ਮਿੱਟੀ ਦੇ ਜਾਏ
ਖੇਤਾਂ ਦੇ ਰਾਹ, ਸਾਹਾਂ ਦੀ ਡੋਰ..!
ਚਰਨਜੀਤ ਭੁੱਲਰ
ਚੰਡੀਗੜ੍ਹ : ਇੱਕ ਬੰਨ੍ਹੇ ਜ਼ਿੰਦਗੀ ਹੈ ਤੇ ਦੂਜੇ ਪਾਸੇ ਹਕੂਮਤ, ਐਨ ਵਿਚਕਾਰ ਖਨੌਰੀ ਬਾਰਡਰ ਹੈ ਜਿੱਥੇ ਫਰਵਰੀ ਮਹੀਨੇ ਤੋਂ ਅੰਦੋਲਨੀ ਪਿੜ ਬੱਝਿਆ ਹੋਇਆ ਹੈ। ਪਿੜ ’ਚ ਖੜ੍ਹੀ ਟਰਾਲੀ ਤੇ ਇਸ ਟਰਾਲੀ ’ਚ ਪਈ ਜ਼ਿੰਦਗੀ ਓਵੇ ਸਹਿਕ ਰਹੀ ਹੈ ਜਿਵੇਂ ਪੰਜਾਬ ਦੀ ਕਿਸਾਨੀ। ਸੁਪਰੀਮ ਕੋਰਟ ਇਸ ਜ਼ਿੰਦਗੀ ਲਈ ਫ਼ਿਕਰਮੰਦ ਹੈ, ਠੀਕ ਉਵੇਂ ਜਿਵੇਂ ਪੰਜਾਬ ਦੀਆਂ ਮਾਵਾਂ ਤੇ ਕਿਸਾਨੀ ਬਾਹਾਂ। ਬਾਪੂ ਹਜ਼ੂਰਾ ਸਿੰਘ ਨੇ ਪੂਰੀ 107 ਸਾਲ ਦੀ ਉਮਰ ਭੋਗੀ। ਪੁੱਤ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਦੀ ਡੋਰ ਹੁਣ ਹਕੂਮਤਾਂ ਦੇ ਹੱਥ ਹੈ। 70 ਵਰਿ੍ਹਆਂ ਦੇ ਡੱਲੇਵਾਲ ਦੇ ਮਰਨ ਵਰਤ ਨੂੰ 34 ਦਿਨ ਬੀਤ ਚੱਲੇ ਹਨ। ਜ਼ਿੰਦਗੀ ਤੇ ਸੱਤਾ ਦਰਮਿਆਨ ਚੱਲ ਰਹੀ ਇਸ ਜੰਗ ’ਚ ਕੌਣ ਜਿੱਤੇਗਾ, ਭਵਿੱਖ ਨੇ ਤੈਅ ਕਰਨਾ ਹੈ। ਜਿਉਂ ਜਿਉਂ ਦਿਨ ਲੰਘ ਰਹੇ ਹਨ, ਮਿੱਟੀ ਦਾ ਇਹ ਜਾਇਆ ਕਦੇ ਹਰੀ ਕ੍ਰਾਂਤੀ ਦੇ ਵਾਰਸਾਂ ਵੱਲ ਤੇ ਕਦੇ ਦਿੱਲੀ ਦੇ ਮੂੰਹ ਵੱਲ ਦੇਖ ਰਿਹਾ ਹੈ। ਡੱਲੇਵਾਲ ਕਿਸਾਨੀ ਦਾ ਸਿਰਫ਼ ਪ੍ਰਤੀਕ ਹੀ ਨਹੀਂ, ਉਸ ਤੋਂ ਵੱਧ ਮਾਨਵੀ ਚਿਹਰਾ ਵੀ ਹੈ। ਕਣਕਾਂ ਦੇ ਜਵਾਨ ਹੋਣ ਤੋਂ ਪਹਿਲਾਂ ਹਕੂਮਤੀ ਜ਼ਮੀਰ ਜਾਗੀ ਤਾਂ ਕਿਸਾਨੀ ਨੂੰ ਆਸ ਬੱਝ ਸਕਦੀ ਹੈ।
ਫ਼ਸਲਾਂ ਦੇ ਭਾਅ ਦੀ ਕਾਨੂੰਨੀ ਗਰੰਟੀ ਮਿਲੇ, ਕਰਜ਼ਾ ਮੁਆਫ਼ ਹੋਵੇ ਤੇ ਖੇਤੀ ਅਲਾਮਤਾਂ ਕਿਸੇ ਕਿਸਾਨ ਦੀ ਫਾਹੀ ਨਾ ਬਣਨ, ਬੱਸ ਇਨ੍ਹਾਂ ਦਾ ਹੱਲ ਚਾਹੁੰਦਾ ਹੈ ਡੱਲੇਵਾਲ। ਕੇਂਦਰੀ ਸੱਤਾ ਦੀ ਅੱਖ ਸੁੱਕੀ ਹੈ ਤੇ ਕਿਸਾਨੀ ਅੱਖਾਂ ’ਚ ਹੰਝੂ ਹਨ। ਕੈਂਸਰ ਡੱਲੇਵਾਲ ਦੀ ਵੱਖਰੀ ਪ੍ਰੀਖਿਆ ਲੈ ਰਿਹਾ ਹੈ। ਇਸ ਕਿਸਾਨ ਨੇਤਾ ਦੇ ਸਾਹਾਂ ਦੀ ਡੋਰ ਕੇਂਦਰ ਦੇ ਰੇਸ਼ਮੀ ਧਾਗੇ ਨਾਲ ਬੱਝੀ ਹੋਈ ਹੈ। ਜਦੋਂ ਡੱਲੇਵਾਲ ਦੇ ਪਰਿਵਾਰ ਨਾਲ ਢੇਰ ਗੱਲਾਂ ਕੀਤੀਆਂ ਤਾਂ ਜਿਣਸਾਂ ਦੇ ਬੋਹਲ ਆਪਣੀ ਹੋਂਦ ਨਾਲ ਜੂਝਦੇ ਨਜ਼ਰ ਆਏ। ਜਦੋਂ ਬਚਪਨ ਉਮਰੇ ਸੀ ਤਾਂ ਬਾਪੂ ਹਜ਼ੂਰਾ ਸਿੰਘ ਆਪਣੇ ਪੁੱਤ ਜਗਜੀਤ ਨੂੰ ਮੋਢਿਆਂ ’ਤੇ ਬਿਠਾ ਪੈਲੀਆਂ ਵੱਲ ਹੱਥ ਕਰ ਆਖਦਾ, ਸ਼ੇਰ ਬੱਗਿਆ! ਔਹ ਦੇਖ ਆਪਣੇ ਖੇਤ। ਅੱਜ ਉਸੇ ਪੁੱਤ ਲਈ ਦਿੱਲੀ ਦੂਰ ਹੋ ਗਈ ਹੈ ਤੇ ਉਹ ਸੁੰਨ ਪਿਆ ਹੈ, ਕੰਨਾਂ ’ਚ ਵੱਜਦੇ ਕਿਸਾਨੀ ਨਾਅਰੇ ਉਸ ਦਾ ਹੌਸਲਾ ਬੰਨ੍ਹਦੇ ਹਨ। ‘ਮੂਲ ਨਾਲੋਂ ਵਿਆਜ ਪਿਆਰਾ’, ਪੋਤਰਾ ਜਿਗਰਜੋਤ ਸਿੰਘ ਖਨੌਰੀ ਮੋਰਚੇ ’ਚ ਖੜ੍ਹੀ ਟਰਾਲੀ ’ਚ ਨਿਢਾਲ ਪਏ ਦਾਦੇ ਵੱਲ ਟਿਕਟਿਕੀ ਲਾ ਵੇਖ ਰਿਹਾ ਹੈ। ਦਾਦਾ ਡੱਲੇਵਾਲ ਹੌਸਲਾ ਦੇ ਰਿਹਾ ਹੈ। ਕਈ ਦਿਨਾਂ ਤੋਂ ਪੋਤਰੇ ਨੇ ਰੋਟੀ ਪਾਣੀ ਖਾਣਾ ਘਟਾ ਦਿੱਤਾ ਹੈ, ਉਸ ਦਾ ਸਕੂਲ ’ਚ ਹੁਣ ਦਿਲ ਨਹੀਂ ਲੱਗਦਾ।
ਦਾਦੇ-ਪੋਤੇ ਦਾ ਮੋਹ ਏਨਾ ਕਿ ਜਿਗਰਜੋਤ ਬਾਬੇ ਬਿਨਾਂ ਸਾਹ ਨਹੀਂ ਲੈਂਦਾ। ਡੱਲੇਵਾਲ ਨੇ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਆਪਣੀ 17 ਏਕੜ ਸੰਪਤੀ ਪਰਿਵਾਰ ਦੇ ਨਾਮ ਤਬਦੀਲ ਕੀਤੀ, ਸਭ ਤੋਂ ਵੱਧ 10.5 ਏਕੜ ਖੇਤ ਆਪਣੇ ਪੋਤਰੇ ਦੇ ਨਾਮ ਕੀਤੇ। ਡੱਲੇਵਾਲ ਦਾ ਬਾਪ 2011 ’ਚ ਜਹਾਨੋਂ ਚਲਾ ਗਿਆ ਤੇ 1994 ’ਚ ਮਾਂ ਅਜਮੇਰ ਕੌਰ ਰੁਖ਼ਸਤ ਹੋ ਗਈ। ਵੱਡਾ ਭਰਾ ਰਣਜੀਤ ਜੋ ਉਸ ਨੂੰ ਉਂਗਲੀ ਫੜ੍ਹ ਕਿਸਾਨ ਯੂਨੀਅਨ ’ਚ ਲੈ ਕੇ ਆਇਆ, ਵੀ ਅੱਜ ਇਸ ਸੰਸਾਰ ’ਚ ਨਹੀਂ ਰਿਹਾ। ਇਸੇ 27 ਜਨਵਰੀ ਨੂੰ ਪਤਨੀ ਹਰਜੀਤਇੰਦਰ ਕੌਰ ਚਲ ਵਸੀ। ਪਰਿਵਾਰ ’ਚ ਇਕਲੌਤਾ ਪੁੱਤ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ ਤੇ ਪੋਤਰਾ ਜਿਗਰਜੋਤ ਹਨ। ਡੱਲੇਵਾਲ ਆਖਦਾ ਹੈ ਕਿ ‘ਆਹ ਖੇਤਾਂ ਦੇ ਜਾਏ ਸਭ ਮੇਰਾ ਪਰਿਵਾਰ ਹੀ ਤਾਂ ਹੈ।’ ਖੇਤਾਂ ਦੀ ਪੱਗ ਬਚਾਉਣ ਲਈ ਡੱਲੇਵਾਲ ਜ਼ਿੰਦਗੀ ਤੇ ਮੌਤ ਵਿਚਲੇ ਫ਼ਾਸਲੇ ਦੀ ਹੁਣ ਪ੍ਰਵਾਹ ਨਹੀਂ ਕਰ ਰਿਹਾ। ਜਦੋਂ ਸੁਪਨੇ ਕਰੰਡ ਹੋ ਜਾਣ, ਆਸਾਂ ਦਾ ਬੂਰ ਝੜ ਜਾਵੇ ਤਾਂ ਫਿਰ ਕਿਸੇ ਨਾ ਕਿਸੇ ਡੱਲੇਵਾਲ ਨੂੰ ਮੌਤ ਲੱਕ ਨਾਲ ਬੰਨ੍ਹ ਕੇ ਕੁੱਦਣਾ ਪੈਂਦਾ ਹੈ।
ਭਾਰਤੀ ਹਕੂਮਤ ਦੀ ਜ਼ਮੀਰ ਫ਼ੌਤ ਹੋਈ ਜਾਪਦੀ ਹੈ ਅਤੇ ਡੱਲੇਵਾਲ ਦੇ ਸਾਹ ਆਖ਼ਰੀ ਪੜਾਅ ’ਤੇ ਹਨ। ਡਾਕਟਰ ਆਖਦੇ ਹਨ ਕਿ ਬਲੱਡ ਪ੍ਰੈਸ਼ਰ ਹੁਣ ਅਸਾਡੇ ਹੱਥ ’ਚ ਨਹੀਂ। ਡੱਲੇਵਾਲ ਆਖਦਾ ਹੈ ਕਿ ਉਨ੍ਹਾਂ ਹਜ਼ਾਰਾਂ ਕਿਸਾਨ ਪਰਿਵਾਰਾਂ ਦਾ ਮਨ ’ਤੇ ਪ੍ਰੈਸ਼ਰ ਹੈ ਜਿਨ੍ਹਾਂ ਨੇ ਆਪਣੇ ਜਾਏ ਖੇਤਾਂ ਦੀਆਂ ਟਾਹਲੀਆਂ ਤੋਂ ਲਮਕਦੇ ਲਾਹੇ। ‘ਕਿਸਾਨ-ਏ-ਜੰਗ’ ’ਚ ਸੈਂਕੜੇ ਕਿਸਾਨ ਬਾਬੇ ਉੱਤਰੇ ਹਨ ਜਿਨ੍ਹਾਂ ਦੇ ਸਾਹਾਂ ਦਾ ਝਾੜ ਮੁੱਕਣ ਕਿਨਾਰੇ ਹੈ। ਜਦੋਂ ਡੱਲੇਵਾਲ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ’ਚ ਪੜ੍ਹਦਾ ਸੀ ਤਾਂ ਮਾਂ ਅਜਮੇਰ ਕੌਰ ਆਪਣੇ ਦੋਵੇਂ ਬੱਚਿਆਂ ਲਈ ਚੂਰੀ ਕੁਟਦੀ। ਕਈ ਵਾਰੀ ਤਾਂ ਰਜਾ ਰਜਾ ਵੱਸ ਕਰਾ ਦਿੰਦੀ। ਅੱਜ ਮਾਂ ਇਸ ਮਾਤ ਲੋਕ ’ਚ ਨਹੀਂ ਜਿਸ ਦੇ ਪੁੱਤ ਨੇ 34 ਦਿਨਾਂ ਤੋਂ ਅੰਨ ਪਾਣੀ ਨੂੰ ਮੂੰਹ ਨਹੀਂ ਲਾਇਆ। ਜਵਾਨੀ ਪਹਿਰੇ ਜਦੋਂ ਪਿੰਡ ’ਚ ਬੱਸਾਂ ਨਹੀਂ ਰੁਕਦੀਆਂ ਸਨ ਤਾਂ ਜਗਜੀਤ ਤੇ ਸਾਥੀਆਂ ਨੇ ਬੱਸਾਂ ਰੁਕਵਾਈਆਂ ਤੇ ਬੱਸ ਅੱਡਾ ਬਣਾਇਆ। ਪੜਾਈ ਵੇਲੇ ਕਾਲਜ ’ਚ ਵਿਦਿਆਰਥੀ ਜਥੇਬੰਦੀ ’ਚ ਕੁੱਦਿਆ।
ਵੱਡਾ ਭਰਾ ਰਣਜੀਤ ਕਿਸਾਨ ਯੂਨੀਅਨ ਦਾ ਖ਼ਜ਼ਾਨਚੀ ਸੀ, ਹਿਸਾਬ ਕਿਤਾਬ ਰੱਖਣ ਵਾਸਤੇ ਜਗਜੀਤ ਦਾ ਸਹਾਰਾ ਲੈਂਦਾ। ਜਗਜੀਤ ਡੱਲੇਵਾਲ ਨੇ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਵਜੋਂ ਸ਼ੁਰੂਆਤ ਕੀਤੀ। ਫਿਰ ਬੀਕੇਯੂ (ਏਕਤਾ) ਦਾ ਬਲਾਕ ਪ੍ਰਧਾਨ ਅਤੇ ਦਸ ਸਾਲ ਜ਼ਿਲ੍ਹਾ ਪ੍ਰਧਾਨ ਰਿਹਾ। ਯੂਨੀਅਨ ਦੇ ਸੂਬਾ ਪ੍ਰਧਾਨ ਪਿਸ਼ੌਰਾ ਸਿੰਘ ਦੀ ਮੌਤ ਮਗਰੋਂ ਸਾਲ 2016 ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਣ ਗਏ। ਦਿੱਲੀ ਦੇ ਕਿਸਾਨ ਅੰਦੋਲਨ ਪਿੱਛੋਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਅਗਵਾਈ ਕਰਨ ਲੱਗੇ। 13 ਫਰਵਰੀ 2023 ਤੋਂ ਖਨੌਰੀ ਬਾਰਡਰ ’ਤੇ ਹੁਣ ਬੈਠਾ ਜੰਗ ਲੜ ਰਿਹਾ ਹੈ। ਖੇਤਾਂ ਦਾ ਜਾਇਆ, ਪੰਜਾਬ ’ਚ ਜੂਹ ’ਚ ਬੈਠ ਹੁਣ ਕਿਸਾਨੀ ਹੋਂਦ ਲਈ ਮਿਸਾਲ ਬਾਲ ਰਿਹਾ ਹੈ। ਕੁੱਝ ਵਰ੍ਹੇ ਪਹਿਲਾਂ ਰਾਕੇਸ਼ ਟਿਕੈਤ ਨੇ ਹੰਝੂਆਂ ਦਾ ਤੇਲ ਇਸ ਮਿਸਾਲ ’ਚ ਪਾਇਆ ਸੀ ਅਤੇ ਹੁਣ ਡੱਲੇਵਾਲ ਸਾਹਾਂ ਦੇ ਲੱਪ ਪਾ ਰਿਹਾ ਹੈ।
ਜਿਗਰੀ ਦੋਸਤ ਨੂੰ ਵੀ ਕੀਤਾ ਇਨਕਾਰ
ਜਗਜੀਤ ਡੱਲੇਵਾਲ ਦਾ ਬਚਪਨ ਦਾ ਦੋਸਤ ਸਾਬਕਾ ਫ਼ੌਜੀ ਸੁਖਦੇਵ ਸਿੰਘ ਆਖਦਾ ਹੈ ਕਿ ‘ਉਹ ਕਹੀ ਗੱਲ ਤੋਂ ਪਿਛਾਂਹ ਨਹੀਂ ਮੁੜਦਾ’। ਫ਼ੌਜੀ ਸੁਖਦੇਵ ਪਿਛਲੇ ਦਿਨੀਂ ਡੱਲੇਵਾਲ ਨੂੰ ਮਿਲਿਆ ਤੇ ਕੰਨ ’ਚ ਕਿਹਾ, ‘ਰੱਬ ਦੇ ਵਾਸਤੇ ਮਰਨ ਵਰਤ ਤੋੜ ਦੇ।’ ਜਗਜੀਤ ਡੱਲੇਵਾਲ ਨੇ ਕੋਰੀ ਨਾਂਹ ਕਰ ਦਿੱਤੀ। ਫ਼ੌਜੀ ਸੁਖਦੇਵ ਸਿੰਘ ਦੱਸਦਾ ਹੈ ਕਿ ਕਾਲਜ ਦੀ ਪੜਾਈ ਉਮਰੇ ਜਗਜੀਤ ਨੂੰ ਫ਼ਿਲਮੀ ਅਦਾਕਾਰ ਬਣਨ ਦਾ ਸ਼ੌਕ ਸੀ ਅਤੇ ਕਿਤਾਬਾਂ ਪੜਦਾ ਰਹਿੰਦਾ ਸੀ।
No comments:
Post a Comment