜ, ਸਾਬਕਾ ਮੰਤਰੀ ਓ. ਪੀ. ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਦੇ ਗਹਿਣੇ ਹਨ।
ਰਵਾਇਤੀ ਕਾਰੋਬਾਰੀ ਲੋਕ ਪ੍ਰਭਾਵਿਤ ਹੋਏ : ਸੇਠ
ਸਵਰਨਕਾਰ ਸੰਘ ਦੇ ਸੂਬਾ ਜਨਰਲ ਸਕੱਤਰ ਹਰੀਕ੍ਰਿਸ਼ਨ ਸੇਠ ਦਾ ਕਹਿਣਾ ਸੀ ਕਿ ਮੌਜੂਦਾ ਹਾਲਾਤਾਂ ’ਚ ਸੋਨਾ ਪਹਿਨ ਕੇ ਬੇਖ਼ੌਫ ਘੁੰਮਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ ਕਿਉਂਕਿ ਸਨੈਚਰ ਵਧ ਗਏ ਹਨ। ਔਰਤਾਂ ਨੂੰ ਸ਼ੌਕ ਤਾਂ ਹੈ ਪ੍ਰੰਤੂ ਹੁਣ ਮਹਿੰਗਾਈ ਦੀ ਮਾਰ ਵੀ ਨਾਲ ਪਈ ਹੈ। ਵੱਡੇ ਸ਼ੋਅ ਰੂਮਾਂ ਨੇ ਰਵਾਇਤੀ ਕਾਰੀਗਰਾਂ ਦਾ ਕੰਮ ਪ੍ਰਭਾਵਿਤ ਕੀਤਾ ਹੈ। ਇਹ ਵੀ ਦੱਸਿਆ ਕਿ ਪੁਰਾਣਾ ਸੋਨਾ ਵੇਚ ਕੇ ਨਵੇਂ ਗਹਿਣੇ ਲੈਣ ਦਾ ਰੁਝਾਨ ਹੈ। ਉਨ੍ਹਾਂ ਲਈ ਹੁਣ ਸੁਰੱਖਿਆ ਦਾ ਵੱਡਾ ਮਸਲਾ ਹੈ।
ਕਾਰਟੂਨ : ਸੰਦੀਪ ਜੋਸ਼ੀ
No comments:
Post a Comment