Tuesday, February 8, 2011

ਬਹੁਤੇ ਸਰਪੰਚਾਂ ਨੇ ਬੁਢਾਪਾ ਪੈਨਸ਼ਨਾਂ ਦਾ ਹਿਸਾਬ ਦੇਣ ਤੋਂ ਚੁੱਪ ਵੱਟੀ

Posted by uday On February - 7 - 2011 ADD COMMENTS

ਸਰਕਾਰ ਵੱਲੋਂ ਕਾਰਵਾਈ ਦੀ ਤਿਆਰੀ

ਚਰਨਜੀਤ ਭੁੱਲਰ
ਬਠਿੰਡਾ, 6 ਫਰਵਰੀ
ਬਠਿੰਡਾ ਜ਼ਿਲ੍ਹੇ ਦੇ ਬਜ਼ੁਰਗ ਜੋ ਬੁਢਾਪਾ ਪੈਨਸ਼ਨ ਨਾ ਮਿਲਣ ਬਾਰੇ ਦੱਸਦੇ ਹੋਏ
ਬਹੁਤੇ ਪਿੰਡਾਂ ਦੇ ਸਰਪੰਚ ਕਰੀਬ ਸੱਤ ਕਰੋੜ ਦੀ ਬੁਢਾਪਾ ਪੈਨਸ਼ਨ ਦਾ ਹਿਸਾਬ-ਕਿਤਾਬ ਨਹੀਂ ਦੇ ਰਹੇ। ਪੰਜਾਬ ਸਰਕਾਰ ਨੇ ਜਿਨ੍ਹਾਂ ਸਰਪੰਚਾਂ ਵੱਲ ਇਹ ਬੁਢਾਪਾ ਪੈਨਸ਼ਨ ਬਕਾਇਆ ਖੜ੍ਹੀ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਬੁਢਾਪਾ ਪੈਨਸ਼ਨ ਦੀ ਵੰਡ ਪੰਚਾਇਤਾਂ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਲਈ ਬਕਾਇਦਾ ਇਕ ਕਮੇਟੀ ਬਣਾਈ ਜਾਂਦੀ ਹੈ। ਹਰੇਕ ਮਹੀਨੇ ਪੈਨਸ਼ਨ ਵੰਡਣ ਮਗਰੋਂ ਹਰ ਪੰਚਾਇਤ ਵੱਲੋਂ ਪੰਜਾਬ ਸਰਕਾਰ ਨੂੰ ਪੂਰਾ ਹਿਸਾਬ ਕਿਤਾਬ ਭੇਜਿਆ ਜਾਣਾ ਹੁੰਦਾ ਹੈ। ਵੇਰਵਿਆਂ ਅਨੁਸਾਰ ਕਰੀਬ ਇਕ ਹਜ਼ਾਰ ਪੰਚਾਇਤਾਂ ਵੱਲੋਂ ਵੰਡੀ ਹੋਈ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਢਾਈ ਸੌ ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਦੀ ਸੂਚੀ ਤਿਆਰ ਕਰਕੇ ਹਰ ਪੰਚਾਇਤ ਨੂੰ ਭੇਜੀ ਜਾਂਦੀ ਹੈ ਜਿਸ ਦੇ ਹਿਸਾਬ ਨਾਲ ਪੰਚਾਇਤ ਵੱਲੋਂ ਪੈਨਸ਼ਨ ਵੰਡੀ ਜਾਂਦੀ ਹੈ। ਨਿਯਮਾਂ ਅਨੁਸਾਰ ਹਰ ਪੰਚਾਇਤ ਵੱਲੋਂ ਤਿੰਨ ਮਹੀਨੇ ਦੇ ਅੰਦਰ ਅੰਦਰ ਵੰਡੀ ਪੈਨਸ਼ਨ ਦਾ ਪੂਰਾ ਹਿਸਾਬ ਕਿਤਾਬ ਦੇਣਾ ਹੁੰਦਾ ਹੈ। ਪੰਜਾਬ ਦੇ ਹਜ਼ਾਰਾਂ ਸਰਪੰਚ ਹਨ ਜਿਨ੍ਹਾਂ ਨੇ ਤਿੰਨ ਸਾਲ ਬੀਤਣ ‘ਤੇ ਵੀ ਬੁਢਾਪਾ ਪੈਨਸ਼ਨ ਦਾ ਕੋਈ ਲੇਖਾ ਨਹੀਂ ਦਿੱਤਾ। ਵੇਰਵਿਆਂ ਅਨੁਸਾਰ ਪੰਜਾਬ ‘ਚ ਪਿਛਲੇ ਤਿੰਨ ਵਰ੍ਹਿਆਂ ‘ਚ ਵੰਡੀ ਬੁਢਾਪਾ ਪੈਨਸ਼ਨ ‘ਚੋਂ 6.62 ਕਰੋੜ ਰੁਪਏ ਦਾ ਹਾਲੇ ਤੱਕ ਸਰਕਾਰ ਨੂੰ ਹਿਸਾਬ-ਕਿਤਾਬ ਨਹੀਂ ਮਿਲਿਆ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਜੱਦੀ ਜ਼ਿਲ੍ਹਾ ਅੰਮ੍ਰਿਤਸਰ ਇਸ ਕੰਮ ‘ਚ ਮੋਹਰੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਪੰਚਾਂ ਵੱਲੋਂ ਕਰੀਬ ਤਿੰਨ ਕਰੋੋੜ ਰੁਪਏ ਦੀ ਰਾਸ਼ੀ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਹੈ। ਸਾਲ 2008-09 ‘ਚ ਵੰਡੀ ਪੈਨਸ਼ਨ ‘ਚੋਂ ਇਕ ਕਰੋੜ ਦਾ ਹਿਸਾਬ ਨਹੀਂ ਦਿੱਤਾ ਗਿਆ ਹੈ
ਸਾਲ 2007-08 ਦੇ 62 ਲੱਖ ਰੁਪਏ ਦੀ ਬੁਢਾਪਾ ਪੈਨਸ਼ਨ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਸਾਲ 2008-09 ਦੀ ਇਹ ਰਾਸ਼ੀ ਦੋ ਕਰੋੋੜ ਰੁਪਏ  ਬਣਦੀ ਹੈ ਜਿਸ ਦਾ ਪੰਚਾਇਤਾਂ ਨੇ ਲੇਖਾ ਨਹੀਂ ਦਿੱਤਾ। ਇਸੇ ਤਰ੍ਹਾਂ ਸਾਲ 2009-10 ਦੀ ਬੁਢਾਪਾ ਪੈਨਸ਼ਨ ਦੀ ਚਾਰ ਕਰੋੜ ਰੁਪਏ ਦੀ ਰਾਸ਼ੀ ਦਾ ਹਿਸਾਬ ਨਹੀਂ ਦਿੱਤਾ ਗਿਆ ਹੈ। ਵਰ੍ਹਿਆਂ ਮਗਰੋਂ ਵੀ ਪੰਚਾਇਤਾਂ ਨੇ ਪੱਲਾ ਨਹੀਂ ਫੜਾਇਆ ਹੈ। ਜ਼ਿਲ੍ਹਾ ਬਠਿੰਡਾ ਦੇ ਕਰੀਬ ਡੇਢ ਦਰਜਨ ਸਰਪੰਚਾਂ ਵੱਲੋਂ ਕਰੀਬ ਡੇਢ ਲੱਖ ਰੁਪਏ ਦੀ ਬੁਢਾਪਾ ਪੈਨਸ਼ਨ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਹੈ। ਇਨ੍ਹਾਂ ਸਰਪੰਚਾਂ ‘ਚ ਬਠਿੰਡਾ ਬਲਾਕ ਤੇ ਤਲਵੰਡੀ ਸਾਬੋ ਬਲਾਕ ਦੇ ਸਰਪੰਚ ਜ਼ਿਆਦਾ ਹਨ।
ਜ਼ਿਲ੍ਹਾ ਬਠਿੰਡਾ ਦੇ ਕਰੀਬ 68 ਹਜ਼ਾਰ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਵੰਡੀ ਜਾਂਦੀ ਹੈ ਅਤੇ ਹਰ ਮਹੀਨੇ ਕਰੀਬ 2.35 ਕਰੋੜ ਰੁਪਏ ਬੁਢਾਪਾ ਪੈਨਸ਼ਨ ਦੇ ਬਣਦੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ  ਵੱਲੋਂ ਤਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਰਾਹੀਂ ਕਾਫੀ ਹਿਸਾਬ-ਕਿਤਾਬ ਕਲੀਅਰ ਕਰ ਲਿਆ ਗਿਆ ਹੈ ਅਤੇ ਕੇਵਲ ਸਾਲ 2008-09 ਦਾ ਕਰੀਬ ਸਵਾ ਕੁ ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਦੂਸਰੀ ਤਰਫ ਸਰਪੰਚ ਯੂਨੀਅਨ ਦੇ ਸਰਪ੍ਰਸਤ ਯਾਦਵਿੰਦਰ ਸਿੰਘ ਤੇ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਝੰਡੁੂਕੇ ਦਾ ਕਹਿਣਾ ਸੀ ਕਿ ਪੈਨਸ਼ਨ ਵੰਡਣ ਲਈ ਸੱਤ ਮੈਂਬਰੀ ਕਮੇਟੀ ਹੁੰਦੀ ਹੈ ਜੋ ਸਮੁੱਚੇ ਰੂਪ ‘ਚ ਜ਼ਿੰਮੇਵਾਰ ਹੁੰਦੀ ਹੈ। ਉਨ੍ਹਾਂ ਆਖਿਆ ਕਿ ਸਰਪੰਚ ਤਾਂ ਕਮੇਟੀ ਦਾ ਇੱਕ ਮੈਂਬਰ ਹੁੰਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਤੇ ਕੋਈ ਹਿਸਾਬ-ਕਿਤਾਬ ਨਹੀਂ ਮਿਲਿਆ ਤਾਂ ਸਮੁੱਚੀ ਕਮੇਟੀ ਤੇ ਅਫਸਰ ਜ਼ਿੰਮੇਵਾਰ ਹਨ।

1 comment: