Saturday, September 22, 2018

                           ਜਥੇਦਾਰ ਦਾ ਪੁੱਤਰ 
       ਪਸ਼ੂ ਮੇਲਿਆਂ ਦੇ ਕਾਰੋਬਾਰ ਚੋਂ ‘ਆਊਟ’
                             ਚਰਨਜੀਤ ਭੁੱਲਰ
ਬਠਿੰਡਾ  :  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਤੇ ਸਾਬਕਾ ਅਕਾਲੀ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ ਐਤਕੀਂ ਪਸ਼ੂ ਮੇਲਿਆਂ ਦਾ ਕਾਰੋਬਾਰ ਛੱਡ ਦਿੱਤਾ ਹੈ। ਪਸ਼ੂ ਮੇਲਿਆਂ ਦੇ ਠੇਕੇ ਕਰਕੇ ਜਥੇਦਾਰ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਖ਼ਿਲਾਫ਼ ਵੀ ਮੁਤਵਾਜ਼ੀ ਜਥੇਦਾਰ ਖੁੱਲ੍ਹ ਕੇ ਬੋਲਣ ਲੱਗੇ ਸਨ। ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ ਵਰ੍ਹਾ 2018-19 ਦੇ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਰਕਾਰੀ ਤੌਰ ’ਤੇ ਪਹੁੰਚ ਕੀਤੀ ਸੀ ਪ੍ਰੰਤੂ ਐਤਕੀਂ ਉਨ੍ਹਾਂ ਨੂੰ ਇਹ ਕਾਰੋਬਾਰ ਨਹੀਂ ਮਿਲਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਰਿਕਾਰਡ ਅਨੁਸਾਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਲੜਕੇ ਮਨਜਿੰਦਰ ਸਿੰਘ ਬਤੌਰ ਹਿੱਸੇਦਾਰ ਪਸ਼ੂ ਮੇਲਿਆਂ ਦੇ ਠੇਕੇ ਲੈਣ ਦਾ ਕਾਰੋਬਾਰ ਕਰਦੇ ਰਹੇ ਹਨ।
                 ਹਾਲਾਂਕਿ ਉਹ ਇਹ ਕਾਰੋਬਾਰ ਨਿਯਮਾਂ ਅਨੁਸਾਰ ਅਤੇ ਸਰਕਾਰੀ ਖ਼ਜ਼ਾਨੇ ਨੂੰ ਠੇਕੇ ਦੀ ਪੂਰੀ ਰਾਸ਼ੀ ਤਾਰ ਕੇ ਕਰ ਰਹੇ ਸਨ ਪ੍ਰੰਤੂ ਜਥੇਦਾਰ ਦੇ ਪਰਿਵਾਰ ਚੋਂ ਹੋਣ ਕਰਕੇ ਉਨ੍ਹਾਂ ’ਤੇ ਨੈਤਿਕ ਨਜ਼ਰੀਏ ਤੋਂ ਉਂਗਲ ਉੱਠ ਰਹੀ ਸੀ। ਸਰਕਾਰੀ ਤੱਥਾਂ ਅਨੁਸਾਰ ਪੰਚਾਇਤ ਵਿਭਾਗ ਨੇ ਐਤਕੀਂ ਪਸ਼ੂ ਮੇਲਿਆਂ ਦਾ ਕਾਰੋਬਾਰ ‘ਸਦਾਬ ਰਵਿੰਦਰ ਐਂਡ ਕੰਪਨੀ, ਰਾਜਪੁਰਾ’ ਨੂੰ 72.02 ਕਰੋੜ ਵਿਚ ਦਿੱਤਾ ਹੈ। ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ’ਚ ਮਨਜਿੰਦਰ ਸਿੰਘ ਨਹੀਂ ਹੈ। ਪੰਚਾਇਤ ਵਿਭਾਗ ਕੋਲ ਸਾਲ 2018-19 ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ 9  ਜੁਲਾਈ 2018 ਨੂੰ  ਸਕਿਉਰਿਟੀ ਦਾ ਡਰਾਫ਼ਟ ਜਮ੍ਹਾ ਕਰਾਇਆ ਸੀ ਅਤੇ ਉਨ੍ਹਾਂ ਦੇ ਹਾਜ਼ਰੀ ਸਫ਼ੇ ’ਤੇ ਲੜੀ ਨੰਬਰ ਛੇ ’ਚ ਦਸਤਖ਼ਤ ਵੀ ਹਨ। ਕੁੱਲ 12 ਵਿਅਕਤੀਆਂ ਨੇ ਡਰਾਫ਼ਟ ਜਮ੍ਹਾ ਕਰਾਏ ਸਨ ਜਿਨ੍ਹਾਂ ਚੋਂ ਕੰਮ ਰਵਿੰਦਰ ਐਂਡ ਕੰਪਨੀ ਨੂੰ ਅਲਾਟ ਹੋਇਆ ਹੈ।  ਪਿਛਲੇ ਮਾਲੀ ਵਰੇ੍ਹ ਦੌਰਾਨ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ 1 ਜੁਲਾਈ 2017 ਤੋਂ 30 ਜੂਨ 2018 ਤੱਕ ਦਾ ਠੇਕਾ ‘ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜ਼ਰ’ ਨੂੰ 105.50 ਕਰੋੜ ਵਿਚ ਦਿੱਤਾ ਸੀ ਜਿਸ ਵਿਚ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਵੀ ਹਿੱਸੇਦਾਰ ਸੀ।
                ਪੰਜਾਬੀ ਟ੍ਰਿਬਿਊਨ ਕੋਲ 3 ਅਗਸਤ 2017 ਨੂੰ ਪੰਚਾਇਤ ਮਹਿਕਮੇ ਨਾਲ ਹੋਏ ਐਗਰੀਮੈਂਟ ਦੀ ਕਾਪੀ ਵੀ ਮੌਜੂਦ ਹੈ ਜਿਸ ’ਤੇ ਬਤੌਰ ਹਿੱਸੇਦਾਰ ਬਿੱਟੂ ਦੇ ਦਸਤਖ਼ਤ ਵੀ ਹਨ। ਪੰਜਾਬ ਵਿਚ ਕਰੀਬ 45 ਸ਼ਹਿਰਾਂ ’ਚ ਹਰ ਮਹੀਨੇ 42 ਪਸ਼ੂ ਮੇਲੇ ਲੱਗਦੇ ਹਨ ਜਿਨ੍ਹਾਂ ਚੋਂ ਮੌੜ, ਰਾਮਪੁਰਾ ਤੇ ਧਨੌਲੇ ਦੇ ਵੱਡੇ ਮੇਲੇ ਹਨ।  ਪੰਜਾਬ ਕੈਟਲ ਫੇਅਰਜ਼ (ਰੈਗੂਲੇਸ਼ਨ) ਐਕਟ 1967 ਤਹਿਤ ਪਸ਼ੂ ਮੇਲਿਆਂ ਵਿਚ ਪਸ਼ੂਆਂ ਦੀ ਖ਼ਰੀਦੋ ਤੇ ਚਾਰ ਫ਼ੀਸਦੀ ਫ਼ੀਸ ਵਸੂਲੀ ਜਾਂਦੀ ਹੈ। ਪਹਿਲਾਂ ਸਰਕਾਰ ਫ਼ੀਸ ਵਸੂਲਦੀ ਸੀ ਪ੍ਰੰਤੂ ਪਿਛਲੀ ਸਰਕਾਰ ਨੇ ਮੇਲਿਆਂ ਨੂੰ ਠੇਕੇ ਤੇ ਦੇਣਾ ਸ਼ੁਰੂ ਕੀਤਾ ਸੀ।  ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਧਾਣਾ ਦਾ ਪ੍ਰਤੀਕਰਮ ਸੀ ਕਿ ਪਸ਼ੂ ਮੇਲਿਆਂ ਚੋਂ ਖ਼ਰੀਦ ਕੀਤਾ ਕਾਟੂ ਮਾਲ ਡੇਰਾ ਬੱਸੀ ਦੇ ਬੱੁਚੜਖ਼ਾਨਿਆਂ ਵਿਚ ਸਪਲਾਈ ਹੁੰਦਾ ਹੈ। ਬੇਸ਼ੱਕ ਕਾਨੂੰਨੀ ਤੌਰ ’ਤੇ ਕੱੁਝ ਗ਼ਲਤ ਨਹੀਂ ਪ੍ਰੰਤੂ ਬੱੁਚੜਖ਼ਾਨਿਆਂ ਨੂੰ ਸਪਲਾਈ ਹੋਣ ਵਾਲੇ ਕਾਰੋਬਾਰ ਨਾਲ ਜੁੜਨਾ ਨੈਤਿਕ ਤੌਰ ’ਤੇ ਜਥੇਦਾਰ ਦੇ ਪਰਿਵਾਰ ਲਈ ਠੀਕ ਨਹੀਂ। ਉਨ੍ਹਾਂ ਆਖਿਆ ਕਿ ਪਸ਼ੂ ਮੇਲਿਆਂ ਦਾ ਕਾਰੋਬਾਰ ਵੀ ਹੁਣ ਕੁਰੱਪਸ਼ਨ ਦਾ ਅੱਡਾ ਹੈ।
                 ਕੰਮ ਕਰਨਾ ਕੋਈ ਪਾਪ ਨਹੀਂ ਹੈ : ਮਨਜਿੰਦਰ ਬਿੱਟੂ
ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਉਹ ਪਸ਼ੂ ਮੇਲਿਆਂ ਦੇ ਠੇਕਿਆਂ ਦੇ ਕੰਮ ਵਿਚ ਲੰਮੇ ਸਮੇਂ ਤੋਂ ਹਨ ਅਤੇ ਪਿਛਲੇ ਵਰੇ੍ਹ ਵੀ ਉਨ੍ਹਾਂ ਬਤੌਰ ਹਿੱਸੇਦਾਰ ਕਾਰੋਬਾਰ ਲਿਆ ਸੀ। ਉਨ੍ਹਾਂ ਨੂੰ ਲੰਘੇ ਮਾਲੀ ਸਾਲ ਦੌਰਾਨ ਵੱਡਾ ਮਾਲੀ ਘਾਟਾ ਝੱਲਣਾ ਪਿਆ ਹੈ ਜਿਸ ਕਰਕੇ ਐਤਕੀਂ ਕੰਮ ਨਹੀਂ ਲਿਆ। ਉਹ ਤਾਂ ਪਸ਼ਆਂੂ ਦੀ ਖ਼ਰੀਦੋ ਫ਼ਰੋਖ਼ਤ ’ਤੇ ਸਿਰਫ਼ ਚਾਰ ਫ਼ੀਸਦੀ ਸਰਕਾਰੀ ਫ਼ੀਸ ਵਸੂਲਦੇ ਸਨ ਅਤੇ ਇਸ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦਾ ਵੀ ਲਾਗਾ ਤੇਗ਼ਾ ਨਹੀਂ ਹੁੰਦਾ। ਉਹ ਕਾਨੂੰਨ ਮੁਤਾਬਿਕ ਸਰਕਾਰ ਨੂੰ ਅਦਾਇਗੀ ਕਰਦੇ ਹਨ। ਕੰਮ ਕਰਨਾ ਕੋਈ ਪਾਪ ਨਹੀਂ, ਠੱਗੀ ਮਾਰਨਾ ਮਾੜਾ ਹੈ।







