Friday, September 7, 2018

                           ਸਿਆਸੀ ਚੋਗਾ
          ਮੋਦੀ ਦੀ ‘ਖੀਰ’ ਬਣੀ ‘ਦਲ਼ੀਆ’ !
                          ਚਰਨਜੀਤ ਭੁੱਲਰ
ਬਠਿੰਡਾ : ਮੋਦੀ ਸਰਕਾਰ ਦੀ ਉਜਵਲਾ ਸਕੀਮ ਦੀ ‘ਖੀਰ’ ਪੰਜਾਬ ’ਚ ‘ਦਲ਼ੀਆ’ ਬਣ ਗਈ ਹੈ। ਤਾਹੀਓਂ ਕੇਂਦਰ ਸਰਕਾਰ ਦੀ ‘ਉਜਵਲਾ ਸਕੀਮ’ ਪੰਜਾਬ ’ਚ ਹਨੇਰੇ ’ਚ ਡੁੱਬੀ ਹੈ। ‘ਉਜਵਲਾ ਸਕੀਮ’ ਤਹਿਤ ਪੰਜਾਬ ’ਚ 9.96 ਲੱਖ ਦਲਿਤ ਪਰਿਵਾਰਾਂ ਨੂੰ ਗੈਸ ਕੁਨੈਕਸ਼ਨਾਂ ਦਾ ਚੋਗ਼ਾ ਪਾਇਆ ਗਿਆ ਜਿਨ੍ਹਾਂ ਚੋਂ ਹੁਣ ਕਰੀਬ ਪੌਣੇ ਪੰਜ ਲੱਖ ਪਰਿਵਾਰਾਂ ਨੇ ਰਸੋਈ ਗੈਸ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਤੇਲ ਕੰਪਨੀਆਂ ਹੁਣ ‘ਉਜਵਲਾ ਸਕੀਮ’ ਦੀ ਚਮਕ ਲਈ ਹਰ ਹੀਲਾ ਵਸੀਲਾ ਕਰਨ ਲੱਗੀਆਂ ਹਨ। ਨਤੀਜੇ ਵਜੋਂ ਇਸ ਸਕੀਮ ਦੀ ਗੈਸ ਦੀ ਬੋਗਸ ਵਿੱਕਰੀ ਦਿਖਾਏ ਜਾਣ ਦੇ ਵੀ ਚਰਚੇ ਹਨ। ਪੰਜਾਬ ਵਿਚ ਤਾਂ ਪਹਿਲਾਂ ਹੀ 100 ਘਰਾਂ ਪਿੱਛੇ 106 ਰਸੋਈ ਗੈਸ ਦੇ ਕੁਨੈਕਸ਼ਨ ਹਨ ਅਤੇ ਉੱਪਰੋਂ ਪੰਜਾਬ ਵਿਚ ‘ਉਜਵਲਾ ਸਕੀਮ’ ਤਹਿਤ 9.96 ਲੱਖ ਗੈਸ ਕੁਨੈਕਸ਼ਨ ਦੇ ਦਿੱਤੇ ਜਿਨ੍ਹਾਂ ਦੀ ਜ਼ਮੀਨੀ ਹਕੀਕਤ ਮੇਲ ਨਹੀਂ ਖਾ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਮਈ 2016 ਨੂੰ ‘ਪ੍ਰਧਾਨ ਮੰਤਰੀ ਉਜਵਲਾ ਸਕੀਮ’ ਲਾਂਚ ਕੀਤੀ ਸੀ ਜਿਸ ਤਹਿਤ ਦਲਿਤ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਜਾਣੇ ਸਨ। ਪੂਰੇ ਮੁਲਕ ਵਿਚ 8 ਕਰੋੜ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਹੈ।
                   ਕੁਨੈਕਸ਼ਨ ਮੁਫ਼ਤ ਵਿਚ ਦੇਣ ਦਾ ਪ੍ਰਚਾਰ ਹੋਇਆ ਸੀ ਜਿਸ ਵਿਚ ਇੱਕ ਚੁੱਲ੍ਹਾ,ਭਰਿਆ ਗੈਸ ਸਿਲੰਡਰ,ਰੈਗੂਲੇਟਰ ਅਤੇ ਪਾਈਪ ਸ਼ਾਮਿਲ ਹੈ। ਮਗਰੋਂ ਜਦੋਂ ਦਲਿਤ ਪਰਿਵਾਰਾਂ ਨੂੰ ਪਤਾ ਲੱਗਾ ਹੈ ਕਿ ਗੈਸ ਸਬਸਿਡੀ ਵਾਲੀ ਰਾਸ਼ੀ ਸਰਕਾਰ ਦਿੱਤੇ ਕੁਨੈਕਸ਼ਨ ਦੀ ਕਿਸ਼ਤ ਵਜੋਂ ਵਸੂਲ ਕਰੇਗੀ ਤਾਂ ਉਨ੍ਹਾਂ ਸਕੀਮ ਤੋਂ ਮੂੰਹ ਹੀ ਮੋੜ ਲਿਆ। ਭਾਵੇਂ 5 ਸਤੰਬਰ 2018 ਤੱਕ ਪੰਜਾਬ ’ਚ ਇਸ ਸਕੀਮ ਤਹਿਤ 9.96 ਲੱਖ ਕੁਨੈਕਸ਼ਨ ਇਸ ਸਕੀਮ ਤਹਿਤ ਜਾਰੀ ਹੋ ਚੁੱਕੇ ਹਨ ਪ੍ਰੰਤੂ 18 ਜੁਲਾਈ 2018 ਤੱਕ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ 7.80 ਲੱਖ ਸੀ। ਕੇਂਦਰੀ ਪੈਟਰੋਲੀਅਮ ਮੰਤਰਾਲੇ ਵੱਲੋਂ 18 ਜੁਲਾਈ ਤੱਕ ਜਾਰੀ ਕੀਤੇ 7.80 ਲੱਖ ਕੁਨੈਕਸ਼ਨਾਂ ਦਾ ਮੁਲਾਂਕਣ ਕੀਤਾ ਗਿਆ ਤਾਂ ਪੰਜਾਬ ਦੇ 3.78 ਲੱਖ ਦਲਿਤ ਪਰਿਵਾਰਾਂ ਨੇ ਦੂਸਰੀ ਦਫ਼ਾ ਗੈਸ ਸਿਲੰਡਰ ਭਰਵਾਇਆ ਹੀ ਨਹੀਂ ਜਦੋਂ ਕਿ ਤੀਸਰੀ ਦਫ਼ਾ ਸਿਲੰਡਰ ਨਾ ਭਰਾਉਣ ਵਾਲੇ ਪਰਿਵਾਰਾਂ ਦੀ ਗਿਣਤੀ ਵੱਧ ਕੇ 4.74 ਲੱਖ ਹੋ ਗਈ। ਸੂਤਰ ਦੱਸਦੇ ਹਨ ਕਿ ਜਦੋਂ ਇਨ੍ਹਾਂ ਪਰਿਵਾਰਾਂ ਨੇ ਸਿਲੰਡਰ ਭਰਾਉਣੇ ਬੰਦ ਕਰ ਦਿੱਤੇ ਤਾਂ ਕੇਂਦਰ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
                  ਦੱਸਦੇ ਹਨ ਕਿ ਗੈਸ ਏਜੰਸੀਆਂ ਤੇ ਡੰਡਾ ਚਾੜ੍ਹਿਆ ਗਿਆ ਕਿ ਉਹ ‘ਉਜਵਲਾ ਸਕੀਮ’ ਦੀ ਵਿੱਕਰੀ ਨੂੰ ਘਟਣ ਨਾ ਦੇਣ। ਸੂਤਰ ਦੱਸਦੇ ਹਨ ਕਿ ਬਹੁਤੀਆਂ ਗੈਸ ਏਜੰਸੀਆਂ ਵੱਲੋਂ ਬੋਗਸ ਵਿੱਕਰੀ ਦਿਖਾਈ ਜਾ ਰਹੀ ਹੈ। ਫਿਰ ਵੀ ਪੌਣੇ ਪੰਜ ਲੱਖ ਪਰਿਵਾਰ ਨੇ ਮੋਦੀ ਸਰਕਾਰ ਦੇ ਰਸੋਈ ਕੁਨੈਕਸ਼ਨਾਂ ’ਤੇ ਰੋਟੀ ਪਕਾਉਣੀ ਬੰਦ ਕਰ ਦਿੱਤੀ ਹੈ। ਲੋਕ ਸਭਾ ਚੋਣਾਂ ਦਾ ਸਮਾਂ ਦੂਰ ਨਹੀਂ ਜਿਸ ਕਰਕੇ ਹੁਣ ਧੜਾਧੜ ਕੁਨੈਕਸ਼ਨ ਦੇਣੇ ਜਾਰੀ ਹਨ। ਪਹਿਲੀ ਅਪਰੈਲ 2018 ਤੋਂ ਛੇ ਮਹੀਨਿਆਂ ਲਈ ਕੁਨੈਕਸ਼ਨ ਧਾਰਕਾਂ ਤੋਂ ਕੁਨੈਕਸ਼ਨ ਦੀ ਕਿਸ਼ਤ ਸਬਸਿਡੀ ਵਿਚ ਨਾ ਕੱਟਣ ਦੀ ਹਦਾਇਤ ਕਰ ਦਿੱਤੀ ਗਈ ਹੈ। ਦਿਲਚਸਪ ਤੱਥ ਹਨ ਕਿ ਪੰਜਾਬ ਵਿਚ 7 ਮਾਰਚ 2018 ਤੱਕ ‘ਉਜਵਲਾ ਸਕੀਮ’ ਦੇ 3.76 ਲੱਖ ਕੁਨੈਕਸ਼ਨ ਸਨ। ਲੰਘੇ ਛੇ ਮਹੀਨਿਆਂ ਵਿਚ ਪੰਜਾਬ ਵਿਚ ਇਸ ਸਕੀਮ ਤਹਿਤ 6.19 ਲੱਖ ਕੁਨੈਕਸ਼ਨ ਵੰਡ ਦਿੱਤੇ ਗਏ ਹਨ। ਹੁਣ ਤਾਂ ਇੱਕ ਇੱਕ ਪਰਿਵਾਰ ਨੂੰ ਦੋ ਦੋ ਕੁਨੈਕਸ਼ਨ ਵੀ ਦਿੱਤੇ ਜਾ ਰਹੇ ਹਨ। ਸ਼ਾਇਦ ਪੰਜਾਬ ਵਿਚ ਉਨ੍ਹੇ ਦਲਿਤ ਪਰਿਵਾਰ ਨਾ ਹੋਣ, ਜਿਨ੍ਹੇ ਕੁਨੈਕਸ਼ਨ ਵੰਡ ਦਿੱਤੇ ਹਨ।
                   ਪੰਜਾਬ ਵਿਚ ਕਰੀਬ 797 ਗੈਸ ਏਜੰਸੀਆਂ ਹਨ। ਵੱਡੀ ਜਾਂਚ ਹੋਵੇ ਤਾਂ ਇਸ ਸਕੀਮ ਵਿਚ ਵੱਡਾ ਘਾਲਾ ਮਾਲਾ ਸਾਹਮਣੇ ਆ ਸਕਦਾ ਹੈ। ਕੇਂਦਰ ਸਰਕਾਰ ਕੋਲ ਹੁਣ ਤੱਕ ਦੇਸ਼ ਭਰ ਚੋਂ ‘ਉਜਵਲਾ ਸਕੀਮ’ ਵਿਚ ਬੇਨਿਯਮੀਆਂ ਦੇ 152 ਕੇਸ ਪੁੱਜ ਚੁੱਕੇ ਹਨ। ਆਲ ਇੰਡੀਆ ਐਲਪੀਜੀ ਡਿਸਟ੍ਰੀਬਿਊਟਰਜ਼ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਪੰਜਾਬ ਵਿਚ ਜ਼ਮੀਨ ਸੱਚ ਜਾਣੇ ਬਿਨਾਂ ਵੱਡੇ ਪੱਧਰ ਤੇ ਇਸ ਸਕੀਮ ਤਹਿਤ ਕੁਨੈਕਸ਼ਨ ਦਿੱਤੇ ਗਏ ਹਨ। ਗੈਸ ਸਿਲੰਡਰ ਦੀ ਕੀਮਤ ਜੋ ਸਕੀਮ ਸ਼ੁਰੂ ਕਰਨ ਸਮੇਂ 560 ਰੁਪਏ ਸੀ, ਉਹ ਵਧ ਕੇ ਹੁਣ 840 ਰੁਪਏ ਹੋ ਗਈ ਹੈ। ਦਿਹਾੜੀਦਾਰ ਪਰਿਵਾਰਾਂ ਲਈ ਮਹਿੰਗੀ ਗੈਸ ਵਿੱਤੋਂ ਬਾਹਰ ਹੈ ਜਿਸ ਵਜੋਂ ਬਹੁਤੇ ਪਰਿਵਾਰਾਂ ਨੇ ਮੁੜ ਸਿਲੰਡਰ ਹੀ ਨਹੀਂ ਭਰਾਏ। ਦੂਸਰੀ ਤਰਫ਼ ਸਰਕਾਰੀ ਪੱਖ ਜਾਣਨ ਲਈ ਵਾਰ ਵਾਰ ‘ਉਜਵਲਾ ਸਕੀਮ’ ਦੇ ਦੋ ਨੋਡਲ ਅਫ਼ਸਰਾਂ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ।
                      ਦਲਿਤ ਪਰਿਵਾਰਾਂ ਨੂੰ ਗੁੰਮਰਾਹ ਕੀਤਾ : ਭਗਵੰਤ ਮਾਨ
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਮੋਦੀ ਸਰਕਾਰ ਨੇ ਦਲਿਤ ਪਰਿਵਾਰਾਂ ਨੂੰ ਗੁੰਮਰਾਹ ਕੀਤਾ ਹੈ। ਮੁਫ਼ਤ ਆਖ ਕੇ ਵੰਡੇ ਕੁਨੈਕਸ਼ਨਾਂ ਦੀ ਰਾਸ਼ੀ ਲੋਨ ਵਜੋਂ ਖਪਤਕਾਰਾਂ ਤੇ ਪਾ ਦਿੱਤੀ ਗਈ ਹੈ ਜਿਸ ਦੀ ਕਿਸ਼ਤ ਸਬਸਿਡੀ ਚੋਂ ਕੱਟੀ ਜਾਣ ਲੱਗੀ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਆਪਣੀ ਭੱਲ ਖ਼ਾਤਰ ਫਰਜੀਵਾੜਾ ਕਰ ਰਹੀ ਹੈ ਜਦੋਂ ਕਿ ਇਸ ਸਕੀਮ ਦੀ ਸਚਾਈ ਪ੍ਰਧਾਨ ਮੰਤਰੀ ਦੇ ਸੁਪਨਿਆਂ ਨਾਲ ਮੇਲ ਨਹੀਂ ਖਾ ਰਹੀ ਹੈ।

1 comment:

  1. ਬਾਈ ਜੀ ਇੱਕ ਹੋਰ ਮੋਦੀ ਸਕੀਮ: ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ. Dec. 13,2017 ਦਾ ਲਿੰਕ ਹੈ ਮੇਰੇ ਕੋਲ Firstpost ਦਾ ਜਿਸ ਵਿਚ ਮੋਦੀ ਨੇ ਭੰਡਿਆ ਤਾ ਕਾੰਗ੍ਰੇਸ ਨੂ ਹੈ ਕਿ ਜੋ default loan ਖੜੇ ਹਨ ਉਨਾ ਦੀ ਜੁਮੇਵਾਰ ਕਾੰਗ੍ਰੇਸ ਹੈ, ਭਾਵੇ ਇਹ loan ਮੋਦੀ ਦੀ ਸਰਕਾਰ ਆਓਣ ਤੇ repay ਹੋਣੇ ਰਕ ਗਏ ਤੇ bjp richest ਪਾਰਟੀ ਬਣ ਗਈ ਜੋ ਕਾੰਗ੍ਰੇਸ 70 ਸਾਲਾ ਵਿਚ ਨਹੀ ਕਰ ਸਕੀ. ਰਘੁਰਾਮ ਰਾਜਨ ਜਦੋ ਪੈਸਾ ਵਾਪਸ ਮੰਗਦਾ ਸੀ ਤਾਂ ਮੋਦੀ ਨੇ ਉਸ ਨੂ ਹਟਾ ਦਿਤਾ. ਇੰਗਲਿਸ਼ tribune ਦਾ ਲਿੰਕ ਹੈ ਮੇਰੇ ਕੋਲੇ Wilful defaulters ਦਾ ਕਿ ਕਿਵੇ ਵਡੇ loan ਧਾਰਕਾ ਨੇ 192,000 ਹਜਾਰ ਕਰੋੜ ਦੇਣਾ ਪਰ ਨਹੀ ਦਿੰਦੇ. ਇਹ ਜਨਤਾ ਦਾ ਪੈਸਾ ਹੈ. Anyhow,FICCI event ਤੇ ਮੋਦੀ ਨੇ ਕਹਿਆ ਕਿ ਉਸ ਦੀ ਸਰਕਾਰ ਨੇ ਨੋਜਵਾਨ ਦੁਕਾਨਦਾਰਾ ਨੂ 4 ਲਖ ਕਰੋੜ ਦੇ ਕਰਜ਼ੇ ਦਿਤੇ ਹਨ, ਹਰੇਕ ਦੁਕਾਨਦਾਰ 2 ਕਰੋੜ ਲੈ ਸਕਦਾ ਹੈ ਬਿਨਾ collateral ਦੇ ਬਿਨਾ ਕਿਸੇ ਗਰੰਟੀ ਦੇਣ ਦੇ, ਬਿਨਾ ਕਿਸੇ ਵੀ ਚੀਜ਼ ਦੇ ਗਿਰਵੀ ਰਖਣ ਦੇ. ਇਹ 4 ਲਖ ਕਰੋੜ ਦਾ ਕਿਨਾ ਕੁ ਹਿਸਾ ਪੰਜਾਬ ਵਿਚ ਸਿਖ ਨੋਜਵਾਨਾ ਨੂ ਮਿਲਿਆ ਹੈ? ਪਤਾ ਕਰੋ please. ਤੇ ਲੋਕ ਮੋੜਨਗੇ ਕਿਓ? ਬੈੰਕ ਇਹ ਪੈਸਾ ਕਿਵੇ ਮੁੜਵਾਏਗਾ?
    Under the Mudra scheme, over Rs 4 lakh crore guarantee-less loans have been given to about 9.75 lakh youth for business, leading to 3 crore new entrepreneurs being created since launch, he said.

    Updated Date: Dec 13, 2017 18:01 PM

    https://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

    ReplyDelete