Tuesday, January 31, 2012

                                          ਉਮੀਦਵਾਰ ਖੁਦ ਵੋਟ ਪਾਉਣ ਤੋਂ ਭੱਜੇ  
                                                                 ਚਰਨਜੀਤ ਭੁੱਲਰ              
ਬਠਿੰਡਾ : ਚੋਣ ਪਿੜ ਵਿੱਚ ਦਰਜਨਾਂ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਅੱਜ ਖੁਦ ਆਪਣੀ ਵੋਟ ਹੀ ਨਹੀਂ ਪਾਈ ਹੈ। ਇਹ ਉਮੀਦਵਾਰ ਲੋਕਾਂ ਨੂੰ ਵੋਟਾਂ ਪਾਉਣ ਲਈ ਆਖਦੇ ਰਹੇ ਪਰ ਖੁਦ ਨੇ ਆਪਣੀ ਵੋਟ ਪਾਉਣ ਦੀ ਲੋੜ ਹੀ ਨਹੀਂ ਸਮਝੀ ਹੈ। ਇਸੇ ਦੌਰਾਨ ਆਪਣੇ ਜੱਦੀ ਹਲਕੇ ਤੋਂ ਚੋਣ ਨਾ ਲੜ ਰਹੇ ਹੋਣ ਕਾਰਨ ਬਹੁਤੇ ਉਮੀਦਵਾਰ ਆਪਣੇ ਆਪ ਨੂੰ ਵੋਟ ਪਾਉਣ ਤੋਂ ਬੇਵੱਸ ਰਹੇ ਹਨ। ਸਿਆਸੀ ਧਿਰਾਂ ਵੱਲੋਂ ਬਾਹਰਲੇ ਉਮੀਦਵਾਰ ਚੋਣ ਪਿੜ ਵਿੱਚ ਉਤਾਰੇ ਜਾਣ ਕਾਰਨ ਉਮੀਦਵਾਰ ਆਪਣੀ ਵੋਟ ਪਾਉਣ ਤੋਂ ਖੁੰਝੇ ਹਨ।ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਅੱਜ ਆਪਣੀ ਵੋਟ ਨਹੀਂ ਪਾਈ। ਉਨ੍ਹਾਂ ਦੀ ਵੋਟ ਫਿਰੋਜ਼ਪੁਰ ਸ਼ਹਿਰ ਵਿੱਚ ਬਣੀ ਹੋਈ ਹੈ ਜਦਕਿ ਉਨ੍ਹਾਂ ਨੇ ਚੋਣ ਹਲਕਾ ਮੌੜ ਤੋਂ ਲੜੀ। ਸ੍ਰੀ ਸੇਖੋਂ ਦੇ ਪੀ.ਏ. ਨੇ ਦੱਸਿਆ ਕਿ ਅੱਜ ਸ੍ਰੀ ਸੇਖੋਂ ਸਵੇਰੇ 6 ਵਜੇ ਹੀ ਮੌੜ ਹਲਕੇ ਵਿੱਚ ਆ ਗਏ ਸਨ ਅਤੇ ਵਾਪਸ ਫਿਰੋਜ਼ਪੁਰ ਜਾ ਹੀ ਨਹੀਂ ਸਕੇ ਹਨ। ਦੱਸਣਯੋਗ ਹੈ ਕਿ ਇਹ ਅਕਾਲੀ ਉਮੀਦਵਾਰ ਪਿਛਲੇ ਇੱਕ ਮਹੀਨੇ ਤੋਂ ਲੋਕਾਂ ਨੂੰ ਤਾਂ ਵੋਟਾਂ ਵਾਸਤੇ ਪ੍ਰੇਰ ਰਿਹਾ ਹੈ ਪਰ ਖੁਦ ਵੋਟ ਪਾਉਣ ਦੀ ਅਹਿਮੀਅਤ ਨਹੀਂ ਸਮਝੀ।
            ਇਸੇ ਤਰ੍ਹਾਂ ਮੌੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਵੀ ਵੋਟ ਨਹੀਂ ਪਾ ਸਕੇ ਹਨ। ਕਾਂਗਰਸੀ ਉਮੀਦਵਾਰ ਸ੍ਰੀ ਬਾਂਸਲ ਦੇ ਕਰੀਬੀ ਸੰਜੀਵ ਗੋਇਲ ਨੇ ਦੱਸਿਆ ਕਿ ਸ੍ਰੀ ਬਾਂਸਲ ਅੱਜ ਪੂਰਾ ਦਿਨ ਹਲਕਾ ਮੌੜ ਵਿੱਚ ਹੀ ਰਹੇ। ਸ੍ਰੀ ਬਾਂਸਲ ਦੀ ਵੋਟ ਹਲਕਾ ਬੁਢਲਾਡਾ ਵਿੱਚ ਬਣੀ ਹੋਈ ਹੈ ਜਦਕਿ ਉਨ੍ਹਾਂ ਨੂੰ ਕਾਂਗਰਸ ਨੇ ਹਲਕਾ ਮੌੜ ਤੋਂ ਟਿਕਟ ਦੇ ਦਿੱਤੀ ਹੈ। ਅੱਜ ਉਹ ਪੂਰਾ ਦਿਨ ਬੁਢਲਾਡਾ ਜਾ ਹੀ ਨਹੀਂ ਸਕੇ।ਹਲਕਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਮਿੱਤਲ ਅੱਜ ਆਪਣੀ ਵੋਟ ਨਹੀਂ ਪਾ ਸਕੇ। ਅਕਾਲੀ ਉਮੀਦਵਾਰ ਪ੍ਰੇਮ ਮਿੱਤਲ ਦੀ ਵੋਟ ਲੁਧਿਆਣਾ ਵਿਖੇ ਬਣੀ ਹੋਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਮਾਨਸਾ ਤੋਂ ਟਿਕਟ ਦਿੱਤੀ ਹੈ। ਉਹ ਅੱਜ ਮਾਨਸਾ ਵਿੱਚ ਹੀ ਰਹੇ ਅਤੇ ਵੋਟ ਪਾਉਣ ਲਈ ਲੁਧਿਆਣਾ ਨਹੀਂ ਗਏ। ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਸਤੀਸ਼ ਮਿੱਤਲ ਦਾ ਕਹਿਣਾ ਸੀ ਕਿ ਉਹ ਟਿਕਟ ਮਿਲਣ ਮਗਰੋਂ ਲੁਧਿਆਣਾ ਗਏ ਹੀ ਨਹੀਂ ਹਨ।
          ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਵੀ ਅੱਜ ਆਪਣੀ ਵੋਟ ਨਹੀਂ ਪਾ ਸਕੇ ਹਨ। ਮੁਹੰਮਦ ਸਦੀਕ ਦੀ ਵੋਟ ਲੁਧਿਆਣਾ ਵਿਖੇ ਬਣੀ ਹੋਈ ਹੈ ਜਦਕਿ ਉਹ ਅੱਜ ਆਪਣੇ ਚੋਣ ਹਲਕੇ ਭਦੌੜ ਵਿੱਚ ਹੀ ਰਹੇ। ਸ੍ਰੀ ਸਦੀਕ ਦੇ ਜਵਾਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੁਹੰਮਦ ਸਦੀਕ ਅੱਜ ਵੋਟ ਨਹੀਂ ਪਾ ਸਕੇ। ਅਜਿਹਾ ਹੀ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਵੀ ਅੱਜ ਆਪਣੀ ਵੋਟ ਨਹੀਂ ਪਾ ਸਕੇ ਹਨ। ਬਲਵੰਤ ਸਿੰਘ ਰਾਮੂਵਾਲੀਆ ਦੀ ਵੋਟ ਉਨ੍ਹਾਂ ਦੇ ਜੱਦੀ ਪਿੰਡ ਰਾਮੂਵਾਲਾ, ਜ਼ਿਲ੍ਹਾ ਮੋਗਾ ਵਿਖੇ ਬਣੀ ਹੋਈ ਹੈ। ਉਨ੍ਹਾਂ ਦਾ ਪਿੰਡ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਪੈਂਦਾ ਹੈ। ਪਿੰਡ ਰਾਮੂਵਾਲਾ ਦੇ ਬੀ.ਐਲ.