Wednesday, January 25, 2012

         ਅੰਗੂਠਾ ਛਾਪ ਉਮੀਦਵਾਰ
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਚੋਣ ਪਿੜ ਵਿੱਚ 20 ਪੰਜਵੀਂ ਪਾਸ ਉਮੀਦਵਾਰ ਡਟੇ ਹੋਏ ਹਨ ਜਦੋਂ ਕਿ ਸੱਤ ਅੰਗੂਠਾ ਛਾਪ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਉਨ੍ਹਾਂ 'ਚੋਂ ਬਹੁਗਿਣਤੀ ਬਾਰਾਂ ਜਮਾਤਾਂ ਤੱਕ ਪੜ੍ਹੀ ਹੋਈ ਹੈ। ਕਾਂਗਰਸ ਵੱਲੋਂ ਸਾਰੇ ਪੜ੍ਹੇ-ਲਿਖੇ ਉਮੀਦਵਾਰ ਪਿੜ ਵਿਚ ਉਤਾਰੇ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਉਮੀਦਵਾਰ ਅਨਪੜ੍ਹ ਹਨ। ਜੈਤੋ ਤੋਂ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਬਾਦਲ ਅਤੇ ਬਰਨਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੀਤੂ ਨੇ ਅਨਪੜ੍ਹ ਹੋਣਾ ਆਪਣੇ ਹਲਫ਼ਨਾਮਿਆਂ ਵਿਚ ਸਵੀਕਾਰ ਕੀਤਾ ਹੈ। ਇਸੇ ਤਰ੍ਹਾਂ ਅਟਾਰੀ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਬੁਢਲਾਡਾ ਤੋਂ ਅਕਾਲੀ ਉਮੀਦਵਾਰ ਚਤਿੰਨ ਸਿੰਘ ਸਮਾਓਂ ਅੱਖਰਾਂ ਦੀ ਸੋਝੀ ਰੱਖਦੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਤਰਨ ਤਾਰਨ ਤੋਂ ਉਮੀਦਵਾਰ ਵਿਜੈ ਪਾਲ ਚੌਧਰੀ, ਦੀਨਾ ਨਗਰ ਤੋਂ ਕਮਿਊਨਿਸਟ ਉਮੀਦਵਾਰ ਸੁਭਾਸ਼ ਚੰਦਰ ਅਤੇ ਬਹੁਜਨ ਸਮਾਜ ਪਾਰਟੀ ਦੇ ਸਮਰਾਲਾ, ਡੇਰਾ ਬਾਬਾ ਨਾਨਕ ਅਤੇ ਅਮਲੋਹ ਦੇ ਬਸਪਾ ਉਮੀਦਵਾਰ ਸਿਰਫ਼ ਸਾਖਰ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਬੀਬੀ ਉਪਿੰਦਰਜੀਤ ਕੌਰ ਸਭ ਤੋਂ ਵੱਧ ਪੜ੍ਹੇ ਲਿਖੇ ਹਨ। ਉਹ ਅਰਥ ਸ਼ਾਸਤਰ ਵਿਚ ਪੀਐਚ.ਡੀ. ਹਨ।
           ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਸਾਂਝਾ ਮੋਰਚਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 20 ਪੰਜਵੀਂ ਪਾਸ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਪੰਜਵੀਂ ਪਾਸ ਉਮੀਦਵਾਰਾਂ 'ਚ ਕਾਂਗਰਸ ਦੇ ਭਦੌੜ ਹਲਕੇ ਤੋਂ ਮੁਹੰਮਦ ਸਦੀਕ, ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਿੜਬਾ ਤੋਂ ਸੰਤ ਬਲਵੀਰ ਸਿੰਘ ਘੁੰਨਸ, ਗੜਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਜ਼ੀਰਾ ਤੋਂ ਹਰੀ ਸਿੰਘ ਜ਼ੀਰਾ ਸ਼ਾਮਲ ਹਨ। ਪੀਪਲਜ਼ ਪਾਰਟੀ ਦੇ ਪੰਜਵੀਂ ਪਾਸ ਉਮੀਦਵਾਰਾਂ ਵਿੱਚ ਬੁਢਲਾਡਾ ਤੋਂ ਬੀਬੀ ਰਣਜੀਤ ਕੌਰ, ਫਿਰੋਜ਼ਪੁਰ (ਦਿਹਾਤੀ) ਤੋਂ ਹੰਸਾ ਸਿੰਘ, ਗੁਰਦਾਸਪੁਰ ਤੋਂ ਹਰਦਿਆਲ ਸਿੰਘ, ਲੁਧਿਆਣਾ (ਪੂਰਬੀ) ਤੋਂ ਦਲਜੀਤ ਸਿੰਘ ਆਦਿ ਸ਼ਾਮਲ ਹਨ। ਬਾਕੀ ਪੰਜਵੀਂ ਪਾਸ ਉਮੀਦਵਾਰ ਬਸਪਾ ਦੇ ਹਨ। ਏਦਾਂ ਹੀ 32 ਅੱਠਵੀਂ ਪਾਸ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਿਹੇ 11 