Sunday, January 8, 2012

                                                          ਵੱਡੇ ਘਰਾਂ ਦੀਆਂ ਨੂੰਹਾਂ
                                                                    ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਵਿੱਚ ਵੱਡੇ ਘਰਾਂ ਦੀਆਂ ਨੂੰਹਾਂ ਪਰਿਵਾਰਾਂ ਲਈ ਸਟਾਰ ਪ੍ਰਚਾਰਕ ਬਣ ਗਈਆਂ ਹਨ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਇਹ ਨੂੰਹਾਂ ਵੋਟਾਂ ਖਾਤਰ ਘਰੋਂ ਘਰੀਂ ਜਾਂਦੀਆਂ ਹਨ। ਹੁਣ ਫਿਰ ਇਹ ਨੂੰਹਾਂ ਆਪਣਿਆਂ ਦੀ ਜਿੱਤ ਲਈ ਮੈਦਾਨ ਵਿੱਚ ਕੁੱਦ ਪਈਆਂ ਹਨ। ਕੋਈ ਸਹੁਰੇ ਦੀ ਜਿੱਤ ਲਈ ਅਤੇ ਕੋਈ ਪਤੀ ਦੀ ਜਿੱਤ ਲਈ ਦਿਨ ਰਾਤ ਜਾਗ ਰਹੀ ਹੈ। ਬਾਦਲ ਪਰਿਵਾਰ ਦੀਆਂ ਨੂੰਹਾਂ ਨੂੰ ਆਪੋ ਆਪਣੇ ਪਤੀ ਦਾ ਹੀ ਨਹੀਂ, ਸਗੋਂ ਸਹੁਰਿਆਂ ਦਾ ਵੀ ਫਿਕਰ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਲਈ ਕੋਈ ਨਵੀਂ ਸਟਾਰ ਨਹੀਂ ਹੈ। ਲੰਮਾ ਸਮਾਂ ਉਸ ਨੇ ਆਪਣੇ ਪਤੀ ਲਈ ਘਰੋਂ ਘਰੀਂ ਜਾ ਕੇ ਵੋਟਾਂ ਮੰਗੀਆਂ। ਉਸ ਮਗਰੋਂ ਆਪਣੇ ਲਈ ਅਤੇ ਹੁਣ ਸਹੁਰੇ ਲਈ ਵੋਟਾਂ ਮੰਗ ਰਹੀ ਹੈ।ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਹੁਣ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲਣ ਲੱਗੀ ਹੈ। ਮਾਮਲਾ ਜਦੋਂ ਕੁਰਸੀ ਦਾ ਹੋਵੇ ਤਾਂ ਰਿਸ਼ਤੇ ਛੋਟੇ ਪੈ ਜਾਂਦੇ ਹਨ। ਜਦੋਂ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ ਹਲਕੇ ਤੋਂ ਪਹਿਲੀ ਦਫ਼ਾ ਚੋਣ ਲੜੀ ਸੀ ਤਾਂ ਉਦੋਂ ਹੀ ਉਸ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਉਹ ਮੁਕਤਸਰ ਹਲਕੇ ਵਿੱਚ ਜ਼ਿਆਦਾ ਸਮਾਂ ਪ੍ਰਚਾਰ ਵਿੱਚ ਰਹੀ ਹੈ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਨੂੰਹ ਵੀਨੂੰ ਬਾਦਲ ਵੀ ਆਪਣੇ ਪਤੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਲਈ ਘਰੋਂ ਘਰੀਂ ਜਾ ਰਹੀ ਹੈ। ਨਾਲੋਂ ਨਾਲ ਆਪਣੇ ਸਹੁਰੇ ਗੁਰਦਾਸ ਸਿੰਘ ਬਾਦਲ ਲਈ ਵੀ ਚੋਣ ਪ੍ਰਚਾਰ ਕਰ ਰਹੀ ਹੈ। ਵੀਨੂੰ ਬਾਦਲ ਨਾਲ ਜਦੋਂ ਹਰਸਿਮਰਤ ਕੌਰ ਬਾਦਲ ਬਾਰੇ ਗੱਲ ਕੀਤੀ ਤਾਂ ਉਸ ਨੇ ਏਨਾ ਕੁ ਆਖਿਆ ਕਿ ਉਹ ਤਾਂ ਹਰਸਿਮਰਤ ਨੂੰ ਸਿਰਫ਼ ਦੋ ਤਿੰਨ ਦਫ਼ਾ ਹੀ ਮਿਲੀ ਹੈ ਅਤੇ ਬਹੁਤਾ ਉਨ੍ਹਾਂ ਦੇ ਸੁਭਾਅ ਬਾਰੇ ਨਹੀਂ ਜਾਣਦੀ। ਉਨ੍ਹਾਂ ਹਰਸਿਮਰਤ ਬਾਰੇ ਕੋਈ ਹੋਰ ਟਿੱਪਣੀ ਨਾ ਕੀਤੀ। ਦਰਾਣੀ-ਜਠਾਣੀ ਦਾ ਐਤਕੀਂ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ।
          ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੂੰਹ ਰੇਸ਼ਮਾ ਵੀ ਚੋਣ ਪ੍ਰਚਾਰ ਦੇ ਖੇਤਰ ਵਿੱਚ ਕੋਈ ਨਵੀਂ ਨਹੀਂ ਹੈ। ਉਹ ਆਪਣੇ ਪਤੀ ਰਣਇੰਦਰ ਸਿੰਘ ਲਈ ਬਠਿੰਡਾ ਸੰਸਦੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਚੁੱਕੀ ਹੈ। ਹੁਣ ਰਣਇੰਦਰ ਸਿੰਘ ਹਲਕਾ ਸਮਾਣਾ ਤੋਂ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪਤਨੀ ਫਿਰ ਡਟ ਰਹੀ ਹੈ। ਉਹ ਆਪਣੇ ਸਹੁਰੇ ਅਤੇ ਸੱਸ ਲਈ ਵੀ ਵੋਟਾਂ ਮੰਗ ਚੁੱਕੀ ਹੈ। ਏਦਾਂ ਹੀ ਢੀਂਡਸਾ ਪਰਿਵਾਰ ਦੀ ਨੂੰਹ ਗਗਨਦੀਪ ਕੌਰ ਢੀਂਡਸਾ ਵੀ ਚੋਣ ਪ੍ਰਚਾਰ ਵਿੱਚ ਡਟ ਗਈ ਹੈ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਵੀ ਚੋਣ ਪ੍ਰਚਾਰ ਕਰ ਰਹੀ ਹੈ। ਹੁਣ ਉਹ ਹਲਕਾ ਸੁਨਾਮ ਤੋਂ ਆਪਣੇ ਪਤੀ ਪਰਮਿੰਦਰ ਸਿੰਘ ਢੀਂਡਸਾ ਦਾ ਚੋਣ ਪ੍ਰਚਾਰ ਕਰ ਰਹੀ ਹੈ। ਉਹ ਆਪਣੇ ਸਹੁਰੇ ਸੁਖਦੇਵ ਸਿੰਘ ਢੀਂਡਸਾ ਲਈ ਵੀ ਵੋਟਾਂ ਮੰਗਦੀ ਰਹੀ ਹੈ।
          ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਖ਼ੁਦ ਚੋਣ ਮੈਦਾਨ ਵਿੱਚ ਹੈ। ਉਹ ਆਪਣੇ ਪਤੀ ਸਨੀ ਬਰਾੜ ਲਈ ਵੀ ਚੋਣ ਪ੍ਰਚਾਰ ਕਰਦੀ ਰਹੀ ਹੈ ਅਤੇ ਆਪਣੇ ਮਰਹੂਮ ਸਹੁਰੇ ਦੇ ਹੱਕ ਵਿੱਚ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਂਦੀ ਰਹੀ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦੀ ਨੂੰਹ ਨੇਹਾ ਸਿੱਧੂ ਵੀ ਐਤਕੀਂ ਲਹਿਰਾਗਾਗਾ ਹਲਕੇ ਵਿੱਚ ਡਟ ਗਈ ਹੈ। ਬੀਬੀ ਭੱਠਲ ਦੇ ਲੜਕੇ ਅਤੇ ਨੂੰਹ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਇਹ ਨੂੰਹਾਂ ਜਿਥੇ ਹੁਣ ਆਪੋ ਆਪਣੇ ਪਰਿਵਾਰਾਂ ਲਈ ਪ੍ਰਚਾਰ ਕਰ ਰਹੀਆਂ ਹਨ, ਉਥੇ ਭਵਿੱਖ ਵਿੱਚ ਨੇਤਾ ਬਣਨ ਦੀ ਸਿਖਲਾਈ ਵੀ ਨਾਲੋਂ ਨਾਲ ਲੈ ਰਹੀਆਂ ਹਨ। ਵੱਡੇ ਲੀਡਰਾਂ ਵਾਲੇ ਦਾਅ ਪੇਚ ਇਹ ਨੂੰਹਾਂ ਵੀ ਸਿੱਖ ਗਈਆਂ ਹਨ।
          ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਨੂੰਹ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ ਅਤੇ ਉਹ ਵੀ ਹਲਕਾ ਸਰਦੂਲਗੜ੍ਹ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਹ ਪਹਿਲਾਂ ਆਪਣੇ ਸਹੁਰੇ ਲਈ ਅਤੇ ਹੁਣ ਆਪਣੇ ਪਤੀ ਦਿਲਰਾਜ ਸਿੰਘ ਭੂੰਦੜ ਲਈ ਵੋਟਾਂ ਮੰਗ ਰਹੀ ਹੈ। ਭੂੰਦੜ ਦੀ ਵੱਡੀ ਨੂੰਹ ਜਸਪਾਲ ਕੌਰ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਸੂਚਨਾ ਕਮਿਸ਼ਨਰ ਦੇ ਅਹੁਦੇ 'ਤੇ ਹੈ। ਕਾਂਗਰਸੀ ਨੇਤਾ ਲਾਲ ਸਿੰਘ ਦੀ ਨੂੰਹ ਵੀ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਹੈ। ਪਹਿਲਾਂ ਇਹ ਨੂੰਹਾਂ ਵੀ ਪ੍ਰਚਾਰ ਵਿੱਚ ਹਿੱਸਾ ਲੈਂਦੀਆਂ ਰਹੀਆਂ ਹਨ। ਜ਼ਿਲ੍ਹਾ ਜਲੰਧਰ ਤੋਂ ਚੌਧਰੀ ਜਗਜੀਤ ਸਿੰਘ ਦੀ ਨੂੰਹ ਵੀ ਪ੍ਰਚਾਰ ਵਿੱਚ ਉਤਰੀ ਹੋਈ ਹੈ। ਇਸ ਤਰ੍ਹਾਂ ਪੰਜਾਬ ਦੇ ਹੋਰ ਕਾਫ਼ੀ ਸੀਨੀਅਰ ਆਗੂਆਂ ਦੀਆਂ ਨੂੰਹਾਂ ਵੀ ਪਰਿਵਾਰਾਂ ਦੀ ਸਫ਼ਲਤਾ ਲਈ ਹੱਥ ਵਟਾ ਰਹੀਆਂ ਹਨ।

No comments:

Post a Comment