Tuesday, January 24, 2012

                                ਰੁੱਤ ਵੋਟਾਂ ਦੀ
    ਮੁੱਖ ਮੰਤਰੀ ਨੇ ਵੰਡੇ 'ਬਿਜਲੀ ਮੀਟਰ'
                          ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ 'ਚ ਬਿਜਲੀ ਮੀਟਰਾਂ ਲਈ ਵੀ ਪੈਸੇ ਵੰਡ ਦਿੱਤੇ ਹਨ। ਪੰਜਾਬ ਭਰ 'ਚੋਂ ਸਿਰਫ ਹਲਕਾ ਲੰਬੀ ਅਤੇ ਗਿੱਦੜਬਾਹਾ 'ਚ ਇਹ ਰਾਸ਼ੀ ਵੰਡੀ ਗਈ। ਪੰਜਾਬ ਸਰਕਾਰ ਦੀ ਅਜਿਹੀ ਕੋਈ ਸਕੀਮ ਨਹੀਂ ਹੈ ਜਿਸ ਤਹਿਤ ਖਪਤਕਾਰਾਂ ਦੇ ਘਰ ਸਰਕਾਰੀ ਰਾਸ਼ੀ ਨਾਲ ਬਿਜਲੀ ਮੀਟਰ ਲਗਵਾਏ ਜਾਂਦੇ ਹੋਣ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਨੇ ਹਲਕਾ ਲੰਬੀ ਅਤੇ ਗਿੱਦੜਬਾਹਾ 'ਚ ਬਿਜਲੀ ਮੀਟਰਾਂ ਲਈ ਰਾਸ਼ੀ ਦੇ ਦਿੱਤੀ। ਬਿਜਲੀ ਮੀਟਰਾਂ ਦੀ ਰਾਸ਼ੀ ਪਾਵਰਕੌਮ ਕੋਲ ਜਮ੍ਹਾਂ ਕਰਾਈ ਗਈ ਹੈ। ਹਲਕਾ ਗਿੱਦੜਬਾਹਾ 'ਤੇ ਖਾਸ 'ਮਿਹਰ' ਕੀਤੀ ਗਈ ਹੈ ਕਿਉਂਕਿ ਉਸ ਹਲਕੇ ਵਿੱਚ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਅਜਿਹਾ ਕਦਮ ਚੁੱਕਿਆ ਗਿਆ। ਸੂਚਨਾ  ਅਧਿਕਾਰ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਵੱਲੋਂ ਜੋ  ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਮੁੱਖ ਮੰਤਰੀ  ਵੱਲੋਂ ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ ਵਿੱਚ ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ ਹੈ। ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਜਿਨ੍ਹਾਂ ਲੋਕਾਂ ਨੇ ਬਿਜਲੀ ਮੀਟਰ ਨਾ ਹੋਣ ਦੀ ਮੰਗ ਰੱਖੀ,ਉਨ੍ਹਾਂ ਲਈ ਇਹ ਰਾਸ਼ੀ ਜਾਰੀ ਕੀਤੀ ਗਈ।
            ਹਲਕਾ ਲੰਬੀ ਦੇ ਸੱਤ ਪਿੰਡਾਂ 'ਚ ਬਿਜਲੀ ਮੀਟਰਾਂ ਲਈ ਰਾਸ਼ੀ ਜਾਰੀ ਕੀਤੀ ਗਈ। ਇਨ੍ਹਾਂ ਪਿੰਡਾਂ ਲਈ 455 ਘਰਾਂ ਵਿੱਚ ਬਿਜਲੀ ਦੇ ਮੀਟਰ ਲਗਵਾਉਣ ਲਈ ਸਰਕਾਰੀ ਰਾਸ਼ੀ ਦਿੱਤੀ ਗਈ। ਸਰਕਾਰ ਵੱਲੋਂ ਬਿਜਲੀ ਕੁਨੈਕਸ਼ਨ ਦੇ ਪੈਸੇ ਭਰਨ ਤੋਂ ਇਲਾਵਾ ਸਰਵਿਸ ਚਾਰਜਿਜ਼ ਦੀ ਰਾਸ਼ੀ ਵੀ ਭਰੀ ਗਈ। ਪਿੰਡ ਤਪਾ ਖੇੜਾ ਵਿੱਚ 100 ਘਰਾਂ 'ਚ ਬਿਜਲੀ ਮੀਟਰ ਲਗਵਾਉਣ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਪਾਵਰਕੌਮ ਨੂੰ ਦੇ ਦਿੱਤੀ ਗਈ। ਪਿੰਡ ਆਲਮਵਾਲਾ ਵਿੱਚ ਡੇਢ ਸੌ ਘਰਾਂ ਦੇ ਬਿਜਲੀ ਮੀਟਰਾਂ ਲਈ 2.25 ਲੱਖ ਰੁਪਏ ਜਾਰੀ ਕੀਤੇ ਗਏ। ਇਸੇ ਤਰ੍ਹਾਂ ਪਿੰਡ ਭਗਵਾਨਪੁਰਾ ਲਈ 60 ਮੀਟਰ ਅਤੇ ਪਿੰਡ ਬੋਦੀਵਾਲਾ ਵਿਚ 50 ਲੋਕਾਂ ਨੂੰ ਬਿਜਲੀ ਮੀਟਰਾਂ ਲਈ ਰਾਸ਼ੀ ਜਾਰੀ ਕੀਤੀ ਗਈ। ਇਸ ਹਲਕੇ ਦੇ ਪਿੰਡਾਂ 'ਚ ਬਿਜਲੀ ਮੀਟਰਾਂ ਲਈ ਪਾਵਰਕੌਮ ਨੂੰ 6.82 ਲੱਖ ਜਾਰੀ ਕੀਤੇ ਗਏ।         
          ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ 'ਚ 1259 ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ ਹੈ।  ਸੰਗਤ ਦਰਸ਼ਨਾਂ 'ਚ ਬਿਜਲੀ ਮੀਟਰਾਂ ਲਈ 18.88 ਲੱਖ ਰੁਪਏ ਜਾਰੀ ਕੀਤੇ ਗਏ।  ਹਲਕੇ ਵਿੱਚ ਸਭ ਤੋਂ ਜ਼ਿਆਦਾ ਪਿੰਡ ਕੋਟਭਾਈ ਵਿੱਚ ਡੇਢ ਸੌ ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ। ਇਨ੍ਹਾਂ ਮੀਟਰਾਂ ਲਈ 2.25 ਲੱਖ ਰੁਪਏ ਪਾਵਰਕੌਮ ਨੂੰ ਦਿੱਤੇ ਗਏ ਹਨ। ਪਿੰਡ ਭਲਾਈਆਣਾ 'ਚ 110 ਮੀਟਰ ਲਗਵਾਉਣ ਲਈ 1.65 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।ਹਲਕਾ ਗਿੱਦੜਬਾਹਾ ਵਿੱਚ ਤਾਂ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ ਲਈ ਵੀ ਰਾਸ਼ੀ ਜਾਰੀ ਕੀਤੀ ਗਈ। ਇਹ ਰਾਸ਼ੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਹੈ। ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ ਵਿੱਚ 2457 ਪਖਾਨੇ  ਬਣਾਉਣ ਲਈ 24.52 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਘਰਾਂ ਵਿੱਚ ਪਖਾਨੇ ਬਣਾਉਣ ਲਈ ਪ੍ਰਤੀ ਪਖਾਨਾ 10 ਹਜ਼ਾਰ ਰੁਪਏ ਖਰਚ ਕੀਤੇ ਗਏ। ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨਾਂ ਵਿੱਚ ਆਖਰੀ ਵਰ੍ਹੇ ਦੌਰਾਨ ਕਾਫੀ ਖੁੱਲ੍ਹਦਿਲੀ ਨਾਲ ਰਾਸ਼ੀ ਵੰਡੀ ਗਈ ਹੈ ਜੋ ਕਿ ਬਾਕੀ ਪੰਜਾਬ ਵਿੱਚ ਨਹੀਂ ਵੰਡੀ ਗਈ ਹੈ ਖਾਸ ਕਰਕੇ ਬਿਜਲੀ ਮੀਟਰਾਂ ਲਈ।

1 comment: