Monday, January 30, 2012

                             ਹਕੂਮਤ ਦਾ 
  ਨਵਾਂ ਸੂਰਜ ਕਿਸ ਪਿੰਡ ਚੋਂ  ਚੜੇਗਾ !
                        ਚਰਨਜੀਤ ਭੁੱਲਰ
ਬਠਿੰਡਾ : ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇਖਣ ਲਈ ਪੱਬਾਂ ਭਾਰ ਹੈ ਜਦੋਂ ਕਿ ਪਿੰਡ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ 'ਤੇ ਰੱਬ ਜੇਡਾ ਮਾਣ ਹੈ। ਹਕੂਮਤ ਦਾ ਸੂਰਜ ਕਿਸ ਪਿੰਡ ਚੜ੍ਹੇਗਾ,ਇਸ ਦਾ ਫੈਸਲਾ ਲੋਕ ਭਲਕੇ ਕਰਨਗੇ। ਪਿੰਡ ਬਾਦਲ ਦੇ ਲੋਕ ਆਪਣੇ ਪਿੰਡ 'ਚ ਹੋਏ ਵਿਕਾਸ ਤੋਂ ਪੂਰੀ ਤਸੱਲੀ ਵਿੱਚ ਹਨ। ਪਿੰਡ ਵਾਲੇ ਮੁੜ ਮੁੱਖ ਮੰਤਰੀ ਦੀ ਕੁਰਸੀ ਪਿੰਡ 'ਚ ਰਹਿਣ ਦੀ ਉਮੀਦ ਲਗਾਈ ਬੈਠੇ ਹਨ। ਉਂਝ ਪਿੰਡ 'ਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਬਣੀ ਹੋਈ ਹੈ। ਚਾਰ ਚੁਫੇਰੇ ਚੁੱਪ ਪਸਰੀ ਹੋਈ ਹੈ। ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਏਨੀ ਦਾਦ ਜ਼ਰੂਰ ਦਿੰਦੇ ਹਨ ਕਿ ਮੁੱਖ ਮੰਤਰੀ ਨੇ ਪਿੰਡ ਦੇ ਭਲੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ।ਉਧਰ ਪਿੰਡ ਮਹਿਰਾਜ ਦੇ ਲੋਕ ਮੁੱਖ ਮੰਤਰੀ ਦਾ ਤਾਜ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਦੇਖਣ ਲਈ ਉਤਾਵਲੇ ਹਨ। ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਮਹਿਰਾਜ ਦਾ ਜਥੇਦਾਰ ਸ਼ੇਰ ਸਿੰਘ ਆਖਦਾ ਹੈ,'ਕਪਤਾਨ ਆਏਗਾ ਤਾਂ ਪਿੰਡ ਦੇ ਅਧੂਰੇ ਕੰਮ ਸਿਰੇ ਲੱਗਣਗੇ।' ਉਹ ਲੋੜੋਂ ਵੱਧ ਭਰੋਸੇ ਨਾਲ ਆਖਦਾ ਹੈ ਕਿ 'ਪਿੰਡ ਦੇ ਭਾਗ ਮੁੜ ਜਾਗਣ ਵਾਲੇ ਨੇ।' ਪਿੰਡ ਬਾਦਲ ਦੇ ਵੋਟਰ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ 'ਤੇ ਖੜ੍ਹਦੇ ਹਨ ਜਦੋਂ ਕਿ ਮਹਿਰਾਜ ਦੇ ਲੋਕ ਕੈਪਟਨ ਦੀ ਲਾਜ ਵੋਟਾਂ ਵੇਲੇ ਜ਼ਰੂਰ ਰੱਖਦੇ ਹਨ।
