Wednesday, January 25, 2012

       ਡੇਰਾ ਕਰੇਗਾ ਖੁੱਲ੍ਹੀ ਹਮਾਇਤ 27 ਨੂੰ
                             ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਖੁੱਲ੍ਹੀ ਹਮਾਇਤ ਕੀਤੀ ਜਾਏਗੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ 27 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ ਜਿਸ 'ਚ ਡੇਰੇ ਵੱਲੋਂ ਖੁੱਲ੍ਹੀ ਸਿਆਸੀ ਹਮਾਇਤ ਦਾ ਐਲਾਨ ਕੀਤਾ ਜਾਵੇਗਾ। ਡੇਰੇ ਦਾ ਸਿਆਸੀ ਵਿੰਗ ਵਿਧਾਨ  ਸਭਾ ਚੋਣਾਂ-2007 ਦੇ ਪੈਟਰਨ 'ਤੇ ਖੁੱਲ੍ਹੇਆਮ ਸਿਆਸੀ ਮੈਦਾਨ ਵਿੱਚ ਕੁੱਦੇਗਾ ਜਦੋਂ ਕਿ ਲੋਕ ਸਭਾ ਚੋਣਾਂ-2009 ਵਿੱਚ ਡੇਰਾ ਸਿਰਸਾ ਵੱਲੋਂ ਗੁਪਤ ਤੌਰ 'ਤੇ ਸਿਆਸੀ ਹਮਾਇਤ ਕੀਤੀ ਗਈ ਸੀ। ਡੇਰਾ ਸਿਰਸਾ ਵੱਲੋਂ ਪਹਿਲਾਂ ਵੀ ਸਿਆਸੀ ਹਮਾਇਤ ਗੁਪਤ ਤੌਰ 'ਤੇ ਦਿੱਤੀ ਜਾਂਦੀ ਰਹੀ ਹੈ ਪਰ ਸਾਲ 2007 ਦੀਆਂ ਚੋਣਾਂ ਵਿੱਚ ਪਹਿਲੀ ਦਫਾ ਸਿਆਸੀ ਵਿੰਗ ਬਣਾ ਕੇ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਸ ਮਗਰੋਂ ਖੁੱਲ੍ਹੇਆਮ ਹਮਾਇਤ ਦੇਣ ਦਾ ਖ਼ਮਿਆਜਾ ਵੀ ਡੇਰਾ ਪੈਰੋਕਾਰਾਂ ਨੂੰ ਭੁਗਤਣਾ ਪਿਆ ਸੀ। ਨਤੀਜੇ ਵਜੋਂ ਲੋਕ ਸਭਾ ਚੋਣਾਂ ਵਿੱਚ ਫਿਰ ਗੁਪਤ ਹਮਾਇਤ ਦਾ ਰਾਹ ਅਖ਼ਤਿਆਰ ਕਰ ਲਿਆ ਗਿਆ ਸੀ।
          ਡੇਰਾ ਸਿਰਸਾ ਵੱਲੋਂ ਹਮਾਇਤ ਕਿਸ ਸਿਆਸੀ ਧਿਰ ਦੀ ਕੀਤੀ ਜਾਣੀ ਹੈ ਜਾਂ ਫਿਰ ਕਿਸ ਪਾਰਟੀ ਦੇ ਕਿਸ ਉਮੀਦਵਾਰ ਦੀ ਹਮਾਇਤ ਕੀਤੀ ਜਾਣੀ ਹੈ, ਇਸ ਦਾ ਫੈਸਲਾ 27 ਜਨਵਰੀ ਨੂੰ ਕੀਤਾ ਜਾਣਾ ਹੈ ਪਰ ਇਹ ਤੈਅ ਹੈ ਕਿ ਹੁਣ ਡੇਰਾ ਸਿਰਸਾ ਨੇ ਆਪਣੀ ਰਣਨੀਤੀ ਮੁੜ ਬਦਲ ਕੇ ਖੁੱਲ੍ਹੇਆਮ ਹਮਾਇਤ ਕਰਨ ਦਾ ਫੈਸਲਾ ਕਰ ਲਿਆ ਹੈ। ਡੇਰੇ ਦੇ ਸਿਆਸੀ ਵਿੰਗ ਦੀ ਬੀਤੇ ਕੱਲ੍ਹ ਸੱਤ ਘੰਟੇ ਮੀਟਿੰਗ ਚੱਲੀ ਜਿਸ ਵਿੱਚ ਪੰਜਾਬ ਭਰ ਚੋਂ ਡੇਰਾ ਸਿਰਸਾ ਦੇ ਅਹਿਮ ਪੈਰੋਕਾਰ ਸ਼ਾਮਲ ਹੋਏ। ਇਸ ਮੀਟਿੰਗ ਤੋਂ ਪਹਿਲਾਂ    ਹਲਕਿਆਂ ਦੇ ਪੈਰੋਕਾਰਾਂ ਵੱਲੋਂ ਆਪੋ-ਆਪਣੇ ਹਲਕੇ ਦੀ ਵੱਖਰੀ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿੱਚ ਪੇਸ਼ ਕੀਤੇ ਗਏ ਸੁਝਾਅ ਲਿਖ ਲਏ ਗਏ ਸਨ।