ਉਮੀਦਵਾਰ, ਕਾਂਗਰਸ ਵੱਲੋਂ 7 ਅਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਵੱਲੋਂ 6 ਉਮੀਦਵਾਰ ਚੋਣ ਪਿੜ ਵਿੱਚ ਖੜ੍ਹੇ ਕੀਤੇ ਗਏ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ  ਉਮੀਦਵਾਰ ਸਰੂਪ ਚੰਦ ਸਿੰਗਲਾ, ਸ਼ਾਹਕੋਟ ਤੋਂ ਅਜੀਤ ਸਿੰਘ ਕੋਹਾੜ, ਖਰੜ ਤੋਂ ਉਜਾਗਰ ਸਿੰਘ ਬਡਾਲੀ, ਫਿਰੋਜ਼ਪੁਰ (ਦਿਹਾਤੀ) ਤੋਂ ਜੋਗਿੰਦਰ ਸਿੰਘ, ਭੁੱਚੋ ਤੋਂ ਪ੍ਰੀਤਮ ਸਿੰਘ ਕੋਟਭਾਈ ਅਦਿ ਉਮੀਦਵਾਰ ਅੱਠਵੀਂ ਪਾਸ ਅਕਾਲੀ ਉਮੀਦਵਾਰ ਹਨ।
ਦਸਵੀਂ ਪਾਸ ਉਮੀਦਵਾਰ ਦੇਖੀਏ ਤਾਂ ਕਾਂਗਰਸ ਨੇ ਸਭ ਤੋਂ ਵੱਧ ਅਜਿਹੇ 26 ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਕੀਤੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ 23 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ 15 ਉਮੀਦਵਾਰ ਦਸਵੀਂ ਪਾਸ ਹਨ। ਬਾਕੀ ਬਸਪਾ ਅਤੇ ਕਮਿਊਨਿਸਟ ਉਮੀਦਵਾਰ ਹਨ।
          ਦੂਜੇ ਪਾਸੇ ਸਿਆਸੀ ਧਿਰਾਂ ਵੱਲੋਂ ਵੱਧ ਪੜ੍ਹੇ-ਲਿਖੇ ਉਮੀਦਵਾਰ ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਪੋਸਟ ਗਰੈਜੂਏਟ ਉਮੀਦਵਾਰਾਂ ਵਿੱਚ ਕਾਂਗਰਸ ਦੇ ਭੁੱਚੋ ਤੋਂ ਅਜਾਇਬ ਸਿੰਘ ਭੱਟੀ, ਨਿਹਾਲ ਸਿੰਘ ਵਾਲਾ ਤੋਂ ਅਜੀਤ ਸਿੰਘ ਸ਼ਾਂਤ, ਅਟਾਰੀ ਤੋਂ ਤਰਸੇਮ ਸਿੰਘ, ਬੰਗਾ ਤੋਂ ਤਰਲੋਚਨ ਸਿੰਘ ਸੂੰਢਾ, ਜਲੰਧਰ ਤੋਂ ਸੁਮਨ ਕੇ.ਪੀ., ਖਰੜ ਤੋਂ ਜਗਮੋਹਨ ਸਿੰਘ ਕੰਗ ਆਦਿ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੰਗਾ ਤੋਂ ਮੋਹਨ ਸਿੰਘ ਬਹਿਰਾਮ, ਫਤਹਿਗੜ੍ਹ ਚੂੜੀਆਂ ਤੋਂ ਨਿਰਮਲ ਸਿੰਘ ਕਾਹਲੋਂ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਮੋਗਾ ਤੋਂ ਪਰਮਦੀਪ ਸਿੰਘ ਗਿੱਲ, ਮੁਹਾਲੀ ਤੋਂ ਬਲਵੰਤ ਸਿੰਘ ਰਾਮੂਵਾਲੀਆ, ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ, ਤਲਵੰਡੀ ਸਾਬੋ ਤੋਂ ਅਮਰਜੀਤ ਸਿੰਘ ਸਿੱਧੂ ਅਤੇ ਸੁਨਾਮ ਤੋਂ ਪਰਮਿੰਦਰ ਸਿੰਘ ਢੀਂਡਸਾ ਆਦਿ ਪੋਸਟ ਗਰੈਜੂਏਟ ਉਮੀਦਵਾਰ ਹਨ। ਇਸੇ ਤਰ੍ਹਾਂ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਐਡਵੋਕੇਟ ਸੁਖਦੀਪ ਸਿੰਘ ਭਿੰਡਰ, ਕੋਟਕਪੂਰਾ ਹਲਕੇ ਤੋਂ ਪਰਦੀਪ ਸਿੰਘ ਸਿਬੀਆ, ਭੁੱਚੋ ਤੋਂ ਹਰਵਿੰਦਰ ਸਿੰਘ ਲਾਡੀ ਅਤੇ ਮੁਹਾਲੀ ਤੋਂ ਬੀਰਦਵਿੰਦਰ ਸਿੰਘ ਆਦਿ ਪੋਸਟ ਗਰੈਜੂਏਟ ਉਮੀਦਵਾਰ ਹਨ।
ਕਿੰਨੇ ਪੜ੍ਹੇ-ਲਿਖੇ, ਕਿੰਨੇ ਅਨਪੜ੍ਹ
ਯੋਗਤਾ             ਉਮੀਦਵਾਰਾਂ ਦੀ ਗਿਣਤੀ
ਪੀਐਚ.ਡੀ    01
ਪੋਸਟ ਗਰੈਜੂਏਟ    55
ਗਰੈਜੂਏਟ (ਪ੍ਰੋਫੈਸ਼ਨਲ)    47
ਗਰੈਜੂਏਟ    85
10+2        58
ਅੱਠਵੀਂ        32
ਪੰਜਵੀਂ        20
ਅਨਪੜ੍ਹ     07

No comments:

Post a Comment