Tuesday, February 8, 2011

ਪੁਲੀਸ ਚੈਕਿੰਗ ਵਾਲੀ ਰਾਤ ਚੋਰਾਂ ਵੱਲੋਂ ਅੱਧੀ ਦਰਜਨ ਦੁਕਾਨਾਂ ਦੀ ‘ਸਫਾਈ’

Posted by uday On February - 4 - 2011 ADD COMMENTS

ਥਾਣੇਦਾਰ ਤੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਪੜਤਾਲ ਸ਼ੁਰੂ

ਚਰਨਜੀਤ ਭੁੱਲਰ
ਬਠਿੰਡਾ, 3 ਫਰਵਰੀ
ਜ਼ਿਲ੍ਹਾ ਪੁਲੀਸ ਕਪਤਾਨ ਡਾ.ਸੁਖਚੈਨ ਸਿੰਘ ਗਿੱਲ ਪੁਲੀਸ ਮੁਲਾਜ਼ਮਾਂ ਦੀ 'ਕਲਾਸ' ਲਾਉਂਦੇ ਹੋਏ (ਫੋਟੋ: ਪਵਨ ਸ਼ਰਮਾ)
ਜ਼ਿਲ੍ਹਾ ਪੁਲੀਸ ਕਪਤਾਨ ਡਾ. ਸੁਖਚੈਨ ਸਿੰਘ ਗਿੱਲ ਨੇ ਢਿੱਲ ਮੱਠ ਵਰਤਣ ਵਾਲੇ ਥਾਣੇਦਾਰ ਤੇ ਮੁਲਾਜ਼ਮਾਂ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਐਸ.ਐਸ.ਪੀ ਨੇ ਪੁਲੀਸ ਨੂੰ ਮੁਸਤੈਦ ਕਰਨ ਵਾਸਤੇ ਬਠਿੰਡਾ ‘ਚ ਰਾਤ ਵਕਤ ਅਚਨਚੇਤ ਛਾਪੇ ਮਾਰੇ  ਅਤੇ ਪੁਲੀਸ ਟੀਮਾਂ ਦੀ ਚੈਕਿੰਗ ਕੀਤੀ। ਚੈਕਿੰਗ ਕਰਨ ਮਗਰੋਂ ਅੱਜ ਪੁਲੀਸ ਅਫਸਰ ਨੇ ਇਕ ਪੁਲੀਸ ਇੰਸਪੈਕਟਰ, ਇਕ ਹੌਲਦਾਰ ਤੇ ਇਕ ਸਿਪਾਹੀ ਖਿਲਾਫ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਹੈ। ਕੁਝ ਸਮਾਂ ਪਹਿਲਾਂ ਵੀ ਐਸ.ਐਸ.ਪੀ ਸ਼ਹਿਰ ‘ਚ ਅੱਧੀ ਰਾਤ ਨੂੰ ਚੈਕਿੰਗ ਕਰਨ ਵਾਸਤੇ ਨਿਕਲੇ ਸਨ। ਹੁਣ ਜਦੋਂ ਫਿਰ ਸਨੈਚਰਾਂ ਨੇ ਆਪਣੀ ਸਰਗਰਮੀ ਵਧਾ ਦਿੱਤੀ ਤਾਂ ਐਸ.ਐਸ.ਪੀ ਨੇ ਖੁਦ ਰਾਤ ਨੂੰ ਪੁਲੀਸ ਨਾਕੇਬੰਦੀ ਦੀ ਚੈਕਿੰਗ ਕੀਤੀ। ਦੂਸਰੀ ਤਰਫ ਚੈਕਿੰਗ ਵਾਲੀ ਰਾਤ ਹੀ ਚੋਰ ਬੀਬੀ ਵਾਲਾ ਰੋਡ ‘ਤੇ ਅੱਧੀ ਦਰਜਨ ਦੁਕਾਨਾਂ ਦੀ ‘ਸਫਾਈ’ ਕਰ ਗਏ।
