Saturday, January 28, 2012

          ਇੱਕ ਦਿਨ ਦੇ 'ਬਾਦਸ਼ਾਹ'
                       ਚਰਨਜੀਤ ਭੁੱਲਰ
ਬਠਿੰਡਾ : ਲਾਲਟੈਨ ਦਾ ਚਾਨਣ ਕਮਲਾ ਦੇਵੀ ਦੀ ਜ਼ਿੰਦਗੀ ਦਾ ਹਨੇਰਾ ਦੂਰ ਨਹੀਂ ਸਕਿਆ ਹੈ। ਉਸ ਦੇ ਬੱਚੇ ਸੰਦੀਪ ਕੁਮਾਰ ਨੂੰ ਇਸੇ ਲਾਲਟੈਨ ਦੇ ਲੋਅ ਹੁਣ ਕੋਈ ਬਹੁਤੀ ਓਪਰੀ ਨਹੀਂ ਲੱਗਦੀ ਹੈ ਜੋ ਪੰਜਵੀਂ ਕਲਾਸ 'ਚ ਪੜ•ਦਾ ਹੈ। ਕੈਂਸਰ ਦੇ ਕਹਿਰ ਨੇ ਕਮਲਾ ਦੇਵੀ ਦਾ ਪਤੀ ਧੰਨਪੱਤ ਰਾਏ ਖੋਹ ਲਿਆ ਹੈ। ਉਹ ਖੁਦ ਟੀ.ਬੀ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇੱਕ ਕਮਰੇ ਦੇ ਘਰ ਵਿੱਚ ਉਹ ਆਪਣੇ ਚਾਰ ਬੱਚਿਆਂ ਨਾਲ ਦਿਨ ਕੱਟ ਰਹੀ ਹੈ। ਜਦੋਂ ਸਿਆਸੀ ਧਿਰਾਂ ਵਲੋਂ 'ਵਾਧੂ ਬਿਜਲੀ ਵਾਲਾ ਪੰਜਾਬ ਬਣਾਉਣ' ਦੇ ਦਮਗਜੇ ਵੱਜਦੇ ਹਨ ਤਾਂ ਉਹ ਘਰ ਪਈ ਲਾਲਟੈਨ ਦੀਆਂ ਬੱਤੀਆਂ ਨੂੰ ਮੁੜ ਸੰਵਾਰਨ ਲੱਗ ਜਾਂਦੀ ਹੈ। ਕਮਲਾ ਦੇਵੀ ਦੇ ਪਰਿਵਾਰ ਨੂੰ ਅੱਜ ਤੱਕ ਬਿਜਲੀ ਨਸੀਬ ਨਹੀਂ ਹੋ ਸਕੀ ਹੈ। 'ਸਿੰਗਲ ਬੱਤੀ ਸਕੀਮ' ਵਾਲਾ ਬੱਲਬ ਉਸ ਦੇ ਘਰ ਨਹੀਂ ਜਗ ਸਕਿਆ ਹੈ। ਆਜ਼ਾਦੀ ਦੇ 64 ਵਰਿ•ਆਂ ਮਗਰੋਂ ਵੀ ਉਹ ਲਾਲਟੈਨ ਦੀ ਗੁਲਾਮ ਹੈ। ਕੋਈ ਵੀ ਚੋਣ ਉਸ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕੀ ਹੈ। ਗਿੱਦੜਬਹਾ ਹਲਕੇ ਦੇ ਪਿੰਡ ਖ਼ੂਨਣ ਖੁਰਦ ਦਾ ਇਹ ਮਜ਼ਦੂਰ ਪਰਿਵਾਰ ਵੋਟਾਂ ਵਾਲੀ ਕਤਾਰ 'ਚ ਹਰ ਦਫ਼ਾ ਇੱਕ ਨਵੀਂ ਉਮੀਦ ਲੈ ਕੇ ਖੜ•ਦਾ ਹੈ। ਲੋਕ ਰਾਜ ਅੱਜ ਤੱਕ ਉਸ ਦੇ ਘਰ ਇੱਕ ਬਿਜਲੀ ਦਾ ਲਾਟੂ ਨਹੀਂ ਜਗ•ਾ ਸਕਿਆ ਹੈ। ਜਦੋਂ ਕਮਲਾ ਦੇਵੀ ਦਾ ਪਤੀ ਚਲਾ ਗਿਆ ਤਾਂ ਉਸ ਦੇ ਵੱਡੇ ਲੜਕੇ ਰਮੇਸ਼ ਕੁਮਾਰ ਨੂੰ ਪੜਾਈ ਛੱਡ 'ਲੇਬਰ ਚੌਂਕ' 'ਚ ਖੜਨ ਲਈ ਮਜਬੂਰ ਹੋਣਾ ਪਿਆ। ਇਕੱਲੀ ਕਮਲਾ ਦੇਵੀ ਨਹੀਂ ਬਲਕਿ ਹਜ਼ਾਰਾਂ ਪਰਿਵਾਰ ਏਦਾ ਦੇ ਹਨ ਜਿਨ•ਾਂ ਦੇ ਘਰਾਂ 'ਚ ਅੱਜ ਵੀ ਦੁੱਖਾਂ ਦੇ ਦੀਵੇ ਬਲਦੇ ਹਨ। ਜਮਹੂਰੀਅਤ ਨੇ ਇਨ•ਾਂ ਪਰਿਵਾਰਾਂ ਨਾਲ ਵਫ਼ਾ ਨਹੀਂ ਕੀਤੀ ਹੈ।
         ਪੰਜਾਬ ਚੋਣਾਂ ਦੇ ਪਿੜ 'ਚ ਇਨ•ਾਂ ਕੋਲ ਮੁੜ ਨੇਤਾ ਆਏ ਹਨ। ਹੱਥ ਜੋੜੇ ਗਏ ਹਨ ਅਤੇ ਤਕਦੀਰ ਬਦਲਣ ਦੇ ਵਾਅਦੇ ਕੀਤੇ ਗਏ ਹਨ। ਕਮਲਾ ਦੇਵੀ ਵਾਂਗ ਕਿੰਨੇ ਹੀ ਮੁੜ ਭਰੋਸਾ ਕਰਕੇ ਫਿਰ ਵੋਟਾਂ ਵਾਲੀ ਕਤਾਰ ਵਿੱਚ ਲੱਗਦੇ ਹਨ। ਮਗਰੋਂ ਪੰਜ ਵਰੇ• ਮੁੜ ਫਿਰ ਇਨ•ਾਂ ਨੂੰ ਰਾਹ ਤੱਕਣੇ ਪੈਂਦੇ ਹਨ। ਏਦਾ ਹੀ 60 ਵਰਿ•ਆਂ ਦਾ ਕਾਲੂ ਸਿੰਘ ਉਂਝ ਤਾਂ ਆਮ ਆਦਮੀ ਹੈ ਲੇਕਿਨ ਉਸ ਦਾ ਜ਼ਿਲ•ਾ 'ਖਾਸ' ਹੈ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਮੁਕਤਸਰ ਦੇ ਖੁੰਡੇ ਹਲਾਲ ਦਾ ਕਾਲੂ ਸਿੰਘ ਅਤੇ ਉਸ ਦੀ ਪਤਨੀ ਰਾਮ ਰੱਖੀ ਪਿੰਡ ਦੇ ਗੁਰੂ ਘਰ ਚੋਂ ਦੋ ਵਕਤ ਪ੍ਰਸ਼ਾਦਾ ਛਕਦੇ ਹਨ। ਇਹ ਉਨ•ਾਂ ਦੀ ਮਜਬੂਰੀ ਹੈ। ਤਾਹੀਓਂ ਕਾਲੂ ਸਿੰਘ ਆਖਦਾ ਹੈ ,'ਗੁਰੂ ਘਰ ਚੋਂ ਖਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ'। ਕਾਲੂ ਸਿੰਘ ਨੂੰ ਤਾਂ ਆਪਣੇ ਪਿੰਡ 'ਚ ਦੋ ਗਜ਼ ਜ਼ਮੀਨ ਵੀ ਨਸੀਬ ਨਹੀਂ ਹੋ ਸਕੀ ਹੈ। ਉਹ ਪਿੰਡ ਦੀ ਪੰਚਾਇਤੀ ਧਰਮਸਾਲਾ 'ਚ ਇੱਕ ਕਾਨਿਆਂ ਦਾ ਛੱਪਰ ਪਾ ਕੇ ਪਰਿਵਾਰ ਪਾਲ ਰਿਹਾ ਹੈ। ਉਸ ਦਾ ਲੜਕਾ ਮੰਗਾ ਸਿੰਘ ਦਿਹਾੜੀ ਕਰਦਾ ਹੈ। ਕਾਲੂ ਸਿੰਘ ਆਖਦਾ ਹੈ ਕਿ 'ਸਾਰਿਆਂ ਨੂੰ ਵੋਟ ਪਾ ਕੇ ਦੇਖ ਲਈ,ਕੋਈ ਉਨ•ਾਂ ਨੂੰ ਦੋ ਗਜ ਜਗ•ਾ ਨਹੀਂ ਦੇ ਸਕਿਆ।' ਪੰਜ ਪੰਜ ਮਰਲੇ ਤਾਂ ਦੂਰ ਦੀ ਗੱਲ। ਮਾਲਵਾ ਖ਼ਿੱਤੇ 'ਚ ਏਦਾ ਦੇ ਹਜ਼ਾਰਾਂ ਦਲਿਤ ਲੋਕ ਹਨ ਜਿਨ•ਾਂ ਨੂੰ ਇੱਕ ਦਹਾਕਾ ਪਹਿਲਾਂ ਪੰਜ ਪੰਜ ਮਰਲੇ ਦੇ ਪਲਾਂਟ ਦਿੱਤੇ ਜਾਣ ਵਾਲੀਆਂ ਸੰਨਦਾਂ ਤਾਂ ਦੇ ਦਿੱਤੀਆਂ ਗਈਆਂ ਸਨ ਪ੍ਰੰਤੂ ਪਲਾਟ ਅੱਜ ਤੱਕ ਨਹੀਂ ਮਿਲੇ ਹਨ। ਪਿੰਡ ਗੰਧੜ ਦਾ ਮਜ਼ਦੂਰ ਸੋਨੀ ਤਾਂ ਪਿੰਡ ਦੇ ਇੱਕ ਜਿਮੀਂਦਾਰ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸ ਨੂੰ ਹੁਣ ਪਸ਼ੂ ਵੀ 'ਆਪਣੇ' ਹੀ ਲੱਗਦੇ ਹਨ।
