Tuesday, September 18, 2018

                          ਪੁਰਾਣਾ ਵਹੀ ਖਾਤਾ
       ਕਰੋੜਾਂ ਦੇ ਫ਼ੰਡਾਂ ਦਾ ਕੌਣ ਹਿਸਾਬ ਦੇਊ ?
                           ਚਰਨਜੀਤ ਭੁੱਲਰ
ਬਠਿੰਡਾ : ਗੱਠਜੋੜ ਸਰਕਾਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਤਰਫ਼ੋਂ ਅਖ਼ਤਿਆਰੀ ਕੋਟੇ ਚੋਂ ਵੰਡੇ ਗਏ ਕਰੀਬ 10 ਕਰੋੜ ਦੇ ਫ਼ੰਡਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉਦੋਂ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨੇ ਪੰਜ ਵਰ੍ਹਿਆਂ (2012-13 ਤੋਂ 2016-17) ਦੌਰਾਨ ਕਰੀਬ 10 ਕਰੋੜ ਰੁਪਏ ਦੇ ਫ਼ੰਡ ਵੰਡੇ ਸਨ ਜਿਨ੍ਹਾਂ ਦੇ ਖ਼ਰਚੇ ਜਾਣ ਦਾ ਕੋਈ ਥਹੁ ਪਤਾ ਨਹੀਂ ਲੱਗਾ ਹੈ। ਦਿਲਚਸਪ ਤੱਥ ਹਨ ਕਿ ਤਤਕਾਲੀ ਸਪੀਕਰ ਨੇ ਸਾਲ 2012-13 ਵਿਚ ਆਪਣੇ ਅਖ਼ਤਿਆਰੀ ਕੋਟੇ ਚੋਂ 2 ਕਰੋੜ ਦੇ ਫ਼ੰਡਾਂ ਦੀਆਂ 158 ਗਰਾਂਟਾਂ ਦੀ ਵੰਡ ਕੀਤੀ ਸੀ ਪ੍ਰੰਤੂ ਛੇ ਵਰ੍ਹਿਆਂ ਮਗਰੋਂ ਵੀ ਅੱਜ ਤੱਕ ਇਨ੍ਹਾਂ ਗਰਾਂਟਾਂ ਦਾ ‘ਵਰਤੋਂ ਸਰਟੀਫਿਕੇਟ’ ਵਿਧਾਨ ਸਭਾ ਕੋਲ ਨਹੀਂ ਪੁੱਜਾ ਹੈ। ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਹਰ ਵਰੇ੍ਹ ਅਖ਼ਤਿਆਰੀ ਕੋਟੇ ਦੇ ਦੋ ਦੋ ਕਰੋੜ ਰੁਪਏ ਫ਼ੰਡ ਸਲਾਨਾ ਪ੍ਰਾਪਤ ਹੁੰਦੇ ਹਨ। ਸਪੀਕਰ ਨੂੰ ਪੰਜ ਵਰ੍ਹਿਆਂ ਦੌਰਾਨ ਅਖ਼ਤਿਆਰੀ ਕੋਟੇ ਦੇ 10 ਕਰੋੜ ਦੇ ਫ਼ੰਡ ਪ੍ਰਾਪਤ ਹੋਏ ਸਨ ਅਤੇ ਇਹ ਪੂਰੇ ਦੇ ਪੂਰੇ ਫ਼ੰਡ ਪੰਜ ਵਰ੍ਹਿਆਂ ਦੌਰਾਨ ਵੰਡੇ ਗਏ ਹਨ।
                ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਇਸ ਸਮੇਂ ਦੌਰਾਨ 20 ਮਾਰਚ 2012 ਤੋਂ 27 ਮਾਰਚ 2017 ਤੱਕ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਰਹੇ ਹਨ। ਉਨ੍ਹਾਂ ਨੇ ਅਖ਼ਤਿਆਰੀ ਕੋਟੇ ਦੇ ਫ਼ੰਡ ਤਾਂ ਵੰਡ ਦਿੱਤੇ ਪ੍ਰੰਤੂ ਇਨ੍ਹਾਂ ਫ਼ੰਡਾਂ ਨੂੰ ਖ਼ਰਚ ਕੀਤੇ ਜਾਣ ਦਾ ਸਰਕਾਰੀ ਤੌਰ ’ਤੇ ਕੋਈ ਇਲਮ ਨਹੀਂ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਇਨ੍ਹਾਂ ਗਰਾਂਟਾਂ ਦੇ ਖ਼ਰਚ ਹੋਣ ਮਗਰੋਂ ‘ਵਰਤੋਂ ਸਰਟੀਫਿਕੇਟ’ ਪੰਜਾਬ ਵਿਧਾਨ ਸਭਾ ਨੂੰ ਭੇਜਣੇ ਹੁੰਦੇ ਹਨ। ਸਰਕਾਰੀ ਤੱਥਾਂ ਅਨੁਸਾਰ ਤਤਕਾਲੀ ਸਪੀਕਰ ਨੇ ਪੰਜ ਵਰ੍ਹਿਆਂ ਦੌਰਾਨ 10 ਕਰੋੜ ਰੁਪਏ ਦੀਆਂ 633 ਗਰਾਂਟਾਂ ਦੀ ਵੰਡ ਕੀਤੀ ਜਿਨ੍ਹਾਂ ਚੋਂ ਸਿਰਫ਼ 12 ਗਰਾਂਟਾਂ ਦੇ ‘ਵਰਤੋਂ ਸਰਟੀਫਿਕੇਟ’ ਹੁਣ ਤੱਕ ਵਿਧਾਨ ਸਭਾ ਨੂੰ ਪ੍ਰਾਪਤ ਹੋਏ ਹਨ ਜਦੋਂ ਕਿ ਬਾਕੀ 621 ਗਰਾਂਟਾਂ ਦਾ ਸਰਕਾਰੀ ਤੌਰ ’ਤੇ ਵਿਧਾਨ ਸਭਾ ਨੂੰ ਕੋਈ ਪਤਾ ਨਹੀਂ ਹੈ। ਉਦੋਂ ਦੇ ਸਪੀਕਰ ਨੇ ਸਾਲ 2013-14 ’ਚ 127 ਗਰਾਂਟਾਂ ਵੰਡੀਆਂ ਜਿਨ੍ਹਾਂ ਚੋਂ ਸਿਰਫ਼ 10 ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਪ੍ਰਾਪਤ ਹੋਏ ਹਨ। ਸਾਲ 2014-15 ’ਚ ਵੰਡੀਆਂ 120 ਗਰਾਂਟਾਂ ਚੋਂ ਸਿਰਫ਼ ਇੱਕ ਗਰਾਂਟ ਦਾ ਵਰਤੋਂ ਸਰਟੀਫਿਕੇਟ ਹਾਸਲ ਹੋਇਆ ਹੈ।
                 ਇਵੇਂ ਸਾਲ 2015-16 ’ਚ ਵੰਡੀਆਂ 91 ਗਰਾਂਟਾਂ ਚੋਂ ਵੀ ਸਿਰਫ਼ ਇੱਕ ਗਰਾਂਟ ਦਾ ਯੂ.ਸੀ ਮਿਲਿਆ ਹੈ। ਆਖ਼ਰੀ ਵਰੇ੍ਹ ’ਚ ਵੰਡੀਆਂ 136 ਗਰਾਂਟਾਂ ਦਾ ਯੂ.ਸੀ ਵੀ ਬਕਾਇਆ ਪਏ ਹਨ। ਡਿਪਟੀ ਕਮਿਸ਼ਨਰਾਂ ਨੂੰ ਫ਼ੌਰੀ ਇਨ੍ਹਾਂ ਫ਼ੰਡਾਂ ਦੀ ਘੋਖ ਕਰਨੀ ਬਣਦੀ ਹੈ ਅਤੇ ਇਨ੍ਹਾਂ ਦੀ ਵਰਤੋਂ ਸਰਟੀਫਿਕੇਟ ਹਾਸਲ ਕਰਨੇ ਬਣਦੇ ਹਨ। ਸੂਤਰ ਇਨ੍ਹਾਂ ਫ਼ੰਡਾਂ ਤੇ ਹੁਣ ਉਂਗਲ ਉਠਾਉਣ ਲੱਗੇ ਹਨ। ਚਰਚੇ ਹਨ ਕਿ ਕਿਤੇ ਇਹ ਸਰਕਾਰੀ ਫ਼ੰਡ ਖੂਹ ਖਾਤੇ ਤਾਂ ਨਹੀਂ ਪੈ ਗਏ ਹਨ। ਗੱਠਜੋੜ ਸਰਕਾਰ ਸਮੇਂ ਦੇ ਡਿਪਟੀ ਸਪੀਕਰ ਵੱਲੋਂ ਵੀ ਪੰਜ ਵਰ੍ਹਿਆਂ ਦੌਰਾਨ 10 ਕਰੋੜ ਦੇ ਫ਼ੰਡਾਂ ਦੀਆਂ 1705 ਗਰਾਂਟਾਂ ਵੰਡੀਆਂ ਗਈਆਂ ਸਨ ਜਿਨ੍ਹਾਂ ਚੋਂ 741 ਗਰਾਂਟਾਂ ਦਾ ਕੋਈ ਥਹੁ ਪਤਾ ਨਹੀਂ ਹੈ। ਪੰਜਾਬ ਸਰਕਾਰ ਨੇ ਹੁਣ ਸਪੀਕਰ ਦਾ ਅਖ਼ਤਿਆਰੀ ਕੋਟਾ ਵਧਾ ਕੇ ਤਿੰਨ ਕਰੋੜ ਰੁਪਏ ਸਲਾਨਾ ਕਰ ਦਿੱਤਾ ਹੈ। ਮੌਜੂਦਾ ਸਪੀਕਰ ਨੇ ਸਾਲ 2017-18 ਦੌਰਾਨ 161 ਗਰਾਂਟਾਂ ਅਤੇ ਡਿਪਟੀ ਸਪੀਕਰ ਨੇ 110 ਗਰਾਂਟਾਂ ਵੰਡੀਆਂ ਹਨ। ਉਨ੍ਹਾਂ ਦੇ ਯੂ.ਸੀ ਵੀ ਪੈਂਡਿੰਗ ਹਨ।
                ਲਗਾਤਾਰ ਪੱਤਰ ਲਿਖ ਰਹੇ ਹਾਂ : ਮਿਸ਼ਰਾ
ਵਿਧਾਨ ਸਭਾ ਪੰਜਾਬ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰਾਂ ਤਰਫ਼ੋਂ ਅਖ਼ਤਿਆਰੀ ਫ਼ੰਡਾਂ ਦੇ ਯੂ.ਸੀ ਨਹੀਂ ਭੇਜੇ ਜਾ ਰਹੇ ਹਨ ਜਿਸ ਕਰਕੇ ਉਹ ਸਮੇਂ ਸਮੇਂ ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਦੇ ਆ ਰਹੇ ਹਨ। ਆਡਿਟ ਇਤਰਾਜ਼ ਵੀ ‘ਵਰਤੋਂ ਸਰਟੀਫਿਕੇਟ’ ਨਾ ਮਿਲਣ ਕਰਕੇ ਉੱਠਦੇ ਹਨ ਪ੍ਰੰਤੂ ਉਨ੍ਹਾਂ ਕੋਲ ਪੱਤਰ ਲਿਖਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਦੂਸਰੀ ਤਰਫ਼ ਡਾ.ਅਟਵਾਲ ਨੂੰ ਵਾਰ ਵਾਰ ਫ਼ੋਨ ਕੀਤੇ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
                           ‘ਵਰਤੋਂ ਸਰਟੀਫਿਕੇਟ’ ਪ੍ਰਸ਼ਾਸਨ ਨੇ ਦੇਣੇ ਸਨ : ਅਟਵਾਲ
ਤਤਕਾਲੀ ਸਪੀਕਰ ਡਾ.ਚਰਨਜੀਤ ਅਟਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਖਤਿਆਰੀ ਕੋਟੇ ਤਹਿਤ ਗਰਾਂਟਾਂ ਦੇ ਚੈੱਕ ਵੰਡੇ ਸਨ ਅਤੇ ਜਿਨ੍ਹਾਂ ਦੇ ‘ਵਰਤੋਂ ਸਰਟੀਫਿਕੇਟ’ ਦੇਣ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਸੀ ਜਿਸ ’ਚ ਉਨ੍ਹਾਂ ਦਾ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਨੇ ਨਿਯਮਾਂ ਅਨੁਸਾਰ ਸਭ ਗਰਾਂਟਾਂ ਸਹੀ ਵੰਡ ਕੀਤੀ ਜਿਸ ਵਿਚ ਕੁਝ ਵੀ ਗਲਤ ਨਹੀਂ। ਮੇਰੇ ਤੋਂ ਪਹਿਲੇ ਸਪੀਕਰਾਂ ਦੇ ਯੂ.ਸੀ ਪੈਂਡਿੰਗ ਹੋਣਗੇ ਅਤੇ ਸਪੀਕਰ ਦਾ ਯੂ.ਸੀ ਦੇੇਣ ’ਚ ਕੋਈ ਰੋਲ ਨਹੀਂ ਹੁੰਦਾ ਹੈ।




No comments:

Post a Comment