ਟੌਹਰ ਟੱਪਾ
ਕਦੇ ਬੁਲੇਟ ਤੇ ਕਦੇ ਥਾਰ ਹੋਵੇ !
ਚਰਨਜੀਤ ਭੁੱਲਰ
ਚੰਡੀਗੜ੍ਹ : ਸ਼ੌਕ ਦਾ ਕੋਈ ਮੁੱਲ ਹੁੰਦਾ ਤਾਂ ਪੰਜਾਬ ਦੇ ਵਿਹੜੇ ’ਚ ਨਾ ਬੁਲੇਟ ਖੜ੍ਹਨਾ ਸੀ ਅਤੇ ਨਾ ਹੀ ਨਵੀਂ ਨਕੋਰ ਥਾਰ। ਪਹਿਲਾਂ ਇਸ ਦੀ ਆਮਦ ’ਤੇ ਪੰਜਾਬ ਦੇ ਮਹਾਂਨਗਰਾਂ ਨੇ ਤੇਲ ਚੋਇਆ, ਫਿਰ ਪਿੰਡਾਂ ਦੀ ਦੇਹਲੀ ਤੱਕ ਥਾਰ ਪੁੱਜ ਗਈ। ਥਾਰ ਗੱਡੀ ਦੀ ਜਿਸ ਦਰ ਨਾਲ ਪੰਜਾਬ ’ਚ ਵਿੱਕਰੀ ਵਧੀ, ਉਸ ਤੋਂ ਲੱਗਦਾ ਹੈ ਕਿ ਜਵਾਨੀ ਥਾਰ ਲਈ ਦੀਵਾਨੀ ਹੀ ਨਹੀਂ ਬਲਕਿ ਮਸਤਾਨੀ ਵੀ ਹੋਈ ਹੈ। ਲੰਘੇ ਪੰਜ ਵਰ੍ਹਿਆਂ ’ਚ ‘ਬੁਲੇਟ ਤੇ ਥਾਰ’ ਦਾ ਸ਼ੌਕ ਪੂਰਨ ਲਈ ਪੰਜਾਬੀਆਂ ਨੇ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਖ਼ਰਚ ਦਿੱਤੇ ਹਨ। ਆਓ ਵੇਰਵੇ ਦੇਖੀਏ, ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਅਕਤੂਬਰ 2020 ਵਿਚ ਥਾਰ ਜੀਪ ਨੂੰ ਲਾਂਚ ਕੀਤਾ ਸੀ। ਸਾਲ 2020-21 ਤੋਂ ਅਕਤੂਬਰ 2024 ਤੱਕ ਸਮੁੱਚੇ ਦੇਸ਼ ਵਿਚ 2.07 ਲੱਖ ਥਾਰ ਜੀਪ ਦੀ ਵਿੱਕਰੀ ਹੋਈ ਹੈ ਜਦੋਂ ਕਿ ਇਕੱਲੇ ਪੰਜਾਬ ਵਿਚ ਇਨ੍ਹਾਂ ਪੰਜ ਵਰ੍ਹਿਆਂ ’ਚ 24,794 ਥਾਰ ਜੀਪ ਦੀ ਸੇਲ ਹੋਈ ਹੈ। ਪਹਿਲੋਂ ਤਿੰਨ ਤਾਕੀਆਂ ਵਾਲੀ ਤੇ ਹੁਣ ਪੰਜ ਤਾਕੀਆਂ ਵਾਲੀ ਥਾਰ ਬਾਜ਼ਾਰ ’ਚ ਆਈ ਹੈ।
ਥਾਰ ਦੀ ਕੀਮਤ 13 ਲੱਖ ਤੋਂ 20 ਲੱਖ ਤੱਕ ਦੱਸੀ ਜਾ ਰਹੀ ਹੈ। ਪੰਜਾਬੀਆਂ ਨੇ ਕਤਾਰਾਂ ਬੰਨ੍ਹ ਥਾਰ ਖ਼ਰੀਦ ਕੀਤੀ। ਲੋਕ ਮਨਾਂ ’ਚ ਪੰਜਾਬ ਦਾ ਕਦੇ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਲੱਦੇ ਖੇਤਾਂ, ਢੋਲੇ ਮਾਹੀਏ ਗਾਉਂਦੀ ਜਵਾਨੀ ਵਾਲਾ ਬਿੰਬ ਸੀ। ਅੱਜ ਕੱਲ੍ਹ ਪੰਜਾਬ ਦੀਆਂ ਜਰਨੈਲੀ ਸੜਕਾਂ ’ਤੇ ਘੁੰਮਦੀ ਥਾਰ ਜੀਪ ਨਵੀਂ ਕਿਸਮ ਦੀ ਖ਼ੁਸ਼ਹਾਲੀ ਦੀ ਦੱਸ ਪਾ ਰਹੀ ਹੈ। ਤੱਥਾਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿਚ 5211 ਥਾਰ ਜੀਪਾਂ ਦੀ ਵਿੱਕਰੀ ਹੋਈ ਹੈ ਜਦੋਂ ਕਿ ਪਿਛਲੇ ਸਾਲ 2023-24 ਵਿਚ 8951 ਥਾਰ ਜੀਪਾਂ ਸੇਲ ਹੋਈਆਂ ਹਨ। ਮੁੱਢ ਸਾਲ 2020-21 ਤੋਂ ਬੱਝਾ ਸੀ ਜਦੋਂ ਸਿਰਫ਼ 708 ਥਾਰ ਜੀਪਾਂ ਪੰਜਾਬ ’ਚ ਵਿਕੀਆਂ ਸਨ। ਇਵੇਂ ਹੀ ਸਾਲ 2021-22 ਵਿਚ 4354 ਅਤੇ ਸਾਲ 2022-23 ਵਿਚ 5570 ਥਾਰ ਜੀਪਾਂ ਦੀ ਵਿੱਕਰੀ ਹੋਈ ਹੈ। ਪ੍ਰਤੀ ਜੀਪ 15 ਲੱਖ ਦਾ ਖਰਚਾ ਵੀ ਮੰਨ ਲਈਏ ਤਾਂ ਇਨ੍ਹਾਂ ਪੰਜ ਵਰ੍ਹਿਆਂ ਵਿਚ 3719.10 ਕਰੋੜ ਰੁਪਏ ਖ਼ਰਚ ਕੀਤੇ ਗਏ। ਸਾਲ 2023-24 ਵਿਚ ਇਕੱਲੀ 13.71 ਫ਼ੀਸਦੀ ਥਾਰ ਦੀ ਵਿੱਕਰੀ ਪੰਜਾਬ ਵਿਚ ਰਹੀ ਹੈ।
ਰਾਇਲ ਇੰਨਫੀਲਡ (ਬੁਲੇਟ) ਪੰਜਾਬ ’ਚ ਕਿਸੇ ਖ਼ਾਸ ਵਰਗ ਦਾ ਮੁਹਤਾਜ ਨਹੀਂ। ਸਦਾ ਬਹਾਰ ਮੰਗ ਪੰਜਾਬ ਦੇ ਸਰਦੇ ਪੁੱਜਦੇ ਘਰਾਂ ਵਿਚ ਬੁਲੇਟ ਦੀ ਰਹੀ ਹੈ। ਪੰਜਾਬ ਵਿਚ ਮੌਜੂਦਾ ਸਮੇਂ 5.01 ਲੱਖ ਬੁਲਟ ਰਜਿਸਟਰਡ ਹਨ ਜਦੋਂ ਕਿ ਲੰਘੇ ਪੰਜ ਸਾਲਾਂ ’ਚ 1.90 ਲੱਖ ਬੁਲੇਟ ਵਿਕੇ ਹਨ। ਬੁਲੇਟ ਆਨ ਰੋਡ ਘੱਟੋ ਘੱਟ ਪੌਣੇ ਦੋ ਲੱਖ ’ਚ ਪੈਂਦਾ ਹੈ। ਦੇਸ਼ ’ਚ ਇਸ ਵੇਲੇ ਕੁੱਲ 38.58 ਕਰੋੜ ਵਾਹਨ ਰਜਿਸਟਰਡ ਹਨ ਜਦੋਂ ਕਿ ਪੰਜਾਬ ’ਚ ਹਰ ਤਰ੍ਹਾਂ ਦੇ 1.42 ਕਰੋੜ ਵਾਹਨ ਹਨ ਜੋ ਕਿ ਦੇਸ਼ ਦਾ ਕਰੀਬ 3.68 ਫ਼ੀਸਦੀ ਬਣਦੇ ਹਨ। ਸੂਬੇ ’ਚ ਅਨੁਮਾਨਿਤ 75 ਲੱਖ ਘਰ ਹਨ ਅਤੇ ਇਸ ਲਿਹਾਜ਼ ਨਾਲ ਔਸਤਨ ਹਰ ਘਰ ਦੋ ਵਾਹਨ ਖੜ੍ਹੇ ਹਨ। ਉਂਜ ਹਰ ਪੰਦ੍ਹਰਵੇਂ ਘਰ ਵਿਚ ਬੁਲੇਟ ਜ਼ਰੂਰ ਖੜ੍ਹਾ ਹੈ।ਪੰਜਾਬ ਦੇ ਲੋਕਾਂ ਨੇ ਲੰਘੇ ਪੰਜ ਸਾਲਾਂ ’ਚ ਬੁਲੇਟ ਦੀ ਖ਼ਰੀਦ ’ਤੇ ਕਰੀਬ 3327.25 ਕਰੋੜ ਰੁਪਏ ਖ਼ਰਚ ਕੀਤੇ ਹਨ।
ਵੈਸੇ ਤਾਂ ਪੰਜਾਬ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਅੱਜ ਕੱਲ੍ਹ ਫਾਰਚੂਨਰ ਗੱਡੀ ਹੈ ਪ੍ਰੰਤੂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਫਾਰਚੂਨਰ ਦੇ ਨਾਲ ਥਾਰ ਜੀਪ ਵੀ ਰੱਖੀ ਹੋਈ ਹੈ ਅਤੇ ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕੋਲ ਵੀ ਥਾਰ ਜੀਪ ਹੈ। ਸ਼ੌਕ ਦੇ ਮਾਮਲੇ ’ਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵੀ ਕਿਸੇ ਤੋਂ ਘੱਟ ਨਹੀਂ, ਉਨ੍ਹਾਂ ਕੋਲ ਤਿੰਨ ਜੀਪਾਂ, ਇੱਕ ਜੌਂਗਾ ਅਤੇ ਇੱਕ ਫਾਰਚੂਨਰ ਗੱਡੀ ਵੀ ਹੈ। ਪੰਜਾਬ ਵਿਚ ਮੌਜੂਦਾ ਸਮੇਂ 99.50 ਲੱਖ ਮੋਟਰ ਸਾਈਕਲ ਤੇ ਸਕੂਟਰ ਹਨ ਅਤੇ ਖੇਤਾਂ ਵਿਚ 6.15 ਲੱਖ ਟਰੈਕਟਰ ਹਨ। ਸੜਕਾਂ ’ਤੇ 57,017 ਬੱਸਾਂ ਘੁੰਮ ਰਹੀਆਂ ਹਨ ਅਤੇ ਹਸਪਤਾਲਾਂ ਅੱਗੇ 3106 ਐਂਬੂਲੈਂਸਾਂ ਵੀ ਖੜ੍ਹੀਆਂ ਹਨ। ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਪੰਜਾਬ ਸਿਰ ਕਰਜ਼ਾ ਇਸ ਵਿੱਤੀ ਵਰ੍ਹੇ ਦੇ ਅਖੀਰ ਤੱਕ ਪੌਣੇ ਚਾਰ ਲੱਖ ਕਰੋੜ ਨੂੰ ਛੂਹ ਜਾਣਾ ਹੈ। ਫਾਰਚੂਨਰ, ਸਕਾਰਪੀਓ, ਇਨੋਵਾ, ਥਾਰ ਤੇ ਘੁੰਮਣ ਵਾਲਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਇੱਕ ਗ਼ਰੀਬ ਸੂਬਾ ਹੈ ਪ੍ਰੰਤੂ ਇਸ ਦੇ ਬਾਸ਼ਿੰਦੇ ਅਮੀਰ ਹਨ।
ਲਗਜ਼ਰੀ ਗੱਡੀਆਂ ਨੂੰ ਲੱਗੇ ਖੰਭ
ਸ਼ੌਕੀਨਾਂ ਨੇ ਲਗਜ਼ਰੀ ਗੱਡੀਆਂ ਨੂੰ ਖੰਭ ਲਾ ਦਿੱਤੇ ਹਨ। ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਹੁਣ ਫਾਰਚੂਨਰ ਬਣੀ ਹੈ। ਪੰਜਾਬ ਵਿਚ ਸਾਲ 2020-21 ਤੋਂ 13 ਦਸੰਬਰ 2024 ਤੱਕ 8720 ਫਾਰਚੂਨਰ ਗੱਡੀਆਂ ਦੀ ਵਿਕਰੀ ਹੋਈ ਹੈ ਅਤੇ ਸਾਲ 2023-24 ਦੇ ਇੱਕੋ ਸਾਲ ’ਚ 2596 ਫਾਰਚੂਨਰ ਗੱਡੀਆਂ ਦੀ ਸੇਲ ਹੋਈ ਹੈ। ਉਪਰੋਕਤ ਪੌਣੇ ਪੰਜ ਸਾਲਾਂ ’ਚ 27,880 ਸਕਾਰਪਿਓ ਗੱਡੀਆਂ ਦੀ ਵਿਕਰੀ ਹੋਈ ਹੈ ਜਦੋਂ ਕਿ 16,366 ਇਨੋਵਾ ਗੱਡੀਆਂ ਦੀ ਸੇਲ ਹੋਈ ਹੈ। ਹਾਰਲੇ ਡੇਵਿਡਸਨ ਦੀ ਵਿਕਰੀ 401 ਰਹੀ ਹੈ।
ਦੱਖਣ ਦਾ ਕਿਤਾਬੀ ਮੋਹ..
ਪੰਜਾਬ ਵਿਚ ਸਿਰਫ਼ ਚਾਰ ਲਾਇਬ੍ਰੇਰੀ ਵੈਨਾਂ ਰਜਿਸਟਰਡ ਹਨ ਜਦੋਂ ਕਿ ਕੇਰਲਾ ਸੂਬੇ ਵਿਚ 40 ਲਾਇਬ੍ਰੇਰੀ ਵੈਨਾਂ ਦੀ ਰਜਿਸਟ੍ਰੇਸ਼ਨ ਹੈ। ਆਂਧਰਾ ਪ੍ਰਦੇਸ਼ ਵਿਚ 115 ਅਤੇ ਕਰਨਾਟਕ ਵਿਚ 40 ਲਾਇਬ੍ਰੇਰੀ ਵੈਨਾਂ ਹਨ। ਗੁਜਰਾਤ ਵਿਚ 30 ਅਤੇ ਹਰਿਆਣਾ ’ਚ ਸੱਤ ਲਾਇਬ੍ਰੇਰੀ ਵੈਨਾਂ ਹਨ। ਸਮੁੱਚੇ ਦੇਸ਼ ਵਿਚ 430 ਵੈਨਾਂ ਹਨ। ਇਹ ਰੁਝਾਨ ਦੱਖਣ ਦਾ ਕਿਤਾਬਾਂ ਨਾਲ ਲਗਾਓ ਦੀ ਹਾਮੀ ਭਰਦਾ ਹੈ। ਕਹਾਣੀਕਾਰ ਅਤਰਜੀਤ ਵੀਹ ਸਾਲ ‘ਚਲਦੀ ਫਿਰਦੀ ਲਾਇਬ੍ਰੇਰੀ’ ਚਲਾਉਂਦਾ ਰਿਹਾ। ਤਰਕਸ਼ੀਲ ਸੁਸਾਇਟੀ ਅਤੇ ਜਨ ਚੇਤਨਾ ਵਾਲੇ ਵੀ ਆਪੋ ਆਪਣੀ ਲਾਇਬ੍ਰੇਰੀ ਵੈਨ ਚਲਾ ਰਹੇ ਹਨ।
No comments:
Post a Comment