         ਪਿੰਡ ਬਾਦਲ ਦੇ ਬਜ਼ੁਰਗ ਭਲਕੇ ਵੋਟਾਂ ਨੂੰ ਆਪਣੇ ਲਈ ਧਰਮ ਸੰਕਟ ਮੰਨਦੇ ਹਨ। ਉਹ ਆਖਦੇ ਹਨ ਕਿ ਦਾਸ ਤੇ ਪਾਸ਼ ਦੀ ਲੜਾਈ ਵਿੱਚ ਉਹ ਫਾਹੇ ਟੰਗੇ ਗਏ ਹਨ। ਏਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਵੋਟਾਂ ਵਾਲੇ ਦਿਨ ਲੋਕਾਂ ਨੂੰ ਸੋਚਣਾ ਪੈਂਦਾ ਹੋਵੇ। ਅਕਾਲੀ ਹੁੰਦੇ ਸਨ ਜਾਂ ਫਿਰ ਕਾਂਗਰਸੀ। ਹੁਣ ਦਾਸ ਤੇ ਪਾਸ਼ ਦੇ ਚੱਕਰ 'ਚ ਪਿੰਡ ਦੇ ਲੋਕ ਫਸ ਗਏ ਹਨ। ਸੱਥ ਵਿੱਚ ਬੈਠੇ ਲੋਕਾਂ ਨੇ ਆਪਣਾ ਨਾਮ ਜੱਗ ਜ਼ਾਹਰ ਕਰਨ ਤੋਂ ਪਾਸਾ ਵੱਟ ਲਿਆ। ਇੱਕ ਨੇ ਆਖਿਆ,ਅਗਲੇ ਪੰਜ ਵਰ੍ਹੇ ਵੀ ਬਾਜ਼ੀ ਪਿੰਡ ਬਾਦਲ ਦੇ ਹੱਥ ਹੀ ਰਹੇਗੀ।' ਦੂਸਰੇ ਨੇ ਆਖਿਆ ਕਿ,'ਮੁੱਖ ਮੰਤਰੀ ਦੀ ਕੁਰਸੀ ਪਿੰਡੋਂ ਬਾਹਰ ਜਾਣੀ ਮੁਸ਼ਕਲ ਹੈ।'ਜਦੋਂ ਇੱਕ ਨੌਜਵਾਨ ਪਿੰਡ ਦੇ ਵਿਕਾਸ ਕੰਮਾਂ ਦੀ ਸੂਚੀ ਗਿਣਾਉਂਦਾ ਹੈ ਤਾਂ ਇੱਕ ਬਜ਼ੁਰਗ ਗੱਲ ਕੱਟ ਕੇ ਆਖਦਾ ਹੈ,'ਪਿੰਡ ਦੇ 80-80 ਸਾਲ ਦੇ ਬਜ਼ੁਰਗਾਂ ਨੂੰ ਤਾਂ ਪੈਨਸ਼ਨ ਨਹੀਂ ਲੱਗੀ, ਮੂਹਰਲਿਆਂ ਨੇ ਨੌਜਵਾਨਾਂ ਨੂੰ ਬੁਢਾਪਾ ਪੈਨਸ਼ਨਾਂ ਦੇ ਦਿੱਤੀਆਂ।'ਲੋਕਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਵੀ ਅਸੈਂਬਲੀ ਚੋਣ ਆਉਂਦੀ ਤਾਂ ਪਿੰਡ ਵਿੱਚ ਇੱਕ ਦਿਨ ਪਹਿਲਾਂ ਰੌਣਕ ਬਣ ਜਾਂਦੀ ਸੀ। ਪਰ ਹੁਣ ਦੇਖਿਆ ਗਿਆ ਕਿ ਕਿਧਰੇ ਕੋਈ ਝੰਡੀ ਨਹੀਂ ਸੀ,ਪੋਸਟਰ ਨਹੀਂ ਸਨ। ਨਾ ਹੀ ਕੋਈ ਸਿਆਸੀ ਚਹਿਲ ਪਹਿਲ ਸੀ। ਨਵੀਂ ਉਮਰ ਦੇ ਮੁੰਡੇ ਮਜ਼ਾਹੀਆ ਲਹਿਜ਼ੇ 'ਚ ਆਖ ਰਹੇ ਸਨ, ਲੰਬੀ ਤੋਂ ਜਿੱਤੇ ਕੋਈ ਵੀ, ਪਰ ਜਿੱਤੇਗਾ ਤਾਂ ਬਾਦਲ ਪਿੰਡ ਦਾ ਹੀ। ਦੂਸਰੀ ਤਰਫ ਪਿੰਡ ਮਹਿਰਾਜ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਪਿੰਡ ਮਹਿਰਾਜ 'ਚ ਕਰੀਬ 12 ਹਜ਼ਾਰ ਵੋਟ ਹੈ। ਖਾਸ ਗੱਲ ਇਹ ਹੈ ਕਿ ਪਿੰਡ ਦੇ ਲੋਕ ਕਾਂਗਰਸ ਨਾਲ ਨਹੀਂ ਪ੍ਰੰਤੂ ਕੈਪਟਨ ਨਾਲ ਹਨ। ਸਾਲ 2007 ਦੀਆਂ ਚੋਣਾਂ ਵਿੱਚ ਮਹਿਰਾਜ ਵਿੱਚੋਂ ਕਾਂਗਰਸੀ ਉਮੀਦਵਾਰ ਦੀ ਲੀਡ 3485 ਵੋਟਾਂ ਦੀ ਸੀ ਜਦੋਂ ਕਿ ਲੋਕ ਸਭਾ ਚੋਣਾਂ 2009 ਵਿੱਚ ਕਾਂਗਰਸ ਦੀ ਲੀਡ 2500 ਵੋਟਾਂ ਦੀ ਸੀ।
         ਰਾਮਪੁਰਾ ਹਲਕੇ ਦੀ ਹਾਰ ਜਿੱਤ ਦੇ ਫੈਸਲੇ ਵਿੱਚ ਮਹਿਰਾਜ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਮਹਿਰਾਜ ਦੇ ਗੁਰੂ ਘਰ 'ਚੋਂ ਅਰਦਾਸ ਕਰਨ ਮਗਰੋਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪਿੰਡ ਦੇ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਕੈਪਟਨ ਦਾ ਰਾਜ ਸੀ ਉਦੋਂ ਪਿੰਡ ਮਹਿਰਾਜ ਵਿਚ ਸੀਵਰੇਜ ਪਿਆ,ਦੋ ਜਲ ਘਰ ਨਵੇਂ ਬਣੇ,25 ਬਿਸਤਰਿਆਂ ਦਾ ਹਸਪਤਾਲ ਬਣਿਆ,ਕਿਸਾਨ ਸਿਖਲਾਈ ਕੇਂਦਰ ਣਿਆ,ਕਮਿਊਨਿਟੀ ਸੈਂਟਰ ਬਣਿਆ। ਪਿੰਡ ਦੇ ਸਾਬਕਾ ਸਰਪੰਚ ਲਖਰਾਜ ਸਿੰਘ ਦਾ ਕਹਿਣਾ ਸੀ ਕਿ ਜੋ ਕੰਮ ਅਧੂਰੇ ਰਹਿ ਗਏ ਹਨ,ਉਹ ਕੈਪਟਨ ਸਾਹਿਬ ਪੂਰੇ ਕਰਨਗੇ। ਪਿੰਡ ਦੇ ਕਾਂਗਰਸੀ ਨੇਤਾ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਕਾਂਗਰਸ ਦੀ ਹਕੂਮਤ ਦੇਖਣ ਲਈ ਕਾਹਲੇ ਹਨ। ਪਿੰਡ ਮਹਿਰਾਜ ਦੇ ਹਰਮੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਮਹਿਰਾਜ ਵੱਲੋਂ 29 ਮਾਰਚ ਨੂੰ ਮੋਹੜੀ ਗੱਡ ਦਿਹਾੜਾ ਮਨਾਇਆ ਜਾਂਦਾ ਹੈ,ਉਸ ਮੌਕੇ ਪੂਰੇ ਕੈਪਟਨ ਪਰਿਵਾਰ ਨੂੰ ਸੱਦਣ ਦਾ ਪ੍ਰੋਗਰਾਮ ਬਣਾ ਰਹੇ ਹਨ। ਦੇਖਣਾ ਇਹ ਹੈ ਕਿ ਪਿੰਡ ਬਾਦਲ ਜਾਂ ਮਹਿਰਾਜ 'ਚੋਂ ਕਿਥੋਂ ਦੇ ਲੋਕਾਂ ਦੀ ਦੁਆ ਕੰਮ ਕਰਦੀ ਹੈ ਅਤੇ ਹਕੂਮਤ ਦਾ ਨਵਾਂ ਸੂਰਜ ਕਿਸ ਪਿੰਡ ਵਿੱਚੋਂ ਚੜ੍ਹਦਾ ਹੈ।

No comments:

Post a Comment