Friday, September 21, 2018

                                                            ਸਾਬਕਾ ਵਿਧਾਇਕ
                                         ਨੋਟਾਂ ਦੀ ਪੰਡ ਨੇ ਕੀਤੇ ਵਾਰੇ ਨਿਆਰੇ
                                                              ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਮੈਦਾਨ ’ਚ ਘੱਟ ਹੀ ਚਿੱਤ ਹੋਏ ਸਾਬਕਾ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਦੀ ਪਿੱਠ ਜ਼ਰੂਰ ਲਾ ਦਿੱਤੀ ਹੈ। ਉਨ੍ਹਾਂ ਦੇ ਘਰਾਂ ’ਚ ਪੈਨਸ਼ਨ ਦੇ ਰੂਪ ’ਚ ਨੋਟਾਂ ਦਾ ਮੀਂਹ ਵਰ੍ਹਦਾ ਹੈ। ਦੂਸਰੀ ਤਰਫ਼ ਪੰਜਾਬ ਦੇ ਬਜ਼ੁਰਗਾਂ ਦਾ ਮਾਮੂਲੀ ਪੰਜ ਸੌ ਰੁਪਏ ਦੀ ਬੁਢਾਪਾ ਪੈਨਸ਼ਨ ਨੇ ਬੁਢਾਪਾ ਰੋਲ ਰੱਖਿਆ ਹੈ। ਇੱਧਰ ਸਾਬਕਾ ਵਿਧਾਇਕਾਂ ਦੇ ਪੈਨਸ਼ਨ ਨੇ ਹੀ ਵਾਰੇ ਨਿਆਰੇ ਕਰ ਰੱਖੇ ਹਨ। ਪੰਜਾਬ ਦੇ ਕਰੀਬ ਸਵਾ ਦੋ ਸੌ ਸਾਬਕਾ ਵਿਧਾਇਕ ਪੈਨਸ਼ਨ ਲੈ ਰਹੇ ਹਨ। ਹੁਣ ਪੈਨਸ਼ਨ ਰਾਸ਼ੀ ਏਨੀ ਹੈ ਕਿ ਇੱਕ ਵਾਰੀ ਵਿਧਾਇਕ ਬਣਨ ਵਾਲੇ ਨੇਤਾ ਦੀ ਉਮਰ ਭਰ ਲਈ ਲਾਟਰੀ ਲੱਗ ਜਾਂਦੀ ਹੈ। ਸਿਰਫ਼ ਇੱਕ ਦਫ਼ਾ ਜੋ ਵਿਧਾਇਕ ਰਹੇ ਹਨ, ਉਨ੍ਹਾਂ ਨੂੰ ਬਤੌਰ ਸਾਬਕਾ ਵਿਧਾਇਕ ਹੁਣ ਸਭ ਭੱਤਿਆਂ ਸਮੇਤ 75,150 ਰੁਪਏ ਪੈਨਸ਼ਨ ਮਿਲਦੀ ਹੈ, ਜੋ ਬਾਕੀ ਸਹੂਲਤ, ਉਹ ਵੱਖ ਹਨ। ਸਰਕਾਰੀ ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਬਤੌਰ ਸਾਬਕਾ ਵਿਧਾਇਕਾ ਇਸ ਵੇਲੇ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜਦੋਂ ਕਿ ਹੁਣ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨ ਵਜੋਂ ਵੱਖਰੀ ਤਨਖ਼ਾਹ ਤੇ ਭੱਤੇ ਮਿਲਣਗੇ। ਬੀਬੀ ਭੱਠਲ ਛੇ ਵਾਰ ਵਿਧਾਇਕ ਬਣੇ ਹਨ।
                  ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਛੇ ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਸਵਾ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਵੀ 3.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ ਜਦੋਂ ਕਿ ਬਲਵਿੰਦਰ ਸਿੰਘ ਭੂੰਦੜ ਪੰਜ ਵਾਰ ਵਿਧਾਇਕ ਰਹਿਣ ਕਰਕੇ ਇਸ ਵੇਲੇ 2.75 ਲੱਖ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਖ਼ਜ਼ਾਨੇ ਚੋਂ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਭੂੰਦੜ ਤੇ ਢੀਂਡਸਾ ਨੂੰ ਬਤੌਰ ਰਾਜ ਸਭਾ ਮੈਂਬਰ ਵੱਖਰੀ ਤਨਖ਼ਾਹ ਤੇ ਭੱਤੇ ਮਿਲ ਰਹੇ ਹਨ। ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਿੰਨ ਵਾਰ ਵਿਧਾਇਕ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ 1.75 ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜਦੋਂ ਕਿ ਐਮ.ਪੀ ਵਜੋਂ ਤਨਖ਼ਾਹ ਤੇ ਭੱਤੇ ਵੱਖਰੇ ਮਿਲਦੇ ਹਨ। ਜੋ ਵਿਧਾਇਕ ਇੱਕ ਵਾਰ ਐਮ.ਪੀ ਵੀ ਰਹਿ ਜਾਂਦੇ ਹਨ, ਉਨ੍ਹਾਂ ਨੂੰ ਡਬਲ ਗੱਫਾ ਮਿਲਦਾ ਹੈ।
                ਪੰਜਾਬ ਦੇ ਨੌ ਸਾਬਕਾ ਵਿਧਾਇਕ ਅਜਿਹੇ ਹਨ, ਜੋ ਲੋਕ ਸਭਾ ਅਤੇ ਰਾਜ ਸਭਾ ਤੋਂ ਵੀ ਪੈਨਸ਼ਨ ਲੈ ਰਹੇ ਹਨ ਤੇ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਸਰਕਾਰੀ ਸੂਚਨਾ ਅਨੁਸਾਰ ਵਿਧਾਨ ਸਭਾ ਵੱਲੋਂ ਹਰ ਸਾਬਕਾ ਵਿਧਾਇਕ ਦੀ ਪੈਨਸ਼ਨ ਫਿਕਸ ਕੀਤੀ ਗਈ ਹੈ ਅਤੇ ਉਹ ਖ਼ਜ਼ਾਨੇ ਜਾਂ ਬੈਂਕ ਚੋਂ ਪ੍ਰਾਪਤ ਕਰਦੇ ਹਨ। ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਨਿਯਮ, 1984 ਦੀ ਧਾਰਾ 3(1 ਅਧੀਨ ) ਪੈਨਸ਼ਨ ਨਿਸ਼ਚਿਤ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ 26 ਅਕਤੂਬਰ 2016 ਨੂੰ ਪੈਨਸ਼ਨ ਵਿਚ ਵਾਧਾ ਕਰਕੇ ਹਰ ਸਾਬਕਾ ਵਿਧਾਇਕ ਨੂੰ ਪਹਿਲੀ ਟਰਮ ਲਈ 15 ਹਜ਼ਾਰ ਰੁਪਏ ਮੱੁਢਲੀ ਤਨਖ਼ਾਹ, 50 ਫ਼ੀਸਦੀ ਮਰਜ਼ੀ ਡੀ.ਏ ਅਤੇ 234 ਫ਼ੀਸਦੀ (ਮੌਜੂਦਾ) ਮਹਿੰਗਾਈ ਭੱਤੇ ਮੁਤਾਬਿਕ ਬਣਦੀ ਪੈਨਸ਼ਨ ਦਿੱਤੀ ਜਾ ਰਹੀ ਹੈ। ਇੱਕ ਤੋਂ ਜ਼ਿਆਦਾ ਦਫ਼ਾ ਵਿਧਾਇਕ ਬਣਨ ਵਾਲਿਆਂ ਨੂੰ ਪ੍ਰਤੀ ਟਰਮ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੱੁਢਲੀ ਪੈਨਸ਼ਨ ਸਮੇਤ ਭੱਤੇ ਵੱਖਰੀ ਦਿੱਤੀ ਜਾਂਦੀ ਹੈ।
