Wednesday, January 11, 2012

                                                                   ਕੁਰਸੀ ਦੇ ਰੰਗ
                                     ਬਾਦਲਾਂ ਦੇ ਬੱਚਿਆਂ ਦੀ ਬੋਲਬਾਣੀ ਬੰਦ
                                                                ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਜੰਗ ਨੇ ਬਾਦਲ ਪਰਿਵਾਰ ਦੇ ਬੱਚੇ ਵੀ ਵੰਡ ਦਿੱਤੇ ਹਨ। ਵੱਡਿਆਂ ਦੀ ਦੁਆ ਸਲਾਮ ਹੀ ਖ਼ਤਮ ਨਹੀਂ ਹੋਈ। ਬੱਚਿਆਂ ਦੀ ਬੋਲਬਾਣੀ ਵੀ ਬੰਦ ਹੋ ਗਈ ਹੈ। ਜਦੋਂ ਤੋਂ ਦਾਸ ਤੇ ਪਾਸ਼ ਦੀ ਮੁਹੱਬਤ ਟੁੱਟੀ ਹੈ। ਉਸ ਮਗਰੋਂ ਬੱਚਿਆਂ ਦੇ ਬਚਪਨ ਵਿੱਚ ਵੀ ਲੀਕ ਖਿੱਚੀ ਗਈ ਹੈ। ਸਿਆਸੀ ਲੜਾਈ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਆਹਮੋ ਸਾਹਮਣੇ ਹੋ ਗਏ ਸਨ। ਉਸ ਪਿੱਛੋਂ ਦਾਸ ਤੇ ਪਾਸ਼ ਦੇ ਰਾਹ ਵੀ ਵੱਖੋ ਵੱਖਰੇ ਹੋ ਗਏ। ਹੁਣ ਜਦੋਂ ਲੰਬੀ ਦਾ ਸਿਆਸੀ ਯੁੱਧ ਸ਼ੁਰੂ ਹੋਇਆ ਹੈ ਤਾਂ ਸਭ ਰਿਸ਼ਤੇ ਨਾਤੇ ਵੀ ਖ਼ਤਮ ਹੋ ਗਏ ਹਨ। ਸੁਖਬੀਰ ਅਤੇ ਮਨਪ੍ਰੀਤ ਦੇ ਬੱਚੇ ਹੁਣ ਆਪਸ ਵਿੱਚ ਮਿਲਣੋਂ ਹਟ ਗਏ ਹਨ। ਮਨਪ੍ਰੀਤ ਸਿੰਘ ਬਾਦਲ ਦੇ ਦੋ ਬੱਚੇ ਹਨ। ਵੱਡਾ ਲੜਕਾ ਅਰਜੁਨ ਗਿਆਰਵੀਂ ਜਮਾਤ ਵਿੱਚ ਹੈ, ਜਦੋਂ ਕਿ ਲੜਕੀ ਰੀਆ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ। ਅਰਜੁਨ ਵਿਦੇਸ਼ ਪੜ੍ਹਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਦੋ ਲੜਕੀਆਂ ਅਤੇ ਇਕ ਲੜਕਾ ਹੈ। ਮਨਪ੍ਰੀਤ ਦੀ ਲੜਕੀ ਰੀਆ ਅਤੇ ਸੁਖਬੀਰ ਦੀ ਲੜਕੀ ਹਰਕੀਰਤ ਇੱਕੋ ਜਮਾਤ ਵਿੱਚ ਪੜ੍ਹਦੀਆਂ ਹਨ। ਜਦੋਂ ਬਾਦਲ ਪਰਿਵਾਰ ਇਕ ਸੀ ਤਾਂ ਉਦੋਂ ਇਹ ਬੱਚੇ ਇਕ ਦੂਜੇ ਦੇ ਘਰ ਜਾਂਦੇ ਸਨ। ਇਕੱਠੇ ਖੇਡਦੇ ਸਨ। ਸੁਖਬੀਰ ਦੀ ਬੱਚੀ ਮਨਪ੍ਰੀਤ ਦੇ ਘਰ ਆ ਜਾਂਦੀ ਸੀ।