ਓ ਸ੍ਰੀ ਸਤਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਅੱਜ ਵੋਟ ਪਾਉਣ ਨਹੀਂ ਆਏ ਹਨ। ਹਲਕਾ ਮੌੜ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ। ਮਨਪ੍ਰੀਤ ਸਿੰਘ ਬਾਦਲ ਦੀ ਵੋਟ ਪਿੰਡ ਬਾਦਲ ਵਿੱਚ ਬਣੀ ਹੋਈ ਹੈ। ਉਹ ਪਹਿਲਾਂ ਚਾਰ ਵਾਰ ਵਿਧਾਇਕ ਬਣੇ ਹਨ ਪਰ ਉਹ ਕਦੇ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਪਿੰਡ ਬਾਦਲ ਹਲਕਾ ਗਿੱਦੜਬਹਾ ਤੋਂ ਬਾਹਰ ਹੈ। ਅੱਜ ਉਨ੍ਹਾਂ ਨੇ ਆਪਣੇ ਪਿੰਡ ਬਾਦਲ ਵਿਖੇ ਜਾ ਕੇ ਵੋਟ ਪਾਈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਅੱਜ ਖੁਦ ਆਪਣੇ ਆਪ ਨੂੰ ਆਪਣੀ ਵੋਟ ਨਹੀਂ ਪਾ ਸਕੇ ਹਨ। ਉਨ੍ਹਾਂ ਦੀ ਵੋਟ ਪਿੰਡ ਬਾਦਲ ਵਿੱਚ ਬਣੀ ਹੋਈ ਹੈ ਜੋ ਕਿ ਹਲਕਾ ਲੰਬੀ ਵਿੱਚ ਹੈ ਜਦਕਿ ਸੁਖਬੀਰ ਸਿੰਘ ਬਾਦਲ ਖੁਦ ਹਲਕਾ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ।
          ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦੀ ਵੋਟ ਹਲਕਾ ਬਠਿੰਡਾ ਸ਼ਹਿਰੀ ਵਿੱਚ ਬਣੀ ਹੋਈ ਹੈ ਜਦਕਿ ਉਹ ਖੁਦ ਹਲਕਾ ਭੁੱਚੋ ਤੋਂ ਚੋਣ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਮੱਖਣ ਸਿੰਘ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ। ਹਲਕਾ ਧੂਰੀ ਤੋਂ ਚੋਣ ਲੜ ਰਹੇ ਅਰਵਿੰਦ ਖੰਨਾ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਉਨ੍ਹਾਂ ਦੀ ਵੋਟ ਸੰਗਰੂਰ ਵਿਖੇ ਬਣੀ ਹੋਈ ਹੈ ਜਦਕਿ ਉਹ ਚੋਣ ਧੂਰੀ ਤੋਂ ਲੜ ਰਹੇ ਹਨ। ਹਲਕਾ ਦਿੜ੍ਹਬਾ ਤੋਂ ਅਕਾਲੀ ਉਮੀਦਵਾਰ ਬਲਵੀਰ ਸਿੰਘ ਘੁੰਨਸ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਉਨ੍ਹਾਂ ਦੀ ਹਲਕਾ ਭਦੌੜ ਵਿੱਚ ਵੋਟ ਬਣੀ ਹੋਈ ਹੈ।ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਉਮੀਦਵਾਰਾਂ ਵੱਲੋਂ ਖੁਦ ਵੋਟ ਨਾ ਪਾਏ ਜਾਣ ਦਾ ਮਤਲਬ ਹੈ ਕਿ ਉਹ ਵੋਟ ਦੇ ਹੱਕ ਨੂੰ ਟਿੱਚ ਸਮਝਦੇ ਹਨ ਅਤੇ ਖੁਦ ਸਿਰਫ ਕੁਰਸੀ ਲੈਣ ਤੱਕ ਸੀਮਤ ਹਨ।

No comments:

Post a Comment