Thursday, February 10, 2011

ਪੰਜਾਬ ਵਿਧਾਨ ਸਭਾ ਦੀ ਤਸਵੀਰ
ਚਰਨਜੀਤ ਭੁੱਲਰ
ਬਠਿੰਡਾ, 9 ਫਰਵਰੀ

ਬਠਿੰਡਾ ਇਲਾਕੇ ਦੇ ਬਹੁਤੇ ਵਿਧਾਇਕ ਪੰਜਾਬ ਵਿਧਾਨ ਸਭਾ ’ਚ ਮੂੰਹ ਹੀ ਨਹੀਂ ਖੋਲ੍ਹਦੇ ਹਨ। ਬਠਿੰਡਾ ਸੰਸਦੀ ਹਲਕੇ ਦੇ ਨੌਂ ਵਿਧਾਇਕਾਂ ’ਚੋਂ ਕੇਵਲ ਤਿੰਨ ਵਿਧਾਇਕਾਂ ਨੇ ਹੀ ਅਸੈਂਬਲੀ ’ਚ ਲੋਕ ਮਸਲੇ ਉਠਾਏ ਹਨ। ਬਾਕੀ ਅੱਧੀ ਦਰਜਨ ਵਿਧਾਇਕਾਂ ਨੇ ਤਾਂ ਅਸੈਂਬਲੀ ’ਚ ਸੁਆਲ ਪੁੱਛਣ ’ਚ ਬਹੁਤੀ ਰੁਚੀ ਹੀ ਨਹੀਂ ਦਿਖਾਈ। ਹਾਲਾਂਕਿ ਇਨ੍ਹਾਂ ਨੌਂ ਵਿਧਾਇਕਾਂ ’ਚੋਂ ਅੱਠ ਵਿਧਾਇਕ ਤਾਂ ਵਿਰੋਧੀ ਧਿਰ ਕਾਂਗਰਸ ਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਫਰਜ਼ ਨਹੀਂ ਨਿਭਾਏ। ਸੂਚਨਾ ਦੇ ਅਧਿਕਾਰ ਤਹਿਤ ਪੰਜਾਬ ਵਿਧਾਨ ਸਭਾ ਸਕੱਤਰੇਤ ’ਚੋਂ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਵਿਧਾਇਕ ਮੰਗਤ ਰਾਏ ਬਾਂਸਲ ਤੇ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਤਾਂ ਲਿਖਤੀ ਸੁਆਲ (ਅਣਸਟਾਰਡ) ਦਾ ਖਾਤਾ ਵੀ ਨਹੀਂ ਖੋਲ੍ਹਿਆ। ਅਸੈਂਬਲੀ ’ਚ ਪੁੱਛੇ ਸੁਆਲਾਂ ਤੋਂ ਇਨ੍ਹਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਨਾਪਣੀ ਹੋਵੇ ਤਾਂ ਨਾਮੋਸ਼ੀ ਵਾਲੀ ਹੋਏਗੀ।
ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਰਕਾਰ ਦੌਰਾਨ ਹੁਣ ਤੱਕ 10 ਅਸੈਂਬਲੀ ਸੈਸ਼ਨ ਹੋਏ ਹਨ ਜਿਨ੍ਹਾਂ ’ਚ 70 ਸਿਟਿੰਗਾਂ ਹੋਈਆਂ ਹਨ। ਭਾਵੇਂ ਕਈ ਵਿਧਾਇਕ ਅਸੈਂਬਲੀ ਵਿੱਚ ਹਾਜ਼ਰ ਤਾਂ ਰਹੇ ਪਰ ਉਨ੍ਹਾਂ ਨੇ ਸੁਆਲ ਨਹੀਂ ਉਠਾਏ। ਨਿਯਮਾਂ ਅਨੁਸਾਰ ਅਸੈਂਬਲੀ ਸੈਸ਼ਨ ਅਟੈਂਡ ਕਰਨ ਦਾ ਹਰ ਵਿਧਾਇਕ ਨੂੰ ਭੱਤਾ ਵਗੈਰਾ ਵੀ ਮਿਲਦਾ ਹੈ। ਬਠਿੰਡਾ ਪੱਟੀ ਦੇ ਨੌਜਵਾਨ ਤੇ ਬਜ਼ੁਰਗ ਐਮ.ਐਲ.ਏਜ਼ ਦੀ ਕਾਰਗੁਜ਼ਾਰੀ ਇਸ ਮਾਮਲੇ ’ਤੇ ਇੱਕੋ ਜਿੰਨੀ ਹੀ ਹੈ।
ਵੇਰਵਿਆਂ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਹਲਕਾ ਪੱਕਾ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਅਸੈਂਬਲੀ ’ਚ ਸੁਆਲ ਪੁੱਛਣ ਦੇ ਮਾਮਲੇ ’ਤੇ ਬਾਜ਼ੀ ਮਾਰ ਗਏ ਹਨ। ‘ਪੁਰਾਣੇ ਕਾਮਰੇਡ’ ਵਜੋਂ ਜਾਣੇ ਜਾਂਦੇ ਇਸ ਵਿਧਾਇਕ ਨੇ ਸੰਸਦੀ ਹਲਕਾ ਬਠਿੰਡਾ ’ਚੋਂ ਸਭ ਤੋਂ ਜ਼ਿਆਦਾ 113 ਸੁਆਲ ਪਿਛਲੇ 10 ਅਸੈਂਬਲੀ ਸੈਸ਼ਨਾਂ ਦੌਰਾਨ ਪੁੱਛੇ ਹਨ। ਉਨ੍ਹਾਂ ਵੱਲੋਂ 94 ਸਟਾਰਡ ਤੇ 19 ਅਣਸਟਾਰਡ ਸੁਆਲ ਅਸੈਂਬਲੀ ’ਚ ਪੁੱਛੇ ਗਏ ਹਨ ਜਿਨ੍ਹਾਂ ਦਾ ਜੁਆਬ ਵੀ ਮਿਲਿਆ ਹੈ। ਵਿਧਾਇਕ ਮੱਖਣ ਸਿੰਘ ਦਾ ਪ੍ਰਤੀਕਰਮ ਸੀ ਕਿ ਉਸ ਨੇ ਕਦੇ ਨਿੱਜੀ ਸੁਆਲ ਅਸੈਂਬਲੀ ’ਚ ਨਹੀਂ ਉਠਾਏ ਬਲਕਿ ਆਮ ਲੋਕਾਂ ਨਾਲ ਸਬੰਧ ਰੱਖਣ ਵਾਲੇ ਸੁਆਲ ਉਠਾਏ ਹਨ। ਉਨ੍ਹਾਂ ਆਖਿਆ ਕਿ ਅਸੈਂਬਲੀ ਅਸਲ ’ਚ ਲੋਕ ਮਸਲੇ ਉਠਾਉਣ ਦਾ ਹੀ ਪਲੇਟਫਾਰਮ ਹੈ। ਸੂਚਨਾ ਅਨੁਸਾਰ ਅਸੈਂਬਲੀ ’ਚ ਸੁਆਲ ਉਠਾਉਣ ’ਚ ਦੂਸਰਾ ਨੰਬਰ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦਾ ਹੈ ਜਿਨ੍ਹਾਂ ਨੇ ਕੁੱਲ 86 ਸੁਆਲ ਉਠਾਏ ਜਿਨ੍ਹਾਂ ’ਚ 65 ਸਟਾਰਡ ਤੇ 21 ਅਣਸਟਾਰਡ ਸੁਆਲ ਹਨ। ਤੀਸਰੇ ਨੰਬਰ ’ਤੇ ਹਲਕਾ ਨਥਾਣਾ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਹਨ ਜੋ ਪੀ.ਸੀ.ਐਸ. ਅਧਿਕਾਰੀ ਰਹਿ ਚੁੱਕੇ ਹਨ, ਨੇ 35 ਸੁਆਲ ਉਠਾਏ ਜਿਨ੍ਹਾਂ ’ਚ 25 ਸਟਾਰਡ ਤੇ 10 ਅਣਸਟਾਰਡ ਸੁਆਲ ਹਨ।
