Tuesday, September 4, 2018

                        ਸਿਆਸੀ ਚੁੱਪ
    ਦਾਸ ਲੋਚਦਾ ਪਾਸ਼ ਦੀ ਪੱਤ ਰਹਿ ਜੇ...
                        ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਐਮ.ਪੀ ਗੁਰਦਾਸ ਬਾਦਲ ਹੁਣ ਆਪਣੇ ਭਰਾ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਬੇਅਦਬੀ ਮਾਮਲੇ ’ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਜਦੋਂ ਬੇਅਦਬੀ ਮਾਮਲੇ ’ਤੇ ਸਾਬਕਾ ਮੁੱਖ ਮੰਤਰੀ ਬਾਦਲ ਸਭਨਾਂ ਧਿਰਾਂ ਦੇ ਨਿਸ਼ਾਨੇ ’ਤੇ ਹਨ ਤਾਂ ਉਦੋਂ ਇਸ ਬਿਪਤਾ ਦੀ ਘੜੀ ’ਚ ਦਾਸ ਨੇ ਆਪਣੇ ਭਰਾ ਪਾਸ਼ ਪ੍ਰਤੀ ਇੱਕ ਲਫ਼ਜ਼ ਵੀ ਨਹੀਂ ਬੋਲਣਾ ਚਾਹੁੰਦੇ ਹਨ। ਬਾਦਲ ਪਰਿਵਾਰ ’ਚ ਸਿਆਸੀ ਲਕੀਰਾਂ ਕਿਸੇ ਤੋਂ ਗੁੱਝੀਆਂ ਨਹੀਂ ਪ੍ਰੰਤੂ ਇਹੋ ਜਾਪਦਾ ਹੈ ਕਿ ਇਹ ਲਕੀਰ ‘ਦਾਸ’ ਅਤੇ ‘ਪਾਸ਼’ ਦੇ ਮੋਹ ’ਚ ਵਲ ਨਹੀਂ ਪਾ ਸਕੀ। ਮਾਮਲਾ ਜਦੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ ਤਾਂ ਗੁਰਦਾਸ ਬਾਦਲ ਨੇ ਇਸ ਮਾਮਲੇ ’ਤੇ ਚੁੱਪ ਵੱਟਣ ’ਚ ਹੀ ਭਲੀ ਸਮਝੀ। ਪਤਾ ਲੱਗਾ ਹੈ ਕਿ ਕਰੀਬ 10 ਦਿਨਾਂ ਮਗਰੋਂ ਸਾਬਕਾ ਮੁੱਖ ਮੰਤਰੀ ਬਾਦਲ ਅੱਜ ਆਪਣੇ ਪਿੰਡ ਬਾਦਲ ਪਰਤਣ ਲੱਗੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਬਾਦਲ ਪਰਿਵਾਰ ਨੂੰ ਵਿਰੋਧੀ ਧਿਰਾਂ ਅਤੇ ਪੰਜਾਬ ਦੇ ਲੋਕਾਂ ਨੇ ਕਟਹਿਰੇ ’ਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
                  ਪੰਜਾਬੀ ਟ੍ਰਿਬਿਊਨ ਤਰਫ਼ੋਂ ਇਸ ਗੰਭੀਰ ਮਸਲੇ ’ਤੇ ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ‘ਇੱਕ ਚੁੱਪ ਸੌ ਸੁੱਖ’ ਦੀ ਨੀਤੀ ਅਪਣਾ ਲਈ। ਉਨ੍ਹਾਂ ਨਾ ਕੱੁਝ ਚੰਗਾ ਆਖਿਆ ਅਤੇ ਨਾ ਹੀ ਕੱੁਝ ਮਾੜਾ। ਗੁਰਦਾਸ ਬਾਦਲ ਨੂੰ ਜਦੋਂ ਪਹਿਲਾਂ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਤਾਂ ਦਾਸ ਨੇ ਆਖਿਆ ਕਿ ‘ਪੰਜਾਬ ਦੇ ਲੋਕਾਂ ਤੋਂ ਪੁੱਛੋ’। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ‘ ਮੈਂ ਤਾਂ ਸਿਆਸਤ ਦਾ ਕੰਮ ਹੀ ਛੱਡ ਦਿੱਤਾ’। ਜਦੋਂ ਕਮਿਸ਼ਨ ਦੀ ਰਿਪੋਰਟ ਬਾਰੇ ਦੁਬਾਰਾ ਜਾਣਨਾ ਚਾਹਿਆ ਤਾਂ ਗੁਰਦਾਸ ਬਾਦਲ ਨੇ ਪੂਰੀ ਤਰ੍ਹਾਂ ਗੱਲ ਤੋਂ ਟਾਲ਼ਾ ਵੱਟ ਲਿਆ ਅਤੇ ਆਖਿਆ ‘ਮੇਰੀ ਤਾਂ ਹੁਣ ਨੱਬੇ ਸਾਲ ਦੀ ਉਮਰ ਹੋ ਗਈ ਹੈ, ਹੁਣ ਮੈਂ ਕਿਸੇ ਚੋਣ ’ਚ ਨਹੀਂ ਜਾਣਾ, ਮੈਂ ਤਾਂ ਰਿਟਾਇਰ ਹੋ ਗਿਆ ਹਾਂ।’ ਦੱਸਣਯੋਗ ਹੈ ਕਿ ਮਨਪ੍ਰੀਤ ਬਾਦਲ ਦੇ ਸਿਆਸੀ ਰਾਹ ਵੱਖ ਹੋਣ ਮਗਰੋਂ ਗੁਰਦਾਸ ਬਾਦਲ ਭਾਵੇਂ ਸਿਆਸੀ ਮੈਦਾਨ ’ਚ ਆਪਣੇ ਭਰਾ ਖ਼ਿਲਾਫ਼ ਵਿਚਰੇ ਪ੍ਰੰਤੂ ਇੱਕ ਦੂਜੇ ਨੇ ਆਪਣੇ ਮੋਹ ਦੀ ਲੱਜ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ।
                  ਗੁਰਦਾਸ ਬਾਦਲ ਦੇ ਪ੍ਰਤੀਕਰਮ ਦੇਣ ਦੇ ਨਜ਼ਰੀਏ ਤੋਂ ਸਾਫ਼ ਜਾਪਿਆ ਕਿ ਉਹ ਬੇਅਦਬੀ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਏਦਾ ਮਹਿਸੂਸ ਹੁੰਦਾ ਹੈ ਕਿ ਦਾਸ ਇਸ ਮਾਮਲੇ ’ਤੇ ਆਪਣੇ ਭਰਾ ਦੇ ਜ਼ਖਮ ਕੁਰੇਦਣਾ ਨਹੀਂ ਚਾਹੁੰਦੇ। ਸਿਆਸੀ ਵਖਰੇਵੇਂ ਜਿੰਨੇ ਮਰਜ਼ੀ ਹੋਣ, ਸਰੀਰਕ ਦੁੱਖ ਸੁੱਖ ’ਚ ਦਾਸ ਤੇ ਪਾਸ਼ ਨੇ ਕਦੇ ਵੀ ਰਿਸ਼ਤਿਆਂ ਦੀ ਲਛਮਣ ਰੇਖਾ ਨਹੀਂ ਉਲੰਘੀ। ਜਦੋਂ ਮਨਪ੍ਰੀਤ ਬਾਦਲ ਸਿਆਸੀ ਤੌਰ ਤੇ ਅਲੱਗ ਹੋਇਆ ਤਾਂ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਡਾ ਦੁੱਖ ਭਰਾ ਨਾਲੋਂ ਟੁੱਟ ਜਾਣ ਨੂੰ ਦੱਸਿਆ ਸੀ। ਦੱਸਣਯੋਗ ਹੈ ਕਿ ਸਾਬਕਾ ਐਮ.ਪੀ ਗੁਰਦਾਸ ਬਾਦਲ ਆਪਣੇ ਲੜਕੇ ਮਨਪ੍ਰੀਤ ਬਾਦਲ ਦੇ ਚੋਣ ਹਲਕੇ ਵਿਚ ਚੋਣਾਂ ਸਮੇਂ ਵਿਚਰਦੇ ਰਹੇ ਹਨ ਪ੍ਰੰਤੂ ਹੁਣ ਕਦੇ ਨਜ਼ਰ ਨਹੀਂ ਪਏ ਹਨ।  ਉਨ੍ਹਾਂ ਦੀ ਨੂੰਹ ਵੀਨੂੰ ਬਾਦਲ ਜਦੋਂ ਵੀ ਸਮਾਂ ਮਿਲੇ , ਬਠਿੰਡਾ ਸ਼ਹਿਰ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਹਨ। ਗੁਰਦਾਸ ਬਾਦਲ ਦਾ ਪੋਤਾ ਅਰਜਨ ਬਾਦਲ ਵੀ ਆਪਣੇ ਬਾਪ ਦੇ ਹਲਕੇ ਵਿਚ ਵਿਚਰਦਾ ਰਿਹਾ ਹੈ। ਗੁਰਦਾਸ ਬਾਦਲ ਨੇ ਦੱਸਿਆ ਕਿ ਅਰਜਨ ਦੇ ਪੋਲੋ ਖੇਡਦੇ ਦੇ ਪੈਰ ਵਿਚ ਮੋਚ ਵਗੈਰਾ ਆ ਗਈ ਸੀ ਅਤੇ ਉਹ ਹੁਣ ਵਾਪਸ ਪੜ੍ਹਨ ਵਾਸਤੇ ਅਮਰੀਕਾ ਚਲਾ ਗਿਆ ਹੈ।


1 comment:

  1. ਭਾਵੇ ਬਾਦਲਾ ਦੇ ਹਲਕਾ incharge ਨੇ ਸਾਡਾ ਨਿਜੀ ਨੁਕਸਾਨ ਤਾ ਕੀਤਾ,ਤੇ ਮੇਰਾ ਖਿਆਲ ਹੈ ਕਿ ਛੋਟੇ ਬਾਦਲ ਤੇ ਉਸ ਦੇ ਸਾਲੇ ਨੇ ਅਕਾਲੀ ਦਲ ਨੂ ਕਾਲੀ ਦਲ ਬਣਾ ਦਿਤਾ. ਅ ਉਡਾ ਹੀ ਦਿਤਾ. police ਛੋਟੇ ਬਾਦਲ ਦੇ ਹੋਮ ਮਿਨਿਸਟਰੀ ਦੇ ਥਲੇ ਸੀ. ਜੇ ਉਸ ਨੇ ਕਹਿਆ ਕਿ ਕਿਵੇ ਵੀ ਧਰਨਾ ਉਠਾਓ, ਇਸ ਦਾ ਮਤਲਬ ਗੋਲੀ ਥੋੜਾ ਹੋਣਾ?. ਸਾਰੇ police officer. ਸੈਨੀ ਤੋ ਲੈ ਕੇ ਜਿਨਾ ਨੇ ਗੋਲੀ ਚਲਾਈ, ਸਭ ਜੁਮੇਵਾਰ ਹਨ. ਅਮਰੀਕਾ ਵਿਚ ਤੇ UN ਵਿਚ superior orders ਦਾ defense ਨਹੀ ਵਰਤ ਸਕਦੇ. ਨਾਜ਼ੀਆਂ ਨੇ ਇਹ argument ਕੀਤੀ ਸੀ ਕਿ ਸਾਡੇ ਬੋਸ ਹਿਟਲਰ ਦਾ order ਸੀ ਜੋ UN ਤੇ Germany ਤੇ ਅਮਰੀਕਾ ਵਿਚ ਨਹੀ ਮਨਿਆ ਜਾਂਦਾ court ਵਿਚ. police ਨਿਹਥੇ protesters ਤੇ ਗੋਲੀ ਨਹੀ ਚਲਾ ਸਕਦੀ ਤੇ ਜੋ ਵੀ ਚਲਾਓਦਾ ਤੇ order ਦਿੰਦਾ ਸਭ ਜੁਮੇਵਾਰ ਹਨ. ਉਦੋ ਹੋਮ ਮਿਨਿਸਟਰ ਨੂ ਅਸਤੀਫਾ ਦੇਣਾ ਚਾਹੀਦਾ ਸੀ. ਵੋਟਾ ਦੇ ਲਾਲਚ ਨੇ ਮਾਰ ਦਿਤੇ...

    ReplyDelete