Tuesday, February 8, 2011

ਵਿਦੇਸ਼ੀ ਵਿਦਿਆਰਥੀਆਂ ਦੀ ਸਿੱਖਿਆ ਤੱਕ ਪਹੁੰਚ ਹੁਣ ਵਾਇਆ ਬਠਿੰਡਾ

Posted by joginder On January - 30 - 2011 ADD COMMENTS
ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ’ਚ ਪੜ੍ਹਦੇ ਥਾਈਲੈਂਡ ਦੇ ਬੱਚੇ (ਫੋਟੋ:ਭੁਪਿੰਦਰ ਢਿੱਲੋਂ)
ਚਰਨਜੀਤ ਭੁੱਲਰ
ਬਠਿੰਡਾ, 29 ਜਨਵਰੀ

ਹੁਣ ਤਾਂ ਵਿਦੇਸ਼ਾਂ ਵਿੱਚ ਵੀ ਬਠਿੰਡਾ ਮਕਬੂਲ ਹੋ ਗਿਆ। ਵਿਦੇਸ਼ੀ ਲੋਕ ਆਪਣੇ ਬੱਚੇ ਬਠਿੰਡਾ ’ਚ ਪੜ੍ਹਾ ਰਹੇ ਰਹੇ ਹਨ। ਬਠਿੰਡਾ ਦੇ ਮੱਥੇ ’ਤੇ ਲੱਗਾ ‘ਪਛੜੇ’ ਦਾ ਦਾਗ ਹੁਣ ਮਿਟ ਗਿਆ ਹੈ। ਇੰਜਨੀਅਰਿੰਗ ਤੇ ਮੈਡੀਕਲ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਤਾਂ ਪਹਿਲਾਂ ਤੋਂ ਹੀ ਬਠਿੰਡਾ ਮੋਹਰੀ ਕਤਾਰ ’ਚ ਹੈ। ਵਿਦੇਸ਼ੀ ਬੱਚਿਆਂ ਦੀ ਆਮਦ ਨੇ ਹੁਣ ਬਠਿੰਡਾ ਨੂੰ ‘ਪਛੜੇ’ ਦਾ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ। ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ’ਚ ਥਾਈਲੈਂਡ ਦੇ ਡੇਢ ਦਰਜਨ ਬੱਚੇ ਪੜ੍ਹਾਈ ਕਰ ਰਹੇ ਹਨ ਜਦੋਂ ਕਿ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ’ਚ ਦਰਜਨਾਂ ਪਰਵਾਸੀ ਬੱਚੇ ਮੈਡੀਕਲ ਕਰ ਰਹੇ ਹਨ। ਇੱਥੋਂ ਤੱਕ ਕਿ ਯੂ.ਕੇ. ਦੇ ਗੋਰੇ ਵੀ ਬਠਿੰਡਾ ਰਿਫਾਈਨਰੀ ਵਿੱਚ ਨੌਕਰੀ ਕਰਨ ਆਏ ਹੋਏ ਹਨ। ਬਣਾਂਵਾਲੀ ਤਾਪ ਬਿਜਲੀ ਘਰ ਦੀ ਉਸਾਰੀ ’ਚ ਤਾਂ ਕੁਝ ਸਮਾਂ ਪਹਿਲਾਂ ਤੋਂ ਹੀ ਚੀਨ ਦੇ ਮਾਹਿਰ ਜੁਟੇ ਹੋਏ ਹਨ। ਦਿੱਲੀ ਪਬਲਿਕ ਸਕੂਲ ’ਚ ਨੇਪਾਲ ਦੇ ਵੀ ਕਈ ਬੱਚੇ ਪੜ੍ਹ ਕੇ ਜਾ ਚੁੱਕੇ ਹਨ। ਹਰ ਵਰ੍ਹੇ ਇਸ ਸਕੂਲ ਵਿੱਚ ਤਿੰਨ ਤੋਂ ਚਾਰ ਵਿਦਿਆਰਥੀ ਵਿਦੇਸ਼ਾਂ ਤੋਂ ਪੜ੍ਹਨ ਆ ਰਹੇ ਹਨ। ਇਹ ਬੱਚੇ ਹੋਸਟਲ ’ਚ ਰਹਿ ਕੇ ਪੜ੍ਹ ਰਹੇ ਹਨ। ਇੱਥੇ ਸਸਤੀ ਤੇ ਮਿਆਰੀ ਵਿਦਿਆ ਹੋਣ ਕਰਕੇ ਥਾਈਲੈਂਡ ਦੇ ਬੱਚੇ ਬਠਿੰਡਾ  ਨੂੰ ਪਸੰਦ ਕਰ ਰਹੇ ਹਨ।
ਥਾਈਲੈਂਡ ਤੋਂ ਸਾਲ 2010 ਦੌਰਾਨ ਦੋ ਬੱਚੇ ਪੜ੍ਹਨ ਆਏ ਹਨ ਜਦੋਂ ਕਿ ਸਾਲ 2009 ’ਚ ਤਿੰਨ ਬੱਚੇ ਪੜ੍ਹਨ ਆਏ ਸਨ। ਇਨ੍ਹਾਂ ਬੱਚਿਆਂ ’ਚ ਲੜਕੀਆਂ ਵੀ ਸ਼ਾਮਲ ਹਨ। ਇਹ ਬੱਚੇ ਚੌਥੀ ਕਲਾਸ ਤੋਂ ਆਪਣੀ ਪੜ੍ਹਾਈ ਇੱਥੇ ਸ਼ੁਰੂ ਕਰਦੇ ਹਨ। ਕਾਫੀ ਬੱਚੇ ਤਾਂ ਆਪਣੀ ਪੜ੍ਹਾਈ ਪੂਰੀ ਕਰਕੇ ਵੀ ਜਾ ਚੁੱਕੇ ਹਨ। ਥਾਈਲੈਂਡ ਦਾ ਬੱਚਾ ਪ੍ਰਾਥੀ ਡੇਢ ਸਾਲ ਤੋਂ ਇੱਥੇ ਪੜ੍ਹ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਇੱਥੋਂ ਦੀ ਪੜਾਈ ਬਹੁਤ ਚੰਗੀ ਲੱਗੀ ਹੈ ਅਤੇ ਬਠਿੰਡਾ ਕਾਫੀ ਦਿਲਚਸਪ ਵੀ ਹੈ। ਲੜਕੀ ਪ੍ਰਿੰਟਾਵਾਡੀ ਨੇ ਵੀ ਬਠਿੰਡਾ ਦੀ ਤਾਰੀਫ ਕੀਤੀ ਅਤੇ ਸਕੂਲ ਦੀ ਅੰਗਰੇਜ਼ੀ ਦੀ ਪੜ੍ਹਾਈ ਨੂੰ   ਸਰਵੋਤਮ ਦੱਸਿਆ। ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ.ਅਰੁਨ ਜੀ ਦਾ ਕਹਿਣਾ ਸੀ ਕਿ ਸੂਚਨਾ ਤਕਨਾਲੋਜੀ ’ਚ ਭਾਰਤ ਉਚੇ ਮੁਕਾਮ ’ਤੇ ਹੈ ਜਿਸ ਕਰਕੇ ਵਿਦੇਸ਼ੀ ਬੱਚਿਆਂ ਦੀ ਤਰਜੀਹ ਭਾਰਤ ਬਣ ਗਿਆ ਹੈ। ਉਸ ਤੋਂ ਪਹਿਲਾਂ ਵਿਦੇਸ਼ੀ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਕਰਾਉਣ ਲਈ ਇਸ ਸਕੂਲ ’ਚ ਭੇਜ ਰਹੇ ਹਨ। ਸਕੂਲ ਦੇ ਲੜਕਿਆਂ ਦੇ ਹੋਸਟਲ ਇੰਚਾਰਜ ਅਜੀਤ ਸਿੰਘ ਦਾ ਕਹਿਣਾ ਸੀ ਕਿ ਵਿਦੇਸ਼ੀ ਬੱਚਿਆਂ ਨੂੰ ਇੱਥੇ ਰਹਿੰਦਿਆਂ ਕਦੇ ਵੀ ਓਪਰਾਪਣ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਕਾਫੀ ਬੱਚੇ ਤਾਂ ਖੇਡਾਂ ਤੇ ਪੇਂਟਿੰਗ ਮੁਕਾਬਲਿਆਂ ’ਚ ਪੰਜਾਬ ਭਰ ’ਚੋਂ ਮੋਹਰੀ ਬਣੇ ਹਨ।
ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ’ਚ ਵੀ ਇਸ ਵੇਲੇ ਅੱਠ ਵਿਦਿਆਰਥੀ ਅਮਰੀਕਾ ਤੇ ਕੈਨੇਡਾ ਦੇ ਪੜ੍ਹ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਇਹ ਵਿਦਿਆਰਥੀ ਮੂਲ ਤੋਂ ਭਾਰਤੀ ਹਨ ਪਰ ਇਸ ਵੇਲੇ ਉਹ ਅਮਰੀਕਾ ਕੈਨੇਡਾ ਦੇ ਵਸਨੀਕ ਹਨ। ਕਾਲਜ ਸੂਤਰਾਂ ਨੇ ਦੱਸਿਆ ਕਿ ਮੈਡੀਕਲ ਦੀ ਪੜ੍ਹਾਈ ਵਿਦੇਸ਼ ਨਾਲੋਂ ਇੱਥੇ ਸਸਤੀ ਹੈ। ਇਸ ਤੋਂ ਇਲਾਵਾ ਬਠਿੰਡਾ ਰਿਫਾਈਨਰੀ ਵਿੱਚ ਯੂ.ਕੇ. ਦੇ ਤਿੰਨ ਗੋਰੇ ਨੌਕਰੀ ਕਰਨ ਵਾਸਤੇ ਆਏ ਹੋਏ ਹਨ।
ਬਰਤਾਨੀਆ ਦੇ ਜੌਹਨ ਪਾਲ 19 ਨਵੰਬਰ, 2010 ਤੋਂ ਬਠਿੰਡਾ ਰਿਫਾਈਨਰੀ ’ਚ ਨੌਕਰੀ ਕਰ ਰਿਹਾ ਹੈ ਅਤੇ ਉਹ ਇੱਥੇ ਗਣਪਤੀ ਇਨਕਲੇਵ ’ਚ ਰਹਿ ਰਿਹਾ ਹੈ। ਬਰਤਾਨੀਆ ਦਾ ਹੀ ਐਂਡਰਿਊ ਰਸਲ ਤੇ ਬਰੇਨ ਬੌਬ ਵੀ ਬਠਿੰਡਾ ਰਿਫਾਈਨਰੀ ’ਚ ਨੌਕਰੀ ਕਰਨ ਵਾਸਤੇ ਆਏ ਹੋਏ ਹਨ। ਇਸ ਤੋਂ ਇਲਾਵਾ ਬਣਾਂਵਾਲੀ ਤਾਪ ਬਿਜਲੀ ਘਰ ’ਚ ਦਰਜਨਾਂ ਮਾਹਿਰ ਚੀਨ ਤੋਂ ਆਏ ਹੋਏ ਹਨ ਜੋ ਉਸਾਰੀ ਦੇ ਕੰਮ ’ਚ ਲੱਗੇ ਹੋਏ ਹਨ। ਦੂਸਰੇ ਰਾਜਾਂ ਤੋਂ ਬਠਿੰਡਾ ਇਲਾਕੇ ਦੇ ਇੰਜਨੀਅਰਿੰਗ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ ’ਚ ਪੁੱਜ ਚੁੱਕੀ ਹੈ।

ਭਾਰਤੀ ਸਿੱਖਿਆ ਮਿਆਰੀ: ਵਿੱਕੀ ਢਿਲੋਂ

ਕੈਨੇਡਾ ਦੇ ਬਰਿੰਪਟਨ ਸ਼ਹਿਰ ਦੇ ਕੌਂਸਲਰ ਵਿੱਕੀ ਢਿੱਲੋਂ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਾੜਵਾਲਾ ਦੇ ਹਨ, ਦਾ ਪ੍ਰਤੀਕਰਮ ਸੀ ਕਿ ਸਕੂਲੀ ਸਿੱਖਿਆ ਭਾਰਤ ’ਚ ਚੰਗੀ ਤੇ ਮਿਆਰੀ ਹੈ। ਉਨ੍ਹਾਂ ਆਖਿਆ ਕਿ ਬਹੁਤੇ ਮੁਲਕਾਂ ਦੇ ਸਕੂਲਾਂ ਵਿੱਚ ਨੌਜਵਾਨਾਂ ’ਚ ਨਸ਼ਿਆਂ ਦਾ ਰੁਝਾਨ ਵਧਿਆ ਹੈ ਅਤੇ ਕਲਚਰ ਦੇ ਪੱਖ ਤੋਂ ਵੀ ਮਾਰ ਪਈ ਹੈ। ਉਨ੍ਹਾਂ ਆਖਿਆ ਕਿ ਇਹੋ ਕਾਰਨ ਬਹੁਤੇ ਮਾਪੇ ਹੁਣ ਆਪਣੇ ਬੱਚਿਆਂ ਨੂੰ ਭਾਰਤੀ ਜੜ੍ਹਾਂ ਨਾਲ ਜੋੜਨ ਲਈ ਬੱਚਿਆਂ ਨੂੰ ਇਧਰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਲੋਕ ਸੂਚਨਾ ਤਕਨਾਲੋਜੀ ਦੇ ਖੇਤਰ ’ਚ ਵੀ ਭਾਰਤ ਦੀ ਸਰਦਾਰੀ ਮੰਨਦੇ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ।

No comments:

Post a Comment