          ਮਨਪ੍ਰੀਤ ਬਾਦਲ ਦਾ ਲੜਕਾ ਅਰਜੁਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੇਹੱਦ ਪਿਆਰ ਕਰਦਾ ਸੀ। ਮਨਪ੍ਰੀਤ ਦੀ ਪਤਨੀ ਵੀਨੂੰ ਬਾਦਲ ਦੱਸਦੀ ਹੈ ਕਿ ਪਹਿਲਾਂ ਹਰਕੀਰਤ ਅਕਸਰ ਰੀਆ ਕੋਲ ਆ ਜਾਂਦੀ ਸੀ। ਉਸ ਦਾ ਕਹਿਣਾ ਸੀ ਕਿ ਬੱਚੇ ਤਾਂ ਸਾਂਝੇ ਹੁੰਦੇ ਹਨ ਅਤੇ ਉਹ ਬੱਚਿਆਂ ਵਿੱਚ ਨਫਰਤ ਨਹੀਂ ਦੇਖਣਾ ਚਾਹੁੰਦੇ ਸਨ। ਨਾਲ ਇਹ ਵੀ ਆਖਦੀ ਹੈ ਕਿ ਪਿਛਲੇ ਸਮੇਂ ਵਿੱਚ ਤਾਂ ਜਦੋਂ ਅਰਜੁਨ ਵਿਦੇਸ਼ ਤੋਂ ਮਨਪ੍ਰੀਤ ਨਾਲ ਗੱਲ ਕਰਦਾ ਸੀ ਤਾਂ ਉਦੋਂ ਵੀ ਉਨ੍ਹਾਂ ਦੇ ਫੋਨ ਟੇਪ ਹੁੰਦੇ ਰਹੇ ਹਨ। ਬੱਚਿਆਂ ਵਿੱਚ ਆਪਸ ਵਿੱਚ ਕੋਈ ਕੁੜੱਤਣ ਨਾ ਆਵੇ। ਇਸ ਕਰਕੇ ਬੱਚੇ ਵਿਦੇਸ਼ ਪੜ੍ਹਨ ਪਾਏ ਹਨ। ਵੀਨੂੰ ਬਾਦਲ ਆਖਦੀ ਹੈ ਕਿ ਬੱਚਿਆਂ ਵਿੱਚ ਪਹਿਲਾਂ ਕਦੇ ਕੋਈ ਫਰਕ ਨਹੀਂ ਸੀ ਅਤੇ ਮੁੱਖ ਮੰਤਰੀ ਖ਼ੁਦ ਅਰਜੁਨ ਨੂੰ ਬਹੁਤ ਪਿਆਰ ਕਰਦੇ ਸਨ। ਮਨਪ੍ਰੀਤ ਸਿੰਘ ਬਾਦਲ ਦੇ ਘਰ 25 ਵਰ੍ਹਿਆਂ ਤੋਂ ਕੰਮ ਕਰ ਰਹੇ ਬਜ਼ੁਰਗ ਨੌਕਰ ਨਰੈਣ ਦਾ ਕਹਿਣਾ ਸੀ ਕਿ ਜਦੋਂ ਪਰਿਵਾਰਾਂ ਵਿੱਚ ਕੋਈ ਖਟਾਸ ਨਹੀਂ ਸੀ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਦੇ ਬੱਚੇ ਅਰਜੁਨ ਕੋਲ ਆ ਜਾਂਦੇ ਸਨ। ਇਕੱਠੇ ਬੈਠਦੇ ਸਨ ਅਤੇ ਇਕੱਠੇ ਖੇਡਦੇ ਵੀ ਸਨ। ਉਹ ਦੱਸਦਾ ਹੈ ਕਿ ਜਦੋਂ ਤੋਂ ਆਪਸਦਾਰੀ ਬੰਦ ਹੋਈ ਹੈ, ਉਸ ਮਗਰੋਂ ਬੱਚੇ ਇੱਧਰ ਨਹੀਂ ਆਏ ਹਨ। ਅਰਜੁਨ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਮਿਲਣ ਜਾਂਦਾ ਸੀ, ਉਹ ਵੀ ਜਾਣੋਂ ਬੰਦ ਹੋ ਗਿਆ ਹੈ। ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨਾਲੋਂ ਜ਼ਿਆਦਾ ਮਨਪ੍ਰੀਤ ਨੂੰ ਪਿਆਰ ਕਰਦੇ ਰਹੇ ਹਨ, ਉਵੇਂ ਅਰਜੁਨ ਵੀ ਗੁਰਦਾਸ ਸਿੰਘ ਬਾਦਲ ਨਾਲੋਂ ਜ਼ਿਆਦਾ ਪਿਆਰ ਪ੍ਰਕਾਸ਼ ਸਿੰਘ ਬਾਦਲ ਨੂੰ ਕਰਦਾ ਸੀ।
          ਹੁਣ ਬੱਚਿਆਂ ਦੇ ਮਨਾਂ ਵਿੱਚ ਵੀ ਵਿਰੋਧ ਪੈਦਾ ਹੋ ਗਿਆ ਹੈ। ਅਰਜੁਨ ਤਾਂ ਹੁਣ ਚੋਣ ਪ੍ਰਚਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਵੀ ਬੋਲਣ ਲੱਗਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਦੌਰਾਨ ਅਰਜੁਨ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਗ਼ਲਤ ਲੋਕਾਂ ਵਿੱਚ ਰਹਿ ਕੇ ਹੁਣ ਗ਼ਲਤ ਹੋ ਗਏ ਹਨ। ਅਰਜੁਨ ਦੀ ਇਸ ਟਿੱਪਣੀ 'ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕਾਫੀ ਖ਼ਫ਼ਾ ਹੋਈ। ਹਰਸਿਮਰਤ ਬਾਦਲ ਨੇ ਆਖਿਆ ਕਿ ਅਰਜੁਨ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਉਸ ਦੇ ਮਾਪੇ ਸਿਖਾ ਰਹੇ ਹਨ, ਉਸੇ ਤਰ੍ਹਾਂ ਉਹ ਬੋਲ ਰਿਹਾ ਹੈ। ਉਨ੍ਹਾਂ ਆਖਿਆ ਕਿ 84 ਸਾਲ ਦੇ ਬਜ਼ੁਰਗ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਬੋਲਣਾ ਸੋਭਾ ਨਹੀਂ ਦਿੰਦਾ। ਪਿੰਡ ਬਾਦਲ ਦੇ ਲੋਕ ਇਸ ਮਾਮਲੇ ਵਿੱਚ ਅੰਦਰੋਂ ਅੰਦਰੀ ਕਾਫੀ ਔਖ ਮਹਿਸੂਸ ਕਰ ਰਹੇ ਹਨ। ਕੋਈ ਵੀ ਪਿੰਡ ਵਾਸੀ ਕਿਸੇ ਖ਼ਿਲਾਫ਼ ਬੋਲਣ ਨੂੰ ਤਿਆਰ ਨਹੀਂ ਹੁੰਦਾ। ਪਿੰਡ ਦੇ ਲੋਕ ਇਹ ਜਾਣਦੇ ਹਨ ਕਿ ਸਿਰਫ ਕੁਰਸੀ ਖਾਤਰ ਇਨ੍ਹਾਂ ਪਰਿਵਾਰਾਂ ਵਿੱਚ ਇਹ ਬਖੇੜਾ ਹੋਇਆ ਹੈ ਪਰ ਉਹ ਦਾਸ ਤੇ ਪਾਸ਼ ਨੂੰ ਮੁਕਾਬਲੇ ਵਿੱਚ ਦੇਖਣਾ ਨਹੀਂ ਚਾਹੁੰਦੇ ਸਨ। ਇਸ ਤੋਂ ਵੀ ਵੱਧ ਕੇ ਬਚਪਨ 'ਤੇ ਪਈ ਨਫ਼ਰਤ ਦੀ ਲਕੀਰ ਤੋਂ ਦੁਖੀ ਹਨ। ਸਿਆਸੀ ਵਿਰੋਧ ਨੇ ਬੱਚਿਆਂ ਦੇ ਪਿਆਰ ਨੂੰ ਵੀ ਸੱਟ ਮਾਰ ਦਿੱਤੀ ਹੈ। ਪਿੰਡ ਦਾ ਬਜ਼ੁਰਗ ਜਰਨੈਲ ਸਿੰਘ ਆਖਦਾ ਹੈ ਕਿ ਇਹ ਭਰਾ ਤਾਂ ਪਿਆਰ ਦੀ ਮਿਸਾਲ ਸਨ ਪਰ ਇਸ ਬਖੇੜੇ ਨੇ ਬੱਚਿਆਂ ਦੇ ਆਪਸੀ ਪਿਆਰ ਨੂੰ ਵੀ ਝੰਜੋੜ ਦਿੱਤਾ ਹੈ, ਜੋ ਹੋਣਾ ਨਹੀਂ ਚਾਹੀਦਾ ਸੀ।

1 comment:

  1. ਜਿਨਾ ਬਾਦਲ ਪ੍ਰਵਾਰ ਨੇ ਸਿਖੀ ਦਾ ਨੁਕਸਾਨ ਕੀਤਾ ਹੈ, ਓਨਾ ਸ਼ਾਇਦ ਹੀ ਹੋਰ ਕੋਈ ਕਰ ਸਕੇ । ਇਹਨਾ ਨੇ ਕੁਰਸੀ ਖਾਤਰ ਸਿਖੀ ਨੂੰ ਘਾਣ ਲਾ ਲਿਆ, ਬਿਪਰਣ ਕੀ ਰੀਤ ਤੇ ਚਲ ਪਏ ਹਣ ।
    ਜਰਾ ਠੰਡੇ ਦਿਮਾਗ ਨਾਲ ਕਦੇ ਪੰਜਾਬ ਦੇ ਲੋਗ ਸੋਚਣ ਕਿ ਕਦੇ ਸੁਖਬੀਰ ਬਾਦਲ ਵਰਗਾ ਲੁੱਚਾ ਲਫੰਗਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਡੋਬੂ ਨਹੀ ਤਾਂ ਕੀ ਹੋਰ ਕੀ ਕਰੂ । ਜਿਹੜੇ ਸਾਧ ਦੇ ਕੋਲ ਵੀ ਨਹੀ ਜਾਣਾ ਚਾਹੀਦਾ ਓਸ ਦੇ ਤਾਂ ਇਹ ਪੈਰੀ ਹੱਥ ਲਾਂਦੇ ਆ ।
    ਪੰਜਾਬ ਦਾ ਪਿਛਲੇ 40 ਸਾਲ ਤੋ ਜਦ ਦਾ ਪ੍ਰਕਾਸ਼ ਸਿੰਘ ਬਾਦਲ ਆਇਆ ਹੈ ਕੀ ਕੀਤਾ - ਸਿਖੀ ਦਾ ਨੁਕਸਾਨ ।
    ਪੰਜਾਬ ਨੂੰ ਸੁਖਬੀਰ ਬਾਦਲ ਕੈਲੀਫੋਰਨੀਆ ਬਣਾ ਰਿਹਾ ਜਾਂ ਪੰਜਾਬ ਵਿੱਚ ਨਸ਼ਾ ਘਰ ਘਰ ਚ ਕਰ ਕੇ ਇੱਕ ਆਉਣ ਵਾਲੀ ਪੀੜੀ ਨੂੰ ਖਤਮ ਕਰ ਦਿਤਾ ਇਸ ਬਾਦਲ ਪ੍ਰਵਾਰ ਨੇ । ਕਹਿਣ ਨੂੰ ਅਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ ।
    ਪੰਜਾਬ ਦੇ ਲੋਗ ਕਦੋਂ ਉਠਣਗੇ ......

    ReplyDelete