            ਸੂਤਰਾਂ ਅਨੁਸਾਰ ਹਲਕਾਵਾਰ ਮੀਟਿੰਗ ਵਿੱਚ ਡੇਰਾ ਪੈਰੋਕਾਰਾਂ ਨੇ ਇਹ ਚਰਚਾ ਖੁੱਲ੍ਹੇਆਮ ਕੀਤੀ ਕਿ ਸਾਲ  2007 ਚੋਣਾਂ ਮਗਰੋਂ ਅਕਾਲੀਆਂ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਸਾਲ 2007 ਚੋਣਾਂ ਵਿੱਚ ਜਿਨ੍ਹਾਂ ਨੂੰ ਵੋਟਾਂ ਪਾਈਆਂ ਸਨ, ਉਨ੍ਹਾਂ ਨੇ ਵੀ ਇਸ ਧੱਕੇਸ਼ਾਹੀ ਨੂੰ ਨਹੀਂ ਰੋਕਿਆ। ਪਤਾ ਲੱਗਾ ਹੈ ਕਿ ਹਲਕਾ ਲਹਿਰਾਗਾਗਾ ਅਤੇ ਤਲਵੰਡੀ ਸਾਬੋ ਦੇ ਪੈਰੋਕਾਰਾਂ ਦੀ ਮੀਟਿੰਗ ਵਿੱਚ ਪੈਰੋਕਾਰਾਂ ਨੇ ਸਿਆਸੀ ਵਿੰਗ ਕੋਲ ਕਾਫੀ ਭੜਾਸ ਕੱਢੀ।ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਬੀਤੇ ਕੱਲ੍ਹ 114 ਹਲਕਿਆਂ ਦੀ ਮੀਟਿੰਗ ਹ ਚੁੱਕੀ ਹੈ ਅਤੇ 27 ਜਨਵਰੀ ਨੂੰ ਸਭ ਕੁਝ ਸਾਹਮਣੇ ਆ ਜਾਵੇਗਾ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਭਰ 'ਚੋਂ ਚੋਣ ਮੈਦਾਨ ਵਿੱਚ ਖੜੇ ਸਵਾ ਸੌ ਦੇ ਕਰੀਬ ਉਮੀਦਵਾਰ ਡੇਰਾ ਸਿਰਸਾ ਵਿਖੇ ਹਾਜ਼ਰੀ ਲਵਾ ਕੇ ਆਏ ਹਨ।
                                   ਡੇਰੇ ਦੀਆਂ ਸਿਆਸੀ ਸਰਗਰਮੀਆਂ 'ਤੇ ਪਾਬੰਦੀ ਲੱਗੇ: ਨੰਦਗੜ੍ਹ
ਬਠਿੰਡਾ: ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਚੋਣ ਕਮਿਸ਼ਨ ਤੋਂ ਡੇਰਾ ਸਿਰਸਾ ਦੀਆਂ ਸਿਆਸੀ ਗਤੀਵਿਧੀਆਂ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਧਾਰਮਿਕ ਸਥਾਨਾਂ ਵਿੱਚ ਸਿਆਸੀ ਇਕੱਠ ਹੋਣ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ ਤਾਂ ਡੇਰਿਆਂ ਵਿੱਚ ਹੁੰਦੇ ਸਿਆਸੀ ਇਕੱਠਾਂ ਅਤੇ ਲਏ ਜਾਣ ਵਾਲੇ ਸਿਆਸੀ ਫੈਸਲੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਹਨ।

No comments:

Post a Comment