ਦੂਸਰੀ ਤਰਫੋਂ ਦੇਖੀਏ ਤਾਂ ਵਿਧਾਇਕ ਮੰਗਤ ਰਾਏ ਬਾਂਸਲ ਅਸੈਂਬਲੀ ’ਚ ਸੁਆਲ ਪੁੱਛਣ ਦੇ ਮਾਮਲੇ ‘ਚ ਸਭ ਤੋਂ ਪਿੱਛੇ ਰਹਿ ਗਏ ਹਨ। ਉਨ੍ਹਾਂ ਵੱਲੋਂ ਲੰਘੇ 10 ਸੈਸ਼ਨਾਂ ’ਚ ਕੇਵਲ ਇਕ ਸੁਆਲ ਹੀ ਪੁੱਛਿਆ ਤੇ ਉਨ੍ਹਾਂ ਵੱਲੋਂ ਅਣਸਟਾਰਡ ਸੁਆਲ ਤਾਂ ਕੋਈ ਪੁੱਛਿਆ ਹੀ ਨਹੀਂ ਗਿਆ। ਹਲਕਾ ਰਾਮਪੁਰਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੇਵਲ ਚਾਰ ਸੁਆਲ ਹੀ ਪੁੱਛੇ ਹਨ ਜਦੋਂ ਕਿ ਉਨ੍ਹਾਂ ਦੀ ਸੈਸ਼ਨਾਂ ’ਚ ਹਾਜ਼ਰੀ ਵਿੱਚ ਕਾਫੀ ਜ਼ਿਆਦਾ ਰਹੀ ਹੈ। ਬਠਿੰਡਾ ਤੋਂ ਵਿਧਾਇਕ ਹਰਮਿੰਦਰ ਸਿੰਘ ਜੱਸੀ ਤੇ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਇਨ੍ਹਾਂ ਸੈਸ਼ਨਾਂ ਦੌਰਾਨ ਕੇਵਲ ਪੰਜ ਪੰਜ ਸੁਆਲ ਹੀ ਅਸੈਂਬਲੀ ’ਚ ਪੁੱਛੇ ਹਨ। ਵਿਧਾਇਕ ਜੱਸੀ ਦਾ ਕਹਿਣਾ ਸੀ ਕਿ ਉਹ ਹਰ ਸੈਸ਼ਨ ’ਚ 10 ਤੋਂ 15 ਲਿਖਤੀ ਸੁਆਲ ਭੇਜਦੇ ਰਹੇ ਹਨ ਜਿਨ੍ਹਾਂ ਦੇ ਮਗਰੋਂ ਜੁਆਬ ਆ ਜਾਂਦੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਸੁਆਲ ਜੁਆਬ ਅਸੈਂਬਲੀ ਦੇ ਰਿਕਾਰਡ ’ਤੇ ਨਹੀਂ ਆਉਂਦੇ ਜਿਸ ਕਰਕੇ ਗਿਣਤੀ ਘੱਟ ਲੱਗਦੀ ਹੈ। ਦੂਸਰੀ ਤਰਫ ਪੰਜਾਬ ਵਿਧਾਨ ਸਭਾ ਦੇ ਸਕੱਤਰ  ਵੇਦ ਪ੍ਰਕਾਸ਼ ਨੇ ਦੱਸਿਆ ਕਿ ਹਰ ਵਿਧਾਇਕ ਨੂੰ ਭੇਜਿਆ ਜਾਂਦਾ ਜੁਆਬ ਰਿਕਾਰਡ ’ਤੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੋ ਸਟਾਰਡ ਸੁਆਲ ਅਸੈਂਬਲੀ ’ਚ ਨਹੀਂ ਲੱਗਦੇ, ਉਹ ਮਗਰੋਂ ਅਣਸਟਾਰਡ ’ਚ ਬਦਲ ਜਾਂਦੇ ਹਨ। ਵੇਰਵਿਆਂ ਅਨੁਸਾਰ ਵਿਧਾਇਕ ਗਾਗੋਵਾਲ ਵੱਲੋਂ ਤਾਂ ਕੋਈ ਵੀ ਅਣਸਟਾਰਡ ਸੁਆਲ ਪੁੱਛਿਆ ਹੀ ਨਹੀਂ ਗਿਆ ਹੈ। ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਜੀਤਮਹਿੰਦਰ ਸਿੱਧੂ ਵੱਲੋਂ 10 ਸੈਸ਼ਨਾਂ ਦੌਰਾਨ 11 ਸੁਆਲ ਪੁੱਛੇ ਗਏ ਹਨ ਜਿਨ੍ਹਾਂ ’ਚੋਂ 10 ਸੁਆਲ ਸਟਾਰਡ ਹਨ ਜਦੋਂ ਕਿ ਇਕ ਸੁਆਲ ਅਣਸਟਾਰਡ ਹੈ। ‘ਬੈਸਟ ਵਿਧਾਇਕ’ ਰਹੇ ਕਮਿਊਨਿਸਟ ਨੇਤਾ ਹਰਦੇਵ ਅਰਸ਼ੀ (ਸਾਬਕਾ ਵਿਧਾਇਕ) ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣ ਗਿਆ ਹੈ, ਉਸ ਤਰ੍ਹਾਂ ਦੇ ਵਿਧਾਇਕ ਚੁਣ ਕੇ ਆਉਣ ਲੱਗੇ ਹਨ ਜਿਨ੍ਹਾਂ ਨੂੰ ਪੂਰਾ ਗਿਆਨ ਹੀ ਨਹੀਂ ਹੁੰਦਾ।  ਉਨ੍ਹਾਂ ਆਖਿਆ ਕਿ ਇਹੋ ਕਾਰਨ ਹੈ ਕਿ ਵਿਧਾਇਕ ਹੁਣ ਸੈਸ਼ਨਾਂ ਦਾ ਲੋਕ ਹਿੱਤਾਂ ਵਾਸਤੇ ਫਾਇਦਾ ਨਹੀਂ ਉਠਾਉਂਦੇ ਜਦੋਂ ਕਿ ਪੁਰਾਣੇ ਵਿਧਾਇਕ ਪੂਰੀ ਤਿਆਰੀ ਨਾਲ ਸੈਸ਼ਨ ’ਚ ਆਉਂਦੇ ਸਨ।

ਕੀ ਹਨ ਸਟਾਰਡ ਤੇ ਅਣਸਟਾਰਡ ਸੁਆਲ?

ਅਸੈਂਬਲੀ ’ਚ ਵਿਧਾਇਕਾਂ ਵੱਲੋਂ ਸਟਾਰਡ ਤੇ ਅਣਸਟਾਰਡ ਸੁਆਲ ਪੁੱਛੇ ਜਾਂਦੇ ਹਨ। ਸਟਾਰਡ ਸੁਆਲ ਉਹ ਹੁੰਦੇ ਹਨ ਜੋ ਹਾਊਸ ’ਚ ਲਿਖਤੀ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜੁਆਬ ਅਸੈਂਬਲੀ ’ਚ ਹੀ ਸਬੰਧਿਤ ਵਜ਼ੀਰ ਵੱਲੋਂ ਦਿੱਤਾ ਜਾਂਦਾ ਹੈ। ਸਟਾਰਡ ਸੁਆਲ ’ਤੇ ਪੰਜ ਹੋਰ ਸਪਲੀਮੈਂਟਰੀ ਸੁਆਲ ਵੀ ਕੀਤੇ ਜਾ ਸਕਦੇ ਹਨ। ਅਣਸਟਾਰਡ ਸੁਆਲ ਉਹ ਹੁੰਦੇ ਹਨ ਜੋ ਵਿਧਾਇਕ ਵੱਲੋਂ ਲਿਖਤੀ ਰੂਪ ’ਚ ਵਿਧਾਨ ਸਭਾ ਤੋਂ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜੁਆਬ ਲਿਖਤੀ ਰੂਪ ਵਿੱਚ ਹੀ ਮਿਲਦਾ ਹੈ। ਇਹ ਸੁਆਲ ਬਹਿਸ ਦਾ ਹਿੱਸਾ ਨਹੀਂ ਬਣਦੇ ਹਨ।

No comments:

Post a Comment