Monday, September 3, 2018

                                                         ਵਿਰਸੇ ਦੇ ਸ਼ੇਰ ਬੱਗੇ 
                                ਨੌਜਵਾਨਾਂ ਦੀ ਜਿੱਦ ਨੇ ਖੰਡਰਾਂ ’ਚ ਪਾਈ ਜਾਨ
                                                          ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ’ਚ ਜਵਾਨੀ ਦੀ ਜ਼ਿੱਦ ਨੇ ਅਤੀਤ ਦੀ ਇੱਕ ਨਿਸ਼ਾਨੀ ਨੂੰ ਬਚਾ ਲਿਆ। ਜਦੋਂ ਨੌਜਵਾਨਾਂ ਦੀ ਟੋਲੀ ਨੂੰ ਜਨੂੰਨ ਚੜ੍ਹਿਆ ਤਾਂ ਉਨ੍ਹਾਂ ਨੇ ਟਾਊਨ ਦੇ ‘ਕਿਲਾ ਮੁਬਾਰਕ’ ਦੇ ਖੰਡਰ ਨਾਲ ਮੱਥਾ ਲਾ ਲਿਆ। ਗੌਰਵਮਈ ਇਤਿਹਾਸ ਤੋਂ ਨਵਾਂ ਪੋਚ ਕਿਤੇ ਵਿਰਵਾ ਨਾ ਰਹਿ ਜਾਏ, ਪੰਦਰਾਂ ਨੌਜਵਾਨਾਂ ਨੇ ਕਰੀਬ ਛੇ ਮਹੀਨੇ ਪਹਿਲਾਂ ਆਪੋ ਆਪਣੀ ਜੇਬ ’ਚ ਹੱਥ ਮਾਰਿਆ। ਸਿਰਫ਼ 80 ਰੁਪਏ ਜੇਬਾਂ ਚੋਂ ਨਿਕਲੇ। ਕਰੋੜਾਂ ਦੇ ਖ਼ਰਚੇ ਅੱਗੇ ਇਨ੍ਹਾਂ ਨੌਜਵਾਨਾਂ ਨੂੰ ਅੱਸੀ ਰੁਪਏ ਕੋਈ ਛੋਟੀ ਦੌਲਤ ਨਾ ਜਾਪੇ। ਅੰਦਰਲੇ ਠਾਠਾਂ ਮਾਰਦੇ ਜਜ਼ਬੇ ਨੇ ਨੌਜਵਾਨਾਂ ਨੂੰ ਨਵੇਂ ਮਿਸ਼ਨ ਦੇ ਰਾਹੀ ਬਣਾ ਦਿੱਤਾ। ਫਿਰ ਕੀ ਸੀ ਕਿ ਪੂਰੇ ਟਾਊਨ ’ਚ ਢੋਲ ਵੱਜ ਗਏ ਕਿ ‘ਕੱਲ੍ਹ ਦੇ ਨਿਆਣੇ’ ਹੁਣ ਵੱਡੇ ਸਿਆਣੇ ਬਣਦੇ ਨੇ। ਬਿਨਾਂ ਸਰਕਾਰੀ ਇਮਦਾਦ ਤੇ ਬਿਨਾਂ ਵੱਡੀ ਢਾਰਸ ਤੋਂ ਇਨ੍ਹਾਂ ਨੌਜਵਾਨਾਂ ਨੇ ‘ਕਿਲਾ ਮੁਬਾਰਕ’ ਦਾ ਮੁਹਾਂਦਰਾ ਬਦਲ ਦਿੱਤਾ। ਤੈਰਵੀਂ ਨਜ਼ਰ ਮਾਰੀਏ ਤਾਂ ਬਾਬਾ ਫੂਲ ਨੇ 1712 ’ਚ ਕਸਬਾ ਫੂਲ ’ਚ ਕੱਚੇ ਕਿਲੇ ਦਾ ਨਿਰਮਾਣ ਕਰਾਇਆ ਜਿੱਥੇ ਅੱਜ ਵੀ ਫੂਲ ਘਰਾਣੇ ਦੇ ਸੱਤ ਚੁੱਲ੍ਹੇ ਹਨ। ਰਿਆਸਤ ਨਾਭਾ ਦਾ ਜ਼ਿਲ੍ਹਾ ਮੁਕਾਮ ਫੂਲ ਰਿਹਾ ਹੈ। ਰਾਜਾ ਹੀਰਾ ਸਿੰਘ ਨਾਭਾ ਕਿਲੇ ਅੰਦਰ ਖੁੱਲ੍ਹਾ ਦਰਬਾਰ ਲਾਉਂਦੇ ਸਨ ਤੇ ਰਾਣੀਆਂ ਦੀ ਠਹਿਰ ਕਿਲੇ ਅੰਦਰ ਹੁੰਦੀ ਸੀ।
                     ਚਰਚੇ ਰਹੇ ਹਨ ਕਿ ਕਿਲੇ ਅੰਦਰਲੇ ਖੂਹ ਦਾ ਪਾਣੀ ਨਾਭੇ ਜਾਇਆ ਕਰਦਾ ਸੀ। ਵਕਤ ਦੀ ਗਰਦਿਸ਼ ’ਚ ਸਭ ਕੱੁਝ ਗੁਆਚ ਗਿਆ। ਕਿਲਾ ਖੰਡਰ ਬਣ ਗਿਆ ਤੇ ਮੁੱਖ ਗੇਟ ਦੇ ਦਰਵਾਜ਼ੇ ’ਤੇ ਆਰਜ਼ੀ ਪਖਾਨੇ ਬਣਾ ਦਿੱਤੇ ਤੇ ਚਾਰੇ ਪਾਸੇ ਰੇਹੜੀਆਂ ਨੇ ਰਾਹ ਰੋਕ ਦਿੱਤੇ। ਵਰ੍ਹਿਆਂ ਤੋਂ ਕਿਲੇ ਅੰਦਰ ਸਿਵਾਏ ਨਸ਼ੇੜੀਆਂ ਤੋਂ ਕੋਈ ਗਿਆ ਨਹੀਂ ਸੀ। ਵੱਡੇ ਵੱਡੇ ਚਬੂਤਰੇ ਖੁਰ ਰਹੇ ਸਨ। ਨੌਜਵਾਨ ਹੁਸਨ ਸ਼ਰਮਾ ਨੂੰ ਕਿਲਾ ਮੁਬਾਰਕ ਦੇ ਬੰਦੇ ਦਰਵਾਜ਼ੇ ਚੁਭਨ ਲੱਗੇ। ਉਸ ਨੇ ਦੋਸਤਾਂ ਨੂੰ ਆਪਣੇ ਮਨ ਦੀ ਦੱਸੀ। ਦੇਖਦਿਆਂ ਦੇਖਦਿਆਂ ਜਦੋਂ ਨੌਜਵਾਨਾਂ ਦੇ ਦਿਲ ਖੁੱਲ੍ਹ ਗਏ ਤਾਂ ਇਸ ਕਿਲੇ ਦੇ ਗੇਟ ਖੁੱਲ੍ਹਣ ’ਚ ਵੀ ਦੇਰੀ ਨਾ ਲੱਗੀ। ਜਨੂੰਨ ਦੇ ਟੋਏ ਵਿਚ ਲਾਈ ਛਲਾਂਗ ਨੇ ਇਨ੍ਹਾਂ ਨੌਜਵਾਨਾਂ ਨੂੰ ਏਡੀ ਥਾਪੀ ਦਿੱਤੀ ਕਿ ਟਿੱਚਰਾਂ ਕਰਨ ਵਾਲੇ ਵੀ ਉਨ੍ਹਾਂ ਦੇ ਉੱਦਮ  ਨੂੰ ਸਲਾਮ ਕਰਨ ਲੱਗੇ। ਹੁਸ਼ਨ ਸ਼ਰਮਾ ਨੇ ਦੱਸਿਆ ਕਿ ਜਦੋਂ ਖੰਡਰ ਹੋ ਰਹੀ ਵਿਰਾਸਤ ਝੱਲੀ ਨਾ ਗਈ ਤਾਂ ਉਨ੍ਹਾਂ ਨੇ 80 ਰੁਪਏ ਇਕੱਠੇ ਕਰਕੇ ਮਿਸ਼ਨ ਦੀ ਸ਼ੁਰੂਆਤ ਕੀਤੀ। ਫਿਰ ਇੱਕ ਘੰਟੇ ’ਚ ਉਨ੍ਹਾਂ ਪੂਰੇ ਬਾਜ਼ਾਰ ਦਾ ਚੱਕਰ ਲਾਇਆ। 