Friday, September 14, 2018

                       ਬਾਦਲਾਂ ਦੇ ਕਾਲਜ
      ਨਹਿਰੀ ਕਲੋਨੀ ’ਚ ਲਾਇਆ ‘ਮੋਘਾ’
                         ਚਰਨਜੀਤ ਭੁੱਲਰ
ਗਿੱਦੜਬਾਹਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਾਈਵੇਟ ਸਕੂਲਾਂ-ਕਾਲਜਾਂ ਨੇ ਨਹਿਰ ਮਹਿਕਮੇ ਦੀ ਸਰਕਾਰੀ ਕਲੋਨੀ ’ਚ ‘ਮੋਘਾ’ ਲਾ ਲਿਆ ਹੈ। ਸਾਬਕਾ ਮੁੱਖ ਮੰਤਰੀ ਬਾਦਲ ਦੀ ਚੇਅਰਮੈਨੀ ਵਾਲੇ ਗਿੱਦੜਬਾਹਾ ’ਚ ਤਿੰਨ ਕਾਲਜ ਹਨ ਜਦੋਂ ਕਿ ਇੱਕ ਪ੍ਰਾਈਵੇਟ ਸਕੂਲ ਹੈ। ਅਕਾਲੀ ਹਕੂਮਤ ਦੌਰਾਨ ਇਨ੍ਹਾਂ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼ ਨੂੰ ਨਹਿਰੀ ਕਲੋਨੀ ਵਿਚ ਚਾਰ ਸਰਕਾਰੀ ਕੋਠੀਆਂ ਅਤੇ ਛੇ ਸਰਕਾਰੀ ਕੁਆਰਟਰ ਅਲਾਟ ਕੀਤੇ ਗਏ ਜਦੋਂ ਕਿ ਪੰਜਾਬ ’ਚ ਹੋਰਨਾਂ ਪ੍ਰਾਈਵੇਟ ਕਾਲਜਾਂ ਨੂੰ ਇਹ ਸੁਵਿਧਾ ਕਿਧਰੇ ਨਹੀਂ ਹੈ। ਰਾਜਸਥਾਨ ਫੀਡਰ ਮੰਡਲ ਫ਼ਿਰੋਜ਼ਪੁਰ ਨੇ ਇਹ ਅਲਾਟਮੈਂਟ ਲੋਕ ਹਿਤ ਵਿਚ ਕੀਤੀ ਹੈ ਜਦੋਂ ਇਹ ਕੋਠੀਆਂ ਅਤੇ ਕੁਆਰਟਰ ਨਹਿਰੀ ਮਹਿਕਮੇ ਦੇ ਸਟਾਫ਼ ਲਈ ਰਾਖਵੇਂ ਸਨ। ਵੇਰਵਿਆਂ ਅਨੁਸਾਰ ਗਿੱਦੜਬਾਹਾ ਦੀ ਨਹਿਰ ਕਲੋਨੀ ਵਿਚ ਸਰਕਾਰੀ ਕੋਠੀ ਨੰਬਰ 1-ਬੀ ਮਾਲਵਾ ਸਕੂਲ ਗਿੱਦੜਬਾਹਾ ਦੇ ਨਾਮ ਤੇ ਕਾਫ਼ੀ ਪੁਰਾਣੀ ਅਲਾਟ ਹੋਈ ਹੈ ਜਿਸ ਵਿਚ ਹੁਣ ਸਕੂਲ ਦੇ ਮੌਜੂਦਾ ਪਿੰ੍ਰਸੀਪਲ ਰਹਿ ਰਹੇ ਹਨ ਜਦੋਂ ਕਿ ਕੋਠੀ ਨੰਬਰ 3-ਬੀ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਗਿੱਦੜਬਾਹਾ ਦੇ ਪ੍ਰਿੰਸੀਪਲ ਰਹਿ ਰਹੇ ਹਨ।  ਕੋਠੀ ਨੰਬਰ 4 ਬੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਦੇ ਨਾਮ ਤੇ ਅਲਾਟ ਹੈ ਜਿਸ ਵਿਚ ਹੁਣ ਪ੍ਰਿੰਸੀਪਲ ਤਰੁਨ ਕਾਲੀਆ ਰਹਿ ਰਹੇ ਹਨ। ਇਸੇ ਤਰ੍ਹਾਂ ਕੋਠੀ ਨੰਬਰ 5-ਬੀ ਵਿਚ ਮਾਲਵਾ ਸਕੂਲ ਦੇ ਤੀਰ-ਅੰਦਾਜ਼ੀ ਦੇ ਕੋਚ ਦੀ ਰਿਹਾਇਸ਼ ਹੈ।
                  ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਪ੍ਰਿੰਸੀਪਲ ਦੇ ਨਾਮ ’ਤੇ ਕੁਆਰਟਰ ਨੰਬਰ 27-ਐਸ ਅਲਾਟ ਕੀਤਾ ਗਿਆ ਹੈ। ਨਹਿਰ ਮਹਿਕਮੇ ਨੇ ਇਸ ਤੋਂ ਬਿਨਾਂ ਬਾਦਲਾਂ ਦੇ ਪ੍ਰਾਈਵੇਟ ਕਾਲਜਾਂ ਦੇ ਸਟਾਫ਼ ਲਈ ਹੋਰ ਪੰਜ ਸਰਕਾਰੀ ਕੁਆਰਟਰ ਅਲਾਟ ਕੀਤੇ ਹਨ ਜਿਨ੍ਹਾਂ ਵਿਚ ਮਾਲਵਾ ਸਕੂਲ ਗਿੱਦੜਬਾਹਾ ਦੇ ਅਧਿਆਪਕ ਰਹਿ ਰਹੇ ਹਨ। ਨਹਿਰੀ ਕਲੋਨੀ ਰਾਜਸਥਾਨ ਫੀਡਰ ਦੀ ਹੈ ਅਤੇ ਰਾਜਸਥਾਨ ਸਰਕਾਰ ਦੀ ਮਾਲਕੀ ਹੈ। 20 ਅਕਤੂਬਰ 2009 ਨੂੰ ਅਲਾਟ ਕੀਤੇ ਸਰਕਾਰੀ ਕੁਆਰਟਰ ਨੰਬਰ ਐਸ-17 ਦੇ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਰਕਾਰੀ ਕੁਆਰਟਰ ਅਲਾਟ ਕਰਨ ਵਾਸਤੇ ਨਹਿਰ ਮਹਿਕਮੇ ਦੇ ਐਸ.ਡੀ.ਓ ਨੇ ਸਿਫ਼ਾਰਸ਼ ਕੀਤੀ ਹੈ ਜਦੋਂ ਕਿ ਰਾਜਸਥਾਨ ਫੀਡਰ ਦੇ ਐਕਸੀਅਨ ਨੇ ਲੋਕ ਹਿਤ ਵਿਚ ਅਲਾਟਮੈਂਟ ਦੇ ਹੁਕਮ ਜਾਰੀ ਕੀਤੇ ਹਨ। ਏਦਾ ਹੀ ਸਾਰੇ ਕੇਸਾਂ ਵਿਚ ਹੋਇਆ ਹੈ। ਇਹ ਸਾਰੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈ ਜੋ ਕਿ ਕਰੀਬ 20 ਏਕੜ ਬਣਦੀ ਹੈ। ਅਲਾਟਮੈਂਟ ਦਾ ਹੱਕ ਵੀ ਰਾਜਸਥਾਨ ਸਰਕਾਰ ਹੀ ਰੱਖਦੀ ਹੈ।  ਦੱਸਦੇ ਹਨ ਕਿ ਜਦੋਂ ਰਾਜਸਥਾਨ ਫੀਡਰ ਦੀ ਉਸਾਰੀ ਹੋਈ ਸੀ ਤਾਂ ਸਾਲ 1958-59 ਵਿਚ ਗਿੱਦੜਬਾਹਾ ਵਿਚ ਨਹਿਰੀ ਕਲੋਨੀ ਬਣੀ ਸੀ।
                 ਨਹਿਰ ਕਲੋਨੀ ਦੇ ਕਰੀਬ ਅੱਧੀ ਦਰਜਨ ਕੁਆਰਟਰ ਤਾਂ ਕੰਡਮ ਹਾਲਤ ਵਿਚ ਹਨ। ਕਲੋਨੀ ਵਿਚ ਸੱਤ ਕੋਠੀਆਂ ਹਨ ਜਿਨ੍ਹਾਂ ਚੋਂ ਚਾਰ ਕੋਠੀਆਂ ਬਾਦਲਾਂ ਦੀ ਚੇਅਰਮੈਨੀ ਵਾਲੇ ਸਕੂਲਾਂ ਕਾਲਜਾਂ ਦੇ ਪਿੰ੍ਰਸੀਪਲਾਂ ਅਤੇ ਸਟਾਫ਼ ਨੂੰ ਅਲਾਟ ਕੀਤੀਆਂ ਹਨ ਅਤੇ ਛੇ ਕੁਆਰਟਰ ਅਲਾਟ ਕੀਤੇ ਹਨ। ਪ੍ਰਤੀ ਕੋਠੀ 1035 ਰੁਪਏ ਪ੍ਰਤੀ ਮਹੀਨਾ ਅਤੇ ਪ੍ਰਤੀ ਕੁਆਰਟਰ ਕਰੀਬ 800 ਰੁਪਏ ਕਿਰਾਇਆ ਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੋਮੈਨ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਦਾ ਪ੍ਰਤੀਕਰਮ ਸੀ ਕਿ ਇਹ ਪੁਰਾਣੀ ਅਲਾਟਮੈਂਟ ਹੀ ਹੈ ਅਤੇ ਕਾਲਜ ਨੇ ਪੱਲਿਓ ਖ਼ਰਚ ਕਰਕੇ ਕੋਠੀਆਂ ਨੂੰ ਮੁਰੰਮਤ ਕੀਤਾ ਹੈ। ਇਸੇ ਤਰ੍ਹਾਂ ਮਾਲਵਾ ਸਕੂਲ ਦੇ ਪ੍ਰਿੰਸੀਪਲ ਸ੍ਰੀ ਕ੍ਰਿਸ਼ਨ ਯਾਦਵ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਰਿਹਾਇਸ਼ ਨਹਿਰੀ ਕਲੋਨੀ ਵਿਚ ਹੈ। ਉਨ੍ਹਾਂ ਹੋਰ ਵੇਰਵੇ ਫ਼ੋਨ ’ਤੇ ਦੇਣ ਤੋਂ ਇਨਕਾਰ ਕਰ ਦਿੱਤਾ।
                       ਅਲਾਟਮੈਂਟ ਫ਼ੌਰੀ ਰੱਦ ਹੋਵੇ : ਸੂਬਾ ਪ੍ਰਧਾਨ
ਸਿੰਚਾਈ ਮਹਿਕਮੇ ਦੀ ਰੈਵਨਿਊ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਸ਼ਰਨਜੀਤ ਸਿੰਘ ਹੁੰਦਲ ਦਾ ਕਹਿਣਾ ਸੀ ਕਿ ਸਰਕਾਰਾਂ ਨੇ ਸੱਤਾ ਦੀ ਦੁਰਵਰਤੋਂ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਫ਼ਾਇਦਾ ਦੇਣ ਖ਼ਾਤਰ ਅਲਾਟਮੈਂਟ ਕੀਤੀ ਹੈ ਜੋ ਕਿ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਨਿਯਮਾਂ ਅਨੁਸਾਰ ਬਕਾਇਦਾ ਅਲਾਟਮੈਂਟ ਕਮੇਟੀ ਬਣਦੀ ਹੈ ਜੋ ਮਹਿਕਮੇ ਦੇ ਮੁਲਾਜ਼ਮਾਂ ਨੂੰ ਹੀ ਕੈਟਾਗਰੀ ਵਾਈਜ਼ ਕੋਠੀਆਂ/ਕੁਆਰਟਰ ਅਲਾਟ ਕਰ ਸਕਦੀ ਹੈ। ਪ੍ਰਾਈਵੇਟ ਕਾਲਜਾਂ ਲਈ ਕੋਈ ਵਿਵਸਥਾ ਨਹੀਂ ਹੈ।
                       ਮਾਮਲੇ ਦੀ ਘੋਖ ਕਰਾਂਗੇ : ਧਾਲੀਵਾਲ
ਰਾਜਸਥਾਨ ਫੀਡਰ ਦੀ ਡਵੀਜ਼ਨ ਫ਼ਿਰੋਜ਼ਪੁਰ ਦੇ ਐਕਸੀਅਨ ਸ੍ਰੀ ਦਲਬੀਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਇਹ ਅਲਾਟਮੈਂਟ ਉਨ੍ਹਾਂ ਤੋਂ ਪਹਿਲਾਂ ਦੀ ਹੈ ਅਤੇ ਉਹ ਰਿਕਾਰਡ ਚੈੱਕ ਕਰਕੇ ਇਸ ਦੀ ਘੋਖ ਕਰਨਗੇ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਕੋਠੀਆਂ ਦੀ ਸਾਂਭ ਸੰਭਾਲ ਦੇ ਨਜ਼ਰੀਏ ਤੋਂ ਅਲਾਟਮੈਂਟ ਕੀਤੀ ਗਈ ਹੋਵੇ।
           








No comments:

Post a Comment