Wednesday, September 5, 2018

                             ਕਰਤਾਰੀ ਮਿਸ਼ਨ 
           ਵਿੱਦਿਆ ਦੇ ਮੰਦਰਾਂ ਦੇ ਸੱਚੇ ਪੁਜਾਰੀ
                              ਚਰਨਜੀਤ ਭੁੱਲਰ
ਬਠਿੰਡਾ : ਮੁੱਖ ਅਧਿਆਪਕ ਸੁਖਰਾਮ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ। ਉਸ ਨੇ ਸ਼ਾਗਿਰਦਾਂ ਲਈ ਜ਼ਿੰਦਗੀ ਦੇ ਸਭ ਸੁੱਖ ਆਰਾਮ ਤਿਆਗ ਦਿੱਤੇ ਹਨ। ਇਕੱਲਾ ਅਧਿਆਪਕ ਦਿਵਸ ਨਹੀਂ ਬਲਕਿ ਉਸ ਦਾ ਹਰ ਦਿਨ ਬੱਚਿਆਂ ਦੇ ਲੇਖੇ ਹੈ। ਲੁਧਿਆਣਾ ਦੇ ਪਿੰਡ ਭਾਮੀਆਂ ਖ਼ੁਰਦ ਦੇ ਸਰਕਾਰੀ ਸਕੂਲ ਦਾ ਗੇਟ ਪਿੰਡ ਦੇ ਗੁਰੂ ਘਰ ਨਾਲੋਂ ਪਹਿਲਾਂ ਖੁੱਲ੍ਹਦਾ ਹੈ। ਸੁਖਰਾਮ ਲਈ ਸਕੂਲ ਸਵੇਰ ਚਾਰ ਵਜੇ ਸ਼ੁਰੂ ਹੋ ਜਾਂਦਾ ਹੈ। ਸਕੂਲ ਬੰਦ ਹੋਣ ਦਾ ਕੋਈ ਸਮਾਂ ਨਹੀਂ। ਉਹ ਇਕੱਲੀ ਰਸਮੀ ਸਿੱਖਿਆ ਨਹੀਂ ਦਿੰਦਾ। ਜ਼ਿੰਦਗੀ ਦੀ ਪਹਿਲੀ ਕੱਚੀ ’ਚ ਬੱਚਿਆਂ ’ਚ ਇਖ਼ਲਾਕ ਦੀ ਨੀਂਹ ਵੀ ਰੱਖ ਰਿਹਾ ਹੈ। ਇਸ ਸਕੂਲ ’ਚ 204 ਬੱਚੇ ਪੜ੍ਹਦੇ ਹਨ ਤੇ ਸੁਖਰਾਮ ਕਰੀਬ ਦਸ ਵਰ੍ਹਿਆਂ ਤੋਂ ਇੱਥੇ ਪੜ੍ਹਾ ਰਿਹਾ ਹੈ।ਪ੍ਰਤੀਬੱਧਤਾ ਹੀ ਹੈ ਕਿ ਉਹ ਸਵੇਰੇ ਚਾਰ ਵਜੇ ਸਕੂਲ ਦਾ ਤਾਲਾ ਖੋਲ੍ਹਦਾ ਹੈ। ਮੁੱਖ ਅਧਿਆਪਕ ਸੁੱਖ ਰਾਮ ਪੂਰੇ ਕੈਂਪਸ ਵਿਚ ਝਾੜੂ ਲਾਉਂਦਾ ਹੈ। 5.30 ਵਜੇ ਸਵੇਰੇ ਬੱਚੇ ਆਉਣੇ ਸ਼ੁਰੂ ਹੁੰਦੇ ਹਨ। ਧਾਰਮਿਕ ਸੰਗੀਤ ਵੱਜਦਾ ਹੈ ਅਤੇ ਛੇ ਵਜੇ ਯੋਗ ਅਭਿਆਸ ਹੁੰਦਾ ਹੈ। ਉਹ ਸਕੂਲ ਤੋਂ ਪਹਿਲਾਂ ਬੱਚਿਆਂ ਨੂੰ ਰਚਨਾਤਮਿਕ ਕੰਮ ਕਰਾਉਂਦਾ ਹੈ। ਸੁੱਖ ਰਾਮ ਦੱਸਦਾ ਹੈ ਕਿ ਛੁੱਟੀ ਮਗਰੋਂ ਉਹ ਸਕੂਲ ਦੇ ਪਖਾਨੇ ਖ਼ੁਦ ਸਾਫ਼ ਕਰਦਾ ਹੈ। ਉਹ ਖ਼ੁਦ ਝੁੱਗੀ ’ਚ ਪਲਿਆ ਹੈ ਅਤੇ ਜ਼ਿੰਦਗੀ ਨੇ ਬੁਰਾ ਵਕਤ ਦੇਖਿਆ।
