Friday, January 20, 2012

                                                       ਚੋਣ ਅਖਾੜੇ ਦੇ  'ਸਿਕੰਦਰ'
                            ਚਰਨਜੀਤ ਭੁੱਲਰ
ਬਠਿੰਡਾ : ਕਿਤੇ ਸਿਕੰਦਰ ਖ਼ਿਲਾਫ਼ ਸਿਕੰਦਰ ਚੋਣ ਲੜ ਰਿਹਾ ਹੈ ਤੇ ਕਿਤੇ ਬਿਕਰਮ ਖ਼ਿਲਾਫ਼ ਬਿਕਰਮ ਡਟਿਆ ਹੋਇਆ ਹੈ। ਚੋਣ ਮੈਦਾਨ 'ਚ ਇਹ ਨਵਾਂ ਪੈਂਤੜਾ ਦੇਖਣ ਨੂੰ ਮਿਲ ਰਿਹਾ ਹੈ। ਉਮੀਦਵਾਰਾਂ ਦੇ ਨਾਵਾਂ ਬਾਰੇ ਭੰਬਲਭੂਸਾ ਪੈਦਾ ਕਰਨ ਲਈ ਵਿਰੋਧੀ ਉਮੀਦਵਾਰਾਂ ਨੇ ਇਹ ਨਵੀਂ ਖੇਡ ਖੇਡੀ ਹੈ। ਇਸ ਵਾਰ ਇੱਕੋ ਵਿਧਾਨ ਸਭਾ ਹਲਕੇ ਤੋਂ ਦੋ-ਦੋ ਜਾਂ ਤਿੰਨ-ਤਿੰਨ ਇੱਕੋ ਨਾਵਾਂ ਵਾਲੇ ਉਮੀਦਵਾਰ ਚੋਣ ਲੜ ਰਹੇ ਹਨ। ਪੰਜਾਬ 'ਚ ਡੇਢ ਦਰਜਨ ਹਲਕੇ ਇਸ ਤਰ੍ਹਾਂ ਦੇ ਹਨ ਜਿਥੋਂ ਇੱਕੋ ਨਾਂ ਵਾਲੇ ਦੋ-ਦੋ ਜਾਂ ਤਿੰਨ-ਤਿੰਨ ਉਮੀਦਵਾਰ ਖੜ੍ਹੇ ਹਨ। ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ  ਖ਼ਿਲਾਫ਼ ਇੱਕ ਸਿਕੰਦਰ ਸਿੰਘ ਆਜ਼ਾਦ ਉਮੀਦਵਾਰ ਵੀ ਖੜ੍ਹਾ ਹੈ। ਇੱਕੋ ਹਲਕੇ 'ਚ ਦੋ 'ਸਿਕੰਦਰ' ਹਨ। ਹਲਕਾ ਗਿੱਦੜਬਹਾ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ 27 ਵਰ੍ਹਿਆਂ ਦਾ ਮਨਪ੍ਰੀਤ ਸਿੰਘ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਿਹਾ ਹੈ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਖ਼ਿਲਾਫ਼ 55 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਵੀ ਮੈਦਾਨ 'ਚ ਹੈ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਖ਼ਿਲਾਫ਼ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਅਜੈਬ ਸਿੰਘ ਵੀ ਡਟਿਆ ਹੋਇਆ ਹੈ।
           ਕਈ ਤਾਂ  ਅਜਿਹੇ ਹਲਕੇ ਹਨ ਜਿਥੇ ਤਿੰਨ-ਤਿੰਨ ਉਮੀਦਵਾਰ ਇੱਕੋ ਨਾਵਾਂ ਵਾਲੇ ਹਨ। ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦਾ 60 ਵਰ੍ਹਿਆਂ ਦਾ ਉਮੀਦਵਾਰ ਨਿਰਮਲ ਸਿੰਘ ਹੈ ਜਿਸ ਖ਼ਿਲਾਫ਼ 34 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਵੀ ਚੋਣ ਲੜ ਰਿਹਾ ਹੈ ਤੇ ਤੀਜਾ 59 ਵਰ੍ਹਿਆਂ ਦਾ ਇੱਕ ਹੋਰ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਵੀ ਮੈਦਾਨ ਵਿੱਚ ਹੈ। ਸ਼ੁਤਰਾਣਾ ਹਲਕੇ ਤੋਂ ਤਿੰਨ ਨਿਰਮਲ ਸਿੰਘ ਚੋਣ ਲੜ ਰਹੇ ਹਨ। ਰਾਜਨੀਤੀ ਸਾਸਤਰ ਵਿਭਾਗ ਦੇ ਪ੍ਰੋ. ਸੋਇਬ ਜਫਰ ਦੱਸਦੇ ਹਨ ਕਿ ਅਸਲ ਵਿੱਚ ਉਮੀਦਵਾਰ ਇੱਕ ਦੂਜੇ ਨੂੰ ਵੋਟਾਂ ਦੀ ਢਾਹ ਲਾਉਣ ਖਾਤਰ ਇਹ ਚਾਲ ਚੱਲਦੇ ਹਨ ਤਾਂ ਜੋ ਵੋਟਰਾਂ ਨੂੰ ਭੰਬਲਭੂਸਾ ਪੈਦਾ ਹੋ ਜਾਵੇ ਤੇ ਵੋਟ ਇੱਕੋ ਨਾਂ ਦੇ ਦੋ ਉਮੀਦਵਾਰਾਂ ਵਿੱਚ ਵੰਡੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰ ਕਈ ਦਫਾ ਕਾਹਲੀ ਵਿੱਚ ਨਾਂ ਦੇ ਮਾਮਲੇ ਵਿੱਚ ਧੋਖਾ ਵੀ ਖਾ ਜਾਂਦਾ ਹੈ। ਹਾਸਲ ਜਾਣਕਾਰੀ ਅਨੁਸਾਰ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਤਿੰਨ 'ਅਵਤਾਰ' ਹਨ। ਕਾਂਗਰਸ ਦੇ 74 ਸਾਲ ਦੇ ਅਵਤਾਰ ਸਿੰਘ ਬਰਾੜ ਉਮੀਦਵਾਰ ਹਨ ਜਦੋਂਕਿ ਇੱਕ 33 ਵਰ੍ਹਿਆਂ ਦਾ ਅਵਤਾਰ ਸਿੰਘ ਆਜ਼ਾਦ ਉਮੀਦਵਾਰ ਹੈ ਤੇ ਇਸੇ ਤਰ੍ਹਾਂ 36 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਵੀ ਅਵਤਾਰ ਸਿੰਘ ਹੀ ਹੈ।
         ਇਸੇ ਤਰ੍ਹਾਂ ਹੀ ਸੁਨਾਮ ਹਲਕੇ ਵਿੱਚ ਤਿੰਨ ਅਮਨ ਚੋਣ ਲੜ ਰਹੇ ਹਨ। ਕਾਂਗਰਸ ਦਾ ਅਮਨ ਅਰੋੜਾ ਹੈ ਜਦੋਂਕਿ ਦੋ ਅਜ਼ਾਦ ਉਮੀਦਵਾਰਾਂ ਦਾ ਨਾਂ ਵੀ ਅਮਨਦੀਪ ਹੈ। ਹਲਕਾ ਭਲੱਥ ਤੋਂ ਅਕਾਲੀ ਉਮੀਦਵਾਰ ਬੀਬੀ ਜੰਗੀਰ ਕੌਰ ਖ਼ਿਲਾਫ਼ ਇੱਕ 65 ਵਰ੍ਹਿਆਂ ਦੀ ਜੰਗੀਰ ਕੌਰ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਖ਼ਿਲਾਫ਼ ਇੱਕ 36 ਸਾਲ ਦਾ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਚੋਣ ਲੜ ਰਿਹਾ ਹੈ। ਉਮੀਦਵਾਰਾਂ ਵੱਲੋਂ ਆਪਣੇ ਵਿਰੋਧੀ ਨੂੰ ਚਿੱਤ ਕਰਨ ਲਈ ਚੱਲੀ ਇਹ ਚਾਲ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਵੱਖਰੀ ਗੱਲ ਹੈ ਪਰ ਵੋਟਰਾਂ 'ਚ ਬਟਨ ਦਬਾਉਣ ਵੇਲੇ ਇੱਕ ਦਫਾ ਜ਼ਰੂਰ ਭੰਬਲਭੂਸਾ ਪੈਦਾ ਹੋਵੇਗਾ।
           ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਹਨ ਜਦੋਂਕਿ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਮਦਨ ਲਾਲ ਠੇਕੇਦਾਰ ਵੀ ਚੋਣ ਮੈਦਾਨ ਵਿੱਚ ਹੈ। ਬਰਨਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਖ਼ਿਲਾਫ਼ ਵੀ ਇੱਕ 66 ਸਾਲ ਦਾ ਆਜ਼ਾਦ ਉਮੀਦਵਾਰ ਮਲਕੀਤ ਸਿੰਘ ਚੋਣ ਲੜ ਰਿਹਾ ਹੈ। ਬਾਘਾ ਪੁਰਾਣਾ ਹਲਕੇ ਤੋਂ ਦੋ ਦਰਸ਼ਨ ਬਰਾੜ ਚੋਣ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਖ਼ਿਲਾਫ਼ ਆਜ਼ਾਦ ਉਮੀਦਵਾਰ ਵੀ ਦਰਸ਼ਨ ਸਿੰਘ ਬਰਾੜ ਹੀ ਹੈ। ਫਤਹਿਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਖ਼ਿਲਾਫ਼ ਵੀ ਪ੍ਰੇਮ ਸਿੰਘ ਨਾਂ ਦਾ ਅਜ਼ਾਦ ਉਮੀਦਵਾਰ ਖੜ੍ਹਾ ਹੈ। ਕਪੂਰਥਲਾ ਤੋਂ ਅਕਾਲੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਖ਼ਿਲਾਫ਼ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖੜ੍ਹਾ ਹੈ। ਅਟਾਰੀ ਤੋਂ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਖ਼ਿਲਾਫ਼ ਪੀਪਲਜ਼ ਪਾਰਟੀ ਦਾ ਗੁਲਜਾਰ ਸਿੰਘ ਚੋਣ ਲੜ ਰਿਹਾ ਹੈ। ਇਸੇ ਤਰ੍ਹਾਂ ਹੋਰ ਕਈ ਹਲਕਿਆਂ ਵਿੱਚ ਇਸੇ ਤਰ੍ਹਾਂ ਦਾ ਦੋ-ਦੋ ਨਾਂਵਾਂ ਵਾਲੇ ਉਮੀਦਵਾਰ ਖੜ੍ਹੇ ਹਨ।

No comments:

Post a Comment