            ਭਦੌੜ ਦਾ ਬਜ਼ੁਰਗ ਮਹਿੰਦਰ ਸਿੰਘ ਹੁਣ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਹੈ। 94 ਵਰਿ•ਆਂ ਦੇ ਮਹਿੰਦਰ ਸਿੰਘ ਨੇ ਹਰ ਚੋਣ ਦੇਖੀ ਹੈ। ਚੋਣਾਂ ਤੋਂ ਪਹਿਲਾਂ ਉਸ ਨੇ ਬਟਵਾਰੇ ਦੀ ਪੀੜ ਵੀ ਝੱਲੀ ਹੈ। ਸਾਲ 1918 ਵਿੱਚ ਜਨਮੇ ਮਹਿੰਦਰ ਸਿੰਘ ਕੋਲ ਜ਼ਮੀਨ ਤਾਂ ਹੈ ਪ੍ਰੰਤੂ ਉਹ ਆਪਣੀ ਪੈਲੀ ਦਾ ਆਜ਼ਾਦੀ ਤੋਂ 64 ਵਰਿ•ਆਂ ਮਗਰੋਂ ਵੀ ਮਾਲਕ ਨਹੀਂ ਬਣ ਸਕਿਆ ਹੈ। ਜਦੋਂ ਭਾਰਤ ਪਾਕਿ ਬਟਵਾਰਾ ਹੋਇਆ ਤਾਂ ਉਹ ਤਹਿਸੀਲ ਨਨਕਾਣਾ ਸਾਹਿਬ ਦੇ ਪਿੰਡ 23 ਚੱਕ ਚੋਂ ਆਪਣੇ ਮਾਂ ਬਾਪ ਤੋਂ ਵਿੱਛੜ ਗਿਆ ਸੀ। ਕਤਲੋਗਾਰਦ ਤੋਂ ਪੁੱਤ ਨੂੰ ਬਚਾਉਣ ਲਈ ਮਾਪਿਆਂ ਨੇ ਉਸ ਨੂੰ ਇੱਕ ਗੱਡੇ ਵਿੱਚ ਬਿਠਾ ਕੇ ਇੱਧਰ ਤੋਰ ਦਿੱਤਾ। ਉਹ ਇੱਕ ਮਹੀਨਾ ਕੱਟੀ ਭੁੱਖ ਤੇਹ ਨੂੰ ਅੱਜ ਵੀ ਭੁੱਲਦਾ ਨਹੀਂ। ਮਾਂ ਬਾਪ ਦਾ ਵਿਛੋੜਾ ਉਸ ਦੀ ਜ਼ਿੰਦਗੀ ਦੀ ਚੀਸ ਬਣ ਗਿਆ ਹੈ। ਬਟਵਾਰੇ ਤੋਂ ਪੰਜ ਵਰਿ•ਆਂ ਮਗਰੋਂ ਉਸ ਨੂੰ ਇੱਧਰ ਜ਼ਮੀਨ ਅਲਾਟ ਕਰ ਦਿੱਤੀ ਗਈ ਸੀ। ਉਹ ਦੱਸਦਾ ਹੈ ਕਿ ਉਹ ਦਹਾਕਿਆਂ ਵਰਿ•ਆਂ ਮਗਰੋਂ ਜ਼ਮੀਨ ਦਾ ਮਾਲਕ ਨਹੀਂ ਬਣ ਸਕਿਆ ਹੈ। ਬਟਵਾਰਾ ਦੇਖਣ ਵਾਲੇ ਹਜ਼ਾਰਾਂ ਪਰਿਵਾਰ ਏਦਾ ਦਾ ਸੰਕਟ ਝੱਲ ਰਹੇ ਹਨ। ਉਹ ਹਰ ਪੰਜ ਵਰਿ•ਆਂ ਮਗਰੋਂ ਬਦਲ ਬਦਲ ਕੇ ਵੋਟਾਂ ਪਾ ਰਹੇ ਹਨ। ਕੋਈ ਸਰਕਾਰ ਉਨ•ਾਂ ਨੂੰ 'ਮਾਲਕ' ਹੋਣ ਦਾ ਅਹਿਸਾਸ ਨਹੀਂ ਕਰਾ ਸਕੀ ਹੈ।
          ਜਮਹੂਰੀਅਤ ਦੇ ਹਾਕਮਾਂ ਨੇ ਪਿੰਡ ਬਣਾਂਵਾਲੀ ਦੇ ਹਾਕਮ ਸਿੰਘ ਨੂੰ ਪ੍ਰਵਾਸੀ ਬਣਾ ਦਿੱਤਾ ਹੈ। ਕਾਰਪੋਰੇਟ ਮਾਡਲ ਵਾਲੇ ਵਿਕਾਸ ਨੇ ਉਸ ਨੂੰ ਪੰਜਾਬ ਛੁਡਵਾ ਦਿੱਤਾ ਹੈ। ਉਸ ਦੀ ਪੂਰੀ ਦੀ ਪੂਰੀ ਜ਼ਮੀਨ 'ਬਣਾਂਵਾਲੀ ਥਰਮਲ ਪਲਾਂਟ' ਲਈ ਐਕਵਾਇਰ ਹੋ ਗਈ ਹੈ। ਜਦੋਂ ਉਹ ਪੈਲੀ ਤੋਂ ਵਾਂਝਾ ਹੋ ਗਿਆ ਤਾਂ ਉਸ ਨੂੰ ਪੰਜਾਬ ਛੱਡਣਾ ਪਿਆ। ਉਹ ਹੁਣ ਹਰਿਆਣਾ ਦਾ ਵਸਨੀਕ ਬਣ ਗਿਆ ਹੈ। ਉਸ ਨੇ ਆਪਣਾ ਪਿੰਡ ਵਾਲਾ ਜੱਦੀ ਘਰ ਵੇਚ ਦਿੱਤਾ ਹੈ। ਉਸ ਦਾ ਇੱਕ ਲੜਕਾ ਪਿੰਡ ਨਹੀਂ ਛੱਡ ਸਕਿਆ ਹੈ। ਉਹ ਟੈਕਸੀ ਡਰਾਇਵਰ ਬਣ ਗਿਆ ਹੈ। ਪਿੰਡ ਦਾ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਦੱਸਦਾ ਹੈ ਕਿ ਜਦੋਂ ਹਾਕਮ ਸਿੰਘ ਨੂੰ ਪਿੰਡ ਦਾ ਮੋਹ ਸਤਾਉਂਦਾ ਹੈ ਤਾਂ ਉਹ ਪਿੰਡ ਦਾ ਗੇੜਾ ਜ਼ਰੂਰ ਲਾਉਣ ਆਉਂਦਾ ਹੈ। ਇਵੇਂ ਦੇ ਕਿੰਨੇ ਹੀ ਕਿਸਾਨ ਪਰਿਵਾਰ ਹਨ ਜਿਨ•ਾਂ ਨੂੰ ਜ਼ਮੀਨਾਂ ਐਕਵਾਇਰ ਹੋਣ ਮਗਰੋਂ ਪਿੰਡ ਨਹੀਂ, ਪੰਜਾਬ ਛੱਡਣਾ ਪਿਆ ਹੈ। ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਇਨ•ਾਂ ਦੁੱਖ ਝੱਲਦੇ ਲੋਕਾਂ ਨੂੰ ਲੋਕ ਰਾਜ ਦੇ 'ਬਾਦਸ਼ਾਹ' ਆਖਿਆ ਜਾਂਦਾ ਹੈ। ਮਗਰੋਂ ਪਤਾ ਲੱਗਦਾ ਹੈ ਕਿ ਇਹ 'ਬਾਦਸ਼ਾਹੀ' ਸਿਰਫ਼ ਇੱਕ ਦਿਨ ਦੀ ਸੀ। ਜੋ ਆਪਣੇ ਆਪ ਨੂੰ ਵੋਟਾਂ ਵੇਲੇ 'ਲੋਕ ਸੇਵਕ' ਦੱਸਦੇ ਹਨ, ਉਨ•ਾਂ ਦੀ ਜਾਇਦਾਦ ਅਮਰ ਵੇਲ ਵਾਂਗ ਵੱਧਦੀ ਹੈ ਜਦੋਂ ਕਿ ਇੱਕ ਦਿਨ ਦੀ 'ਬਾਦਸ਼ਾਹੀ' ਭੋਗਣ ਵਾਲਿਆਂ ਦੇ ਦੁੱਖ।
           ਬਠਿੰਡਾ ਜ਼ਿਲ•ੇ ਦੇ ਪਿੰਡ ਦੁੱਲੇਵਾਲਾ ਦੇ ਲੋਕਾਂ ਨੂੰ ਇੰਂਝ ਲੱਗਦਾ ਹੈ ਜਿਵੇਂ ਉਹ ਪੰਜਾਬ ਦਾ ਹਿੱਸਾ ਹੀ ਨਾ ਹੋਣ। ਉਨ•ਾਂ ਦੇ ਪਿੰਡ ਦੀ ਜੂਹ ਵਿੱਚ ਕੋਈ ਬੱਸ ਅੱਡਾ ਹੀ ਨਹੀਂ ਹੈ। ਆਜ਼ਾਦੀ ਤੋਂ ਮਗਰੋਂ ਉਨ•ਾਂ ਦੇ ਪਿੰਡ 'ਚ ਬੱਸ ਹੀ ਦਾਖਲ ਨਹੀਂ ਹੋਈ ਹੈ। ਪੰਜਾਬ ਦਾ ਇਹ ਟਾਂਵਾਂ ਪਿੰਡ ਹੈ ਜਿਥੋਂ ਦੇ ਲੋਕਾਂ ਨੂੰ ਆਜ਼ਾਦੀ ਮਗਰੋਂ ਵੀ ਬੱਸ ਸਰਵਿਸ ਹੀ ਨਹੀਂ ਮਿਲ ਸਕੀ ਹੈ। ਜਦੋਂ ਪੰਜਾਬ ਵਿੱਚ 'ਮੈਟਰੋ' ਚਲਾਉਣ ਦੇ ਭਾਸ਼ਨ ਹੁੰਦੇ ਹਨ ਤਾਂ ਇਸ ਪਿੰਡ ਦੇ ਲੋਕ ਆਪਣੇ ਕੰਨਾਂ 'ਤੇ ਹੱਥ ਧਰ ਲੈਂਦੇ ਹਨ। ਕੁਝ ਕਰਨ ਤੋਂ ਬੇਵੱਸ ਆਖਰ ਇਹ ਲੋਕ ਮੁੜ ਵੋਟਾਂ ਵਾਲੀ ਕਤਾਰ ਵਿੱਚ ਖੜ• ਜਾਂਦੇ ਹਨ। ਪਿੰਡ ਦੀ ਸੜਕ 'ਤੇ ਕੋਈ ਰਿਕਸ਼ਾ ਜਾਂ ਕਦੇ ਆਟੋ ਰਿਕਸ਼ਾ ਵੀ ਨਹੀਂ ਚੱਲਿਆ ਹੈ। ਪੱਕੀ ਸੜਕ ਤਾਂ ਹੈ ਪਰ ਬੱਸ ਸਰਵਿਸ ਨਹੀਂ। ਪਿੰਡ ਦੀ ਆਬਾਦੀ 2500 ਦੇ ਕਰੀਬ ਹੈ। ਪਿੰਡ ਦੇ ਲੋਕਾਂ ਨੂੰ ਬੱਸ 'ਤੇ ਚੜ•ਨ ਲਈ ਲਾਗਲੇ ਪਿੰਡ ਦੇ ਬੱਸ ਅੱਡੇ ਤੱਕ ਢਾਈ ਕਿਲੋਮੀਟਰ ਤੁਰਨਾ ਪੈਂਦਾ ਹੈ। ਪੰਜਾਬ ਹਰਿਆਣਾ ਸੀਮਾ 'ਤੇ ਵਸੇ ਪੰਜਾਬ ਦੇ ਪਿੰਡ ਗੋਲੇਵਾਲਾ 'ਚ ਜਦੋਂ ਕੋਈ ਢਿੱਲ ਮੱਠ ਹੋ ਜਾਂਦੀ ਹੈ ਤਾਂ ਲੋਕ ਹਰਿਆਣਾ 'ਚ ਇਲਾਜ ਕਰਾਉਣ ਜਾਂਦੇ ਹਨ। ਪਿੰਡ ਦਾ ਨੌਜਵਾਨ ਆਗੂ ਨਿਰਮਲ ਸਿੰਘ ਦੱਸਦਾ ਹੈ ਕਿ ਜਦੋਂ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਉਹ ਇਲਾਜ ਲਈ ਹਰਿਆਣਾ ਦੀ ਕਾਲਾਂਵਾਲੀ ਮੰਡੀ ਜਾਂਦੇ ਹਨ। ਏਦਾ ਹੀ ਉਨ•ਾਂ ਦੇ ਲਾਗਲੇ ਪਿੰਡ ਦੇ ਲੋਕ ਫੱਤਾ ਬਾਲੂ ਦੇ ਲੋਕ ਹਰਿਆਣਾ ਦਾ ਆਸਰਾ ਤੱਕਦੇ ਹਨ। ਇਨ•ਾਂ ਲੋਕਾਂ ਦਾ ਸ਼ਿਕਵਾ ਹੈ ਕਿ ਉਨ•ਾਂ ਦੀ ਵੋਟ ਪਰਚੀ ਨਾਲ ਸਰਕਾਰ ਤਾਂ ਪੰਜਾਬ ਵਿੱਚ ਬਣਦੀ ਹੈ ਪ੍ਰੰਤੂ ਉਨ•ਾਂ ਨੂੰ ਸਹੂਲਤਾਂ ਹਰਿਆਣਾ ਚੋਂ ਲੈਣੀਆਂ ਪੈਂਦੀਆਂ ਹਨ।
            ਭਾਰਤ ਪਾਕਿਸਤਾਨ ਸੀਮਾ 'ਤੇ ਪੈਂਦੇ ਜ਼ਿਲ•ਾ ਫਾਜਿਲਕਾ ਦੇ ਪਿੰਡ ਤੇਜਾ ਰੁਹੇਲਾ ਦੇ ਲੋਕ ਵੀ ਸਰਕਾਰ ਚੁਣਨ ਵਿੱਚ ਭਾਗੀਦਾਰ ਬਣਦੇ ਹਨ। ਪਿੰਡ ਦੇ ਇੱਕ ਪਾਸੇ ਕੰਡਿਆਲੀ ਤਾਰ ਹੈ ਅਤੇ ਦੂਸਰੇ ਪਾਸੇ ਸਤਲੁਜ। ਐਨ ਵਿਚਕਾਰ ਪਿੰਡ ਪੈਂਦਾ ਹੈ। ਸਰਕਾਰਾਂ ਤੋਂ ਦੁੱਖੀ ਇਸ ਪਿੰਡ ਦੇ ਲੋਕ ਆਖਦੇ ਹਨ ਕਿ,'ਪਤਾ ਨਹੀਂ ਲੱਗਦਾ ਕਿ ਵਿਰੋਧੀ ਮੁਲਕ ਕਿਹੜੇ ਪਾਸੇ ਹੈ।' ਪਿੰਡ ਦਾ ਧਰਤੀ ਹੇਠਲਾ ਪਾਣੀ ਏਨਾ ਦੂਸ਼ਿਤ ਹੈ ਕਿ ਪਿੰਡ ਵਿੱਚ ਵੀਲ ਚੇਅਰਜ਼ ਦੀ ਗਿਣਤੀ ਵੱਧ ਗਈ ਹੈ। ਏਦਾ ਹੀ ਫਾਜਿਲਕਾ ਦਾ ਦੋਨਾ ਨਾਨਕਾ ਪਿੰਡ ਹੈ ਜਿਥੋਂ ਦਾ ਪਾਣੀ ਨਵੀਂ ਪੀੜੀ ਨੂੰ ਅੰਨ•ਾ ਕਰ ਰਿਹਾ ਹੈ। ਇਸ ਪਿੰਡ 9-9 ਸਾਲ ਦੇ ਬੱਚੇ ਸ਼ੰਕਰ ਅਤੇ ਬਿਸਾਖਾ ਅੰਨੇ ਹੋ ਗਏ ਹਨ ਅਤੇ ਬੱਚੇ ਰੇਸ਼ਮ ਦੀ ਨਿਗ•ਾ ਵੀ ਘਟਣੀ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਸਰਕਾਰਾਂ ਦੀ ਨਜ਼ਰ ਅੱਜ ਤੱਕ ਨਹੀਂ ਖੁੱਲ•ੀ ਹੈ। ਆਖਰ ਲੋਕ ਲਹਿਰ ਫਾਊਡੇਂਸਨ ਨੇ ਇਸ ਪਿੰਡ ਵਿੱਚ ਇੱਕ ਡੁੰਘਾ ਨਲਕਾ ਲਵਾਇਆ ਹੈ ਜਿਥੋਂ ਹੁਣ ਸਾਰਾ ਪਿੰਡ ਪਾਣੀ ਭਰਦਾ ਹੈ। ਘੱਗਰ ਦੀ ਮਾਰ ਝੱਲਣ ਵਾਲੇ ਪਟਿਆਲਾ ਅਤੇ ਸੰਗਰੂਰ ਜ਼ਿਲ•ੇ ਦੇ ਪਿੰਡਾਂ ਵਿੱਚ ਵੀ ਘੱਗਰ ਬਿਮਾਰੀਆਂ ਹੀ ਵੰਡ ਰਹੀ ਹੈ। ਪਾਣੀ ਦੂਸ਼ਿਤ ਹੋ ਗਏ ਹਨ ਤੇ ਜੋ ਫਸਲਾਂ ਦਾ ਉਜਾੜਾ ਹਰ ਵਰੇ• ਹੁੰਦਾ ਹੈ,ਉਹ ਵੱਖਰਾ ਹੈ। ਵੋਟਿੰਗ ਮਸ਼ੀਨਾਂ ਦਾ ਬਟਨ ਤਾਂ ਇਨ•ਾਂ ਪਿੰਡਾਂ ਦੇ ਲੋਕ ਦੀ ਦਬਦੇ ਹਨ। ਪਰ ਉਨ•ਾਂ ਦੀ ਕਿਸਮਤ ਕਦੇ ਖੁੱਲ• ਨਹੀਂ ਸਕੀ ਹੈ। ਪੰਜਾਬ ਦੇ ਤਕਲੀਫ਼ਾਂ ਝੱਲ ਰਹੇ ਲੋਕਾਂ ਦੀ ਇਹ ਇੱਕ ਤਸਵੀਰ ਹੈ। ਭਲਕੇ 30 ਜਨਵਰੀ ਨੂੰ ਇਹ ਲੋਕ ਮੁੜ ਪੋਲਿੰਗ ਬੂਥਾਂ 'ਤੇ ਕਤਾਰਾਂ ਬੰਨ ਖੜ•ਨਗੇ, ਇੱਕ ਨਵੀਂ ਆਸ ਨਾਲ, ਇੱਕ ਉਮੀਦ ਨਾਲ। ਮਗਰੋਂ ਫਿਰ ਪੰਜ ਵਰੇ• ਇਹੋ ਕਤਾਰਾਂ ਸਰਕਾਰਾਂ ਅੱਗੇ ਹੱਥ ਜੋੜਨਗੀਆਂ। ਫਿਰ ਵੀ ਇੱਥੇ 'ਆਮ ਆਦਮੀ' ਦਾ ਇਕੱਲਾ ਰੱਬ ਹੀ ਰਾਖਾ ਹੈ।
         

1 comment:

  1. ਇਹਨਾ ਆਮ ਲੋਕਾਂ ਲਈ ਚਲਦੀ ਮੇਰੇ ਗੁਰੂਆਂ ਵਰਗੇ ਵੱਡੇ ਭਰਾ ਦੀ ਕਲਮ ਨੂੰ ਸਲਾਮ

    ReplyDelete