2 comments:

  1. ਇਸ ਤਰਾ ਕਹੋ ਕਿ ਠੇਕਾ ਨਹੀ ਮਿਲਿਆ. ਜਥੇਦਾਰੀ ਕਰਕੇ ਛਡਿਆ ਥੋੜੀ ਹੈ. ਤੁਸੀਂ ਆਪ ਹੀ ਲਿਖਿਆ ਹੈ ਕਿ application ਤਾ ਪਾਈ ਸੀ ਪਰ ਠੇਕਾ ਨਹੀ ਮਿਲਿਆ:
    ਪੰਚਾਇਤ ਵਿਭਾਗ ਕੋਲ ਸਾਲ 2018-19 ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਾਬਕਾ "ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ 9 ਜੁਲਾਈ 2018 ਨੂੰ ਸਕਿਉਰਿਟੀ ਦਾ ਡਰਾਫ਼ਟ ਜਮ੍ਹਾ ਕਰਾਇਆ ਸੀ ਅਤੇ ਉਨ੍ਹਾਂ ਦੇ ਹਾਜ਼ਰੀ ਸਫ਼ੇ ’ਤੇ ਲੜੀ ਨੰਬਰ ਛੇ ’ਚ ਦਸਤਖ਼ਤ ਵੀ ਹਨ।"ਕੁੱਲ 12 ਵਿਅਕਤੀਆਂ ਨੇ ਡਰਾਫ਼ਟ ਜਮ੍ਹਾ ਕਰਾਏ ਸਨ ਜਿਨ੍ਹਾਂ ਚੋਂ ਕੰਮ ਰਵਿੰਦਰ ਐਂਡ ਕੰਪਨੀ ਨੂੰ ਅਲਾਟ ਹੋਇਆ ਹੈ।

    ReplyDelete
  2. Bhullar Sahib ਇਹ ਪਤਾ ਕੋਰ ਜੋ ਰਵਿੰਦਰ and co ਵਾਲਾ ਬੰਦਾ ਹੈ ਓਹ ਕਾੰਗ੍ਰੇਸੀ ਤਾ ਨਹੀ ਜਾ ਕਾੰਗ੍ਰੇਸੀਆ ਨੇ ਰਲ ਕੇ ਨਹੀ ਲਿਆ ਇਹ ਠੇਕਾ. ਕਾੰਗ੍ਰੇਸੀ ਜਾ ਕਾਲੀ ਜਾ bjp ਹੋਣ ਇਹ ਲਾਭ ਆਵਦੇ ਬੰਦਿਆ ਨੂ ਦੇਂਦੇ ਹਨ ਤਾ ਕਿ ਵੋਟਾ ਇਨਾ ਨੂ ਮਿਲਣ ਜਾ ਪੈਸਾ. ਇਨਾ ਨੇ ਪੰਜਾਬ ਜਾ ਇੰਡੀਆ ਸਾਰਾ ਵੀ ਘਰ ਦੀ ਦੁਕਾਨ ਹੀ ਸਮਝ ਰਖਿਆ ਹੈ!!! ਕੋਈ rule of law and order ਨਹੀ ਹੈ

    ReplyDelete