Tuesday, February 8, 2011

‘ਸਾਹਬ’ ਨੇ ਮਾਰਿਆ ਸਰਕਾਰੀ ਲੈਪਟੌਪ ਨੂੰ ਪੱਕਾ ਜੱਫਾ

Posted by sukhwinder On February - 3 - 2011 ADD COMMENTS
ਚਰਨਜੀਤ ਭੁੱਲਰ
ਬਠਿੰਡਾ, 2 ਫਰਵਰੀ

ਨਗਰ ਨਿਗਮ ਬਠਿੰਡਾ ਦੇ ਪੁਰਾਣੇ ‘ਸਾਹਬ’ ਸਰਕਾਰੀ ਲੈਪਟੌਪ ਨਹੀਂ ਮੋੜ ਰਹੇ। ਨਿਗਮ ਵਾਲੇ ਪੰਜ ਵਰ੍ਹਿਆਂ ਤੋਂ ਪੱਤਰ ਲਿਖ ਰਹੇ ਹਨ ਪਰ ਨਾ ਕਦੇ ਪੱਤਰ ਦਾ ਜੁਆਬ ਮਿਲਿਆ ਹੈ ਅਤੇ ਨਾ ਹੀ ਲੈਪਟੌਪ ਮਿਲਿਆ ਹੈ। ਦੇਖੋ ਦੇਖੀ ਇਕ ਹੋਰ ‘ਸਾਹਬ’ ਵੀ ਲੈਪਟੌਪ ਆਪਣੀ ਬਦਲੀ ਮਗਰੋਂ ਨਾਲ ਹੀ ਲੈ ਗਏ ਸਨ। ਥੋੜ੍ਹੇ ਸਮੇਂ ਮਗਰੋਂ ਹੀ ਉਨ੍ਹਾਂ ਵਾਪਸ ਕਰ ਦਿੱਤਾ ਸੀ। ਨਗਰ ਨਿਗਮ ਦੀ ਮਾਲੀ ਹਾਲਾਤ ਏਨੀ ਕਮਜ਼ੋਰ ਹੈ ਕਿ ਕਰਜ਼ੇ ਲਾਹੁਣ ਲਈ ਜ਼ਮੀਨ ਵਿਕਾਊ ਕਰਨੀ ਪਈ ਹੈ। ਇਧਰ ਨਗਰ ਨਿਗਮ ਕੋਲ ‘ਸਾਹਬਾਂ’ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਨਗਰ ਨਿਗਮ ਦੇ ਖਰਚੇ ’ਤੇ ਅੱਧੀ ਦਰਜਨ ਕਮਿਸ਼ਨਰ ਤਾਂ ਵਿਦੇਸ਼ੀ ਦੌਰੇ ਅਤੇ ਦੂਸਰੇ ਰਾਜਾਂ ’ਚ ਚੱਕਰ ਕੱਟ ਆਏ ਹਨ। ਇਸੇ ਤਰ੍ਹਾਂ ਨਿਗਮ ਵਲੋਂ ਅਫਸਰਾਂ ਨੂੰ ਚਾਰ ਲੈਪਟੌਪ ਖਰੀਦ ਕੇ ਦਿੱਤੇ ਗਏ ਹਨ। ਨਗਰ ਨਿਗਮ ਵੱਲੋਂ ਜੋ ਸਭ ਤੋਂ ਪਹਿਲਾਂ 10 ਮਈ 2005 ਨੂੰ ਤਤਕਾਲੀ ਕਮਿਸ਼ਨਰ ਨੂੰ 74,499 ਰੁਪਏ ਦਾ ਲੈਪਟੌਪ ਖਰੀਦ ਕੇ ਦਿੱਤਾ ਗਿਆ ਸੀ, ਉਸ ਨੂੰ ਤਤਕਾਲੀ ਕਮਿਸ਼ਨਰ ਆਪਣੀ ਬਦਲੀ ਮਗਰੋਂ ਨਾਲ ਹੀ ਲੈ ਗਿਆ ਜਦੋੋਂਕਿ ਇਹ ਲੈਪਟੌਪ ਨਿਗਮ ਦੀ ਸੰਪਤੀ ਸੀ। ਨਿਗਮ ਵਾਲੇ ਹੁਣ ਪੱਤਰ ਲਿਖ ਰਹੇ ਹਨ ਪਰ ਤਤਕਾਲੀ ਕਮਿਸ਼ਨਰ ਨਿਗਮ ਦਾ ਲੈਪਟੌਪ ਮੋੜ ਹੀ ਨਹੀਂ ਰਹੇ। ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਨਗਰ ਨਿਗਮ ਵੱਲੋਂ ਚਾਰ ਲੈਪਟੌਪ 2,84,056 ਰੁਪਏ ਦੇ ਖਰੀਦੇ ਗਏ ਹਨ। ਨਿਗਮ ਦੇ ਕਾਰਜਸਾਧਕ ਅਫਸਰ ਲਈ ਨਿਗਮ ਵੱਲੋਂ 11 ਅਕਤੂਬਰ 2005 ਨੂੰ 74057 ਰੁਪਏ ’ਚ ਲੈਪਟੌਪ ਖਰੀਦਿਆ ਗਿਆ ਜਦੋਂਕਿ ਕਮਿਸ਼ਨਰ ਦੇ ਨਿੱਜੀ ਸਟਾਫ ਵਾਸਤੇ 16 ਮਈ 2008 ਨੂੰ 68,000 ਰੁਪਏ ਦਾ ਨਵਾਂ ਲੈਪਟੌਪ ਖਰੀਦ ਕੇ ਦਿੱਤਾ ਗਿਆ। ਇਸੇ ਤਰ੍ਹਾਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਲਈ 19 ਫਰਵਰੀ 2009 ਨੂੰ ਇਕ ਹੋਰ ਨਵਾਂ ਲੈਪਟੌਪ 67,500 ਰੁਪਏ ’ਚ ਖਰੀਦ ਕੇ ਦਿੱਤਾ ਗਿਆ। ਜੋ ਮੌਜੂਦਾ ਕਮਿਸ਼ਨਰ ਹਨ,ਉਹ ਇਸ ਵੇਲੇ ਸੰਯੁਕਤ ਕਮਿਸ਼ਨਰ ਵਾਲਾ ਲੈਪਟੌਪ ਵਰਤ ਰਹੇ ਹਨ ਕਿਉਂਕਿ ਜੋ ਕਮਿਸ਼ਨਰ ਵਾਲਾ ਲੈਪਟੌਪ ਸੀ, ਉਹ ਤਾਂ ਪੁਰਾਣੇ ਕਮਿਸ਼ਨਰ ਵਲੋਂ ਵਾਪਸ ਹੀ ਨਹੀਂ ਕੀਤਾ ਗਿਆ ਹੈ। ਸਰਕਾਰੀ ਸੂਚਨਾ ’ਚ ਨਿਗਮ ਦੇ ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਵੱਲੋਂ ਪੁਰਾਣੇ ਸਾਹਬ ਤੋਂ ਲੈਪਟੌਪ ਵਾਪਸ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂਕਿ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਕਹਿਣਾ ਸੀ ਕਿ ਉਹ ਤਾਂ ਲੈਪਟੌਪ ਲੈਣ ਖਾਤਰ ਲਗਾਤਾਰ ਪੱਤਰ ਲਿਖੀ ਜਾ ਰਹੇ ਹਨ। ਮੇਅਰ ਦਾ ਕਹਿਣਾ ਸੀ ਕਿ ਇਕ ਪੁਰਾਣਾ ਸੰਯੁਕਤ ਕਮਿਸ਼ਨਰ ਵੀ ਬਦਲੀ ਮਗਰੋਂ ਲੈਪਟੌਪ ਲੈ ਗਿਆ ਸੀ ਪਰ ਉਹ ਤਾਂ 10 ਦਿਨਾਂ ਪਿੱਛੋਂ ਮੋੜ ਗਿਆ ਸੀ।
ਮੇਅਰ ਬੀੜ ਬਹਿਮਣ ਨੇ ਦੱਸਿਆ ਕਿ ਉਹ ਹੁਣ ਪੁਰਾਣੇ ਕਮਿਸ਼ਨਰ ਤੋਂ ਲੈਪਟੌਪ ਲੈਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਉਧਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਪ੍ਰਾਪਤ ਵੇਰਵਿਆਂ ਅਨੁਸਾਰ ਨਗਰ ਨਿਗਮ ਨੂੰ ਕਮਿਸ਼ਨਰਾਂ ਦੀ ਟਰੇਨਿੰਗ ਵੀ ਮਹਿੰਗੀ ਪਈ ਹੈ। ਨਿਗਮ ਵੱਲੋਂ ਇਨ੍ਹਾਂ ਦੌਰਿਆਂ ’ਤੇ 1,79,196 ਰੁਪਏ ਖਰਚ ਕੀਤੇ ਗਏ ਹਨ। ਹਾਲਾਂਕਿ ਇਹ ਰਾਸ਼ੀ ਕੋਈ ਬਹੁਤੀ ਵੱਡੀ ਨਹੀਂ ਹੈ ਪਰ ਸੂਤਰ ਆਖਦੇ ਹਨ ਕਿ ਨਗਰ ਨਿਗਮ ਦੀ ਮੌਜੂਦਾ ਵਿੱਤੀ ਹਾਲਤ ਦੇ ਮੱਦੇਨਜ਼ਰ ਪਾਈ ਪਾਈ ਸਹਾਈ ਹੈ। ਤਤਕਾਲੀ ਕਮਿਸ਼ਨਰ ਡੀ.ਕੇ.ਤਿਵਾੜੀ ਵੱਲੋਂ 18 ਸਤੰਬਰ 2004 ਤੋਂ 26 ਸਤੰਬਰ 2004 ਤੱਕ ਹੈਦਰਾਬਾਦ ਟਰੇਨਿੰਗ ਕੀਤੀ ਗਈ ਜਿਸ ’ਤੇ ਨਿਗਮ ਨੇ 17,422 ਰੁਪਏ ਖਰਚ ਕੀਤੇ ਤੇ ਇਸੇ ਤਰ੍ਹਾਂ ਸ੍ਰੀ ਤਿਵਾੜੀ ਵੱਲੋਂ 24 ਅਕਤੂਬਰ 2004 ਤੋਂ 31 ਅਕਤੂਬਰ 2004 ਤੱਕ ਅਹਿਮਦਾਬਾਦ ’ਚ ਟਰੇਨਿੰਗ ਕੀਤੀ ਗਈ ਜਿਸ ’ਤੇ ਨਿਗਮ ਨੇ 12,235 ਰੁਪਏ ਖਰਚ ਕੀਤੇ। ਉਸ ਮਗਰੋਂ ਕਮਿਸ਼ਨਰ ਜੀ.ਰਮੇਸ਼ ਕੁਮਾਰ ਨੇ 9 ਅਪਰੈਲ 2006 ਤੋਂ 16 ਅਪਰੈਲ 2006 ਤੱਕ ਹੈਦਰਾਬਾਦ ’ਚ ਟਰੇਨਿੰਗ ਕੀਤੀ ਜਿਸ ’ਤੇ ਨਿਗਮ ਦਾ 23,625 ਰੁਪਏ ਖਰਚ ਆਇਆ। ਸਾਲ 2005-2006 ਦੌਰਾਨ ਤਤਕਾਲੀ ਕਮਿਸ਼ਨਰ ਵੀ.ਕੇ.ਜੰਜੂਆ ਵਲੋਂ ਇਕ ਸਾਲ ਅਮਰੀਕਾ ’ਚ ਲਾਇਆ ਗਿਆ ਜਿਸ ’ਤੇ ਨਗਰ ਨਿਗਮ ਨੇ 90,914 ਰੁਪਏ ਖਰਚ ਕੀਤਾ। ਉਸ ਮਗਰੋਂ ਤਤਕਾਲੀ ਕਮਿਸ਼ਨਰ ਕੇ.ਕੇ.ਯਾਦਵ ਇਕ ਹਫਤੇ ਲਈ ਆਸਟਰੀਆ ਗਏ ਅਤੇ ਉਨ੍ਹਾਂ ਦੇ ਇਸ ਦੌਰੇ ਲਈ 10 ਹਜ਼ਾਰ ਰੁਪਏ ਦਿੱਤੇ ਗਏ।
40 ਕਰੋੜ ਲਈ ਸਰਕਾਰ ਕੋਲ ਤਰਲਾ :ਨਗਰ ਨਿਗਮ ਨੇ ਹੁਣ ਸਰਕਾਰ ਕੋਲ ਤਰਲਾ ਮਾਰਿਆ ਹੈ ਕਿ ਉਸ ਸਿਰ ਖੜ੍ਹੇ 40 ਕਰੋੋੜ ਦੇ ਕਰਜ਼ੇ ਨੂੰ ਗਰਾਂਟ ’ਚ ਤਬਦੀਲ ਕੀਤਾ ਜਾਵੇ। ਨਿਗਮ ਵਲੋਂ ਬਠਿੰਡਾ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ 40 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। ਨਿਗਮ ਨੇ ਇਸ ਕਰਜ਼ੇ ਬਦਲੇ ਇਸ ਬੋਰਡ ਨੂੰ ਬਲੂ ਫੌਕਸ ਪ੍ਰਾਜੈਕਟ ਦੀ 4.5 ਏਕੜ ਸਰਕਾਰੀ ਸੰਪਤੀ ਦੇ ਦਿੱਤੀ ਸੀ। ਮਗਰੋਂ ਮਾਮਲਾ ਹਾਈ ਕੋਰਟ ’ਚ ਜਾਣ ਕਰਕੇ ਬੋਰਡ ਨੇ ਇਹ ਸੰਪਤੀ ਨਗਰ ਨਿਗਮ ਨੁੂੰ ਵਾਪਸ ਕਰ ਦਿੱਤੀ ਸੀ। ਵਿਕਾਸ ਬੋਰਡ ਨੇ ਨਿਗਮ ਤੋਂ ਹੁਣ 40 ਕਰੋੜ ਦੇ ਨਾਲ 10 ਲੱਖ ਰੁਪਏ ਦਾ ਵਿਆਜ ਵੀ ਮੰਗ ਲਿਆ ਹੈ ਪਰ ਨਿਗਮ ਕੋਲ ਧੇਲਾ ਨਹੀਂ। ਨਿਗਮ ਦੇ ਮੇਅਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੁਣ ਸਰਕਾਰ ਨੁੂੰ ਪੱਤਰ ਲਿਖ ਕੇ ਇਸ ਕਰਜ਼ੇ ਨੂੰ ਗਰਾਂਟ ’ਚ ਤਬਦੀਲ ਕਰਨ ਬਾਰੇ ਲਿਖਿਆ ਹੈ।

No comments:

Post a Comment