ਚੈਕਿੰਗ ਵਾਲੀ ਰਾਤ ਹੀ ਬੀਬੀ ਵਾਲਾ ਰੋਡ ‘ਤੇ ਅੱਧੀ ਦਰਜਨ ਦੁਕਾਨਾਂ ‘ਚ ਚੋਰੀ ਹੋ ਗਈ। ਪੁਲੀਸ ਉਲਝੀ ਦੇਖ ਕੇ ਚੋਰਾਂ ਨੇ ਦਾਅ ਲਾ ਲਿਆ। ਬੀਬੀ ਵਾਲਾ ਰੋਡ ‘ਤੇ ਇਨ੍ਹਾਂ ਦੁਕਾਨਾਂ ਦੇ ਤਾਲੇ ਅੱਜ ਸਵੇਰ ਵਕਤ ਟੁੱਟੇ ਹੋਏ ਸਨ। ਰਾਣਾ ਕਰਿਆਣਾ ਸਟੋਰ ‘ਚੋਂ ਚੋਰ ਦੋ ਸਿਲੰਡਰ,ਚਾਰ ਹਜ਼ਾਰ ਰੁਪਏ ਦੀ ਨਕਦੀ ਤੇ 35 ਹਜ਼ਾਰ ਦਾ ਕਰਿਆਨੇ ਦਾ ਸਾਮਾਨ ਲੈ ਗਏ। ਜਨਰਲ ਆਟੋ ਸਟੋਰ ‘ਚੋਂ 5 ਹਜ਼ਾਰ ਰੁਪਏ ਦੀ ਨਕਦੀ ਤਾਲੇ ਤੋੜ ਕੇ ਲੈ ਗਏ। ਲਕਛਮੀ ਆਟੋ ਪਾਰਟਸ ‘ਚੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਵੀ ਲੈ ਗਏ ਹਨ। ਗੁਰੂ ਕਾਸ਼ੀ ਟਰਾਂਸਪੋਰਟ ਦੇ ਦਫਤਰ ‘ਚੋਂ 3 ਹਜ਼ਾਰ ਰੁਪਏ ਦੀ ਨਕਦੀ ਲੈ ਗਏ ਜਦੋਂਕਿ ਚੋਰ ਦਸਮੇਸ਼ ਸਰਵਿਸ ਸੈਂਟਰ ‘ਚੋਂ ਸਰੀਆ ਚੋਰੀ ਕਰਕੇ ਲੈ ਗਏ ਹਨ।
ਐਸ.ਐਸ.ਪੀ ਸ਼ਾਮ ਨੂੰ ਕਰੀਬ ਛੇ ਵਜੇ ਸ਼ਹਿਰ ਵਿੱਚ ਨਿਕਲੇ ਤੇ ਰਾਤ 9 ਵਜੇ ਤੱਕ ਸ਼ਹਿਰ ਵਿੱਚ ਰਹੇ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਸ਼ਾਮ ਨੂੰ 6 ਵਜੇ ਤੋਂ ਰਾਤੀਂ ਅੱਠ ਵਜੇ ਤੱਕ ਨਾਕਾਬੰਦੀ ਹੋਇਆ ਕਰੇਗੀ ਕਿਉਂਕਿ ਇਹੋ ਸਮਾਂ ਜ਼ਿਆਦਾ ਸੰਵੇਦਨਸ਼ੀਲ ਹੈ। ਇਸੇ ਸਮੇਂ ‘ਚ ਸਨੈਚਰ ਜ਼ਿਆਦਾ ਵਾਰਦਾਤਾਂ ਕਰਦੇ ਹਨ। ਰਾਤ ਵਕਤ ਡੀ.ਐਸ.ਪੀਜ਼ ਵੱਲੋਂ ਗਸ਼ਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਨਾਕਾਬੰਦੀ ਲਗਾਤਾਰ ਚੱਲੇਗੀ ਤੇ ਉਹ ਖੁਦ ਵੀ ਇਸ ਦੀ ਚੈਕਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਪੀ.ਸੀ.ਆਰ ਦੇ ਇੰਚਾਰਜ ਇੰਸਪੈਕਟਰ ਤੇ ਦੋ ਹੋਰ ਮੁਲਾਜ਼ਮਾਂ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕੀਤੀ ਹੈ ਕਿਉਂਕਿ ਉਨ੍ਹਾਂ ਵੱਲੋਂ ਢਿੱਠ ਮੱਠ ਵਰਤੀ ਗਈ ਸੀ ਤੇ ਉਨ੍ਹਾਂ ਦੀ ਜਾਣਕਾਰੀ ਵੀ ਊਣੀ ਸੀ। ਜਾਣਕਾਰੀ ਅਨੁਸਾਰ ਐਸ.ਐਸ.ਪੀ ਡਾ.ਗਿੱਲ ਨੇ ਜਦੋਂ ਪਾਵਰ ਹਾਊਸ ‘ਤੇ ਚੱਕਰ ਕੱਟਿਆ ਤਾਂ ਮੱਛੀ ਮਾਰਕੀਟ ਲਾਗੇ ਉਨ੍ਹਾਂ ਨੇ ਪੀ.ਸੀ.