22 ਹਜ਼ਾਰ ਇਕੱਠੇ ਹੋ ਗਏ। ਗੇਟ ਅੱਗਿਓਂ ਪਹਿਲਾਂ ਨਜਾਇਜ਼ ਕਬਜ਼ੇ ਹਟਾਉਣੇ ਪਹਿਲੀ ਪ੍ਰੀਖਿਆ ਸੀ।
           ਮੁੱਖ ਗੇਟ ’ਤੇ ਪਖਾਨੇ ਬਣੇ ਹੋਏ ਸਨ। ਗੇਟ ਖੋਲ੍ਹਿਆ ਤਾਂ ਅੰਦਰ ਨਰਕ ਦੀ ਤਸਵੀਰ ਦਿੱਖੀ। ਬਦਬੋ ਨੇ ਰਾਹ ਰੋਕੇ ਪ੍ਰੰਤੂ ਸਭਨਾਂ ਨੌਜਵਾਨਾਂ ਨੇ ਹੱਥੀ ਸਭ ਗੰਦ ਨੂੰ ਕੱਢਿਆ। ਕਰੀਬ 400 ਤੋਂ ਉੱਪਰ ਟਰਾਲੀ ਗੰਦਾ ਮਲਬਾ ਨਿਕਲਿਆ। 21 ਮਾਰਚ 2018 ਨੂੰ ਅਰੰਭੇ ਕੰਮ ਦਾ ਹੁਣ ਫਲ ਦਿੱਖਣ ਲੱਗਾ ਹੈ। ਨੌਜਵਾਨ ਅਮਰਿੰਦਰ ਤੇ ਗੋਪਾਲ ਸ਼ਰਮਾ ਨੇ ਦੱਸਿਆ ਕਿ ਜਦੋਂ ਮਲਬਾ ਚੁੱਕਦੇ ਸਨ ਤਾਂ ਸੱਪ ਹੋਰ ਜਾਨਵਰ ਵੱਡੀ ਗਿਣਤੀ ਵਿਚ ਨਿਕਲੇ। ‘ਵੱਡੀ ਚੁਣੌਤੀ ਸੀ ਤੇ ਕੋਈ ਰਾਹ ਮੋਕਲਾ ਨਹੀਂ ਸੀ, ਵਿਰੋਧ ਵੀ ਉੱਠਿਆ ਤੇ ਵਿਭਾਗਾਂ ਦੇ ਝਮੇਲੇ ਵੀ’ , ਪ੍ਰਭ ਅਵਿਨਾਸ਼ ਦਾ ਇਹ ਪ੍ਰਤੀਕਰਮ ਸੀ। ਅੰਦਰ ਏਨੀ ਗੰਦਗੀ ਸੀ ਕਿ ਖੜ੍ਹਾ ਹੋਣਾ ਮੁਸ਼ਕਲ ਸੀ। ਬੀਂਡੀ ਜੁੜੇ ਇਨ੍ਹਾਂ ਜਵਾਨਾਂ ਦੀ ਹਿੰਮਤ ਵਜੋਂ ਕਿਲੇ ਦਾ ਚਿਹਰਾ ਮੋਹਰਾ ਬਦਲਣ ਲੱਗਾ ਹੈ।  