Saturday, January 28, 2012

       ਹਾਲੋ ਬੇਹਾਲ ਹੋਈਆਂ ਗੋਗੜਾਂ
                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਬੋਝ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ। ਉਮੀਦਵਾਰ ਜਿੱਤ ਲਈ ਹੁਣ ਆਪਣੀ ਸਿਹਤ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਕੁਰਸੀ ਹਾਸਲ ਕਰਨ ਲਈ ਸਾਰੇ ਉਮੀਦਵਾਰ ਤਰਲੋਮੱਛੀ ਹੋ ਰਹੇ ਹਨ। ਨਿੱਤ ਕਸਰਤਾਂ ਕਰਨ ਵਾਲੇ ਉਮੀਦਵਾਰ ਹੁਣ ਸਭ ਕੁਝ ਭੁੱਲ ਗਏ ਹਨ। ਕੋਈ ਯੋਗਾ ਕਰਨਾ ਭੁੱਲ ਗਿਆ ਹੈ ਤੇ ਕੋਈ ਜੌਗਿੰਗ। ਦਿਨ ਰਾਤ ਦੀ ਦੌੜ-ਭੱਜ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ।
           ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਚੋਣ ਪ੍ਰਚਾਰ ਦੌਰਾਨ ਪੰਜ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਿਸ ਦਿਨ ਘਰੋ ਘਰੀ ਮੁਹਿੰਮ 'ਤੇ ਨਿਕਲਦੇ ਹਨ ਉਸ ਦਿਨ 15 ਕਿਲੋਮੀਟਰ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਹ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਸੈਰ ਕਰਦੇ ਸਨ ਪਰ ਹੁਣ ਰੋਜ਼ਾਨਾ ਉਂਝ ਹੀ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਤਾਂ ਉਹ ਰੋਜ਼ਾਨਾ ਸਾਈਕਲ ਵੀ ਚਲਾਉਂਦੇ ਸਨ। ਦੱਸਣਯੋਗ ਹੈ ਕਿ ਹਲਕਾ ਰਾਮਪੁਰਾ ਫੂਲ 'ਚ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਰਮਿਆਨ ਮੁਕਾਬਲਾ ਸਖਤ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ 5.50 ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦਾ ਸਰੀਰਕ ਭਾਰ ਪਹਿਲਾਂ 77 ਕਿਲੋ ਸੀ ਜੋ ਹੁਣ 71.5 ਕਿਲੋ ਰਹਿ ਗਿਆ ਹੈ। ਸ੍ਰੀ ਸਿੰਗਲਾ ਨੇ ਦਸਿਆ ਕਿ ਉਹ ਸਵੇਰੇ ਸੇਬ ਅਤੇ ਦੋ ਫੁਲਕੇ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਕਰਕੇ ਉਨ੍ਹਾਂ ਦੇ ਸਵੇਰ ਵਕਤ ਦੇ ਕਸਰਤ ਅਤੇ ਯੋਗਾ ਦੇ ਪ੍ਰ੍ਰੋਗਰਾਮ ਵਿੱਚ ਵਿਘਨ ਪਿਆ ਹੈ। ਬਠਿੰਡਾ ਹਲਕੇ ਤੋਂ ਹੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਵੀ ਚਾਰ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੇ ਕਰੀਬੀ ਇਕਬਾਲ ਸਿੰਘ ਢਿੱਲੋਂ ਉਰਫ਼ ਬਬਲੀ ਨੇ ਦੱਸਿਆ ਕਿ ਸ੍ਰੀ ਜੱਸੀ ਦਾ ਭਾਰ ਹੁਣ 100 ਕਿਲੋ ਦੇ ਨੇੜੇ ਹੈ।
          ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਭਾਰ ਹੁਣ 80 ਕਿਲੋ ਹੈ। ਉਨ੍ਹਾਂ ਕਿਹਾ ਕਿ ਉਹ ਕਸਰਤ ਵਗੈਰਾ ਤਾਂ ਨਹੀਂ ਕਰ ਰਹੇ ਹਨ ਕਿਉਂਕਿ ਚੋਣਾਂ ਦਾ ਭਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ ਇਸ ਕਰਕੇ ਨਹੀਂ ਘਟਿਆ ਕਿਉਂਕਿ ਉਹ ਰੋਜ਼ਾਨਾ ਚਾਹ ਜ਼ਿਆਦਾ ਪੀ ਲੈਂਦੇ ਹਨ। ਇਸੇ ਤਰ੍ਹਾਂ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਮਠਿਆਈ ਬਹੁਤ ਖਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਭਾਰ ਵਧਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ 82 ਕਿਲੋ ਤੋਂ 84 ਕਿਲੋ ਹੋ ਗਿਆ ਹੈ। ਭਦੌੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਭਾਰ ਘੱਟ ਗਿਆ ਹੈ ਕਿਉਂਕਿ ਟਿਕਟ ਦੇ ਐਲਾਨ ਵਿੱਚ ਦੇਰੀ ਹੋਣ ਕਰਕੇ ਉਨ੍ਹਾਂ ਨੂੰ ਇੱਕਦਮ ਚੋਣ ਪ੍ਰਚਾਰ ਵਿੱਚ ਭੱਜ ਨੱਠ ਕਰਨੀ ਪਈ ਹੈ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਾ ਭਾਰ ਜ਼ਿਆਦਾ ਘਟਿਆ ਹੈ ਜਦੋਂ ਕਿ ਕਈ ਨਵੇਂ ਅਕਾਲੀ ਉਮੀਦਵਾਰਾਂ ਦੀ ਸਿਹਤ 'ਤੇ ਵੀ ਅਸਰ ਪਿਆ ਹੈ।ਨਾਗਰਿਕ ਚੇਤਨਾ ਮੰਚ ਦੇ ਮੈਂਬਰ ਜਗਮੋਹਨ ਕੌਸ਼ਲ ਨੇ ਕਿਹਾ ਕਿ ਕੁਰਸੀ ਖਾਤਰ ਸਾਰੇ ਉਮੀਦਵਾਰ ਹੁਣ ਦੌੜ-ਭੱਜ ਕਰ ਰਹੇ ਹਨ। ਚਾਰ ਦਿਨਾਂ ਮਗਰੋਂ ਇਹ ਸਾਰੇ ਉਮੀਦਵਾਰ ਭਾਰ ਵਧਾਉਣ 'ਤੇ ਹੀ ਹਨ ਅਤੇ ਬਾਅਦ 'ਚ ਇਨ੍ਹਾਂ ਨੇ ਹੀ ਆਮ ਲੋਕਾਂ 'ਤੇ ਭਾਰ ਬਣਨਾ ਹੈ।

1 comment: