Wednesday, September 26, 2018

                               ਮਹਾਰਾਜੇ ਦੀ ਵਿਜੀਲੈਂਸ 
          ਕੋਲਿਆਂਵਾਲੀ ਨੂੰ ‘ਨੱਪਣ’ ਲਈ ਚੁੱਕਿਆ ਖੂੰਡਾ
                                   ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕਾ ਲੰਬੀ ’ਚ ਰੈਲੀ ਕਰਨ ਤੋਂ ਪਹਿਲਾਂ ਸਾਬਕਾ ਅਕਾਲੀ ਚੇਅਰਮੈਨ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਜੇਲ੍ਹ ਦੀ ਹਵਾ ਖੁਆਉਣ ਦੇ ਰੌਂਅ ’ਚ ਜਾਪਦੇ ਹਨ। ਵਿਜੀਲੈਂਸ ਅਫ਼ਸਰਾਂ ਨੇ ਇਕਦਮ ਹੀ ਸਾਬਕਾ ਚੇਅਰਮੈਨ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਟੀਮ ਨੇ 21 ਸਤੰਬਰ ਤੋਂ ਮੁੜ ਕੋਲਿਆਂ ਵਾਲੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਨੇੜਲਿਆਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 20 ਅਗਸਤ ਨੂੰ ਕੋਲਿਆਂਵਾਲੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਉਸ ਮਗਰੋਂ ਵਿਜੀਲੈਂਸ ਅਧਿਕਾਰੀ ਚੁੱਪ ਹੋ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਉਂ ਹੀ ਹਲਕਾ ਲੰਬੀ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਤਾਂ ਉਸ ਮਗਰੋਂ ਹੀ ਵਿਜੀਲੈਂਸ ਦੀਆਂ ਟੀਮਾਂ ਨੇ ਕੋਲਿਆਂ ਵਾਲੀ ਦੀ ਤਲਾਸ਼ ਵਿਚ ਚੱਪਾ ਚੱਪਾ ਛਾਨਣਾ ਸ਼ੁਰੂ ਕਰ ਦਿੱਤਾ। ਅੱਜ ਵਿਜੀਲੈਂਸ ਟੀਮ ਨੇ ਕੋਲਿਆਂ ਵਾਲੀ ਵਿਚ ਮੁੜ ਛਾਪਾ ਮਾਰਿਆ। ਦੱਸਣਯੋਗ ਹੈ ਕਿ ਵਿਜੀਲੈਂਸ ਨੇ 30 ਜੂਨ 2018 ਨੂੰ ਵਿਜੀਲੈਂਸ ਥਾਣਾ ਮੋਹਾਲੀ ਵਿਖੇ ਕੋਲਿਆਂ ਵਾਲੀ ਖ਼ਿਲਾਫ਼ ਵਸੀਲਿਆਂ ਤੋਂ ਜ਼ਿਆਦਾ 1.71 ਕਰੋੜ ਦੀ ਸੰਪਤੀ ਬਣਾਏ ਜਾਣ ਦਾ ਕੇਸ ਦਰਜ ਕੀਤਾ ਸੀ।
                 ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਲੰਬੀ ਰੈਲੀ ਵਿਚ ਸਟੇਜ ਤੋਂ ਕਾਂਗਰਸ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਕੋਲਿਆਂ ਵਾਲੀ ਨੂੰ ਰਵੀ ਸਿੱਧੂ ਵਾਂਗ ਸਲਾਖ਼ਾਂ ਪਿੱਛੇ ਭੇਜਣ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਮੁੱਖ ਮੰਤਰੀ ਨੇ ਲੰਬੀ ਦੇ ਕਿੱਲਿਆਂ ਵਾਲੀ ਵਿਚ 7 ਅਕਤੂਬਰ ਨੂੰ  ਰੈਲੀ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਵਿਜੀਲੈਂਸ ਇਸ ਪਿੱਛੇ ਕੋਈ ਸਿਆਸੀ ਸਖ਼ਤੀ ਹੋਣ ਤੋਂ ਇਨਕਾਰ ਕਰਦੀ ਹੈ ਪ੍ਰੰਤੂ ਹਕੀਕਤ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਸਮਿਤੀ ਦੀਆਂ ਵੋਟਾਂ ਪੈਣ ਮਗਰੋਂ ਹੀ ਵਿਜੀਲੈਂਸ ਮੁਸਤੈਦ ਹੋਇਆ ਹੈ।  ਸੂਤਰਾਂ ਅਨੁਸਾਰ ਵਿਜੀਲੈਂਸ ਟੀਮਾਂ ਨੇ 21 ਸਤੰਬਰ ਤੋਂ ਛਾਪੇਮਾਰੀ ਸ਼ੁਰੂ ਕੀਤੀ ਅਤੇ ਲੰਘੇ ਚਾਰ ਪੰਜ ਦਿਨਾਂ ਵਿਚ ਵਿਜੀਲੈਂਸ ਨੇ ਕੋਲਿਆਂ ਵਾਲੀ ਦੇ ਘਰ, ਉਸ ਦੀਆਂ ਦੋ ਭੈਣਾਂ ਦੇ ਘਰ ਪਿੰਡ ਢੋਲੇਵਾਲ (ਮੋਗਾ) ਅਤੇ ਸ਼ੁਕਰਚੱਕ (ਤਰਨਤਾਰਨ) ਵਿਚ ਛਾਪੇ ਮਾਰੇ ਹਨ। ਇਸੇ ਤਰ੍ਹਾਂ ਕੋਲਿਆਂ ਵਾਲੀ ਦੇ ਰਿਸ਼ਤੇਦਾਰਾਂ ਦੇ ਘਰ ਚੱਕ ਮੇਘਾ ਸਿੰਘ ਵਿਆਨ (ਫ਼ਾਜ਼ਿਲਕਾ) ਅਤੇ ਉਸ ਦੀ ਲੜਕੀ ਦੇ ਘਰ ਝੰਡੂਵਾਲਾ (ਫ਼ਿਰੋਜ਼ਪੁਰ) ਵਿਚ ਛਾਪੇ ਮਾਰੇ ਹਨ। ਕੋਲਿਆਂ ਵਾਲੀ ਦੇ ਪੀ.ਏ ਰਹੇ ਗੁਰਮੀਤ ਸਿੰਘ ਅਤੇ ਨਿਰਮਲ ਸਿੰਘ ਦੇ ਕੋਲਿਆਂ ਵਾਲੀ ਘਰ ਵਿਚ ਅਤੇ ਇੱਕ ਹੋਰ ਪੀਏ ਲਵਜੀਤ ਸਿੰਘ ਦੇ ਘਰ ਪੱਕੀ ਟਿੱਬੀ ਵਿਖੇ ਵੀ ਕੋਲਿਆਂ ਵਾਲੀ ਦੀ ਤਲਾਸ਼ ਕੀਤੀ ਹੈ।
                 ਕੋਲਿਆਂ ਵਾਲੀ ਦੇ ਦੋ ਦੋਸਤ ਪਿੰਡ ਮਿੱਡਾ ਦੇ ਸਾਬਕਾ ਸਰਪੰਚ ਬਗ਼ੀਚਾ ਸਿੰਘ ਅਤੇ ਕੱਟਿਆਂ ਵਾਲੀ ਦੇ ਸਾਬਕਾ ਸਰਪੰਚ ਰਛਪਾਲ ਸਿੰਘ ਦੇ ਘਰ ਵੀ ਵਿਜੀਲੈਂਸ ਗੇੜਾ ਲਾ ਕੇ ਆਈ ਹੈ। ਵਿਜੀਲੈਂਸ ਨੇ ਹੁਣ ਕੋਲਿਆਂ ਵਾਲੀ ਦੇ ਨੇੜਲਿਆਂ ਦੀ ਸ਼ਨਾਖ਼ਤ ਕੀਤੀ ਹੈ ਜਿਸ ਦੇ ਸਬੰਧ ਵਿਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਵੀ ਛਾਪੇਮਾਰੀ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੂੰ ਕੋਲਿਆਂ ਵਾਲੀ ਦੇ ਬਾਲਾਸਰ (ਹਰਿਆਣਾ) ਵਿਚ ਛੁਪੇ ਹੋਣ ਦੀ ਵੀ ਭਿਣਕ ਪਈ ਹੈ। ਦੱਸਣਯੋਗ ਹੈ ਕਿ ਹਾਈਕੋਰਟ ਚੋਂ ਜ਼ਮਾਨਤ ਰੱਦ ਹੋਣ ਮਗਰੋਂ ਕੋਲਿਆਂ ਵਾਲੀ ਰੂਪੋਸ਼ ਹੋ ਗਏ ਹਨ ਅਤੇ ਇਸੇ ਕਰਕੇ ਉਹ ਸਮਿਤੀ ਚੋਣਾਂ ਵਿਚ ਕਿਧਰੇ ਨਜ਼ਰ ਨਹੀਂ ਪਏ। ਵਿਜੀਲੈਂਸ ਨੇ ਕੋਲਿਆਂ ਵਾਲੀ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ ਅਤੇ ਹੁਣ ਆਮਦਨ ਕਰ ਵਿਭਾਗ ਤੋਂ ਰਿਕਾਰਡ ਮੰਗਿਆ ਹੈ। ਵਿਜੀਲੈਂਸ ਵੱਲੋਂ ਹੁਣ ਕੋਲਿਆਂ ਵਾਲੀ ਦੇ ਮਲੋਟ ਵਿਚਲੇ ਨੇੜਲੇ ਦੋਸਤਾਂ ਨੂੰ ਵੀ ਤਲਬ ਕਰਨ ਦੀ ਵਿਉਂਤ ਹੈ। ਵਿਜੀਲੈਂਸ ਨੇ ਕੋਲਿਆਂ ਵਾਲੀ ਦੀ ਭਾਲ ਲਈ ਪ੍ਰਾਈਵੇਟ ਸੂਹੀਏ ਵੀ ਛੱਡੇ ਹਨ ਪ੍ਰੰਤੂ ਹਾਲੇ ਤੱਕ ਵਿਜੀਲੈਂਸ ਅਫ਼ਸਰ ਉਸ ਦੀ ਪੈੜ ਨੱਪਣ ਵਿਚ ਨਕਾਮ ਰਹੇ ਹਨ। ਸੂਤਰ ਦੱਸਦੇ ਹਨ ਕਿ ਉੱਪਰੋਂ ਇਸ਼ਾਰਾ ਮਿਲਣ ਮਗਰੋਂ ਹੀ ਵਿਜੀਲੈਂਸ ਨੇ ਰਫ਼ਤਾਰ ਫੜੀ ਹੈ।
                      ਛਾਪੇ ਮਾਰੇ ਜਾ ਰਹੇ ਹਨ : ਐਸ.ਐਸ.ਪੀ
ਬਠਿੰਡਾ ਰੇਂਜ ਦੇ ਐਸ.ਐਸ.ਪੀ (ਵਿਜੀਲੈਂਸ) ਪਰਮਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਹਾਈਕੋਰਟ ਚੋਂ ਜ਼ਮਾਨਤ ਰੱਦ ਹੋਣ ਤੋਂ ਹੀ ਕੋਲਿਆਂ ਵਾਲੀ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕੋਲਿਆਂ ਵਾਲੀ ਦੇ ਪਰਵਾਰਿਕ ਮੈਂਬਰਾਂ ਅਤੇ ਨੇੜਲਿਆਂ ਦੇ ਘਰਾਂ ’ਚ ਵਿਜੀਲੈਂਸ ਟੀਮਾਂ ਨੇ ਭਾਲ ਕੀਤੀ ਹੈ ਕਿਉਂਕਿ ਕਾਨੂੰਨੀ ਤੌਰ ਤੇ ਉਸ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਕੰਮ ਕਰ ਰਹੀ ਹੈ ਜਿਸ ਦਾ ਹੋਰ ਕੋਈ ਲਾਗਾ ਤੇਗ਼ਾ ਨਹੀਂ ਹੈ।
                        ਹਰ ਹੀਲੇ ਕਾਰਵਾਈ ਹੋਵੇਗੀ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਨੇ ਲੰਬੀ ਵਿਚ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਲੁੱਟਣ ਵਾਲੇ ਬਖ਼ਸ਼ੇ ਨਹੀਂ ਜਾਣਗੇ ਜਿਸ ਕਰਕੇ ਕੋਲਿਆਂ ਵਾਲੀ ਖ਼ਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਹਰ ਹੀਲੇ ਹੋਵੇਗੀ। ਜਾਖੜ ਨੇ ਆਖਿਆ ਕਿ 7 ਅਕਤੂਬਰ ਨੂੰ ਕਿੱਲਿਆਂ ਵਾਲੀ ਵਿਚ ਰੈਲੀ ਹੋਵੇਗੀ ਪ੍ਰੰਤੂ ਹੁਣ ਹੜ੍ਹਾਂ ਨੂੰ ਵੀ ਨਜ਼ਰ ਵਿਚ ਰੱਖਿਆ  ਜਾ ਰਿਹਾ ਹੈ।

   



   






1 comment:

  1. ਕਲ ਪਰਸੋ ਤਾ ਵਡੇ ਬਾਦਲ ਦੇ ਮਗਰ ਖੜਾ ਸੀ ਫਰੀਦਕੋਟ ਵਾਲੀ rally ਵਿਚ!!!!

    ReplyDelete