ਆਰ ਦੇ ਦੋ ਮੋਟਰ ਸਾਈਕਲ ਸਵਾਰ ਮੁਲਾਜ਼ਮਾਂ ਨੂੰ ਰੋਕਿਆ। ਐਸ.ਐਸ.ਪੀ ਨੇ ਉਨ੍ਹਾਂ ਨੂੰ ਸ਼ਹਿਰ ਦੀ ਕਿਸੇ ਵਾਰਦਾਤ ਵਾਰੇ ਪੁੱਛਿਆ ਤਾਂ ਉਹ ਤਸੱਲੀ ਬਖਸ਼ ਜੁਆਬ ਨਾ ਦੇ ਸਕੇ। ਐਸ.ਐਸ.ਪੀ ਦਾ ਕਹਿਣਾ ਸੀ ਕਿ ਹਰ ਮੁਲਾਜ਼ਮ ਨੂੰ ਸ਼ਹਿਰ ਦੀ ਹਰ ਘਟਨਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਸ ਬਾਰੇ ਪਹਿਲਾਂ ਹੀ ਪੀ.ਸੀ.ਆਰ ਇੰਚਾਰਜ ਨੂੰ ਆਖਿਆ ਹੋਇਆ ਸੀ ਪਰ ਉਨ੍ਹਾਂ ਨੇ ਵੀ ਮੁਲਾਜ਼ਮਾਂ ਨੂੰ ਇਸ ਬਾਰੇ ਪੂਰੀ ਤਰ੍ਹਾਂ ਦੱਸਿਆ ਨਹੀਂ ਸੀ। ਵੇਰਵਿਆਂ ਅਨੁਸਾਰ ਪੀ.ਸੀ.ਆਰ ਇੰਚਾਰਜ ਤੋਂ ਇਲਾਵਾ ਪੁਲੀਸ ਮੁਲਾਜ਼ਮ ਦੇਸ ਰਾਜ ਤੇ ਕੁਲਵਿੰਦਰ ਸਿੰਘ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕੀਤੀ ਗਈ ਹੈ। ਐਸ.ਐਸ.ਪੀ ਨੇ ਕਾਫੀ ਸਮਾਂ ਪਹਿਲਾਂ ਛਾਪੇ ਦੌਰਾਨ ਵੀ ਮੁਲਾਜ਼ਮਾਂ ਦੀ ‘ਕਲਾਸ’ ਲਾਈ ਸੀ।
ਰਾਤ ਵਕਤ ਜਦੋਂ ਚੈਕਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਪੀ.ਸੀ.ਆਰ ਮੁਲਾਜ਼ਮ ਅਲਰਟ ਹੋ ਗਏ ਸਨ। ਜੋ ਨਾਕਾਬੰਦੀ ‘ਤੇ ਤਾਇਨਾਤ ਮੁਲਾਜ਼ਮ ਸਨ, ਉਨ੍ਹਾਂ ਨੂੰ ਵੀ ਇਹ ਵਿਸ਼ੇਸ਼ ਹਦਾਇਤ ਕੀਤੀ ਕਿ ਵਾਹਨਾਂ ਦੀ ਤਲਾਸ਼ੀ ਤੇ ਪੁੱਛਗਿੱਛ ਜ਼ਿਆਦਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਚਲਾਨ ਕੱਟਣ ‘ਤੇ ਹੀ ਜ਼ਿਆਦਾ ਸਮਾਂ ਨਾ ਲਾਇਆ ਜਾਵੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਲੜਕੀ ਅਤੇ ਉਸਦੀ ਮਾਰ ‘ਤੇ ਤੇਜਾਬੀ ਹਮਲਾ ਕਰ ਦਿੱਤਾ ਸੀ ਤੇ ਇਹ ਨੌਜਵਾਨ ਉਨ੍ਹਾਂ ਤੋਂ ਪਰਸ ਖੋਹਣਾ ਚਾਹੁੰਦੇ ਸਨ। ਇਸ ਮਗਰੋਂ ਐਸ.ਐਸ.ਪੀ ਨੇ ਖੁਦ ਵੀ ਜਾਇਜ਼ਾ ਲਿਆ ਸੀ। ਪੁਲੀਸ ਨੇ ਇਸ ਮਗਰੋਂ ਹੁਣ ਮੁਸਤੈਦੀ ਵਧਾਈ ਹੈ।

No comments:

Post a Comment