                  ਇਸ ਲਿਹਾਜ਼ ਨਾਲ ਦੋ ਵਾਰ ਵਿਧਾਇਕ ਬਣਨ ਵਾਲਾ ਵਿਅਕਤੀ ਸਵਾ ਲੱਖ ਰੁਪਏ ਅਤੇ ਤਿੰਨ ਵਾਰ ਵਿਧਾਇਕ ਬਣਨ ਵਾਲਾ ਪੌਣੇ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣਦਾ ਹੈ। ਚਾਰ ਵਾਰ ਵਿਧਾਇਕ ਬਣਨ ਵਾਲਿਆਂ ਨੂੰ ਸਵਾ ਦੋ ਲੱਖ, ਪੰਜ ਵਾਰੀ ਦੇ ਸਾਬਕਾ ਵਿਧਾਇਕ ਨੂੰ ਪੌਣੇ ਤਿੰਨ ਲੱਖ, ਛੇ ਵਾਰੀ ਦੇ ਨੂੰ 3.25 ਲੱਖ , ਸੱਤ ਵਾਰੀ ਦੇ ਨੂੰ 3.75 ਲੱਖ, ਅੱਠ ਵਾਰੀ ਦੇ ਨੂੰ 4.25 ਲੱਖ ਅਤੇ ਨੌ ਵਾਰੀ ਵਿਧਾਇਕ ਬਣਨ ਵਾਲੇ ਨੇਤਾ ਨੂੰ 4.75 ਲੱਖ ਰੁਪਏ ਪੈਨਸ਼ਨ ਮਿਲਦੀ ਹੈ। ਜਦੋਂ ਕਿਤੇ ਪੈਨਸ਼ਨ ਵਿਚ ਵਾਧਾ ਹੋਵੇਗਾ ਤਾਂ ਇਹ ਪੈਨਸ਼ਨ ਹੋਰ ਛੜੱਪੇ ਮਾਰ ਕੇ ਵਧੇਗੀ। ਪੰਜਾਬ ਦੇ ਦਰਜਨਾਂ ਸਾਬਕਾ ਵਿਧਾਇਕ ਤਿੰਨ ਤਿੰਨ ਵਾਰੀ ਐਮ.ਐਲ.ਏ ਰਹੇ ਹਨ। ਦੋ ਦੋ ਵਾਰ ਵਿਧਾਇਕ ਰਹਿਣ ਵਾਲੇ ਨੇਤਾ ਤਾਂ ਕਾਫ਼ੀ ਗਿਣਤੀ ਵਿਚ ਹਨ। ਸਾਬਕਾ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਜੀਵਨ ਭਰ  ਲਈ ਸਿਹਤ ਸਹੂਲਤ ਦਿੱਤੀ ਜਾਂਦੀ ਹੈ ਜੋ ਅਣਲਿਮਟਿਡ ਹੈ। ਪੰਜਾਬ ਸਰਕਾਰ ਹਰ ਵਰੇ੍ਹ ਅੌਸਤਨ ਕਰੀਬ ਇੱਕ ਕਰੋੜ ਰੁਪਏ ਸਾਬਕਾ ਵਿਧਾਇਕਾਂ ਦੇ ਇਲਾਜ ਤੇ ਖ਼ਰਚ ਕਰਦੀ ਹੈ। ਸਾਬਕਾ ਵਿਧਾਇਕਾਂ ਦਾ ਤਰਕ ਹੈ ਕਿ ਉਹ ਨਿਯਮਾਂ ਅਨੁਸਾਰ ਹੀ ਪੈਨਸ਼ਨ ਲੈ ਰਹੇ ਹਨ ਅਤੇ ਸਿਆਸੀ ਜੀਵਨ ਵਿਚ ਨਿੱਤ ਦੇ ਖ਼ਰਚਿਆਂ ਦੇ ਸਾਹਮਣੇ ਇਹ ਪੈਨਸ਼ਨ ਵੱਡੀ ਨਹੀਂ ਹੈ।
                            ਬਾਦਲ ਨੂੰ ਮਿਲੇਗੀ 5.26 ਲੱਖ ਰੁਪਏ ਪੈਨਸ਼ਨ !
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਵਿੱਖ ’ਚ ਜਦੋਂ ਵੀ ਸਿਆਸਤ ਤੋਂ ਸੇਵਾ ਮੁਕਤ ਹੋਏ ਤਾਂ ਉਨ੍ਹਾਂ ਦਾ ਸਿਆਸੀ ਸੰਨਿਆਸ ਖ਼ਜ਼ਾਨੇ ਨੂੰ ਸਭ ਤੋਂ ਮਹਿੰਗਾ ਪਵੇਗਾ। ਸਾਬਕਾ ਮੁੱਖ ਮੰਤਰੀ ਬਾਦਲ ਦਸ ਵਾਰੀ ਵਿਧਾਇਕ ਰਹੇ ਹਨ ਅਤੇ ਮੌਜੂਦਾ ਵਿਧਾਇਕ ਵੀ ਹਨ। ਸਿਆਸਤ ਤੋਂ ਸੇਵਾ ਮੁਕਤ ਹੋਣ ਦੀ ਸੂਰਤ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਤੀ ਮਹੀਨਾ 5.26 ਲੱਖ ਰੁਪਏ ਪੈਨਸ਼ਨ ਮਿਲੇਗੀ ਜੋ ਆਪਣੇ ਆਪ ਵਿਚ ਰਿਕਾਰਡ ਹੋਵੇਗੀ।
           




1 comment: