Sunday, February 20, 2011

ਹੈਲੀਕਾਪਟਰ ਦੀ ਲੈਂਡਿੰਗ ਲਈ ‘ਸਮੋਕ ਕੈਂਡਲ’ ਖ਼ਤਮ

ਬਠਿੰਡਾ ਵਿੱਚ ਲੈਂਡਿੰਗ ਕਰ ਰਹੇ ਹੈਲੀਕਾਪਟਰ ਦੀ ਇਕ ਫਾਈਲ ਫੋਟੋ
ਚਰਨਜੀਤ ਭੁੱਲਰ
ਬਠਿੰਡਾ, 19 ਫਰਵਰੀ
ਬਠਿੰਡਾ ’ਚ ਬਾਦਲਾਂ ਦੇ ਗੇੜਿਆਂ ਨੇ ‘ਸਮੋਕ ਕੈਂਡਲ’ ਦੇ ਭੰਡਾਰ ਮੁਕਾ ਦਿੱਤੇ ਹਨ। ਬਠਿੰਡਾ ਪੁਲੀਸ ਕੋਲ ਹੁਣ ਹੈਲੀਕਾਪਟਰ ਨੂੰ ਦਿਸ਼ਾ ਦੱਸਣ ਲਈ ‘ਸਮੋਕ ਕੈਂਡਲ’ ਹੀ ਨਹੀਂ। ਹੈਲੀਕਾਪਟਰ ਉਤਰਨ ਸਮੇਂ ‘ਸਮੋਕ ਕੈਂਡਲ’ ਵਰਤੀ ਜਾਂਦੀ ਹੈ ਤਾਂ ਜੋ ਧੂੰਏ ਨਾਲ ਪਾਇਲਟ ਨੂੰ ਹਵਾ ਦਾ ਰੁਖ ਪਤਾ ਲੱਗ ਸਕੇ। ਪਾਇਲਟ ਅਸਮਾਨ ਚੜ੍ਹੇ ਧੂੰਏ ਤੋਂ ਹਵਾ ਦੀ ਦਿਸ਼ਾ ਦਾ ਅੰਦਾਜ਼ਾ ਲਗਾ ਕੇ ਹੈਲੀਕਾਪਟਰ ਉਤਾਰਦਾ ਹੈ। ‘ਸਮੋਕ ਕੈਂਡਲ’ (ਧੂੰਏ ਵਾਲੀ ਮੋਮਬੱਤੀ) ਦਾ ਧੂੰਆਂ ਤੇਜ਼ ਹੁੰਦਾ ਹੈ ਅਤੇ ਜਿਸ ਜਗ੍ਹਾ ’ਤੇ ਹੈਲੀਕਾਪਟਰ ਦੀ ਲੈਂਡਿੰਗ ਹੋਣੀ ਹੁੰਦੀ ਹੈ, ਉਸ ਦੇ ਲਾਗੇ ਹੀ ‘ਸਮੋਕ ਕੈਂਡਲ’ ਰੱਖੀ ਜਾਂਦੀ ਹੈ। ਜਦੋਂ ਅਸਮਾਨ ’ਚ ਹੈਲੀਕਾਪਟਰ ਦਿਸਣਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਹੀ ਪੁਲੀਸ ਦੇ ਵਿਸ਼ੇਸ਼ ਸਟਾਫ ਵੱਲੋਂ ‘ਸਮੋਕ ਕੈਂਡਲ’ ਨੂੰ ਅੱਗ ਲਾਈ ਜਾਂਦੀ ਹੈ। ਪਲਾਂ ’ਚ ਹੀ ਸਮੋਕ ਕੈਂਡਲ ਦਾ ਧੂੰਆਂ ਅਸਮਾਨੀ ਚੜ੍ਹ ਜਾਂਦਾ ਹੈ ਜਿਸ ਤੋਂ ਪਾਇਲਟ ਹਵਾ ਦੀ ਦਿਸ਼ਾ ਦਾ ਅੰਦਾਜ਼ਾ ਲਾ ਲੈਂਦਾ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਜਦੋਂ ਤੋਂ ਬਾਦਲ ਪਰਿਵਾਰ  ਦੇ ਗੇੜੇ ਵਧੇ ਹਨ, ਉਦੋਂ ਤੋਂ ‘ਸਮੋਕ ਕੈਂਡਲ’ ਦੀ ਖਪਤ ਵੀ ਕਾਫੀ ਵਧ ਗਈ ਹੈ। ਬਠਿੰਡਾ ਜ਼ਿਲ੍ਹੇ ’ਚ ਹੈਲੀਪੈਡ ਸ਼ਹਿਰ ਦੇ ਫੀਲਡ ਹੋਸਟਲ ਜਾਂ ਫਿਰ ਪਿੰਡ ਕਾਲਝਰਾਨੀ ਵਿਖੇ ਬਣਾਇਆ ਹੋਇਆ ਹੈ ਜਿੱਥੇ ਹੈਲੀਕਾਪਟਰ ਦੀ ਲੈਡਿੰਗ ਤੋਂ ਪਹਿਲਾਂ ‘ਸਮੋਕ ਕੈਂਡਲ’ ਵਰਤੀ ਜਾਂਦੀ ਰਹੀ ਹੈ। ਹੁਣ ਹਾਲਾਤ ਇਹ ਬਣੇ ਹੋਏ ਹਨ ਕਿ ਜਦੋਂ ਜ਼ਿਲ੍ਹੇ ’ਚ ਹੁਣ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਦਾ ਹੈ ਤਾਂ ਬਠਿੰਡਾ ਪੁਲੀਸ ਪਾਇਲਟ ਨੂੰ ਹਵਾ ਦਾ ਰੁਖ ਦੱਸਣ ਲਈ ‘ਘਾਹ’ ਨੂੰ ਅੱਗ ਲਾਉਂਦੀ ਹੈ ਕਿਉਂਕਿ ‘ਸਮੋਕ ਕੈਂਡਲ’ ਦੇ ਭੰਡਾਰ ਖਤਮ ਹੋ ਚੁੱਕੇ ਹਨ। ਪੁਲੀਸ ਵੱਲੋਂ ਹੈਲੀਪੈਡ ਵਾਲੀ ਜਗ੍ਹਾ ’ਤੇ ਇਕ ਝੰਡਾ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ‘ਸਮੋਕ ਕੈਂਡਲ’ ਦੀ ਥਾਂ ਹੈਲੀਕਾਪਟਰ ਦੀ ਲੈਂਡਿੰਗ ਸਮੇਂ ਧੂੰਆਂ ਕਰਨ ਵਾਸਤੇ ਪਹਿਲਾਂ ਘਾਹ ਇਕੱਠਾ ਕੀਤਾ ਜਾਂਦਾ ਹੈ। ਪੁਲੀਸ ਮੁਲਾਜ਼ਮ ਹੈਲੀਕਾਪਟਰ ਨੂੰ ਦੇਖਦੇ ਹੀ ਘਾਹ ਨੂੰ ਅੱਗ ਲਾ ਕੇ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਜਲਦੀ-ਜਲਦੀ ਧੰੂਆਂ ਅਸਮਾਨੀ ਚੜ੍ਹ ਜਾਵੇ। ਇੱਥੋਂ ਤੱਕ ਕਿ ਪੁਰਾਣੀ ਬੋਰੀ ਜਾਂ ਗੱਟੇ ਦੀ ਵਰਤੋਂ ਵੀ ਧੂੰਆਂ ਕਰਨ ਵਾਸਤੇ ਕੀਤੀ ਜਾਂਦੀ ਹੈ। ਅੱਜ ਵੀ ਜਦੋਂ ਬਠਿੰਡਾ ਤੇ ਰਾਮਪੁਰਾ ਫੂਲ ਵਿੱਚ ਹੈਲੀਕਾਪਟਰ ਦੀ ਲੈਡਿੰਗ ਹੋਈ ਤਾਂ ਇਸੇ ਤਰ੍ਹਾਂ ਧੂੰਆਂ ਕਰਨ ਲਈ ‘ਘਾਹ ਫੂਸ’ ਦਾ ਸਹਾਰਾ ਲਿਆ ਗਿਆ। ਜਿਨ੍ਹਾਂ ਮੁਲਾਜ਼ਮਾਂ ਨੂੰ ‘ਸਮੋਕ ਕੈਂਡਲ’ ਨਾ ਹੋਣ ਕਰਕੇ ਘਾਹ ਦਾ ਧੂੰਆਂ ਕਰਨ ਵਾਸਤੇ ਫੂਕਾਂ ਮਾਰਨੀਆਂ ਪੈਂਦੀਆਂ ਹਨ, ਉਹ ਮੁਲਾਜ਼ਮ ਅੰਦਰੋਂ ਅੰਦਰੀ ਕਾਫੀ ਔਖੇ ਹਨ। ਮਾਹਿਰ ਦੱਸਦੇ ਹਨ ਕਿ ਹੈਲੀਕਾਪਟਰ ਨੂੰ ਹਮੇਸ਼ਾ ਪਾਇਲਟ ਹਵਾ ਦੇ ਵਿਰੋਧ ਵਾਲੇ ਪਾਸੇ ਉਤਾਰਦਾ ਹੈ ਅਤੇ ਲੈਂਡਿੰਗ ਲਈ ਕਰੀਬ ਪੰਜ-ਸੱਤ ਮਿੰਟ ਲੱਗਦੇ ਹਨ। ‘ਸਮੋਕ ਕੈਂਡਲ’ ਦੇ ਧੂੰਏ ਦੀ ਇਹ ਖਾਸ ਗੱਲ ਹੁੰਦੀ ਹੈ ਕਿ ਇਹ ਵਰਖਾ ਦੌਰਾਨ ਵੀ ਕੰਮ ਕਰਦਾ ਹੈ। ਸੂਤਰਾਂ ਅਨੁਸਾਰ ਹਰ ਜ਼ਿਲ੍ਹਾ ਪੁਲੀਸ ਨੂੰ ਡੀ.ਜੀ.ਪੀ. ਦਫਤਰ ਵੱਲੋਂ ‘ਸਮੋਕ ਕੈਂਡਲ’ ਜਾਰੀ ਹੁੰਦੀ ਹੈ ਅਤੇ ਹਰ ਜ਼ਿਲ੍ਹੇ ਨੂੰ ਔਸਤਨ 15 ਤੋਂ 20 ‘ਸਮੋਕ ਕੈਂਡਲ’ ਮਿਲਦੀਆਂ ਹਨ। ਬਠਿੰਡਾ ਜ਼ਿਲ੍ਹੇ ’ਚ ਵੀ.ਆਈ.ਪੀ. ਦੌਰੇ ਜ਼ਿਆਦਾ ਹੁੰਦੇ ਹਨ, ਫਿਰ ਵੀ ਹਰ ਸਾਲ 15 ਤੋਂ 20 ਸਮੋਕ ਕੈਂਡਲ ਹੀ ਮਿਲਦੀਆਂ ਹਨ। ਪੁਲੀਸ ਨੂੰ ‘ਸਮੋਕ ਕੈਂਡਲ’ ਦੀ ਸਪਲਾਈ ਬਹਾਦਰਗੜ੍ਹ ਤੋਂ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਤੋਂ ਬਠਿੰਡਾ ਪੁਲੀਸ ਕੋਲ ‘ਸਮੋਕ ਕੈਂਡਲ’ ਦੇ ਭੰਡਾਰ ਮੁੱਕੇ ਹੋਏ ਹਨ। ਪੁਲੀਸ ਲਈ ਮੁਸ਼ਕਲ ਇਹ ਹੈ ਕਿ ‘ਸਮੋਕ ਕੈਂਡਲ’ ਦੀ ਪ੍ਰਾਈਵੇਟ ਤੌਰ ’ਤੇ ਖਰੀਦ ਨਹੀਂ ਹੈ ਜਿਸ ਕਰਕੇ ਘਾਹ ਫੂਸ ਤੇ ਬੋਰੀਆਂ ਦਾ ਸਹਾਰਾ ਲੈਣਾ ਪੁਲੀਸ ਦੀ ਮਜਬੂਰੀ ਹੈ। ਤੱਥ ਗਵਾਹ ਹਨ ਕਿ ਪਿਛਲੇ ਪੌਣੇ ਚਾਰ ਸਾਲਾਂ ’ਚ ਜ਼ਿਲ੍ਹਾ ਬਠਿੰਡਾ ’ਚ ਬਾਦਲ ਪਰਿਵਾਰ ਦਾ ਔਸਤਨ ਹਰ ਚੌਥੇ ਦਿਨ ਗੇੜਾ ਰਿਹਾ ਹੈ।

‘ਸਮੋਕ ਕੈਂਡਲ’ ਦੀ ਮੰਗ ਭੇਜੀ: ਐਸ.ਪੀ.

ਐਸ.ਪੀ. (ਸਥਾਨਕ) ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲੀਸ ਕੋਲ ਕਾਫੀ ਸਮੇਂ ਤੋਂ ‘ਸਮੋਕ ਕੈਂਡਲ’ ਖਤਮ ਹੋ ਚੁੱਕੀ ਹੈ ਅਤੇ ਇਸ ਦੀ ਸਪਲਾਈ ਲਈ ਮੰਗ ਭੇਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਮੋਕ ਕੈਂਡਲ ਨਾ ਹੋਣ ਕਰਕੇ ਹੁਣ ਘਾਹ ਫੂਸ ਨੂੰ ਅੱਗ ਲਾ ਕੇ ਧੂੰਆਂ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸਮੋਕ ਕੈਂਡਲ ਖਤਮ ਹੋਣ ਨਾਲ ਕੋਈ ਵੱਡੀ ਸਮੱਸਿਆ ਤਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਨੂੰ ਧੂੰਏ ਨਾਲ ਹਵਾ ਦੀ ਦਿਸ਼ਾ ਪਤਾ ਲੱਗਦੀ ਹੈ ਜਿਸ ਕਰਕੇ ਘਾਹ ਫੂਸ ਜਾਂ ਬੋਰੀ ਨੂੰ ਅੱਗ ਲਾ ਕੇ ਧੂੰਆਂ ਕਰ ਦਿੱਤਾ ਜਾਂਦਾ ਹੈ।

1 comment:

  1. ਚਰਨਜੀਤ ਸਿੰਘ ਭੁੱਲਰ ਸਾਹਿਬ, ਤੁਸੀਂ ਮਾਲਵੇ ਵਿਚ ਛਾਏ ਹੋਏ ਹੋ...........

    ReplyDelete