Saturday, May 11, 2013

                                    ਸਰਕਾਰੀ ਜਬਰ
    ਬਿਖਰ ਗਈ ਜ਼ਿੰਦਗੀ, ਕੈਦ ਹੋ ਗਏ ਸੁਫਨੇ
                                    ਚਰਨਜੀਤ ਭੁੱਲਰ
ਬਠਿੰਡਾ : ਅਧਿਆਪਕ ਸੂਰਜ ਲਈ ਹੁਣ ਉਮੀਦ ਦੀ ਕੋਈ ਕਿਰਨ ਨਹੀਂ ਬਚੀ ਹੈ। ਉਸ ਦਾ ਗੁਨਾਹ ਏਨਾ ਹੈ ਕਿ ਉਸ ਨੇ ਸਿਰਫ਼ ਆਪਣੀ ਰੁਕੀ ਹੋਈ ਤਨਖਾਹ ਸਰਕਾਰ ਤੋਂ ਮੰਗੀ ਸੀ। ਜਦੋਂ ਉਸ ਨੇ ਬਠਿੰਡਾ ਵਿੱਚ ਮਜ਼ਦੂਰ ਦਿਵਸ ਮੌਕੇ ਆਪਣੀ ਕਿਰਤ ਦਾ ਹੱਕ ਮੰਗਿਆ ਤਾਂ ਪੁਲੀਸ ਨੇ ਉਸ 'ਤੇ ਕੇਸ ਦਰਜ ਕਰ ਦਿੱਤਾ। ਉਹ ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਉਸ ਨੂੰ13 ਮਹੀਨੇ ਤੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ ਹੈ। ਜਦੋਂ ਉਹ ਮਕਾਨ ਦਾ ਕਿਰਾਇਆ ਨਾ ਦੇ ਸਕਿਆ ਤਾਂ ਉਸ ਨੂੰ ਮਕਾਨ ਮਾਲਕ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਉਸ ਨੇ ਮੁੜ ਮਕਾਨ ਦੀ ਛੱਤ ਜੋੜਨ ਲਈ ਸਰਕਾਰ ਤੋਂ ਆਪਣੀ ਬਕਾਇਆ ਤਨਖਾਹ ਦੀ ਮੰਗ ਕੀਤੀ। ਨਤੀਜਾ ਇਹ ਕਿ ਉਸ ਨੂੰ ਹੁਣ ਫਰੀਦਕੋਟ ਜੇਲ੍ਹ ਵਿੱਚ ਦੌਰੇ ਪੈ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਉਸ ਨੂੰ ਜੇਲ੍ਹੋਂ ਬਾਹਰ ਇਲਾਜ ਲਈ ਵੀ ਲਿਜਾਇਆ ਗਿਆ ਹੈ। ਕੇਂਦਰੀ ਸਪਾਂਸਰ ਸਕੀਮ (ਸੀ.ਐਸ.ਐਸ) ਅਧਿਆਪਕਾਂ ਨੇ ਆਪਣੀਆਂ 13 ਮਹੀਨਿਆਂ ਦੀਆਂ ਰੁਕੀਆਂ ਤਨਖਾਹ ਖਾਤਰ ਪਹਿਲੀ ਮਈ ਨੂੰ ਬਠਿੰਡਾ ਵਿੱਚ ਪ੍ਰਦਰਸ਼ਨ ਕਰਨਾ ਸੀ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਪਿਛਲੇ ਸਮੇਂ ਤੋਂ ਬਠਿੰਡਾ ਵਿੱਚ ਉੱਚੀ ਅਵਾਜ਼ ਵਿੱਚ ਹੱਕ ਮੰਗਣ 'ਤੇ ਪਾਬੰਦੀ ਲਗਾਈ ਹੋਈ ਹੈ। ਪੁਲੀਸ ਨੇ ਇਨ੍ਹਾਂ ਅਧਿਆਪਕਾਂ ਨੂੰ ਫਰੀਦਕੋਟ ਜੇਲ੍ਹ ਡੱਕ ਦਿੱਤਾ ਹੈ। ਜਦੋਂ ਇਨ੍ਹਾਂ ਅਧਿਆਪਕਾਂ ਦੀ ਰਿਹਾਈ ਲਈ ਸਾਥੀ ਅਧਿਆਪਕਾਂ ਨੇ ਹਾਅ ਦਾ ਨਾਹਰਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਬਠਿੰਡਾ ਪੁਲੀਸ ਨੇ ਫਰੀਦਕੋਟ ਜੇਲ੍ਹ ਦਾ ਰਸਤਾ ਦਿਖਾ ਦਿੱਤਾ। ਹੁਣ ਫਰੀਦਕੋਟ ਜੇਲ੍ਹ ਵਿੱਚ 147 ਅਧਿਆਪਕ ਬੰਦ ਹਨ ਜਿਨ੍ਹਾਂ ਵਿੱਚ 50 ਦੇ ਕਰੀਬ ਲੜਕੀਆਂ ਵੀ ਹਨ।
                ਕਰੀਬ ਤਿੰਨ ਸਾਲ ਪਹਿਲਾਂ ਕੇਂਦਰੀ ਸਪਾਂਸਰ ਸਕੀਮ ਤਹਿਤ ਪੰਜਾਬ ਸਰਕਾਰ ਨੇ 512 ਅਧਿਆਪਕ ਭਰਤੀ ਕੀਤੇ ਸਨ। ਦਸੰਬਰ 2011 ਵਿੱਚ ਇਹ ਸਕੀਮ ਬੰਦ ਕਰ ਦਿੱਤੀ ਗਈ। ਇਹ ਅਧਿਆਪਕ ਇਸ ਸਕੀਮ ਤਹਿਤ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਜਾ ਰਹੀ ਹੈ ਪ੍ਰੰਤੂ ਇਨ੍ਹਾਂ ਅਧਿਆਪਕਾਂ ਨੂੰ 13 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਦੀ ਕਰੀਬ 12 ਕਰੋੜ ਰੁਪਏ ਤਨਖਾਹ ਬਣਦੀ ਹੈ। ਜ਼ੀਰਾ ਦਾ ਅਨਿਲ ਕੁਮਾਰ ਮਾਪਿਆਂ ਦਾ ਇਕਲੌਤਾ ਸਹਾਰਾ ਹੈ। ਉਸ ਦੀ ਪਤਨੀ ਨੂੰ ਕੈਂਸਰ ਹੈ ਅਤੇ ਹੁਣ ਤਨਖਾਹ ਨਾ ਮਿਲਣ ਕਰਕੇ ਉਸ ਦਾ ਇਲਾਜ ਕਰਾਉਣਾ ਮੁਸ਼ਕਲ ਹੋ ਗਿਆ ਹੈ। ਜਦੋਂ ਉਸ ਨੂੰ ਫਰੀਦਕੋਟ ਜੇਲ੍ਹ ਡੱਕਣ ਦੀ ਖ਼ਬਰ ਮਾਪਿਆਂ ਨੂੰ ਮਿਲੀ ਤਾਂ ਪ੍ਰਰਿਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਪਿਆ। ਉਸ ਦੀ ਪਤਨੀ ਦੇ ਇਲਾਜ ਵਿੱਚ ਵਿਘਨ ਪੈ ਗਿਆ ਹੈ। ਉਸ ਨੇ ਸਰਕਾਰ ਤੋਂ ਆਪਣੀ ਕਿਰਤ ਦਾ ਮੁੱਲ ਮੰਗਿਆ ਸੀ ਅਤੇ ਬਦਲੇ ਵਿੱਚ ਉਸ ਨੂੰ ਜੇਲ੍ਹ ਮਿਲ ਗਈ। ਫਰੀਦਕੋਟ ਜੇਲ੍ਹ ਵਿੱਚ ਹੀ ਦੋ ਮਹੀਨਿਆਂ ਦੀ ਗਰਭਵਤੀ ਮਹਿਲਾ ਅਧਿਆਪਕ ਵੀ ਬੰਦ ਹੈ। ਪੁਲੀਸ ਵਲੋਂ ਕੀਤੀ ਖਿੱਚ ਧੂਹ ਕਰਕੇ ਜੇਲ੍ਹ ਅੰਦਰ ਉਸ ਨੂੰ ਦਰਦ ਸ਼ੁਰੂ ਹੋ ਗਏ ਹਨ। ਜੇਲ੍ਹ ਪ੍ਰਸ਼ਾਸਨ ਨੂੰ ਉਸ ਨੂੰ 4 ਮਈ ਨੂੰ ਜੇਲ੍ਹੋਂ ਬਾਹਰ ਲਿਜਾਣਾ ਪਿਆ। ਮਹਿਲਾ ਅਧਿਆਪਕ ਰਜਿੰਦਰ ਕੌਰ ਵੀ ਜਦੋਂ ਗਰਭਵਤੀ ਸੀ ਤਾਂ ਉਸ ਸਮੇਂ ਤੋਂ ਉਸ ਨੂੰ ਤਨਖਾਹ ਮਿਲਣੀ ਬੰਦ ਹੋ ਗਈ ਸੀ। ਉਸ ਦੇ ਪਤੀ ਨੂੰ ਡਲਿਵਰੀ ਸਮੇਂ ਆਪਣਾ ਮੋਟਰਸਾਈਕਲ ਵੇਚਣਾ ਪਿਆ। ਉਸ ਦਾ ਬੱਚਾ ਛੋਟਾ ਹੈ ਅਤੇ ਉਹ ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕ ਪ੍ਰਕਾਸ਼ ਚੰਦ ਨੂੰ ਆਪਣੀ ਪਤਨੀ ਦੇ ਇਲਾਜ ਵਾਸਤੇ ਦੁਕਾਨ ਵੇਚਣੀ ਪਈ ਹੈ। ਜਦੋਂ ਤਨਖਾਹ ਨਾ ਮਿਲੀ ਤਾਂ ਉਸ ਨੇ ਸਾਥੀ ਅਧਿਆਪਕਾਂ ਦੇ ਵਫ਼ਦ ਨਾਲ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ।
                ਸਭ ਅਧਿਆਪਕਾਂ ਨੇ ਆਪੋ ਆਪਣੀ ਤਰਾਸਦੀ ਵੀ ਦੱਸੀ। ਜਦੋਂ ਸਰਕਾਰ ਨੇ ਬਾਂਹ ਨਾ ਫੜੀ ਤਾਂ ਉਨ੍ਹਾਂ ਜਮਹੂਰੀ ਤਰੀਕੇ ਨਾਲ ਬਠਿੰਡਾ ਵਿੱਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਅਹਿਮਦਗੜ੍ਹ ਮੰਡੀ ਦੀ 9 ਮਹੀਨੇ ਦੀ ਬੱਚੀ ਸਾਂਚੀ ਦੀ ਮਾਂ ਵੀ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਪੰਜਾਬ ਸਰਕਾਰ ਦੇ ਜਬਰ ਨੇ ਇਸ ਬੱਚੀ ਨੂੰ ਮਾਂ ਦੇ ਪਿਆਰ ਤੋਂ ਵਿਰਵੇ ਕਰ ਦਿੱਤਾ ਹੈ। ਇਸ ਬੱਚੀ ਦੀ ਮਾਂ ਵੀ ਨੰਨ੍ਹੀ ਛਾਂ ਦੀ ਸੰਸਥਾਪਕ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਆਪਣੀ ਰੁਕੀ ਤਨਖਾਹ ਸਰਕਾਰ ਤੋਂ ਮੰਗਣ ਗਈ ਸੀ। ਜੇਲ੍ਹ ਵਿੱਚ ਬੰਦ ਅਧਿਆਪਕਾਂ ਦੀ ਯੋਗਤਾ ਬੀ.ਏ,ਬੀ.ਐਡ ਅਤੇ ਐਮ.ਏ,ਬੀ.ਐਡ ਹੈ। ਜੇਲ੍ਹ ਦਾ ਦਾਗ ਉਨ੍ਹਾਂ ਦੇ ਮੱਥੇ 'ਤੇ ਲੱਗ ਗਿਆ ਹੈ। ਜਦੋਂ ਇਹ ਅਧਿਆਪਕ ਰਿਹਾਈ ਮਗਰੋਂ ਮੁੜ ਸਕੂਲਾਂ ਵਿੱਚ ਜਾਣਗੇ ਤਾਂ ਵਿਦਿਆਰਥੀਆਂ ਦੇ ਚਿਹਰੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਆਲ ਕਰਨਗੇ। ਫਰੀਦਕੋਟ ਜੇਲ੍ਹ ਵਿੱਚ ਬੰਦ ਇੱਕ ਮਹਿਲਾ ਅਧਿਆਪਕ ਦਾ ਪਤੀ ਗੰਭੀਰ ਰੂਪ ਵਿੱਚ ਬਿਮਾਰ ਹੈ,ਜਿਸ ਦੇ ਇਲਾਜ ਲਈ ਇਸ ਅਧਿਆਪਕਾ ਨੇ ਸ਼ਾਮ ਦੇ ਵਕਤ ਲੋਕਾਂ ਦੇ ਘਰਾਂ ਵਿੱਚ ਪੋਚੇ ਵੀ ਲਾਏ ਹਨ। ਉਸ ਦੀ ਤਨਖਾਹ 'ਤੇ ਹੀ ਪਰਿਵਾਰ ਚੱਲਦਾ ਸੀ। ਪਰਿਵਾਰ ਉਸ ਦੀ ਰਿਹਾਈ ਦੀ ਉਡੀਕ ਵਿੱਚ ਹੈ। ਹਰ ਅਧਿਆਪਕਾ ਦੀ ਏਦਾਂ ਦੀ ਹੀ ਕਹਾਣੀ ਹੈ। ਸਰਕਾਰੀ ਖ਼ਜ਼ਾਨਾ ਮਾਲੀ ਸੰਕਟ ਵਿੱਚ ਹੈ ਜਿਸ ਦੀ ਸਜ਼ਾ ਅਧਿਆਪਕ ਭੁਗਤ ਰਹੇ ਹਨ। ਫਰੀਦਕੋਟ ਜੇਲ੍ਹ ਵਿੱਚ ਅਜਿਹਾ ਅਧਿਆਪਕ ਜੋੜਾ ਵੀ ਹੈ ਜਿਨ੍ਹਾਂ ਦੀ 11 ਮਈ ਨੂੰ ਮੰਗਣੀ ਰੱਖੀ ਹੋਈ ਸੀ।
                                                       ਜਬਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ
ਸੀ.ਐਸ.ਐਸ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਤਨਜੋਤ ਸ਼ਰਮਾ ਦਾ ਕਹਿਣਾ ਸੀ ਕਿ ਜਦੋਂ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਵਿਭਾਗ ਨੇ ਅਧਿਆਪਕਾਂ ਦੀ ਰੁਕੀ ਤਨਖਾਹ ਜਾਰੀ ਕਰਨ ਦੀ ਬਾਂਹ ਨਾ ਫੜੀ ਤਾਂ ਹੀ ਉਨ੍ਹਾਂ ਨੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਰੱਖਿਆ ਸੀ। ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰ ਨੇ ਤਨਖ਼ਾਹਾਂ ਮੰਗਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਮੁਹਿੰਮ ਚਲਾ ਲਈ ਹੈ ਪ੍ਰੰਤੂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਆਖਿਆ ਕਿ ਪੁਲੀਸ ਦੇ ਹਰ ਜਬਰ ਦਾ ਟਾਕਰਾ ਕੀਤਾ ਜਾਵੇਗਾ।

1 comment:

  1. ਕ੍ਰਿਪਾ ਕਰਕੇ ਮੇਰੇ ਵਿਚਾਰਾਂ ਨੂੰ ਮਜ਼ਦੂਰ ਜਾਂ ਕਿਰਤੀਆਂ ਦੇ ਵਿਰੋਧੀ ਦੇ ਰੂਪ ਵਿਚ ਨਾ ਲਏ ਜਾਣ। ਭਾਰਤ ਦੇ ਕਾਨੂੰਨਾਂ ਮੁਤਾਬਿਕ ਕਿਰਤੀਆਂ ਨੂੰ ੧੦ ਤਾਰੀਖ ਤੱਕ ਤਨਖਾਹ ਜਾਂ ਉਜਰਤਾਂ ਨਾ ਵੰਡਣ ਲਈ ਕੰਪਨੀ ਜਾਂ ਮਾਲਕ ਦੇ ਖਿਲਾਫ ਕਿਰਤ ਅਧਿਕਾਰੀ ਕਾਰਵਾਈ ਕਰ ਸਕਦੇ ਹਨ।ਉਹਨਾਂ ਲਈ ਘੱਟੋ ਘੱਟ ਉਜਰਤਾਂ ਦੀਆਂ ਦਰਾਂ ਤਹਿ ਹਨ ਜੋ ਹਰੇਕ ੬ ਮਹੀਨੇ ਬਾਅਦ ਮਹਿੰਗਾਈ ਦੀ ਦਰ ਮੁਤਾਬਿਕ ਬਦਲਦੇ ਰਹਿੰਦੇ ਹਨ।ਪਰ ਅਧਿਆਪਕਾਂ ਅਤੇ ਠੇਕੇ ਅਨੁਸਾਰ ਯਕਮੁਸ਼ਤ ਤਨਖਾਹ 'ਤੇ ਰੱਖੇ ਅਧਿਕਾਰੀਆਂ ਨੂੰ ਨਾ ਤਾਂ ਕੋਈ ਤਨਖਾਹ ਵੰਡਣ ਦਾ ਸਮਾਂ ਪੰਜਾਬ ਸਰਕਾਰ ਤਹਿ ਕਰਦੀ ਹੈ ਅਤੇ ਨਾ ਹੀ ਉਹਨਾਂ ਦੀਆਂ ਤਨਖਾਹਾਂ ਕਿਰਤੀਆਂ ਵਾਂਗ ਮਹਿੰਗਾਈ ਮੁਤਾਬਿਕ ਵਧਦੀਆਂ ਹਨ। ਸਰਕਾਰ ਖਿਲਾਫ ਫਿਰ ਕਾਰਵਾਈ ਕਿਉਂ ਨਹੀਂ ?

    ReplyDelete