Monday, January 2, 2012

                                       ਕੰਪਨੀਆਂ ਨੇ
         ਅਕਾਲੀਆਂ ਦੇ ਖ਼ਜ਼ਾਨੇ 'ਭਰਪੂਰ' ਕੀਤੇ
                                  ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਨੂੰ ਪ੍ਰਾਈਵੇਟ ਕੰਪਨੀਆਂ ਨੇ ਭਰਪੂਰ ਕੀਤਾ ਹੈ। ਚੋਣਾਂ ਵਾਲੇ ਵਰ੍ਹੇ 'ਚ ਪ੍ਰਾਈਵੇਟ ਕੰਪਨੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿਲ ਖੋਲ੍ਹ ਕੇ ਚੰਦਾ ਦਿੱਤਾ ਗਿਆ। ਲੰਘੇ ਤਿੰਨ ਵਰ੍ਹਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਕੰਪਨੀਆਂ ਅਤੇ ਵੱਖ-ਵੱਖ ਨੇਤਾਵਾਂ ਤੋਂ 7.83 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ। ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਤਿੰਨ ਵਰ੍ਹਿਆਂ ਦੀ ਜਿਹੜੀ ਰਿਟਰਨ ਜਮ੍ਹਾਂ ਕਰਾਈ ਗਈ ਹੈ, ਉਸ ਅਨੁਸਾਰ ਲੋਕ ਸਭਾ ਚੋਣਾਂ (2009) ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਹੋਰਨਾਂ ਲੋਕਾਂ ਨੇ 5.90 ਕਰੋੜ ਰੁਪਏ ਦਾ ਚੰਦਾ ਦਿੱਤਾ ਜਿਸ 'ਚੋਂ 1.35 ਕਰੋੜ ਰੁਪਏ ਦਾ ਚੰਦਾ ਚੈੱਕਾਂ ਅਤੇ ਡਰਾਫਟ ਰਾਹੀਂ ਦਿੱਤਾ ਗਿਆ। ਕਾਂਗਰਸ ਅਤੇ ਭਾਜਪਾ ਨੂੰ ਵੀ ਚੋਣਾਂ ਲਈ ਕੰਪਨੀਆਂ ਤੋਂ ਖੁੱਲ੍ਹੇ ਗੱਫੇ ਮਿਲੇ। ਕੌਮੀ ਪੱਧਰ ਦੀਆਂ ਇਨ੍ਹਾਂ ਪਾਰਟੀਆਂ ਨੂੰ ਸਟੇਟ ਪੱਧਰ 'ਤੇ ਪ੍ਰਾਪਤ ਹੋਣ ਵਾਲੇ ਚੰਦੇ ਅਤੇ ਖਰਚ ਦਾ ਵੱਖੋ-ਵੱਖਰਾ ਵੇਰਵਾ ਨਹੀਂ ਮਿਲ ਸਕਿਆ ਹੈ। ਬਹੁਜਨ ਸਮਾਜ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਨੂੰ ਚੰਦਾ ਦੇਣ ਵਾਲਿਆਂ ਦੀ ਗਿਣਤੀ ਘੱਟ ਹੈ। ਉਂਜ ਚੋਣਾਂ ਵਾਲੇ ਵਰ੍ਹੇ ਵਿੱਚ ਹੀ ਚੰਦਾ ਦੇਣ ਵਾਲਿਆਂ ਦੀ ਗਿਣਤੀ ਵੱਧਦੀ ਰਹੀ ਹੈ।
            ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ ਕੀਤੀ ਰਿਟਰਨ ਅਨੁਸਾਰ ਪਾਰਟੀ ਨੂੰ ਮਾਲੀ ਸਾਲ 2008-09 ਦੌਰਾਨ 68,43,475 ਰੁਪਏ ਦਾ ਚੰਦਾ ਪ੍ਰਾਪਤ ਹੋਇਆ ਹੈ। ਇੰਜ ਹੀ ਤੋਤਾ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਨੇ ਦੋ ਚੈੱਕਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਾਲੀ ਵਰ੍ਹੇ 'ਚ 95,475 ਰੁਪਏ ਦਾ ਚੰਦਾ ਦਿੱਤਾ। ਯੂਥ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 15 ਲੱਖ ਦਾ ਪਾਰਟੀ ਫੰਡ ਦਿੱਤਾ। ਮਾਲੀ ਸਾਲ 2009-10 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 7.14 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਹੈ। ਇਸ ਮਾਲੀ ਸਾਲ ਦੌਰਾਨ ਹੀ ਲੋਕ ਸਭਾ ਚੋਣਾਂ ਸਨ। ਅੰਬੂਜਾ ਸੀਮਿੰਟ ਲਿਮਟਿਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੈੱਕ (ਨੰਬਰ 602290) ਤਹਿਤ 75 ਲੱਖ ਰੁਪਏ ਦਾ ਚੰਦਾ ਦਿੱਤਾ ਗਿਆ। ਪੁੰਜ ਐਲ. ਲਿਮਟਿਡ ਵੱਲੋਂ 20 ਲੱਖ ਰੁਪਏ ਦਾ ਚੰਦਾ ਅਕਾਲੀ ਦਲ ਨੂੰ ਦਿੱਤਾ ਗਿਆ। ਲੁਧਿਆਣਾ ਦੀ ਏਵਨ ਸਾਈਕਲ ਲਿਮਟਿਡ ਵੱਲੋਂ ਢਾਈ ਲੱਖ ਰੁਪਏ ਦਾ ਚੰਦਾ ਦਿੱਤਾ ਗਿਆ। ਇੰਡੀਆ ਵਿਜ਼ਨ ਲਿਮਟਿਡ ਵੱਲੋਂ 2.33 ਲੱਖ ਰੁਪਏ ਦਿੱਤੇ ਗਏ। ਲੋਕ ਸਭਾ ਚੋਣਾਂ 2009 ਦੀ ਜੋ ਵੱਖਰੀ ਰਿਟਰਨ ਭਰੀ ਗਈ ਹੈ, ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 2 ਮਾਰਚ 2009 ਤੋਂ 16 ਮਈ 2009 ਤੱਕ 5.90 ਕਰੋੜ ਰੁਪਏ ਦਾ ਚੰਦਾ ਵੱਖਰਾ ਮਿਲਿਆ। ਇਸ 'ਚੋਂ 4.54 ਕਰੋੜ ਰੁਪਏ ਦੀ ਤਾਂ ਨਗਦ ਰਾਸ਼ੀ ਦਿੱਤੀ ਗਈ।
           ਚੋਣ ਕਮਿਸ਼ਨ ਨੂੰ ਸਿਆਸੀ ਧਿਰਾਂ ਵੱਲੋਂ ਕੇਵਲ ਉਨ੍ਹਾਂ ਪਾਰਟੀਆਂ/ ਸੰਸਥਾਵਾਂ/ਵਿਅਕਤੀਆਂ ਦੇ ਪਤੇ ਟਿਕਾਣੇ ਦੱਸਣੇ ਪੈਂਦੇ ਹਨ ਜਿਨ੍ਹਾਂ ਵੱਲੋਂ 20 ਹਜ਼ਾਰ ਰੁਪਏ ਤੋਂ ਉਪਰ ਦੀ ਰਾਸ਼ੀ ਚੰਦੇ ਵਜੋਂ ਦਿੱਤੀ ਜਾਂਦੀ ਹੈ। ਜ਼ਿਲ੍ਹਾ ਅਕਾਲੀ ਜਥਾ ਮੁਕਤਸਰ ਵੱਲੋਂ ਪਾਰਟੀ ਫੰਡ ਇਕ ਲੱਖ ਰੁਪਏ ਦਿੱਤੇ ਗਏ। ਸਾਲ 2010-11 ਦੀ ਰਿਟਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਿਲੇ ਚੰਦੇ ਦੀ ਰਾਸ਼ੀ ਨਿਲ ਦਿਖਾਈ ਹੈ। ਹੁਣ ਚੋਣ ਅਮਲ ਸ਼ੁਰੂ ਹੈ ਜਿਸ ਕਰਕੇ ਕੰਪਨੀਆਂ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਚੰਦਾ ਦੇਣਾ ਸ਼ੁਰੂ ਕਰ ਦਿੱਤਾ ਹੈ।  ਸਿਆਸੀ ਧਿਰਾਂ ਵੱਲੋਂ ਵੱਡੀ ਕੰਪਨੀਆਂ ਕੋਲ ਚੰਦੇ ਲਈ ਖੁਦ ਵੀ ਪਹੁੰਚ ਕੀਤੀ ਜਾਂਦੀ ਹੈ। ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਤਾਂ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੰਦਾ ਦਿੰਦੀ ਹੈ। ਇਹ ਅਦਾਇਗੀ ਚੈੱਕ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
                                        ਅਕਾਲੀ ਦਲ ਨੇ ਚੋਣਾਂ 'ਤੇ 9.25 ਕਰੋੜ ਖਰਚੇ
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ (2009) 'ਤੇ 9.25 ਕਰੋੜ ਰੁਪਏ ਦਾ ਖਰਚ ਦਿਖਾਇਆ ਹੈ। ਉਂਜ ਤਾਂ ਹਰ ਚੋਣ ਇਸ ਤੋਂ ਕਈ ਗੁਣਾਂ ਮਹਿੰਗੀ ਹੁੰਦੀ ਹੈ, ਪ੍ਰੰਤੂ ਅਕਾਲੀ ਦਲ ਨੇ ਰਿਟਰਨ ਵਿੱਚ ਜੋ ਵੇਰਵੇ ਦਿੱਤੇ ਹਨ, ਉਨ੍ਹਾਂ ਅਨੁਸਾਰ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ 'ਤੇ 7.24 ਕਰੋੜ ਰੁਪਏ ਖਰਚ ਕੀਤੇ ਸਨ, 29.88 ਲੱਖ ਰੁਪਏ ਤਾਂ ਸਿਰਫ ਸਰਵੇ ਕਰਾਉਣ 'ਤੇ ਹੀ ਖਰਚੇ ਸਨ। ਪ੍ਰਚਾਰ ਦੇ ਖਰਚ 'ਚੋਂ 5.25 ਕਰੋੜ ਰੁਪਏ ਤਾਂ ਇਸ਼ਤਿਹਾਰਬਾਜ਼ੀ 'ਤੇ ਹੀ ਖਰਚੇ ਗਏ ਸਨ।

No comments:

Post a Comment