                   ਸਕੂਲੀ ਬੱਚਿਆਂ ਦੇ ‘ਪੜੋ੍ਹ ਪੰਜਾਬ’ ਦੇ ਨਤੀਜੇ ਸੌ ਫ਼ੀਸਦੀ ਹਨ ਅਤੇ ਸੁੰਦਰ ਲਿਖਾਈ ਤੇ ਪੇਂਟਿੰਗ ਵਿਚ ਮੋਹਰੀ ਹਨ। ਉਸ ਲਈ ਸਕੂਲ ਹੀ ਮੰਦਰ ਤੇ ਗੁਰਦੁਆਰਾ ਹੈ ਜੋ ਉਸ ਦੀ ਕਰਮਭੂਮੀ ਹੈ। ਸਕੂਲ ’ਚ ਝਾੜੂ ਲਾਉਣ ਨਾਲ ਸਕੂਨ ਮਿਲਦਾ ਹੈ। ਸੁਖਰਾਮ ਨੂੰ ਸਟੇਟ ਅਵਾਰਡ ਵੀ ਮਿਲ ਚੁੱਕਾ ਹੈ। ਡਿਪਟੀ ਡੀ.ਈ.ਓ ਲੁਧਿਆਣਾ ਚਰਨਜੀਤ ਜਲਾਲਣ ਨੇ ਉਸ ਨੂੰ ਚਾਨਣ ਮੁਨਾਰਾ ਦੱਸਿਆ। ਪਟਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਗੋਬਿੰਦਪੁਰਾ ਦਾ ਹਿੰਦੀ ਅਧਿਆਪਕ ਨਵਦੀਪ ਸਿੰਘ ‘ਸਵੱਛ ਭਾਰਤ’ ਦਾ ਸੱਚਾ ਪਹਿਰੇਦਾਰ ਹੈ। ਉਹ ਸਕੂਲ ਦੇ ਪਖਾਨੇ ਖ਼ੁਦ ਸਾਫ਼ ਕਰਦਾ ਹੈ ਅਤੇ ਸਕੂਲ ਦੇ ਚੌਗਿਰਦਾ ਗਵਾਹੀ ਭਰਦਾ ਹੈ। ਉਹ ਦਾਨੀ ਸੱਜਣਾਂ ਦੀ ਇਮਦਾਦ ਨਾਲ ਸਕੂਲੀ ਲੋੜਾਂ ਪੂਰੀਆਂ ਕਰ ਰਿਹਾ ਹੈ। ਬਲਾਕ ਰਾਜਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਲਾਸ ਚੋਂ ਸੇਵਾ ਮੁਕਤ ਹੋਏ ਸ਼ਸ਼ੀ ਭੂਸ਼ਨ ਦਾ ਜਜ਼ਬਾ ਵੀ ਛੋਟਾ ਨਹੀਂ। ਉਹ ਸੇਵਾ ਮੁਕਤੀ ਮਗਰੋਂ ਸਕੂਲ ਇਸ ਮਕਸਦ ਨਾਲ ਜਾਂਦਾ ਹੈ ਕਿ ਕਿਤੇ ਮਿਹਨਤ ਨਾਲ ਉੱਚਾ ਚੁੱਕਿਆ ਪਾਣੀ ਮੁੜ ਨੀਵਾਂ ਨਾਲ ਚੱਲਿਆ ਜਾਵੇ। ਉਹ ਆਖਦਾ ਹੈ ਕਿ ਸਕੂਲ ਹੀ ਅਸਲ ਮੰਦਰ ਹੈ ਜਿਸ ’ਚ ਹੁਣ ਵੀ ਉਹ ਮਿਸ਼ਨ ਦੇ ਤੌਰ ’ਤੇ ਬੱਚਿਆਂ ਨੂੰ ਪੜਾ ਰਿਹਾ ਹੈ।