ਕਿਲਾ ਮੁਬਾਰਕ ਦਾ ਮੁੱਖ ਗੇਟ ਸੰਵਰ ਗਿਆ ਹੈ ਤੇ ਕਿਧਰੇ ਕੋਈ ਰਸਤੇ ਵਿਚ ਨਜਾਇਜ਼ ਕਬਜ਼ਾ ਨਹੀਂ। ਚਬੂਤਰੇ ਡਿਗਣੋਂ ਬਚਾ ਲਏ ਹਨ। ਮਲਬੇ ਚੋਂ ਦੋ ਖ਼ਜ਼ਾਨੇ ਦੇ ਗੇਟ ਲੱਭੇ ਜਿਨ੍ਹਾਂ ਨੂੰ ਮੁੜ ਦੋ ਖ਼ਜ਼ਾਨੇ ਵਾਲੇ ਕਮਰਿਆਂ ਨੂੰ ਲਗਾ ਦਿੱਤਾ ਹੈ। ਨੌਜਵਾਨ ਰਾਹੁਲ ਤਲਵਾੜ ਤੇ ਜਸਕਰਨ ਢਿੱਲੋਂ ਨੇ ਦੱਸਿਆ ਕਿ ਕਿਲਾ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਸੀ ਅਤੇ ਉਨ੍ਹਾਂ ਨੇ ਨਸ਼ੇੜੀਆਂ ਦਾ ਇੱਕ ਟਿਕਾਣਾ ਵੀ ਖ਼ਤਮ ਕੀਤਾ।
                ਇਨ੍ਹਾਂ ਨੌਜਵਾਨਾਂ ਨੇ ਕਿਸੇ ਰੱਫੜ ਤੋਂ ਬਚਾਓ ਲਈ ‘ਫੂਲਕੀਆਂ ਰਿਆਸਤ ਵੈੱਲਫੇਅਰ ਸੁਸਾਇਟੀ’ ਬਣਾ ਲਈ ਹੈ ਅਤੇ ਹਰ ਦਾਨੀ ਸੱਜਣ ਨੂੰ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ। ਮੋਹਰੀ ਨੌਜਵਾਨ ਹੁਸਨ ਸ਼ਰਮਾ ਤੇ ਦਰਸ਼ਨ ਸ਼ਰਮਾ ਨੇ ਦੱਸਿਆ ਕਿ ਜਦੋਂ ਨਿਊਜ਼ੀਲੈਂਡ ਤੋਂ ਪਿੰ੍ਰਸ ਮਾਨ ਨੇ 25 ਹਜ਼ਾਰ ਭੇਜ ਦਿੱਤੇ ਅਤੇ ਪਿੰਡ ਦਿਆਲਪੁਰਾ ਭਾਈਕਾ ਦੇ ਲੋਕਾਂ ਨੇ 1.05 ਲੱਖ ਦਿੱਤੇ ਤਾਂ ਉਨ੍ਹਾਂ ਨੂੰ ਲੱਗਾ ਕਿ ਖੁੱਭਿਆ ਗੱਡਾ ਹੁਣ ਕੱਢਣਾ ਕੋਈ ਅੌਖਾ ਨਹੀਂ। ਨੌਜਵਾਨ ਦੱਸਦੇ ਹਨ ਕਿ ਪੰਜ ਮਹੀਨੇ ਤੋਂ ਕਿੱਲੇ ਅੰਦਰ ਮਿਸਤਰੀ ਲੱਗੇ ਹੋਏ ਹਨ ਅਤੇ ਕੋਸ਼ਿਸ਼ ਹੈ ਕਿ ਮੂਲ ਢਾਂਚਾ ਸੁਰੱਖਿਅਤ ਰੱਖਿਆ ਜਾ ਸਕੇ। ਉਹ ਖ਼ੁਦ ਸਾਰਾ ਕੰਮ ਹੱਥੀਂ ਕਰਦੇ ਹਨ ਅਤੇ ਭੱਠੇ ਤੋਂ ਖ਼ੁਦ ਇੱਟਾਂ ਭਰ ਦੇ ਲਿਆਉਂਦੇ ਹਨ। ਹੁਣ ਤੱਕ ਇਨ੍ਹਾਂ ਨੌਜਵਾਨਾਂ ਨੇ ਛੇ ਲੱਖ ਰੁਪਏ ਇਕੱਠੇ ਕੀਤੇ ਹਨ ਜਿਨ੍ਹਾਂ ਚੋਂ 5.89 ਲੱਖ ਖ਼ਰਚ ਕੀਤੇ ਜਾ ਚੁੱਕੇ ਹਨ। ਇੱਕ ਰੇਹੜੀ ਵਾਲੇ ਨੇ ਵੀ ਇਨ੍ਹਾਂ ਨੌਜਵਾਨਾਂ ਨੂੰ ਦਸ ਰੁਪਏ ਦਾ ਨੋਟ ਦਿੱਤਾ ਅਤੇ ਇੱਕ ਵੀਲ ਚੇਅਰ ਵਾਲਾ ਅਪਾਹਜ 50 ਰੁਪਏ ਦਾ ਨੋਟ ਦੇ ਕੇ ਗਿਆ।
                 ਪੁਰਾਤਤਵ ਵਿਭਾਗ ਦੇ ਅਧਿਕਾਰੀ ਵੀ ਕਿਲੇ ਦਾ ਗੇੜਾ ਮਾਰ ਗਏ ਹਨ ਅਤੇ ਐਸਟੀਮੇਟ ਬਣਾਏ ਹਨ। ਨੌਜਵਾਨ ਵਿੱਕੀ ਚਹਿਲ ਤੇ ਰਾਜ ਸਿੱਧੂ ਦਾ ਪ੍ਰਤੀਕਰਮ ਸੀ ਕਿ ਲੀਡਰ ਤੇ ਅਫ਼ਸਰ ਸ਼ਾਬਾਸ਼ ਤਾਂ ਦੇ ਰਹੇ ਹਨ ਪ੍ਰੰਤੂ ਕਿਸੇ ਨੇ ਇਸ ਮਿਸ਼ਨ ’ਚ ਕੋਈ ਧੇਲਾ ਨਹੀਂ ਦਿੱਤਾ। ਸਾਰੇ ਨੌਜਵਾਨ ਕਾਲਜਾਂ ’ਚ ਪੜ੍ਹਦੇ ਹਨ ਅਤੇ ਖਿਡਾਰੀ ਵੀ ਹਨ। ਪੜਾਈ ਤੋਂ ਬਚਦਾ ਸਮਾਂ ਵਿਰਾਸਤ ਲੇਖੇ ਲਾ ਰਹੇ ਹਨ। ਇਨ੍ਹਾਂ ਨੌਜਵਾਨਾਂ ਦਾ ਵਿਰੋਧ ਵੀ ਉੱਠਿਆ ਪ੍ਰੰਤੂ ਇਨ੍ਹਾਂ ਨੇ ਨਿਗ੍ਹਾ ਸਿੱਧੀ ਰੱਖੀ ਜਿਸ ਮਗਰੋਂ ਖੁੰਡ ਚਰਚਾ ਵੀ ਖ਼ਤਮ ਹੋ ਗਈ। ਹੁਸਨ ਸ਼ਰਮਾ ਆਖਦਾ ਹੈ ਕਿ ਉਹ ਇਸ ਕਾਰਜ ਨੂੰ ਤਣ ਪਤਣ ਲਾਉਣਗੇ, ਚਾਹੇ ਕਿਸੇ ਵੀ ਦਰ ’ਤੇ ਜਾਣਾ ਪਵੇ। ਇਨ੍ਹਾਂ ਨੌਜਵਾਨਾਂ ਨੇ ਪਹਿਲਾਂ ਪਿੰਡ ਦੀ ਡਿਸਪੈਂਸਰੀ ਦਾ ਮੁਹਾਂਦਰਾ ਬਦਲਿਆ ਹੈ ਅਤੇ ਟਾਊਨ ਚੋਂ ਨਸ਼ੇੜੀਆਂ ਦੇ ਦੋ ਹੋਰ ਅੱਡੇ ਵੀ ਜੜ੍ਹੋਂ ਉਖਾੜੇ ਹਨ। ‘ਉੱਡਤਾ ਪੰਜਾਬ’ ਵਾਲਿਆਂ ਲਈ ਇਹ ਜਵਾਨ ਰਾਹ ਦਸੇਰਾ ਹਨ। ਹਲਕਾ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦਾ ਹੈ ਪ੍ਰੰਤੂ ਉਨ੍ਹਾਂ ਤਰਫ਼ੋਂ ਵੀ ਕੋਈ ਪੈਸਾ ਹਾਲੇ ਤੱਕ ਨਹੀਂ ਮਿਲਿਆ।



No comments:

Post a Comment