Saturday, September 29, 2018

                       ਪਾਵਰਕੌਮ ਦੀ ਪਾਵਰ
   ਜਥੇਦਾਰ ਦੇ ‘ਮਹਿਲ’ ਦੀ ਹੋਏਗੀ ਬੱਤੀ ਗੁੱਲ
                            ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਅਕਾਲੀ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਮਹਿਲ ਵਰਗੇ ਘਰ ਦੀ ਹੁਣ ਬੱਤੀ ਗੁੱਲ ਹੋਏਗੀ ਜਿਸ ਲਈ ਪਾਵਰਕੌਮ ਅਫ਼ਸਰਾਂ ਨੇ ਤਿਆਰੀ ਖਿੱਚ ਲਈ ਹੈ। ਕੋਲਿਆਂਵਾਲੀ ਪਰਿਵਾਰ ਕੋਲ ਜੋ ਆਖ਼ਰੀ ਘਰੇਲੂ ਬਿਜਲੀ ਕੁਨੈਕਸ਼ਨ ਬਚਿਆ ਹੈ, ਉਸ ਕੁਨੈਕਸ਼ਨ ਨੂੰ ਆਰਜ਼ੀ ਤੌਰ ’ਤੇ ਕੱਟਣ ਦੇ ਹੁਕਮ ਜਾਰੀ ਹੋ ਗਏ ਹਨ। ਪਾਵਰਕੌਮ ਦੀ ਅਬਲਖੁਰਾਣਾ ਸਬ ਡਵੀਜ਼ਨ ਨੇ ਸਾਬਕਾ ਚੇਅਰਮੈਨ ਦੀ ਰਿਹਾਇਸ਼ ’ਚ ਚੱਲਦੇ ਬਿਜਲੀ ਕੁਨੈਕਸ਼ਨ ਨੂੰ ਕੱਟਣ ਦੇ ਹੁਕਮ ਤਾਂ ਕਰ ਦਿੱਤੇ ਹਨ ਪ੍ਰੰਤੂ ਕੋਲਿਆਂ ਵਾਲੀ ਪਰਿਵਾਰ ਨੇ ਬਿਜਲੀ ਬਿੱਲ ਭਰਨ ਵਾਸਤੇ ਤਿੰਨ ਚਾਰ ਦਿਨਾਂ ਦੀ ਮੋਹਲਤ ਲਈ ਹੈ। ਇਹ ਆਖ਼ਰੀ ਕੁਨੈਕਸ਼ਨ ਵੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਸੂਚੀ ’ਚ ਪੈ ਗਿਆ ਹੈ। ਵੇਰਵਿਆਂ ਅਨੁਸਾਰ ਕੋਲਿਆਂਵਾਲੀ ਪਰਿਵਾਰ ਇਸ ਵੇਲੇ ਪਾਵਰਕੌਮ ਦਾ ਬਿਜਲੀ ਬਿੱਲਾਂ ਦਾ ਕਰੀਬ 10.81 ਲੱਖ ਰੁਪਏ ਦਾ ਡਿਫਾਲਟਰ ਹੈ। ਤਿੰਨ ਘਰੇਲੂ ਕੁਨੈਕਸ਼ਨ ਤਾਂ ਪਾਵਰਕੌਮ ਪਹਿਲਾਂ ਹੀ ਕੱਟ ਚੁੱਕਾ ਹੈ ਅਤੇ ਹੁਣ ਚੌਥੇ ਆਖ਼ਰੀ ਕੁਨੈਕਸ਼ਨ ਦੀ ਤਿਆਰੀ ਹੈ। ਇਹ ਚੌਥਾ ਕੁਨੈਕਸ਼ਨ (ਖਾਤਾ ਨੰਬਰ ਕੇਐਲ 21/660) ਦਿਆਲ ਸਿੰਘ ਕੋਲਿਆਂ ਵਾਲੀ ਦੇ ਨਾਮ ’ਤੇ ਚੱਲ ਰਿਹਾ ਹੈ ਜਿਸ ਦਾ ਲੋਡ 9.8 ਕਿੱਲੋਵਾਟ ਹੈ।
                  ਜੁਲਾਈ 2015 ਵਿਚ ਲੱਗੇ ਇਸ ਕੁਨੈਕਸ਼ਨ ਦਾ ਨਵੰਬਰ 2017 ਤੋਂ ਐਵਰੇਜ ਦੇ ਹਿਸਾਬ ਨਾਲ ਬਿੱਲ ਆ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਮੀਟਰ ਵਿਚ ਕੋਈ ਗੜਬੜ ਹੈ। ਕਰੀਬ ਚਾਰ ਪੰਜ ਮਹੀਨੇ ਤੋਂ ਇਸ ਕੁਨੈਕਸ਼ਨ ਦਾ ਬਿੱਲ ਨਹੀਂ ਭਰਿਆ  ਗਿਆ ਜੋ ਕਿ 81, 514 ਰੁਪਏ ਬਣ ਗਿਆ ਹੈ। ਕੋਲਿਆਂਵਾਲੀ ਪਰਿਵਾਰ ਦੇ ਬਿਜਲੀ ਬਿੱਲਾਂ ਦਾ ਕਿੱਸਾ ਅਜੀਬ ਜੇਹਾ ਹੈ ਜਿਸ ਨੇ ਪਾਵਰਕੌਮ ਅਫ਼ਸਰਾਂ ਦੀ ਹਰ ਚੁਸਤੀ ਫ਼ੇਲ੍ਹ ਕਰ ਦਿੱਤੀ ਹੈ। ਪਾਵਰਕੌਮ ਨੇ ਪਹਿਲੀ ਦਫ਼ਾ ਫਰਵਰੀ 2017 ਵਿਚ ਚੋਣ ਜ਼ਾਬਤੇ ਦੌਰਾਨ ਕੋਲਿਆਂਵਾਲੀ ਦੇ ਬੂਹੇ ਤੱਕ ਪੁੱਜਣ ਦੀ ਹਿੰਮਤ ਦਿਖਾਈ। ਸਾਬਕਾ ਚੇਅਰਮੈਨ ਦੀ ਰਿਹਾਇਸ਼ ’ਤੇ ਉਸ ਦੇ ਲੜਕੇ ਪਰਮਿੰਦਰ ਸਿੰਘ ਦੇ ਨਾਮ ਤੇ 17.19 ਕਿੱਲੋਵਾਟ ਵਾਲਾ ਬਿਜਲੀ ਮੀਟਰ (ਖਾਤਾ ਨੰਬਰ ਜੀਟੀ 32/60) ਚੱਲਦਾ ਸੀ ਜਿਸ ਵੱਲ ਕਰੀਬ 23 ਲੱਖ ਦਾ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਸੀ। ਇਹ ਬਿਜਲੀ ਮੀਟਰ ਫਰਵਰੀ 2012 ਵਿਚ ਲੱਗਾ ਸੀ ਜਿਸ ਦਾ ਜੂਨ 2015 ਤੋਂ ਐਵਰੇਜ ਬਿੱਲ ਹੀ ਆ ਰਿਹਾ ਸੀ। ਮਤਲਬ ਕਿ ਮੀਟਰ ਵਿਚ ਕੋਈ ਖ਼ਰਾਬੀ ਸੀ। ਜਦੋਂ ਪਾਵਰਕੌਮ ਨੇ ਸਖ਼ਤੀ ਕੀਤੀ ਤਾਂ ਇਸ ਪਰਿਵਾਰ ਨੇ ਛੇ ਕਿਸ਼ਤਾਂ ਵਿਚ 15.30 ਲੱਖ ਰੁਪਏ ਭਰ ਦਿੱਤੇ।
                 ਜਦੋਂ ਬਾਕੀ ਬਕਾਏ ਨਾ ਭਰੇ ਤਾਂ ਪਾਵਰਕੌਮ ਨੇ ਇਸ ਕੁਨੈਕਸ਼ਨ ਦਾ ਸਾਰੇ ਬਕਾਏ ਕੋਲਿਆਂਵਾਲੀ ਪਰਿਵਾਰ ਦੇ ਪੈਟਰੋਲ ਪੰਪ ਤੇ ਲੱਗੇ ਦੂਸਰੇ ਬਿਜਲੀ ਮੀਟਰ (ਖਾਤਾ ਨੰਬਰ ਕੇਐਲ 21/670) ਵਿਚ ਪਾ ਦਿੱਤੇ ਜਿਸ ਨਾਲ ਕੁੱਲ ਬਕਾਏ 14.51 ਲੱਖ ਬਣ ਗਏ। ਉਸ ਮਗਰੋਂ ਇਸ ਪਰਿਵਾਰ ਨੇ 7.30 ਲੱਖ ਰੁਪਏ ਦਾ ਬਿੱਲ ਭਰ ਦਿੱਤਾ ਅਤੇ ਕਰੀਬ 7.20 ਲੱਖ ਰੁਪਏ ਦੇ ਬਕਾਏ ਫਿਰ ਨਾ ਭਰੇ। ਪਾਵਰਕੌਮ ਨੇ ਪੈਟਰੋਲ ਪੰਪ ਵਾਲਾ ਬਿਜਲੀ ਕੁਨੈਕਸ਼ਨ ਵੀ ਜਨਵਰੀ 2018 ਵਿਚ ਕੱਟ ਦਿੱਤਾ। ਉਸ ਮਗਰੋਂ ਪਾਵਰਕੌਮ ਅਫ਼ਸਰਾਂ ਨੇ ਪੰਪ ਵਾਲੇ ਮੀਟਰ ਦੇ ਸਾਰੇ ਬਕਾਏ ਕੋਲਿਆਂ ਵਾਲੀ ਪਰਿਵਾਰ ਦੇ ਗੁਦਾਮਾਂ ਤੇ ਚੱਲਦੇ ਤੀਸਰੇ ਬਿਜਲੀ ਮੀਟਰ (ਕੇਐਲ 21/673) ਵਾਲੇ ਖਾਤੇ ਵਿਚ ਪਾ ਦਿੱਤੇ ਜੋ ਕਿ ਕਰੀਬ 9.78 ਲੱਖ ਬਣ ਗਏ।
       ਜਦੋਂ ਗੁਦਾਮਾਂ ਵਾਲੇ ਬਿਜਲੀ ਕੁਨੈਕਸ਼ਨ ਦਾ ਬਿੱਲ ਨਾ ਤਾਰਿਆ ਤਾਂ ਪਾਵਰਕੌਮ ਨੇ ਤੀਸਰਾ ਕੁਨੈਕਸ਼ਨ ਵੀ ਮਈ 2018 ਵਿਚ ਕੱਟ ਦਿੱਤਾ। ਹੁਣ ਇਹ ਬਕਾਇਆ ਸਮੇਤ ਚੌਥੇ ਕੁਨੈਕਸ਼ਨ ਦੇ ਕਰੀਬ 10.81 ਲੱਖ ਬਣ ਚੁੱਕਾ ਹੈ। ਕੱਟੇ ਗਏ ਤਿੰਨੋ ਕੁਨੈਕਸ਼ਨ ਪਰਮਿੰਦਰ ਸਿੰਘ ਦੇ ਨਾਮ ਤੇ ਹਨ ਜਦੋਂ ਕਿ ਚੌਥਾ ਤੇ ਆਖ਼ਰੀ ਕੁਨੈਕਸ਼ਨ ਦਿਆਲ ਸਿੰਘ ਦੇ ਨਾਮ ’ਤੇ ਹੈ ਜਿਸ ਦੇ ਕੱਟਣ ਦੀ ਤਿਆਰੀ ਹੈ। ਸੂਤਰ ਆਖਦੇ ਹਨ ਕਿ ਪਾਵਰਕੌਮ ਅਧਿਕਾਰੀ ਗਰੀਬ ਖਪਤਕਾਰ ਦਾ ਕੁਨੈਕਸ਼ਨ ਤਾਂ ਪਹਿਲ ਦੇ ਆਧਾਰ ਤੇ ਕੱਟ ਦਿੰਦੇ ਹਨ ਜਦੋਂ ਕਿ ਕੋਲਿਆਂ ਵਾਲੀ ਦਾ ਲੰਮੇ ਸਮੇਂ ਤੋਂ ਬਿੱਲ ਵੀ ਐਵਰੇਜ ਆ ਰਿਹਾ ਹੈ ਤੇ ਲੱਖਾਂ ਦੇ ਬਕਾਏ ਵਸੂਲਣ ਲਈ ਪਹਿਲਾਂ ਹੱਥ ਤੱਕ ਨਹੀਂ ਲਾਇਆ।
                               ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ : ਐਸ.ਡੀ.ਓ
ਪਾਵਰਕੌਮ ਦੀ ਸਬ ਡਵੀਜ਼ਨ ਅਬਲਖੁਰਾਣਾ ਦੇ ਐਸ.ਡੀ.ਓ ਇਕਬਾਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਕੋਲਿਆਂ ਵਾਲੀ ਪਰਿਵਾਰ ਦੇ ਤਿੰਨ ਮੀਟਰਾਂ ਦਾ ਪਹਿਲਾਂ ਹੀ ਕਰੀਬ 10 ਲੱਖ ਦਾ ਬਕਾਇਆ ਖੜ੍ਹਾ ਹੈ ਅਤੇ ਹੁਣ ਚੌਥੇ ਕੁਨੈਕਸ਼ਨ ਦਾ ਬਕਾਇਆ ਵੀ ਵੱਖਰਾ 81,514 ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਕੁਨੈਕਸ਼ਨ ਕੱਟਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਖਪਤਕਾਰ ਨੇ ਸੋਮਵਾਰ ਤੱਕ ਬਿੱਲ ਭਰਨ ਦੀ ਮੁਹਲਤ ਲੈ ਲਈ ਹੈ। ਜੇ ਰਾਸ਼ੀ ਨਾ ਭਰੀ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।

       


1 comment:

  1. ਪੰਜਾਬ ਨੇ ਵੀ ਬਹੁਤ ਤਰਕੀ ਕਰ ਲਈ:
    ਜਿਥੇ ਦੋਧੀ ਤੇ 5 ਕਿਲਿਆ ਵੇਲੇ ਵੀ ਮਹਿਲ ਨੁਮਾ ਕੋਠੀਆ ਵਿਚ ਰਹਿੰਦੇ...ਤੇ ਜਿਥੇ ਗਰੀਬ ਜਨਤਾ ਉਨਾ ਦੇ ਬਿਲ ਭਰਦੀ ਹੈ ਜਿਨਾ ਕੋਲ ਆਵਦੇ ਕੋਲ ਗਰਮੀ ਵਿਚ ਪਖਿਆ ਵਾਸਤੇ ਬਿਜਲੀ ਹੈ ਨਹੀ....

    ReplyDelete