                  ਜਦੋਂ ਉਸ ਨੂੰ ਅਧਿਆਪਕਾਂ ਦੀ ਤੋਟ ਨੇ ਘਰ ਨਹੀਂ ਬੈਠਣ ਦਿੱਤਾ ਜਿਸ ਕਰਕੇ ਉਸ ਨੇ ਮੁੜ ਸਕੂਲ ਆਉਣਾ ਸ਼ੁਰੂ ਕਰ ਦਿੱਤਾ। ਉਸ ਨੇ ਮਰਤੇ ਦਮ ਤੱਕ ਸਕੂਲ ਆਉਣ ਦਾ ਪ੍ਰਣ ਕੀਤਾ ਹੈ। ਰਾਜਪੁਰਾ ਬਲਾਕ ਦੇ ਪ੍ਰਾਇਮਰੀ ਸਕੂਲ ਜੱਬੋਮਾਜਰਾ ਦੀ ਅਧਿਆਪਕਾ ਰਾਜ ਕੁਮਾਰੀ ਢਾਈ ਵਰੇ੍ਹ ਪਹਿਲਾਂ ਸੇਵਾ ਮੁਕਤ ਹੋਈ ਪ੍ਰੰਤੂ ਉਸ ਨੇ ਬੱਚਿਆਂ ਤੇ ਲੋਕਾਂ ਨੂੰੰ ਭਿਣਕ ਨਹੀਂ ਪੈਣ ਦਿੱਤੀ। ਉਸ ਦਾ ਪਿੰਡ ਅਤੇ ਸਕੂਲ ’ਚ ਏਨਾ ਮੋਹ ਹੈ ਕਿ ਪਿੰਡ ਵਾਸੀ ਇਹੋ ਆਖਦੇ ਹਨ ਕਿ ‘ਤੁਹਾਨੂੰ ਸੇਵਾ ਮੁਕਤੀ ਮਗਰੋਂ ਵੀ ਜਾਣ ਨਹੀਂ ਦੇਣਾ’। ਉਸ ਨੇ ਸੇਵਾ ਮੁਕਤੀ ਨੂੰ ਗੁਪਤ ਰੱਖ ਲਿਆ। ਸਕੂਲ ਵਿਚ 105 ਬੱਚੇ ਹਨ ਅਤੇ ਕੋਈ ਬੱਚੇ ਕਦੇ ਗ਼ੈਰਹਾਜ਼ਰ ਨਹੀਂ ਹੋਇਆ। ਗ਼ੈਰਹਾਜ਼ਰ  ਬੱਚਿਆਂ ਦੇ ਮਾਪਿਆਂ ਦੀ ਉਹ ਜੁਆਬ ਤਲਬੀ ਕਰਦੀ ਹੈ। ਹਰ ਖ਼ੁਸ਼ੀ ਗ਼ਮੀ, ਉਸ ਨੂੰ ਪਹਿਲਾਂ ਬੁਲਾਇਆ ਜਾਂਦਾ ਹੈ। ਉਹ ਆਖਦੀ ਹੈ ਕਿ ਬੱਚਿਆਂ ਤੋਂ ਵੱਡੀ ਕੋਈ ਸੇਵਾ ਨਹੀਂ ਜਿਸ ਕਰਕੇ ਉਹ ਆਖ਼ਰੀ ਸਾਹ ਤੱਕ ਸਕੂਲ ਵਿਚ ਸੇਵਾ ਕਰੇਗੀ। ਉਹ ਅੰਬਾਲਾ ਤੋਂ ਰੋਜ਼ਾਨਾ ਆਟੋ ’ਚ ਆਉਂਦੀ ਹੈ। ਮਾਨਸਾ ਦੇ ਸੀਨੀਅਰ ਸੈਕੰਡਰੀ ਸਕੂਲ ਹੋਡਲਾ ਕਲਾਂ ਦਾ ਅਧਿਆਪਕ ਕਰਨੈਲ ਵੈਰਾਗੀ ਹਫ਼ਤੇ ਚੋਂ ਦੋ ਦਿਨ ਸਕੂਲ ਸਮੇਂ ਮਗਰੋਂ ਬੱਚਿਆਂ ਦੇ ਘਰਾਂ ਵਿਚ ਜਾਂਦਾ ਹੈ।
                 ਮਾਪਿਆਂ ਨੂੰ ਫੀਡ ਬੈਕ ਦਿੰਦਾ ਹੈ ਅਤੇ ਬੱਚਿਆਂ ਦੀਆਂ ਮੁਸ਼ਕਲਾਂ ਜਾਣਦਾ ਹੈ। ਪਹਿਲਾਂ ਉਹ ਸਰਦੀਆਂ ਦੇ ’ਚ ਬੱਚਿਆਂ ਦੇ ਘਰੋਂ ਘਰੀਂ ਜਾ ਕੇ ਸਵੇਰੇ ਚਾਰ ਵਜੇ ਕੁੰਡੇ ਖੜਕਾ ਕੇ ਬੱਚਿਆਂ ਨੂੰ ਪੜ੍ਹਨ ਲਈ ਜਗਾਉਂਦਾ ਸੀ ਪ੍ਰੰਤੂ ਹੁਣ ਉਹ  ਬੁਢਲਾਡਾ ਰਹਿਣ ਲੱਗਾ ਹੈ। ਬੁਢਲਾਡਾ ਦੇ ਪਿੰਡ ਜੀਤਸਰ ਦੇ ਸਕੂਲ ਦੇ ਅਧਿਆਪਕ ਸਤਪਾਲ ਸਿੰਘ ਨੇ ਸਕੂਲ ਵਿਚ ਅੰਗਰੇਜ਼ੀ ਮਾਧਿਅਮ ਸ਼ੁਰੂ ਕੀਤਾ ਹੈ। ਲਾਗਲੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਪੈਸ਼ਲ ਬੱਸ ਲਗਾ ਕੇ ਇਸ ਸਰਕਾਰੀ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਨ। ਬਠਿੰਡਾ ਦੇ ਪਿੰਡ ਲੱਖੀ ਜੰਗਲ ਦੇ ਸਕੂਲ ਅਧਿਆਪਕ ਕੁਲਵਿੰਦਰ ਸਿੰਘ ਨੇ ਪੱਲਿਓਂ ਖਰਚਾ ਕਰਕੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ। ਉਸ ਨੇ ਬੱਚਿਆਂ ਲਈ ਵਿਸ਼ੇਸ਼ ਬੱਘੀ ਲਗਾ ਦਿੱਤੀ ਹੈ ਤੇ ਗ਼ੈਰਹਾਜ਼ਰ ਬੱਚਿਆਂ ਨੂੰ ਅਧਿਆਪਕ ਖ਼ੁਦ ਘਰੋਂ ਲੈ ਕੇ ਆਉਂਦਾ ਹੈ।
                          ਇੱਕ ਸੇਵਾਦਾਰ ਇਹ ਵੀ..
ਪਿੰਡ ਕਬੂਲਪੁਰ (ਪਟਿਆਲਾ) ਦੇ ਸਕੂਲ ਦੇ ਸੇਵਾਦਾਰ ਦੀ ਸੇਵਾ ’ਚ ਕੋਈ ਕਮੀ ਨਹੀਂ। ਦਸ ਵਰੇ੍ਹ ਪਹਿਲਾਂ ਸੇਵਾ ਮੁਕਤ ਹੋਇਆ ਪ੍ਰੰਤੂ ਅੱਜ ਵੀ ਸਕੂਲ ਵਿਚ ਸੇਵਾ ਨਿਭਾ ਰਿਹਾ ਹੈ। ਆਖ਼ਰੀ ਸਾਹ ਤੱਕ ਸਕੂਲ ਸੇਵਾ ਦਾ ਜਜ਼ਬਾ ਹੈ। ਮੁਕਤਸਰ ਤੋਂ 17 ਵਰੇ੍ਹ ਪਹਿਲਾਂ ਅਮੀਰ ਸਿੰਘ ਬਤੌਰ ਬਲਾਕ ਸਿੱਖਿਆ ਅਫ਼ਸਰ ਸੇਵਾ ਮੁਕਤ ਹੋਇਆ। ਘਰ ਬੈਠਣ ਦੀ ਥਾਂ ਉਹ ਸ਼ਹਿਰ ਦੀ ਬੈਂਕ ਅੱਗੇ ਮੇਜ਼ ਕੁਰਸੀ ਲਾ ਕੇ ਬੈਠ ਗਿਆ। ਕਦੇ ਕਿਸੇ ਨੂੰ ਫਾਰਮ ਭਰਨ ਦੀ ਦਿੱਕਤ ਨਹੀਂ ਆਉਣ ਦਿੱਤੀ। ਹੁਣ ਉਸ ਨੂੰ ਅਧਰੰਗ ਹੋ ਗਿਆ ਹੈ।

No comments:

Post a Comment